ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਦੋ ਔਰਤਾਂ ਦੀ ਮੌਤ !    ਹਰਿਆਣਾ ਵਿਚ ਕਰੋਨਾ ਨਾਲ ਪਹਿਲੀ ਮੌਤ !    ਹਰਿਆਣਾ ’ਚ ਕਿਸਾਨਾਂ ਦੇ ਕਰਜ਼ੇ ਦੀਆਂ ਕਿਸ਼ਤਾਂ 30 ਜੂਨ ਤਕ ਮੁਲਤਵੀ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    

ਰੰਗਮੰਚ ਸਿਖਲਾਈ ਦਾ ਮਹੱਤਵ

Posted On February - 15 - 2020

ਰਾਸ ਰੰਗ
ਡਾ. ਸਾਹਿਬ ਸਿੰਘ
ਰੰਗਮੰਚ ਦੀ ਸ਼ੁਰੂਆਤ ਉਦੋਂ ਹੀ ਹੋ ਗਈ ਜਦੋਂ ਮਨੁੱਖ ਦੀ ਉਤਪਤੀ ਹੋ ਰਹੀ ਸੀ। ਜ਼ਿੰਦਗੀ ਦੀਆਂ ਲੋੜਾਂ ਪੈਦਾ ਹੋਈਆਂ, ਜ਼ਿੰਦਗੀ ਦੇ ਚਾਅ, ਉਤਸ਼ਾਹ, ਪ੍ਰਾਪਤੀਆਂ ਸਾਹਮਣੇ ਆਈਆਂ ਤਾਂ ਇਨਸਾਨ ਦਾ ਜੀਅ ਕੀਤਾ ਕਿ ਉਹ ਬਾਕੀਆਂ ਨਾਲ ਇਹ ਸਭ ਕੁਝ ਸਾਂਝਾ ਕਰੇ। ਭਾਸ਼ਾ ਅਜੇ ਵਿਕਾਸ ਕਰ ਰਹੀ ਸੀ, ਪਰ ਇਨਸਾਨ ਦੀਆਂ ਭਾਵਨਾਵਾਂ ਭਾਸ਼ਾ, ਬੋਲੀ, ਲਿੰਗ ਤੋਂ ਪਾਰ ਹੁੰਦੀਆਂ ਹਨ। ਇਸ ਹਾਲਤ ਵਿਚ ਆਪਣੀ ਗੱਲ ਕਹਿਣ, ਸਮਝਾਉਣ ਤੇ ਮਨਵਾਉਣ ਲਈ ਉਹ ਅਦਾਵਾਂ ਕਿਰਿਆਵਾਂ ਦੇ ਲੜ ਲੱਗਿਆ। ਰੁੱਖਾਂ ਦੀਆਂ ਟਾਹਣੀਆਂ ਤੋੜ ਛਿੱਲ ਕੇ ਬਣਾਏ ਤੀਰ ਕਮਾਨਾਂ ਨਾਲ ਉਹ ਜਾਨਵਰਾਂ ਦਾ ਸ਼ਿਕਾਰ ਕਰਦਾ, ਪੱਥਰਾਂ ਨੂੰ ਘਸਾ ਕੇ ਅੱਗ ਬਾਲਦਾ, ਅੱਗ ਉੱਤੇ ਆਪਣਾ ਸ਼ਿਕਾਰ ਭੁੰਨਦਾ। ਕੋਈ ਸਾਥੀ ਪੁੱਛਦਾ ਕਿ ਤੂੰ ਇਹ ਸ਼ਿਕਾਰ ਕਿਵੇਂ ਕੀਤਾ ਤਾਂ ਉਹ ਆਪਣੀਆਂ ਅਦਾਵਾਂ ਕਿਰਿਆਵਾਂ ਰਾਹੀਂ ਸਮਝਾਉਂਦਾ। ਇਹ ਰੰਗਮੰਚ ਦਾ ਆਗਾਜ਼ ਸੀ, ਰੰਗਮੰਚ ਦੀ ਪਹਿਲੀ ਕਿਲਕਾਰੀ ਸੀ। ਹੌਲੀ ਹੌਲੀ ਸੱਭਿਅਤਾ ਵਿਕਾਸ ਕਰਦੀ ਗਈ, ਭਾਸ਼ਾ ਆਈ, ਲਿੱਪੀ ਦੀ ਕਾਢ ਕੱਢੀ ਗਈ ਤੇ ਮਨੁੱਖ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦੇ ਕਾਬਲ ਹੋਇਆ। ਰੰਗਮੰਚ ਨੂੰ ਸ਼ਬਦ ਮਿਲੇ, ਸ਼ਬਦਾਂ ਨੂੰ ਭਾਵ ਮਿਲੇ, ਭਾਵ ਸਾਕਾਰ ਹੋਏ ਤੇ ਰੰਗਮੰਚ ਜੁਆਨ ਹੋਇਆ। ਇਹ ਸਭ ਕੁਦਰਤੀ ਵਰਤਾਰਾ ਸੀ, ਫਿਰ ਰੰਗਮੰਚ ਦੀ ਸਿਖਲਾਈ ਦੀ ਲੋੜ ਕਿਉਂ ਤੇ ਕਿਵੇਂ ਉਪਜੀ? ਇਸਦਾ ਯੋਗਦਾਨ ਕੀ ਏ ਤੇ ਇਸਦੇ ਨਤੀਜੇ ਕੀ ਹਨ? ਆਓ ਵਿਚਾਰ ਕਰੀਏ।
ਕੋਈ ਵੀ ਵਰਤਾਰਾ ਆਰੰਭ ਸੁਭਾਵਿਕ ਤਰੀਕੇ ਨਾਲ ਹੀ ਹੁੰਦਾ ਹੈ, ਹੌਲੀ ਹੌਲੀ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਇਸਦਾ ਇਕ ਅਨੁਸ਼ਾਸਨ ਹੋਣਾ ਚਾਹੀਦਾ ਹੈ। ਜਿਵੇਂ ਅਚਨਚੇਤ ਧਰਤੀ ਦੀ ਹਿੱਕ ’ਤੇ ਡਿੱਗਿਆ ਬੀਜ ਵੀ ਪੁੰਗਰ ਕੇ ਪੌਦਾ ਬਣ ਜਾਂਦਾ ਹੈ, ਪਰ ਵੱਡੀ ਗਿਣਤੀ ਵਿਚ ਨਿਯਮਤ ਰੂਪ ’ਚ ਫ਼ਸਲ ਉਗਾਉਣ ਲਈ ਇਕ ਪ੍ਰਕਿਰਿਆ ’ਚੋਂ ਲੰਘਣਾ ਪੈਂਦਾ ਹੈ। ਜ਼ਮੀਨ ਨੂੰ ਕਿੰਨਾ ਵਾਹੁਣਾ ਹੈ, ਕਿੰਨੀ ਸਿੱਲ੍ਹ ਚਾਹੀਦੀ ਐ, ਬੀਜ ਕੇਰਨ ਦੀ ਵਿਧੀ ਇਵੇਂ ਦੀ ਹੋਵੇ ਕਿ ਮਿੱਟੀ ’ਚ ਇਕਸਾਰ ਡਿੱਗੇ ਤਾਂ ਜੋ ਖੇਤ ਵਿਚ ਖੜ੍ਹੀ ਫ਼ਸਲ ਨਿੱਗਰ ਵੀ ਹੋਵੇ ਤੇ ਦੇਖਣ ਨੂੰ ਸੋਹਣੀ ਵੀ ਲੱਗੇ। ਕਲਾ ਨਾਲ ਜੁੜੇ ਵਿਭਿੰਨ ਪਸਾਰ ਵੀ ਇਵੇਂ ਹੀ ਹੌਲੀ ਹੌਲੀ ਯੋਜਨਾਬੱਧ ਹੁੰਦੇ ਗਏ, ਕਲਾ ਦੇ ਹਰ ਅੰਗ ਦੀ ਆਪਣੀ ਪਰਿਭਾਸ਼ਾ ਹੋਂਦ ਵਿਚ ਆਈ। ਇਹ ਅੱਗੋਂ ਵਡੇਰੀ ਸਮਝ ਦਾ ਰੂਪ ਧਾਰਨ ਕਰੇ ਤੇ ਕਲਾ ਸੁਚਾਰੂ ਢੰਗ ਨਾਲ ਆਪਣੇ ਦਰਸ਼ਕਾਂ ਤਕ ਪਹੁੰਚੇ, ਇਸ ਲਈ ਸਿਖਲਾਈ ਦਾ ਸੰਕਲਪ ਸਾਹਮਣੇ ਆਇਆ। ਗੁਰੂ ਸ਼ਿਸ਼ ਦੀ ਪਰੰਪਰਾ ਬਹੁਤ ਪਹਿਲਾਂ ਹੋਂਦ ਵਿਚ ਆ ਗਈ ਸੀ, ਜਿੱਥੇ ਰੰਗਮੰਚ ਦੀਆਂ ਲੋੜਾਂ ਤੇ ਫਰਜ਼ਾਂ ਬਾਰੇ ਚਰਚਾ ਹੁੰਦੀ ਤੇ ਸਿਖਿਆਰਥੀ ਆਪਣੀ ਜਗਿਆਸਾ ਸ਼ਾਂਤ ਕਰਦੇ। ਭਰਤ ਮੁਨੀ ਅਤੇ ਨਾਟ ਸ਼ਾਸਤਰ ਇਸਦੀ ਮਿਸਾਲ ਹਨ। ਨਾਟ ਸ਼ਾਸਤਰ ’ਚ ਸੂਤਰਬੱਧ ਹੋਈਆਂ ਧਾਰਨਾਵਾਂ ਅੱਜ ਵੀ ਪ੍ਰਸੰਗਿਕ ਹਨ। ਸਮੇਂ ਦੇ ਨਾਲ ਰੰਗਮੰਚ ਸਿਖਲਾਈ ਦੀਆਂ ਸੰਸਥਾਵਾਂ ਬਣੀਆਂ ਤੇ ਇਨ੍ਹਾਂ ਨੇ ਬੱਝਵੇਂ ਤਰੀਕੇ ਨਾਲ ਤਕਨੀਕੀ ਜਾਣਕਾਰੀ ਦੇਣੀ ਸ਼ੁਰੂ ਕੀਤੀ। ਦੇਸ਼ ਵਿਚ ਬਹੁਤ ਸਾਰੀਆਂ ਅਕਾਦਮੀਆਂ ਹੋਂਦ ਵਿਚ ਆਈਆਂ ਤੇ ਫਿਰ 1959 ’ਚ ਸੰਗੀਤ ਨਾਟਕ ਅਕਾਦਮੀ ਵੱਲੋਂ ਨੈਸ਼ਨਲ ਸਕੂਲ ਆਫ ਡਰਾਮਾ ਦੀ ਸਥਾਪਨਾ ਕੀਤੀ ਗਈ। 1975 ’ਚ ਇਹ ਸੰਸਥਾ ਆਜ਼ਾਦ ਹੋਂਦ ਅਖ਼ਤਿਆਰ ਕਰਦੀ ਹੈ ਤੇ 1989 ’ਚ ਇਹ ਸਕੂਲ ਸੰਸਕਾਰ ਰੰਗ ਟੋਲੀ ਦੀ ਸਥਾਪਨਾ ਕਰਦਾ ਹੈ। ਇਸਤੋਂ ਇਲਾਵਾ ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਰੰਗਮੰਚ ਵਿਭਾਗ ਸਥਾਪਤ ਕਰਦੀਆਂ ਹਨ। ਸਾਡੇ ਆਪਣੇ ਸੂਬੇ ’ਚ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਥੀਏਟਰ ਤੇ ਟੈਲੀਵਿਜ਼ਨ ਵਿਭਾਗ ਸਰਗਰਮ ਹਨ ਜਿੱਥੇ ਵਿਦਿਆਰਥੀ ਰੰਗਮੰਚ ਦੀ ਸਿਖਲਾਈ ਲੈਂਦੇ ਹਨ। ਇਨ੍ਹਾਂ ਸੰਸਥਾਵਾਂ ਤੋਂ ਸਿੱਖ ਕੇ ਕੁਝ ਵੱਡੇ ਨਿਰਦੇਸ਼ਕ, ਅਦਾਕਾਰ, ਤਕਨੀਸ਼ੀਅਨ ਸਾਹਮਣੇ ਆਏ, ਜਿਨ੍ਹਾਂ ਪੰਜਾਬੀ ਰੰਗਮੰਚ ਦੀ ਨੁਹਾਰ ਬਦਲਣ ’ਚ ਅਹਿਮ ਭੂਮਿਕਾ ਨਿਭਾਈ, ਪਰ ਵਿਚਾਰਨਯੋਗ ਨੁਕਤਾ ਇਹ ਹੈ ਕਿ ਕੀ ਇਹ ਸਿਖਲਾਈ ਹੀ ਕਿਸੇ ਦੇ ਨਿਪੁੰਨ ਅਤੇ ਕਾਮਯਾਬ ਹੋਣ ਦਾ ਅੰਤਿਮ ਪੈਮਾਨਾ ਹੋ ਸਕਦੀ ਹੈ। ਜਿੱਥੇ ਇਨ੍ਹਾਂ ਸੰਸਥਾਵਾਂ ਤੋਂ ਸਿਖਲਾਈ ਪ੍ਰਾਪਤ ਮੋਹਨ ਮਹਾਰਿਸ਼ੀ, ਬੰਸੀ ਕੌਲ, ਰਾਮ ਗੋਪਾਲ ਬਜਾਜ, ਹਰਪਾਲ ਟਿਵਾਣਾ, ਨੀਲਮ ਮਾਨ ਸਿੰਘ ਚੌਧਰੀ, ਬਲਰਾਜ ਪੰਡਤ, ਐੱਮ ਕੇ ਰੈਨਾ, ਕੇਵਲ ਧਾਲੀਵਾਲ ਵਰਗੇ ਉੱਚ ਕੋਟੀ ਦੇ ਨਿਰਦੇਸ਼ਕ ਪੰਜਾਬੀ ਰੰਗਮੰਚ ਦੀਆਂ ਅਨੇਕਾਂ ਸ਼ਾਨਦਾਰ ਪੇਸ਼ਕਾਰੀਆਂ ਦੇ ਸੂਤਰਧਾਰ ਬਣੇ, ਉੱਥੇ ਕਈ ਸਾਰੇ ਕਲਾਕਾਰ ਅਜਿਹੇ ਵੀ ਹਨ ਜਿਨ੍ਹਾਂ ਸਿਖਲਾਈ ਤਾਂ ਪ੍ਰਾਪਤ ਕੀਤੀ, ਪਰ ਆਪਣਾ ਰੰਗਮੰਚ ਸਾਧਾਰਨਤਾ ਤੋਂ ਉੱਚਾ ਚੁੱਕਣ ’ਚ ਇਸ ਸਿੱਖਿਆ ਦਾ ਢੁਕਵਾਂ ਇਸਤੇਮਾਲ ਨਾ ਕਰ ਸਕੇ। ਕਾਰਨ ਅਨੇਕਾਂ ਹਨ। ਵੱਡਾ ਕਾਰਨ ਇਹ ਹੈ ਕਿ ਉਸ ਸਿੱਖਿਆ ਨੂੰ ਆਧਾਰ ਬਣਾ ਕੇ ਆਪਣਾ ਮੌਲਿਕ ਅੰਦਾਜ਼ ਸਿਰਜਣਾ ਜ਼ਰੂਰੀ ਹੁੰਦਾ ਹੈ ਤੇ ਇਕ ਹੱਦ ਤਕ ਆਪਣੇ ਰੰਗਮੰਚ ਨੂੰ ਖੇਤਰੀ ਰੰਗਤ ਵੀ ਦੇਣੀ ਹੁੰਦੀ ਹੈ, ਨਹੀਂ ਤਾਂ ਤੁਹਾਡਾ ਕਾਰਜ ਓਪਰਾ ਰਹਿ ਜਾਂਦਾ ਹੈ। ਨੀਲਮ ਮਾਨ ਸਿੰਘ ਚੌਧਰੀ ਇਸੇ ਲਈ ਆਪਣੇ ਰੰਗਮੰਚ ਨੂੰ ਪੰਜਾਬੀ ਰਹਿਤਲ ਦੇ ਨੇੜੇ ਰੱਖਣ ਲਈ ਨੱਕਾਲਾਂ ਨੂੰ ਪੇਸ਼ਕਾਰੀ ਦਾ ਹਿੱਸਾ ਬਣਾਉਂਦੀ ਹੈ। ਉਹ ਉਨ੍ਹਾਂ ਕਲਾਕਾਰਾਂ ਦੀ ਮੌਲਿਕ ਅਦਾਕਾਰੀ ਅਤੇ ਆਪਣੀ ਤਕਨੀਕੀ ਸਿਖਲਾਈ ਦਾ ਅਜਿਹਾ ਖ਼ੂਬਸੂਰਤ ਮਿਸ਼ਰਣ ਤਿਆਰ ਕਰਦੀ ਹੈ ਕਿ ਉਸਦੇ ਨਾਟਕ ਉੱਚ ਪੱਧਰ ਦਾ ਰੰਗਮੰਚੀ ਜਾਮਾ ਅਖ਼ਤਿਆਰ ਕਰ ਜਾਂਦੇ ਹਨ। ਕੇਵਲ ਧਾਲੀਵਾਲ ਇਸ ਦਿਸ਼ਾ ਵਿਚ ਕਈ ਕਦਮ ਹੋਰ ਅੱਗੇ ਪੁੱਟਦਾ ਹੈ। ਉਹ ਜਿੱਥੇ ਆਪਣੇ ਨਾਟਕਾਂ ਦੇ ਵਿਸ਼ੇ ਪੰਜਾਬੀਅਤ ’ਚ ਗੁੰਨ੍ਹੇ ਹੋਏ ਚੁਣਦਾ ਹੈ, ਉੱਥੇ ਆਪਣੀ ਮੰਚ ਸੱਜਾ ’ਚ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਅਜਿਹੀਆਂ ਵਸਤਾਂ, ਕੱਪੜੇ, ਰੰਗ ਜੜ ਦਿੰਦਾ ਹੈ ਕਿ ਜਿਉਂਦਾ ਜਾਗਦਾ ਪੰਜਾਬ ਸਾਕਾਰ ਹੋ ਜਾਂਦਾ ਹੈ। ਉਹ ਆਪਣੀ ਸਿਖਲਾਈ ਦਾ ਰੋਅਬ ਪਾਉਣ ਲਈ ਅਜਿਹੇ ਵਿਸ਼ਿਆਂ ਜਾਂ ਅਜਿਹੀ ਮੰਚ ਜੜ੍ਹਤ ਪਿੱਛੇ ਨਹੀਂ ਭੱਜਦਾ ਜਿਹੜੀਆਂ ਦਰਸ਼ਕ ਨੂੰ ਸਿਰਫ਼ ਹੈਰਾਨ ਕਰ ਦੇਣ, ਪਰ ਆਪਣੀਆਂ ਨਾ ਲੱਗਣ। ਜੋ ਉਸ ਸਿਖਲਾਈ ਨੂੰ ਹੂਬਹੂ ਉਸੇ ਰੂਪ ਰੰਗ ’ਚ ਉਤਾਰਨ ਦੀ ਗ਼ਲਤੀ ਕਰਦੇ ਹਨ, ਉਹ ਦਰਸ਼ਕਾਂ ਵੱਲੋਂ ਪ੍ਰਵਾਨਗੀ ਹਾਸਲ ਨਹੀਂ ਕਰਦੇ।

ਡਾ. ਸਾਹਿਬ ਸਿੰਘ

ਸਿਖਲਾਈ ਦਾ ਮਹੱਤਵ ਸਾਫ਼ ਦਿਖਾਈ ਦਿੰਦਾ ਹੈ, ਪਰ ਜਿਵੇਂ ਸੁਰਮਾ ਪਾਉਣ ਨਾਲੋਂ ਮਟਕਾਉਣਾ ਵਧੇਰੇ ਜ਼ਰੂਰੀ ਹੁੰਦਾ ਹੈ, ਉਵੇਂ ਹੀ ਇਹ ਸਿਖਲਾਈ ਵੀ ਅੰਦਾਜ਼ ਦੀ ਮੰਗ ਕਰਦੀ ਹੈ ਤੇ ਸਮਝਦਾਰੀ ਦੀ ਵੀ। ਬਿਨਾਂ ਸਿਖਲਾਈ ਵੀ ਗੁਰਸ਼ਰਨ ਸਿੰਘ, ਡਾ. ਆਤਮਜੀਤ, ਅਜਮੇਰ ਔਲਖ, ਦਵਿੰਦਰ ਦਮਨ, ਟੋਨੀ ਬਾਤਿਸ਼ ਨੇ ਵੀ ਆਪਣਾ ਵੱਖਰਾ ਨਿਰਦੇਸ਼ਕੀ ਅੰਦਾਜ਼ ਘੜਿਆ। ਅਦਾਕਾਰੀ ਵਿਚ ਵੀ ਜਿੱਥੇ ਨੀਨਾ ਟਿਵਾਣਾ, ਰਾਣੀ ਬਲਬੀਰ ਕੌਰ, ਨਵਨਿੰਦਰਾ ਬਹਿਲ, ਸੁਨੀਤਾ ਧੀਰ, ਮੰਗਲ ਢਿੱਲੋਂ, ਲੱਖਾ ਲਹਿਰੀ, ਜਸਪਾਲ ਦਿਓਲ, ਸੰਗੀਤਾ ਗੁਪਤਾ, ਅਨੀਤਾ ਮੀਤ, ਰਾਣਾ ਰਣਬੀਰ, ਸੁਰਜੀਤ ਕੌਰ, ਸੈਮੂਅਲ ਜੌਹਨ ਵਰਗੇ ਅਦਾਕਾਰਾਂ ਨੇ ਸਿਖਿਅਤ ਹੋਣ ਦੀ ਝਲਕ ਦਿਖਾਈ ਹੈ, ਉੱਥੇ ਹਰਭਜਨ ਜੱਬਲ, ਵੇਦ ਸ਼ਰਮਾ, ਜਤਿੰਦਰ ਕੌਰ, ਹਰਦੀਪ ਗਿੱਲ, ਨਰਿੰਦਰ ਜੱਟੂ, ਸਾਹਿਬ ਸਿੰਘ, ਨਿਰਮਲ ਰਿਸ਼ੀ, ਜਸਵੰਤ ਦਮਨ, ਮਨਜੀਤ ਔਲਖ, ਨੀਤਾ ਮਹਿੰਦਰਾ, ਸੁਦੇਸ਼ ਸ਼ਰਮਾ, ਅਨੀਤਾ ਸ਼ਬਦੀਸ਼, ਰਜਿੰਦਰ ਰੋਜ਼ੀ, ਬੀ ਐੱਨ ਸ਼ਰਮਾ, ਗੁਰਕੀਰਤਨ ਆਦਿ ਨੇ ਸਿਰਫ਼ ਅਭਿਆਸ ਦੇ ਸਹਾਰੇ ਆਪਣੀ ਵੱਖਰੀ ਪਛਾਣ ਬਣਾਈ। ਪਰ ਕਿਸੇ ਨੂੰ ਵੀ ਇਹ ਭਰਮ ਨਹੀਂ ਹੋਣਾ ਚਾਹੀਦਾ ਕਿ ਬਿਨਾਂ ਆਪਣੀ ਕਲਾ ਦੀਆਂ ਬਾਰੀਕੀਆਂ ਜਾਣੇ ਤੁਸੀਂ ਇਸਦੇ ਸ਼ਾਹ ਅਸਵਾਰ ਬਣ ਸਕਦੇ ਹੋ। ਜਿਨ੍ਹਾਂ ਬੱਝਵੀਂ ਸਿਖਲਾਈ ਨਹੀਂ ਲਈ ,ਉਹ ਵੀ ਨਿਖਰੇ ਇਸ ਲਈ ਹਨ ਕਿ ਉਨ੍ਹਾਂ ਰੰਗਮੰਚ ਦੀਆਂ ਕਿਤਾਬਾਂ ਪੜ੍ਹ ਕੇ ਜਾਂ ਨਾਟ ਵਰਕਸ਼ਾਪਾਂ ਤੋਂ ਸਿੱਖ ਕੇ, ਤੇ ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾ ਕੇ ਤਿਆਰੀ ਕੀਤੀ ਹੈ। ਰੰਗਮੰਚ ਸਿਖਲਾਈ ਅਤੇ ਇਸਦੀ ਢੁਕਵੀਂ ਵਰਤੋਂ ਸਮੇਂ ਦੀ ਲੋੜ ਹੈ ਕਿਉਂਕਿ ਅੱਜ ਸਮਾਂ ਵਿਸ਼ੇਸ਼ ਮੁਹਾਰਤ ਦਾ ਹੈ।
ਸੰਪਰਕ: 98880-11096


Comments Off on ਰੰਗਮੰਚ ਸਿਖਲਾਈ ਦਾ ਮਹੱਤਵ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.