ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਵਿਧਾਨ ਸਭਾ: ਮੁੱਖ ਮੰਤਰੀ ਵਲੋਂ ਡੀਜੀਪੀ ਤੇ ਆਸ਼ੂ ਨੂੰ ‘ਕਲੀਨ ਚਿਟ’ ਮਗਰੋਂ ਮੱਠੇ ਪਏ ਆਪ ਤੇ ਅਕਾਲੀ ਵਿਧਾਇਕ

Posted On February - 26 - 2020

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਵਿਧਾਨ ਸਭਾ ਸੈਸ਼ਨ ਨੂੰ ਸੰਬੋਧਨ ਕਰਦੇ ਹੋੲ। -ਫੋਟੋ: ਪ੍ਰਦੀਪ ਤਿਵਾੜੀ

ਦਵਿੰਦਰ ਪਾਲ
ਚੰਡੀਗੜ੍ਹ, 25 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਡੀਜੀਪੀ ਤੇ ਮੰਤਰੀ ਖਿਲਾਫ਼ ਕਾਰਵਾਈ ਕਰਨ ਦੀ ਕੀਤੀ ਮੰਗ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡੀਜੀਪੀ ਵੱਲੋਂ ਮੁਆਫ਼ੀ ਮੰਗ ਲਈ ਗਈ ਹੈ ਅਤੇ ਆਸ਼ੂ ਵਿਰੁਧ ਕੋਈ ਸਬੂਤ ਨਹੀਂ ਸਗੋਂ ਅਦਾਲਤਾਂ ਵੱਲੋਂ ਮਾਮਲੇ ਖ਼ਤਮ ਕੀਤੇ ਜਾ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਡੀਜੀਪੀ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਸਬੰਧੀ ਦਿੱਤੇ ਬਿਆਨ ਬਾਰੇ ਜਦੋਂ ਮੁਆਫ਼ੀ ਮੰਗ ਲਈ ਗਈ ਹੈ ਤਾਂ ਮਾਮਲਾ ਖ਼ਤਮ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਪੁਲੀਸ ਮੁਖੀ ਦੇ ਵਿਵਾਦਮਈ ਬਿਆਨ ’ਤੇ ਛਿੜੇ ਰੱਫੜ ਨੂੰ ਬੇਲੋੜਾ ਕਰਾਰ ਦਿੱਤਾ। ਉਧਰ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਸਿਫ਼ਰ ਕਾਲ ਦੌਰਾਨ ਡੀਜੀਪੀ ਦੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ’ਤੇ ਨਿਸ਼ਾਨਾ ਸੇਧਦਿਆਂ ਦਿਨਕਰ ਗੁਪਤਾ ਦਾ ਬਚਾਅ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ। ਕੈਪਟਨ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ’ਤੇ ਲੱਗੇ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। ਉਨ੍ਹਾਂ ਵਿਰੋਧੀ ਧਿਰ ਵੱਲੋਂ ਮਾਮਲੇ ਦੀ ਜਾਂਚ ਦੀ ਮੰਗ ਨੂੰ ਰੱਦ ਕਰਦਿਆਂ ਕਿਹਾ ਕਿ ਢਾਈ ਦਹਾਕੇ ਪੁਰਾਣੇ ਮਾਮਲਿਆਂ ਨੂੰ ਖੋਲ੍ਹਣ ਦੀ ਕੋਈ ਤੁਕ ਨਹੀਂ ਬਣਦੀ। ਮੁੱਖ ਮੰਤਰੀ ਦੇ ਜਵਾਬ ਤੋਂ ਬਾਅਦ ‘ਆਪ’ ਅਤੇ ਅਕਾਲੀ ਦਲ ਦੇ ਮੈਂਬਰ ਡੀਜੀਪੀ ਦੇ ਮਾਮਲੇ ’ਤੇ ਤਾਂ ਸ਼ਾਂਤ ਦਿਖਾਈ ਦਿੱਤੇ ਪਰ ਦੋਵਾਂ ਪਾਰਟੀਆਂ ਨੇ ਆਸ਼ੂ ਦੇ ਮਾਮਲੇ ’ਤੇ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ। ਇਸ ਮੁੱਦੇ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਦਨ ’ਚੋਂ ਵਾਕਆਊਟ ਵੀ ਕੀਤਾ। ਵਿਧਾਨ ਸਭਾ ਵਿਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਰਾਜਸੀ ਮੱਤਭੇਦ ਛੱਡ ਕੇ ਇੱਕੋ ਮੁੱਦੇ ’ਤੇ ਸਰਕਾਰ ਵਿਰੁਧ ਲਾਮਬੰਦੀ ਦਾ ਯਤਨ ਕੀਤਾ ਪਰ ਉਹ ਮੰਤਰੀ ਦੇ ਮੁੱਦੇ ’ਤੇ ਸਰਕਾਰ ਉਪਰ ਜ਼ਿਆਦਾ ਦਬਾਅ ਬਣਾਉਣ ਵਿੱਚ ਕਾਮਯਾਬ ਨਾ ਹੋਏ।ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਖ਼ਿਲਾਫ਼ ਮੁਅੱਤਲ ਡੀਐੱਸਪੀ ਵੱਲੋਂ ਜੋ ਤੱਥ ਜਨਤਕ ਕੀਤੇ ਗਏ ਹਨ, ਉਨ੍ਹਾਂ ਮੁਤਾਬਕ ਤਿੰਨ ਮਾਮਲੇ ਅਜਿਹੇ ਹਨ, ਜਿਨ੍ਹਾਂ ਵਿੱਚ ਪੁਲੀਸ ਨੇ ਦੋਸ਼ ਪੱਤਰ ਜਾਰੀ ਨਹੀਂ ਕੀਤਾ ਅਤੇ ਸਰਕਾਰ ਮੰਤਰੀ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦੇਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਥੀ ਮੰਤਰੀ ਨੂੰ ਪੂਰੀ ਤਰ੍ਹਾਂ ਕਲੀਨ ਚਿੱਟ ਦੇ ਦਿੱਤੀ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦਖਲ ਦਿੰਦਿਆਂ ਕਿਹਾ ਕਿ ਢਾਈ ਦਹਾਕੇ ਪੁਰਾਣਾ ਮਾਮਲਾ ਨਹੀਂ ਖੋਲ੍ਹਿਆ ਜਾ ਸਕਦਾ। ਇਸ ਦੇ ਜਵਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਜੇ ਕਿਸੇ ਮਾਮਲੇ ਵਿੱਚ ਦੋਸ਼ ਪੱਤਰ ਦਾਇਰ ਨਹੀਂ ਹੋਇਆ ਤੇ ਕਥਿਤ ਦੋਸ਼ੀ ਜ਼ਿੰਦਾ ਹੈ ਤਾਂ ਸਰਕਾਰ ਕਾਰਵਾਈ ਕਰਨ ਦੇ ਸਮਰੱਥ ਹੈ। ਇਸੇ ਤਰ੍ਹਾਂ ਦੀਆਂ ਦਲੀਲਾਂ ਅਕਾਲੀ ਵਿਧਾਇਕ ਪਾਰਟੀ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਦਿੱਤੀਆਂ ਗਈਆਂ। ਸਰਕਾਰ ਨੇ ਵਿਰੋਧੀ ਧਿਰ ਦੀਆਂ ਦਲੀਲਾਂ ਨਹੀਂ ਮੰਨੀਆਂ। ਇਸ ਦੇ ਉਲਟ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁਅੱਤਲਸ਼ੁਦਾ ਡੀਐੱਸਪੀ ਹੈ, ਜਿਸ ਨੇ ਮੰਤਰੀ ’ਤੇ ਦੋਸ਼ ਲਾਏ ਹਨ। ਉਨ੍ਹਾਂ ਇਸ ਪੁਲੀਸ ਅਫ਼ਸਰ ਨੂੰ ਬਰਖਾਸਤ ਕਰਨ ਦੀ ਧਮਕੀ ਵੀ ਦਿੱਤੀ। ਵਿਰੋਧੀ ਧਿਰ ਦੇ ਮੈਂਬਰਾਂ ਨੇ ਡੀ.ਐੱਸ.ਪੀ. ਨੂੰ ਧਮਕੀ ਦੇਣਾ ਤੇ ਮੰਤਰੀ ਦੇ ਬਚਾਅ ਕਰਨ ਨੂੰ ਮੰਦਭਾਗਾ ਕਰਾਰ ਦਿੱਤਾ।
ਪੰਜਾਬ ਵਿਧਾਨ ਸਭਾ ਵਿੱਚ ਆਪਣੇ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਕਰਤਾਰਪੁਰ ਲਾਂਘਾ ਬੰਦ ਨਹੀਂ ਹੋਣ ਦੇਵਾਂਗੇ।’’ ਉਨ੍ਹਾਂ ਕਿਹਾ, ‘‘ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਹੈ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਇਹ ਖੁੱਲ੍ਹੇ, ਹਰੇਕ ਪੰਜਾਬੀ ਚਾਹੁੰਦਾ ਸੀ ਅਤੇ ਰੋਜ਼ਾਨਾ ਇਸ ਦੇ ਨਾਲ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਦਾਸ ਕਰਦਾ ਸੀ।’’ ਉਨ੍ਹਾਂ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਗੁਰਦੁਆਰਿਆਂ ਨੂੰ ਵੀ ਖੋਲ੍ਹਣ ਲਈ ਕੰਮ ਕਰਨ। ਕੈਪਟਨ ਨੇ ਕਿਹਾ, ‘‘ਜਿਵੇਂ ਡੀਜੀਪੀ ਨੇ ਬਿਆਨ ਦਿੱਤਾ ਸੀ, ਉਸ ਤਰ੍ਹਾਂ ਦੀ ਗ਼ਲਤੀ ਤਾਂ ਕਿਸੇ ਵੀ ਵਿਅਕਤੀ ਤੋਂ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬੜੇ ਮਾੜੇ ਦੌਰ ਵਿੱਚੋਂ ਲੰਘਿਆ ਹੈ, ਜਿਸ ਕਰ ਕੇ ਅਸੀਂ ਨਹੀਂ ਚਾਹੁੰਦੇ ਕਿ ਮੁੜ ਕੇ ਉਹੋ ਜਿਹਾ ਸਮਾਂ ਆਵੇ।’’ ਅਤਿਵਾਦ ਦੇ ਦਿਨਾਂ ਦੌਰਾਨ 35000 ਪੰਜਾਬੀਆਂ ਅਤੇ 1700 ਪੁਲੀਸ ਕਰਮੀਆਂ ਨੇ ਆਪਣੀਆਂ ਜਾਨਾਂ ਗੁਆਈਆਂ। ਪਾਕਿਸਾਨ ਵੱਲੋਂ ਹੁਣ ਵੀ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਦੇ ਯਤਨ ਕੀਤੇ ਜਾਂਦੇ ਹਨ ਤੇ ਸਰਕਾਰ ਕੋਲ ਇਸ ਸਬੰਧੀ ਗੁਪਤ ਦਸਤਾਵੇਜ਼ ਹਨ, ਜਿਨ੍ਹਾਂ ਨੂੰ ਸਦਨ ਵਿੱਚ ਵੰਡਿਆ ਨਹੀਂ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਅਤੇ ਦੇਸ਼ ਦੀ ਸੁਰੱਖਿਆ ਗੰਭੀਰ ਮੁੱਦਾ ਹੈ ਪਰ ਇਹ ਚਿੰਤਾਵਾਂ ਲਾਂਘੇ ਦੇ ਖੁੱਲ੍ਹਣ ਕਰਕੇ ਨਹੀਂ ਹਨ ਬਲਕਿ ਇਹ ਪਾਕਿਸਤਾਨ ਦੀ ਮਾੜੀ ਨੀਅਤ ਕਰਕੇ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਪੁਲੀਸ ਨੇ 32 ਗਰੋਹਾਂ ਦਾ ਪਰਦਾਫਾਸ਼ ਕਰਦਿਆਂ 154 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ, 41 ਏ.ਕੇ.47/ਐੱਮ.ਪੀ.9/ਐੱਮ.ਪੀ.5 ਰਾਈਫਲਜ਼, 156 ਹੋਰ ਰਾਈਫਲਾਂ ਅਤੇ ਪਿਸਤੌਲ, 35 ਹੈਂਡ ਗ੍ਰਨੇਡ ਬਰਾਮਦ ਕੀਤੇ, ਜਿਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਨਿਰੰਕਾਰੀ ਭਵਨ ਵਿੱਚ ਵਰਤਿਆ ਅਸਲਾ ਵੀ ਸ਼ਾਮਲ ਹੈ। ਇਸੇ ਤਰ੍ਹਾਂ 3.5 ਕਿਲੋ ਆਰ.ਡੀ.ਐੱਕਸ., ਦੋ ਸਮਾਰਟ ਫੋਨ ਅਤੇ 30 ਲੱਖ ਰੁਪਏ ਦੀ ਜਾਅਲੀ ਕਰੰਸੀ ਵੀ ਬਰਾਮਦ ਕੀਤੀ ਗਈ। ਕੈਪਟਨ ਨੇ ਕਿਹਾ ਕਿ ਪਾਕਿਸਤਾਨ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਪਾਕਿਸਤਾਨੀ ਫੌਜ ਪੂਰੀ ਤਰ੍ਹਾਂ ਭਾਰਤ ਦੇ ਵਿਰੁੱਧ ਹੈ।

ਭਗਵੰਤ ਮਾਨ ਨੇ ਅਰੂਸਾ ਦੇ ਮੁੱਖ ਮੰਤਰੀ ਨਿਵਾਸ ਵਿਚ ਰਹਿਣ ’ਤੇ ਚੁੱਕੇ ਸਵਾਲ
ਚੰਡੀਗੜ੍ਹ: ਸੰਸਦ ਮੈਂਬਰ ਭਗਵੰਤ ਮਾਨ ਨੇ ਆਖਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਡੀਜੀਪੀ ਦਿਨਕਰ ਗੁਪਤਾ ਨੂੰ ਬਚਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਵਤੀਰੇ ਮਗਰੋਂ ਆਮ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ। ਵਿਧਾਨ ਸਭਾ ਵਿਚ ਪੁੱਜੇ ਭਗਵੰਤ ਮਾਨ ਨੇ ਕਿਹਾ, ‘ਅਸੀਂ ਲੰਮੇ ਸਮੇਂ ਤੋਂ ਚੁੱਪ ਸੀ ਕਿ ਇਹ ਨਿੱਜੀ ਮਾਮਲਾ ਹੈ ਪਰ ਜਿਹੜਾ ਡੀਜੀਪੀ ਅਰੂਸਾ ਆਲਮ ਦੇ ਪੈਰਾਂ ਵਿਚ ਬੈਠਦਾ ਹੈ, ਉਹ ਜਗਤ ਗੁਰੂ ਨਾਨਕ ਦੇਵ ਦੀ ਕਰਮ ਭੂਮੀ ਨੂੰ ਅਤਿਵਾਦ ਪੈਦਾ ਕਰਨ ਵਾਲਾ ਡੇਰਾ ਦੱਸ ਰਿਹਾ ਹੈ ਜਦਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਰਤਾਰਪੁਰ ਸਾਹਿਬ ਨੂੰ ਵਿਸ਼ਵ ਸ਼ਾਂਤੀ ਦਾ ਪੁੰਜ ਕਰਾਰ ਦਿੱਤਾ ਹੈ। ਅਸੀਂ ਅਜਿਹਾ ਨਹੀਂ ਸੁਣ ਸਕਦੇ ਅਤੇ ਚੁੱਪ ਨਹੀਂ ਰਹਿ ਸਕਦੇ।’ ਭਗਵੰਤ ਮਾਨ ਨੇ ਸਵਾਲ ਕੀਤਾ ਕਿ ਅਰੂਸਾ ਆਲਮ ਕਿਸ ਹੈਸੀਅਤ ਨਾਲ ਪਿਛਲੇ ਕਈ ਸਾਲਾਂ ਤੋਂ ਮੁੱਖ ਮੰਤਰੀ ਨਿਵਾਸ ’ਤੇ ਰਹਿ ਰਹੀ ਹੈ। ਉਨ੍ਹਾਂ ਦੇ ਵੀਜ਼ੇ ਦਾ ਸਟੇਟਸ ਕੀ ਹੈ ਜਦਕਿ ਅਰੂਸਾ ਆਲਮ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਉੱਡ ਰਹੀਆਂ ਹਨ ਕਿ ਉਹ ਪਾਕਿਸਤਾਨੀ ਏਜੰਸੀ ਆਈਐੱਸਆਈ ਦੀ ਏਜੰਟ ਹੈ।

ਹਰਪਾਲ ਚੀਮਾ ਨੇ ਮੁੱਖ ਮੰਤਰੀ ਦੀ ਮਹਿਲਾ ਦੋਸਤ ਸਬੰਧੀ ਸਵਾਲ ਉਠਾਇਆ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਦੋਸਤ ਦੀ ਮੁੱਖ ਮੰਤਰੀ ਰਿਹਾਇਸ਼ ’ਤੇ ਮੌਜੂਦਗੀ ਸਬੰਧੀ ਸਵਾਲ ਉਠਾਇਆ ਤਾਂ ਸਦਨ ਵਿੱਚ ਅਜੀਬ ਮਾਹੌਲ ਬਣ ਗਿਆ ਤੇ ਮੁੱਖ ਮੰਤਰੀ ਖੁਦ ਹੱਕੇ-ਬੱਕੇ ਰਹਿ ਗਏ। ਸ੍ਰੀ ਚੀਮਾ ਨੇ ਡੀਜੀਪੀ ਦਿਨਕਰ ਗੁਪਤਾ ਨਾਲ ਇਸ ਮਹਿਲਾ ਦੀਆਂ ਤਸਵੀਰਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸੂਚਨਾ ਅਧਿਕਾਰ ਕਾਨੂੰਨ ਤਹਿਤ ਵੀ ਇਸ ਸਬੰਧੀ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ।


Comments Off on ਵਿਧਾਨ ਸਭਾ: ਮੁੱਖ ਮੰਤਰੀ ਵਲੋਂ ਡੀਜੀਪੀ ਤੇ ਆਸ਼ੂ ਨੂੰ ‘ਕਲੀਨ ਚਿਟ’ ਮਗਰੋਂ ਮੱਠੇ ਪਏ ਆਪ ਤੇ ਅਕਾਲੀ ਵਿਧਾਇਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.