ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਸ਼ਹਿਰ ਬਣਨ ਵੱਲ ਵਧ ਰਿਹੈ ‘ਬੋਹਾ’

Posted On February - 15 - 2020

ਬੋਹਾ ਦੇ 100 ਸਾਲ ਪੁਰਾਣੇ ਪੁਲੀਸ ਥਾਣੇ ਦੀ ਇਮਾਰਤ।

ਨਿਰੰਜਣ ਬੋਹਾ
ਮਾਨਸਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਬੁਢਲਾਡਾ ਦਾ ਪਿੰਡ ਬੋਹਾ ਗੁਆਂਢੀ ਸੂਬੇ ਹਰਿਆਣਾ ਦੀ ਸਰਹੱਦ ਨੇੜੇ ਬੁਢਲਾਡਾ-ਰਤੀਆ ਸੜਕ ’ਤੇ ਵੱਸਿਆ ਹੋਇਆ ਹੈ। ਪਿੰਡ ਤੋਂ ਸ਼ਹਿਰ ਬਣਨ ਵੱਲ ਤੇਜ ਪੁਲਾਂਘਾ ਪੁੱਟ ਰਹੇ ਬੋਹਾ ਦਾ ਇਤਿਹਾਸ ਲਗਭਗ ਸਾਢੇ ਛੇ ਸੌ ਸਾਲ ਪੁਰਾਣਾ ਹੈ। ਇਤਿਹਾਸਕ ਹਵਾਲਿਆਂ ਮੁਤਾਬਿਕ ਇਸ ਪਿੰਡ ਨੂੰ ਵਸਾਉਣ ਵਾਲੇ ਦਹੀਆ ਗੋਤ ਦੇ ਜੱਟ ਸਿੱਖ ਅਤੇ ਰਾਜਪੂਤ ਸਨ। ਪਿੰਡ ਵਿਚ ਕੇਵਲ ਇਕ ਘਰ ਅਗਰਵਾਲਾਂ ਦਾ ਸੀ। ਪਿੰਡ ਦਾ ਨਾਂ ਰੱਖਣ ਦੇ ਮਾਮਲੇ ’ਤੇ ਜੱਟ ਸਿੱਖਾਂ ਤੇ ਰਾਜਪੂਤਾਂ ਵਿਚ ਮੱਤਭੇਦ ਪੈਦਾ ਹੋ ਗਿਆ ਤਾਂ ਅਗਰਵਾਲ ਪਰਿਵਾਰ ਦੇ ਮੁਖੀ ਬੋਹੀਆ ਸੇਠ ਦੇ ਨਾਂ ’ਤੇ ਪਿੰਡ ਦਾ ਨਾ ਬੋਹੀਆ ਰੱਖ ਦਿੱਤਾ ਗਿਆ ਤੇ ਸਮਾਂ ਲੰਘਣ ’ਤੇ ਇਹ ਬੋਹਾ ਵਜੋਂ ਜਾਣਿਆ ਜਾਣ ਲੱਗ ਪਿਆ।
ਸਾਲ 1947 ਤੋਂ ਪਹਿਲਾਂ ਇੱਥੇ ਵੱਸਦੇ ਮੁਸਲਮਾਨ ਪਾਕਿਸਤਾਨ ਚਲੇ ਗਏ। ਉੱਥੋਂ ਉਜੜ ਕੇ ਆਏ ਅਲਾਟੀਏ ਜੱਟਾਂ ਤੇ ਅਰੋੜਿਆਂ ਨੇ ਇੱਥੇ ਵੱਸੋਂ ਕਰ ਲਈ। ਸਾਲ 1947 ਤੋਂ ਪਹਿਲਾਂ ਇਹ ਪਿੰਡ ਮੁਸਲਮਾਨ ਆਬਾਦੀ ਦੀ ਬਹੁਤਾਤ ਵਾਲਾ ਪਿੰਡ ਸੀ। 100 ਸਾਲ ਤੋਂ ਵੀ ਪੁਰਾਣੇ ਬੋਹਾ ਥਾਣੇ ਦੇ ਰਿਕਾਰਡ ਅਨੁਸਾਰ ਸਰਦੂਲਗੜ੍ਹ ਥਾਣੇ ਦੇ ਮੁਸਲਮਾਨ ਜਾਤੀ ਨਾਲ ਸਬੰਧਿਤ ਥਾਣੇਦਾਰ ਸੱਯਦ ਖਾਨ ਨੇ ਆਪਣੀ ਜੱਦੀ ਜਾਇਦਾਦ ਵਿਚੋਂ ਬੋਹਾ ਥਾਣਾ ਬਣਾਉਣ ਲਈ 11 ਕਨਾਲ 12.5 ਮਰਲੇ ਜ਼ਮੀਨ ਦਾਨ ਵਜੋਂ ਦਿੱਤੀ। ਇਸ ਗੱਲ ਦੀ ਪੁਸ਼ਟੀ ਥਾਣੇ ਅੰਦਰ ਬਣੀ ਪੀਰ ਬਾਬਾ ਅਜਮ ਗੋਸ਼ ਗਹਿਰੀ ਦੀ ਸਮਾਧ ਤੋਂ ਵੀ ਹੁੰਦੀ ਹੈ। ਪਹਿਲੋਂ ਇਹ ਸਮਾਧ ਥਾਣਾ ਮੁਨਸ਼ੀ ਦੇ ਕਮਰੇ ਵਿਚ ਹੀ ਹੁੰਦੀ ਸੀ ਪਰ ਥਾਣੇ ਦੀ ਨਵੀਂ ਇਮਾਰਤ ਬਣਨ ਤੇ ਇਹ ਸਮਾਧ ਮੁੱਖ ਥਾਣਾ ਇਮਾਰਤ ਤੋਂ ਬਾਹਰ ਕੱਢ ਦਿੱਤੀ ਗਈ। ਪਿੰਡ ਦੀ ਹਦੂਦ ਵਿੱਚ ਬਣੀਆਂ 7 ਮਸੀਤਾਂ ਵੀ ਇਸ ਧਾਰਨਾ ਦੀ ਪੁਸ਼ਟੀ ਕਰਦੀਆਂ ਹਨ ਕਿ 1947 ਤੋਂ ਪਹਿਲਾਂ ਇੱਥੇ ਮੁਸਲਮਾਨ ਆਬਾਦੀ ਵੱਡੀ ਗਿਣਤੀ ਵਿਚ ਸੀ।
ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬੋਹਾ ਵਾਸੀਆਂ ’ਤੇ ਹਕੂਮਤ ਕਰਨ ਵਾਲਿਆਂ ਵਿਚੋਂ ਬਾਬਾ ਖਾਨਾ ਦਾ ਨਾਂ ਵਧੇਰੇ ਸਤਿਕਾਰ ਨਾਲ ਲਿਆ ਜਾਂਦਾ ਹੈ। ਬਜ਼ੁਰਗਾਂ ਦੇ ਦੱਸਣ ਅਨੁਸਾਰ ਜਿੱਥੇ ਹੁਣ ਨਵਾਂ ਸ਼ਿਵ ਮੰਦਰ ਬਣਿਆ ਹੈ ਉੱਥੇ ਬੈਠ ਕੇ ਬਾਬਾ ਖਾਨਾ ਲੋਕ ਮਸਲਿਆਂ ਸਬੰਧੀ ਕਚਹਿਰੀ ਲਾਉਂਦਾ ਸੀ। ਸਾਲ 1950 ਤੋਂ ਬਾਅਦ ਜਦੋਂ ਭਾਰਤੀ ਸੰਵਿਧਾਨ ਦੀ ਮਰਿਆਦਾ ਅਨੁਸਾਰ ਬੋਹਾ ਵਾਸੀਆਂ ਨੇ ਪਹਿਲੀ ਵਾਰੀ ਪੰਚਾਇਤੀ ਚੋਣਾਂ ਵਿਚ ਭਾਗ ਲਿਆ ਤਾਂ ਗਾਦੜਪੱਤੀ ਬੋਹਾ ਦੇ ਸੰਤਾ ਸਿੰਘ ਭੂਰੀਆ ਨੂੰ ਸਰਪੰਚ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਛੇ ਕੁ ਸਾਲ ਪਹਿਲਾਂ ਪਿੰਡ ਦੀ ਗਰਾਮ ਪੰਚਾਇਤ ਨੂੰ ਨਗਰ ਪੰਚਾਇਤ ਦਾ ਦਰਜਾ ਦੇ ਦਿੱਤਾ ਗਿਆ ਤਾਂ ਅਕਾਲੀ ਆਗੂ ਜਥੇਦਾਰ ਜੋਗਾ ਸਿੰਘ ਉੱਪਲ ਨਗਰ ਪੰਚਾਇਤ ਦੇ ਪਹਿਲੇ ਪ੍ਰਧਾਨ ਬਣੇ। ਇਸ ਵੇਲੇ ਪੰਚਾਇਤ ਦੀ ਪ੍ਰਧਾਨਗੀ ਦੀ ਵਾਂਗਡੋਰ ਨੌਜਵਾਨ ਕਾਂਗਰਸੀ ਆਗੂ ਸੁਨੀਲ ਕੁਮਾਰ ਗੋਇਲ ਦੇ ਹੱਥ ਵਿਚ ਹੈ।
ਭਾਵੇਂ ਆਬਾਦੀ ਦੇ ਪੱਖੋਂ ਬੋਹਾ ਹੁਣ ਕਸਬੇ ਦਾ ਰੂਪ ਧਾਰਨ ਕਰ ਚੁੱਕਾ। ਬਾਜ਼ਾਰ ਦਾ ਇੰਨਾ ਕੁ ਵਿਸਥਾਰ ਹੋ ਗਿਆ ਹੈ ਕਿ ਲੋਕਾਂ ਨੂੰ ਆਪਣੀਆਂ ਘਰੇਲੂ ਜ਼ਰੂਰਤਾਂ ਦਾ ਸਾਮਾਨ ਖ਼੍ਰੀਦਣ ਲਈ ਬੁਢਲਾਡਾ, ਮਾਨਸਾ ਜਾਂ ਰਤੀਆ ਜਾਣ ਦੀ ਲੋੜ ਨਹੀਂ ਪੈਂਦੀ। ਸਿਹਤ ਸਹੂਲਤਾ ਤੇ ਉੱਚ ਵਿਦਿਆ ਦੇ ਪੱਖੋਂ ਇੱਥੋਂ ਦੇ ਵਾਸੀ ਅਜੇ ਵੀ ਨੇੜਲੇ ਸ਼ਹਿਰਾਂ ਦੇ ਹੀ ਮੁਥਾਜ਼ ਹਨ।
ਇਸ ਕਸਬਾ ਨੁਮਾ ਪਿੰਡ ਵੱਲ ਸਮੇਂ ਦੀਆਂ ਸਰਕਾਰਾਂ ਦਾ ਨਜ਼ਰੀਆ ਹਮੇਸ਼ਾ ਪੱਖਪਾਤੀ ਹੀ ਰਿਹਾ ਹੈ, ਇਸ ਲਈ ਪਿੰਡ ਦੇ ਲੋਕਾਂ ਨੂੰ ਇਕ ਵਾਰ ਬੋਹਾ ਦੇ ਵਿਕਾਸ ਨਾਲ ਜੁੜੀਆਂ ਮੰਗਾਂ ਵੱਲ ਧਿਆਨ ਦਿਵਾਉਣ ਲਈ ਲੋਕ ਸਭਾ ਚੋਣਾ ਦਾ ਬਾਈਕਾਟ ਵੀ ਕਰਨਾ ਪਿਆ ਸੀ। ਸਿਆਸੀ ਪਾਰਟੀਆਂ ਵੱਲੋਂ ਉਸ ਬਾਈਕਾਟ ਨੂੰ ਫੇਲ੍ਹ ਕਰਨ ਦੇ ਕੀਤੇ ਸਾਰੇ ਯਤਨਾਂ ਦੇ ਬਾਵਜੂਦ ਇਸ ਦੇ ਵਿਕਾਸ ਵਿਚ ਦਿਲਚਸਪੀ ਰੱਖਣ ਵਾਲੇ 90 ਫੀਸਦੀ ਵੋਟਰਾਂ ਨੇ ਪੋਲਿੰਗ ਨਾ ਕਰ ਕੇ ਹਕੂਮਤ ਨਾਲ ਆਪਣੀ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਸੀ।
ਬੋਹਾ ਦੇ ਵਸਨੀਕਾਂ ਨੂੰ ਇਸ ਗੱਲ ਦਾ ਰੋਸ ਹੈ ਕਿ ਇਸ ਖੇਤਰ ਵਿਚ ਦੋ ਕਾਨੂੰਗੋ ਹਲਕੇ ਹੋਣ ਦੇ ਬਾਵਜੂਦ ਇੱਥੇ ਸਬ-ਤਹਿਸੀਲ ਸਥਾਪਿਤ ਕੀਤੇ ਜਾਣ ਦੇ ਕੇਸ ਨੂੰ ਨਹੀਂ ਵਿਚਾਰਿਆ ਗਿਆ। ਮਾਨਸਾ ਜ਼ਿਲ੍ਹਾ ਬਣਨ ਤੋਂ ਬਾਅਦ ਜ਼ਿਲ੍ਹੇ ਦੇ ਹਰ ਸ਼ਹਿਰ ਤੇ ਕਸਬੇ ਨੂੰ ਵੱਡੀਆਂ ਵਿਕਾਸ ਸਹੂਲਤਾਂ ਦਿੱਤੀਆਂ ਗਈਆਂ ਪਰ ਬੋਹਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਕਾਂਗਰਸ ਸਰਕਾਰ ਸਮੇਂ ਉਸ ਵੇਲੇ ਦੇ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੇ ਪਿੰਡ ਆਲਮਪੁਰ ਮੰਦਰਾ ਵਿੱਚ ਜਨਤਕ ਇਕੱਠ ਵਿਚ ਬੋਹਾ ਨੂੰ ਬਲਾਕ ਦਾ ਦਰਜਾ ਦੇਣ ਦਾ ਐਲਾਨ ਵੀ ਕੀਤਾ ਸੀ ਪਰ ਇਹ ਪੂਰਾ ਨਹੀਂ ਹੋਇਆ।

ਸ਼ਹੀਦ ਜਗਸੀਰ ਸਿੰਘ ਸਮਾਰਟ ਸਕੂਲ ਬੋਹਾ ਦੀ ਆਧੁਨਿਕ ਗਣਿਤ ਲੈਬ।

ਇੱਥੋਂ ਦੇ ਸ਼ਹੀਦ ਜਗਸੀਰ ਸਿੰਘ ਸਰਕਾਰੀ ਸਮਾਰਟ ਸਕੂਲ ਦੀ ਤੂਤੀ ਸਾਰੇ ਜ਼ਿਲ੍ਹੇ ਵਿਚ ਬੋਲਦੀ ਹੈ। ਇਸ ਲਈ ਜ਼ਿਲ੍ਹੇ ਭਰ ਦੇ ਵਿਦਿਆਰਥੀ ਇੱਥੋਂ ਚਲਦੇ ਸਾਇੰਸ ਗਰੁੱਪ ਵਿਚ ਦਾਖ਼ਲਾ ਲੈਂਦੇ ਹਨ। ਇਹ ਸਕੂਲ ਐਮਬੀਬੀਐੱਸ ਡਾਕਟਰਾਂ ਦੀ ਨਰਸਰੀ ਪੈਦਾ ਕਰਨ ਵਾਲੇ ਸਕੂਲ ਵਜੋਂ ਜਾਣਿਆ ਜਾਂਦਾ ਹੈ। ਸਕੂਲ ਵਿਚ ਬਣੀਆਂ ਵਿਸ਼ਾਵਾਰ ਪ੍ਰਯੋਗਸ਼ਲਾਵਾਂ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਲੋਕਾਂ ਦੀ ਮੰਗ ਹੈ ਕਿ ਇੱਥੇ ਡਿਗਰੀ ਕਾਲਜ ਸਥਾਪਿਤ ਕਰ ਕੇ ਇਸ ਖੇਤਰ ਦੇ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਹੋਰ ਮੌਕੇ ਦਿੱਤੇ ਜਾਣ। ਖੇਡਾਂ, ਸਾਹਿਤ ਤੇ ਸੱਭਿਆਚਾਰਕ ਖੇਤਰ ਵਿਚ ਵੀ ਇਸ ਪਿੰਡ ਦੀ ਵਿਸ਼ੇਸ਼ ਪਛਾਣ ਹੈ। ਇਸ ਲਈ ਇੱਥੇ ਖੇਡ ਸਟੇਡੀਅਮ ਤੇ ਸਰਕਾਰੀ ਲਾਇਬ੍ਰੇਰੀ ਸਥਾਪਿਤ ਕੀਤੇ ਜਾਣ ਦੀ ਵੀ ਲੋੜ ਹੈ।
ਕਿਸੇ ਸਮੇ ਇੱਥੋਂ ਦਾ ਸਰਕਾਰੀ ਹਸਪਤਾਲ ਜਣੇਪਾ ਕੇਸ ਕਰਨ ਵਿਚ ਜ਼ਿਲ੍ਹੇ ਭਰ ਵਿਚੋਂ ਅੱਵਲ ਰਿਹਾ ਹੈ ਪਰ ਇਸ ਹਸਪਤਾਲ ਵਿਚ ਨਾ ਤਾਂ ਕੋਈ ਐਕਸ-ਰੇ ਮਸ਼ੀਨ ਹੈ ਤੇ ਨਾ ਹੀ ਕੋਈ ਅਪਰੇਸ਼ਨ ਥੀਏਟਰ। ਕਾਬਿਲ ਸਟਾਫ ਹੋਣ ਦੇ ਬਾਵਜੂਦ ਲੋੜੀਦੀਆਂ ਸਹੂਲਤਾਂ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਮਜਬੂਰਨ ਹੋਰ ਸ਼ਹਿਰਾਂ ਦੇ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ। ਪਿਛਲੇ ਦੋ ਸਾਲ ਤੋਂ ਹਸਪਤਾਲ ਵਿਚ ਡਾਕਟਰ ਦੀ ਪੋਸਟ ਖਾਲੀ ਹੈ। ਭਾਵੇ ਹਫ਼ਤੇ ਵਿਚ ਦੋ ਦਿਨ ਡੈਪੂਟੇਸ਼ਨ ’ਤੇ ਡਾਕਟਰ ਭੇਜ ਕੇ ਬੁੱਤਾ ਸਾਰਿਆ ਜਾ ਰਿਹਾ ਹੈ ਪਰ ਇਸ ਹਸਪਤਾਲ ਨਾਲ ਕਈ ਪਿੰਡ ਜੁੜੇ ਹੋਣ ਕਾਰਨ ਇਹ ਕੋਸ਼ਿਸ਼ ਨਾ ਕਾਫ਼ੀ ਹੈ। ਬੋਹਾ ਵਿਚ ਬੱਸ ਅੱਡੇ ਦੀ ਇਮਾਰਤ ਨਾ ਹੋਣ ਕਰ ਕੇ ਬੱਸਾਂ ਸੜਕ ’ਤੇ ਖੜ੍ਹ ਕੇ ਸਵਾਰੀਆਂ ਉਤਾਰਦੀਆਂ ਤੇ ਚੜ੍ਹਾਉਦੀਆਂ ਹਨ।
ਕਾਂਗਰਸ ਸਰਕਾਰ ਨੇ ਤਾਂ ਬੋਹਾ ਤੋਂ ਉਸ ਨੂੰ ਪਹਿਲਾਂ ਮਿਲੀਆਂ ਸਹੂਲਤਾਂ ਵੀ ਖੋਹ ਲਈਆਂ ਹਨ। ਬੋਹਾ ਸਣੇ ਖੇਤਰ ਦੇ ਹੋਰ ਪਿੰਡਾਂ ਨੂੰ ਸਮਾਂਬੱਧ ਸਰਕਾਰੀ ਸਹੂਲਤਾਂ ਦੇਣ ਵਾਲਾ ਸੇਵਾ ਕੇਂਦਰ ਪਿਛਲੇ ਦੋ ਸਾਲ ਤੋਂ ਬੰਦ ਪਿਆ ਹੈ। ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਸੂਚਨਾਵਾਂ ਦੇਣ ਵਾਲਾ ਖੇਤੀਬਾੜੀ ਦਫ਼ਤਰ ਇੱਥੋਂ ਪਿੰਡ ਬਰ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਦੇਣ ਵਾਲਾ ਆਰਓ ਸਿਸਟਮ ਵੀ ਹੁਣ ਆਪਣੀਆਂ ਸੇਵਾਵਾਂ ਦੇਣ ਤੋਂ ਇਨਕਾਰੀ ਹੈ। ਪਿੰਡ ਦੀ ਆਰਥਿਕਤਾ ਨੂੰ ਉੱਪਰ ਚੁੱਕਣ ਲਈ ਵੀ ਕੋਈ ਵੱਡੀ ਸਨਅਤ ਲਾਏ ਜਾਣ ਦੀ ਲੋੜ ਹੈ।
ਸੰਪਰਕ: 89682-82700


Comments Off on ਸ਼ਹਿਰ ਬਣਨ ਵੱਲ ਵਧ ਰਿਹੈ ‘ਬੋਹਾ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.