ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ

Posted On February - 17 - 2020

ਆਤਿਸ਼ ਗੁਪਤਾ
ਚੰਡੀਗੜ੍ਹ, 16 ਫਰਵਰੀ
ਸੂਬੇ ਵਿਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲੀ ਸੂਬਾ ਸਰਕਾਰ ਅਸਲ ’ਚ ਲੋਕਾਂ ਦੀ ਸਿਹਤ ਦਾ ਖ਼ਿਆਲ ਨਹੀਂ ਰੱਖ ਪਾ ਰਹੀ। ਸੂਬੇ ਵਿਚ ਹਰ ਸਾਲ ਲੋਕ ਡੇਂਗੂ, ਸਵਾਈਨ ਫਲੂ, ਮਲੇਰੀਆ ਅਤੇ ਹੋਰਨਾਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਸਰਕਾਰ ਇਨ੍ਹਾਂ ਬਿਮਾਰੀਆਂ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ’ਚ ਨਾਕਾਮ ਰਹੀ ਹੈ। ਸਰਕਾਰੀ ਰਿਕਾਰਡ ਅਨੁਸਾਰ ਸਾਲ 2019 ਵਿਚ ਸਵਾਈਨ ਫਲੂ ਦੀ ਚਪੇਟ ਵਿਚ 541 ਮਰੀਜ਼ ਆਏ, ਜਿਨ੍ਹਾਂ ਵਿਚੋਂ 31 ਦੀ ਮੌਤ ਹੋ ਗਈ ਜਦਕਿ ਅਸਲ ਗਿਣਤੀ ਇਸ ਨਾਲੋਂ ਕਿਤੇ ਵੱਧ ਹੈ। ਇਸੇ ਤਰ੍ਹਾਂ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੀ ਹਰ ਸਾਲ ਵਧਦੀ ਜਾ ਰਹੀ ਹੈ ਅਤੇ ਸਰਕਾਰ ਇਸ ਦਾ ਅਸਲ ਰਿਕਾਰਡ ਹੀ ਤਿਆਰ ਨਹੀਂ ਕਰ ਪਾਉਂਦੀ।
ਚੀਨ ਤੋਂ ਸ਼ੁਰੂ ਹੋਏ ‘ਕਰੋਨਾਵਾਇਰਸ’ ਦਾ ਭਾਵੇਂ ਪੰਜਾਬ ਵਿਚ ਹਾਲੇ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਪਰ ਸਿਹਤ ਵਿਭਾਗ ਕੋਲ ਇਸ ਮਹਾਮਾਰੀ ਨਾਲ ਨਿੱਬੜਨ ਲਈ ਕੋਈ ਖ਼ਾਸ ਪ੍ਰਬੰਧ ਵੀ ਨਹੀਂ ਹੈ ਤੇ ਪਿਛਲੇ ਦਿਨੀਂ ਪੀਜੀਆਈ ਵਿਚ ਕਰੋਨਾਵਾਇਰਸ ਦੇ ਸ਼ੱਕੀ ਮਰੀਜ਼ ਦੇ ਆਉਣ ਨਾਲ ਉੱਥੋਂ ਦੇ ਡਾਕਟਰਾਂ ਦੇ ਵੀ ਪਸੀਨੇ ਨਿਕਲ ਗਏ ਸਨ। ਇਸ ਵਾਇਰਸ ਸਬੰਧੀ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਜਾਗਰੂਕ ਨਹੀਂ ਕਰ ਪਾ ਰਹੀ। ਦੂਜੇ ਪਾਸੇ ਭਾਵੇਂ ਸਰਕਾਰ ਵੱਲੋਂ ਹਵਾਈ ਅੱਡੇ ’ਤੇ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਸਬੰਧੀ ਸਿਹਤ ਵਿਭਾਗ ਕੋਲ ਕੋਈ ਦਵਾਈ ਨਹੀਂ ਹੈ ਅਤੇ ਇਸ ਦਾ ਟੈਸਟ ਵੀ ਬਹੁਤ ਮਹਿੰਗਾ ਹੈ। ਸੂਬਾ ਸਰਕਾਰ ਨੇ ਸਾਲ 2019-2020 ’ਚ ਪੇਸ਼ ਕੀਤੇ ਗਏ ਬਜਟ ਦੌਰਾਨ 3700 ਕਰੋੜ ਰੁਪਏ ਸਿਹਤ ਸਹੂਲਤਾਂ ਲਈ ਰੱਖੇ ਸਨ, ਜਿਨ੍ਹਾਂ ਵਿਚੋਂ 978 ਕਰੋੜ ਰੁਪਏ ਨੈਸ਼ਨਲ ਹੈਲਥ ਮਿਸ਼ਨ, 189 ਕਰੋੜ ਰੁਪਏ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੇ ਸੁਧਾਰ ਲਈ, 60 ਕਰੋੜ ਰੁਪਏ ਕੈਂਸਰ ਕੇਂਦਰ ਹੁਸ਼ਿਆਰਪੁਰ, ਫਾਜ਼ਿਲਕਾ ਅਤੇ ਅੰਮ੍ਰਿਤਸਰ ਲਈ ਜਾਰੀ ਕੀਤੇ ਸਨ। ਇਸ ਤੋਂ ਇਲਾਵਾ 259 ਕਰੋੜ ਰੁਪਏ ਸਰਬੱਤ ਸਿਹਤ ਬੀਮਾ ਯੋਜਨਾ ਲਈ ਦਿੱਤੇ ਗਏ। ਇਸ ਰਾਹੀਂ ਸੂਬੇ ਦੇ 70 ਫ਼ੀਸਦ ਲੋਕਾਂ ਦੇ ਪਰਿਵਾਰਾਂ ਦਾ 5 ਲੱਖ ਰੁਪਏ ਦਾ ਬੀਮਾ ਕੀਤਾ ਗਿਆ ਹੈ।
ਸੂਬੇ ਦੇ ਸਿਹਤ ਵਿਭਾਗ ਲਈ ਜਾਰੀ ਕੀਤੇ ਗਏ ਹਜ਼ਾਰਾਂ ਕਰੋੜ ਰੁਪਏ ਦੀ ਰਾਸ਼ੀ ਵਿਚੋਂ ਜ਼ਿਆਦਾਤਰ ਰਕਮ ਤਾਂ ਡਾਕਟਰਾਂ ਦੀਆਂ ਫ਼ੀਸਾਂ ’ਚ ਹੀ ਚਲੀ ਜਾਂਦੀ ਹੈ। ਜੇ ਉਸ ਮਗਰੋਂ ਕੁਝ ਬਚਦਾ ਹੈ ਤਾਂ ਸਿਹਤ ਵਿਭਾਗ ਹਸਪਤਾਲਾਂ ’ਚ ਇਮਾਰਤਾਂ ਖੜ੍ਹੀਆਂ ਕਰਨ ਲੱਗ ਜਾਂਦਾ ਹੈ, ਜਿਨ੍ਹਾਂ ਦੀ ਸਹੀ ਵਰਤੋਂ ਨਾ ਹੋਣ ਕਾਰਨ ਇਹ ਖੰਡਰ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਦੂਜੇ ਪਾਸੇ ਸਿਹਤ ਵਿਭਾਗ ਕੋਲ 4400 ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਵਿਚੋਂ 1200 ਤੋਂ ਵੱਧ ਖਾਲੀ ਪਈਆਂ ਹਨ, ਜਿਸ ’ਚ ਨਿਊਰੋਲੌਜੀ, ਕਾਰਡੀਓਲੌਜਿਸਟ, ਸਾਇਕੈਟਰਿਸਟ ਸਮੇਤ ਹੋਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ ਫ਼ਰਮਾਸਿਸਟ ਅਤੇ ਨਰਸਾਂ ਦੀਆਂ ਸੈਂਕੜੇ ਅਸਾਮੀਆਂ ਖਾਲੀ ਹਨ।
ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਨੇ 32 ਨਸ਼ਾ ਛੁਡਾਊ ਕੇਂਦਰ ਚਲਾਏ ਸਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ, ਜਲੰਧਰ, ਫ਼ਰੀਦਕੋਟ, ਬਠਿੰਡਾ ਅਤੇ ਪਟਿਆਲਾ ਵਿਚ 5 ਵੱਡੇ ਕੇਂਦਰ ਸਥਾਪਤ ਕੀਤੇ ਗਏ ਸਨ। ਵਰਤਮਾਨ ਸਮੇਂ ਇਨ੍ਹਾਂ ਵਿਚ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ ਤੇ ਸੂਬੇ ’ਚ ਬਣਾਏ 20 ਮੁੜ ਵਸੇਬਾ ਕੇਂਦਰ ਖਾਲੀ ਪਏ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਬਣਾਏ ਗਏ 500 ਦੇ ਕਰੀਬ ਬੈੱਡਾਂ ਦੇ ਐੱਮਐੱਚਸੀ (ਮਾਂ ਅਤੇ ਬੱਚਿਆ ਦੀ ਜਾਂਚ ਵਾਸਤੇ ਕੇਂਦਰ) ਦੀ ਵੀ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਜਾ ਰਹੀ। ਸਾਲ 2016 ਵਿਚ ਸੂਬੇ ’ਚ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ 436 ਸੀ, ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਮੁੱਖ ਮੰਤਰੀ ਕਾਲਾ ਪੀਲੀਆ ਰਾਹਤ ਕੋਸ਼ ਸਕੀਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਤਹਿਤ ਇਲਾਜ ਦਾ ਸਾਰਾ ਖਰਚਾ ਸਰਕਾਰ ਨੇ ਦੇਣਾ ਸੀ, ਜਿਸ ਮਗਰੋਂ ਪੰਜਾਬ ’ਚ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਵਧ ਗਈ, ਜੋ ਸ਼ੰਕੇ ਖੜ੍ਹੇ ਕਰਦੀ ਹੈ। ਕਾਲੇ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਸਿਹਤ ਵਿਭਾਗ ਨੇ ਆਪਣੀ ਵੈੱਬਸਾਈਟ ’ਤੇ ਹਫ਼ਤਾਵਾਰੀ ਅੱਪਡੇਟ ਕਰਨੀ ਸੀ ਪਰ ਵਿਭਾਗ ਨੇ 16 ਮਾਰਚ, 2019 ਤੋਂ ਬਾਅਦ ਗਿਣਤੀ ਅੱਪਡੇਟ ਹੀ ਨਹੀਂ ਕੀਤੀ। ਉਸ ਸਮੇਂ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ 59,781 ਸੀ, ਜੋ ਹੁਣ 76000 ’ਤੇ ਪੁੱਜ ਗਈ ਹੈ। ਇਸੇ ਤਰ੍ਹਾਂ ਸੂਬੇ ’ਚ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੇ ਮਰੀਜ਼ ਕਾਫ਼ੀ ਵਧ ਗਏ ਹਨ। 8 ਸਾਲਾਂ ਦੌਰਾਨ ਸਰਕਾਰ ਨੇ 57,000 ਮਰੀਜ਼ਾਂ ਵਾਸਤੇ 800 ਕਰੋੜ ਰੁਪਏ ਦਿੱਤੇ, ਜਿਸ ਵਿੱਚੋਂ ਜ਼ਿਆਦਾਤਰ ਰੁਪਏ ਨਿੱਜੀ ਹਸਪਤਾਲ ਨੂੰ ਦਿੱਤੇ ਗਏ। ਇਸ ਦੌਰਾਨ ਵੀ ਕਈ ਵਾਰ ਠੱਗੀ ਦੀਆਂ ਗੱਲਾਂ ਸਾਹਮਣੇ ਆਈਆਂ ਪਰ ਕਿਸੇ ਨੇ ਜਾਂਚ ਨਹੀਂ ਕਰਵਾਈ।

ਸੈਂਕੜੇ ਅਸਾਮੀਆਂ ਖਾਲੀ ਹੋਣ ਕਾਰਨ ਸਿਹਤ ਸਹੂਲਤਾਂ ਪ੍ਰਭਾਵਿਤ

ਸੂਬੇ ’ਚ ਤਹਿਸੀਲ ਪੱਧਰ ’ਤੇ 63 ਹਸਪਤਾਲ ਅਤੇ ਡਿਸਪੈਂਸਰੀਆਂ, 427 ਪ੍ਰਾਇਮਰੀ ਹੈਲਥ ਸੈਂਟਰ, 90 ਨੈਸ਼ਨਲ ਹੈਲਥ ਮਿਸ਼ਨ ਤਹਿਤ ਜਾਂਚ ਕੇਂਦਰ, 151 ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ), 200 ਸ਼ਹਿਰੀ ਡਿਸਪੈਂਸਰੀਆਂ ਅਤੇ 2900 ਹੈਲਥ ਸਬ ਸੈਂਟਰ (8 ਪਿੰਡਾਂ ਪਿੱਛੇ ਇਕ), 1200 ਪੇਂਡੂ ਡਿਸਪੈਂਸਰੀਆਂ (ਭਾਵ 9 ਪਿੰਡਾਂ ਪਿੱਛੇ ਇਕ) ਹੋਣ ਦੇ ਬਾਵਜੂਦ ਸਿਹਤ ਵਿਭਾਗ ਮਾਹਿਰ ਡਾਕਟਰਾਂ ਦੀਆਂ ਸੈਂਕੜੇ ਅਸਾਮੀਆਂ ਖਾਲੀ ਹੋਣ ਕਾਰਨ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਚ ਕਾਮਯਾਬ ਨਹੀਂ ਹੋ ਪਾ ਰਿਹਾ। ਵਧੇਰੇ ਹਸਪਤਾਲਾਂ ਵਿਚ ਠੇਕੇ ’ਤੇ ਮੁਲਾਜ਼ਮ ਰੱਖ ਕੇ ਕੰਮ ਚਲਾਇਆ ਜਾ ਰਿਹਾ ਹੈ।


Comments Off on ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.