ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ

Posted On February - 25 - 2020

ਪਾਵੇਲ ਕੁੱਸਾ
ਇਹ ਦਿਨ ਦੇਸ਼ ਦੀ ਲੋਕਾਈ ’ਚ ਵੱਡੀ ਉਥਲ-ਪੁਥਲ ਵਾਲੇ ਹਨ। ਨਾਗਰਿਕ ਹੱਕਾਂ ਦੇ ਹਮਲੇ ਖਿਲਾਫ਼ ਫੁੱਟਿਆ ਲੋਕ-ਰੋਹ ਦਿਨੋਂ ਦਿਨ ਫੈਲ ਰਿਹਾ ਹੈ। ਇਸ ਸੰਘਰਸ਼ ਲਹਿਰ ਦੇ ਅਹਿਮ ਮੋਰਚੇ ਵਜੋਂ ਪੰਜਾਬ ਨੇ ਆਪਣੀ ਥਾਂ ਮੱਲ ਲਈ ਹੈ। ਨਾਗਰਿਕਤਾ ਸੋਧ ਕਾਨੂੰਨ ਪਾਸ ਹੋਣ ਵੇਲੇ ਤੋਂ ਹੀ ਸੂਬੇ ਦੀਆਂ ਲਗਪਗ ਸਾਰੀਆਂ ਲੋਕ ਪੱਖੀ ਤੇ ਜਮਹੂਰੀ ਸ਼ਕਤੀਆਂ ਆਪਣੇ ਪੂਰੇ ਵਿਤ ਨਾਲ ਇਨ੍ਹਾਂ ਕਦਮਾਂ ਖਿਲਾਫ਼ ਡਟੀਆਂ ਹੋਈਆਂ ਹਨ ਤੇ ਲੋਕਾਂ ਦੀ ਲਾਮਬੰਦੀ ਕਰਨ ’ਚ ਜੁਟੀਆਂ ਹੋਈਆਂ ਹਨ। ਰੋਸ ਪ੍ਰਦਰਸ਼ਨਾਂ ਤੋਂ ਲੈ ਕੇ ਮੀਟਿੰਗਾਂ ਤੇ ਰੋਸ ਸਭਾਵਾਂ ਦਾ ਤਾਂਤਾ ਲੱਗਿਆ ਹੋਇਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ, ਨੀਮ ਸਿਆਸੀ ਮੰਚਾਂ ਤੇ ਲੋਕ ਜਥੇਬੰਦੀਆਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਸੱਦਿਆਂ ਨੂੰ ਲੋਕਾਂ ਵੱਲੋਂ ਬਹੁਤ ਗਰਮਜੋਸ਼ੀ ਨਾਲ ਹੁੰਗਾਰਾ ਭਰਿਆ ਜਾ ਰਿਹਾ ਹੈ। ਮਾਨਸਾ ਤੇ ਲੁਧਿਆਣਾ ’ਚ ਸ਼ਾਹੀਨ ਬਾਗ਼ ਦੀ ਤਰਜ਼ ’ਤੇ ਲਗਾਤਾਰ ਧਰਨੇ ਵੀ ਸ਼ੁਰੂ ਕੀਤੇ ਗਏ ਹਨ। ਸੰਘਣੀ ਮੁਸਲਿਮ ਆਬਾਦੀ ਵਾਲੇ ਮਾਲੇਰਕੋਟਲਾ ਖੇਤਰ ’ਚ ਕਈ ਵੱਡੇ ਇਕੱਠ ਹੋ ਚੁੱਕੇ ਹਨ ਤੇ ਮੁਲਕ ਦੇ ਸਿਆਸੀ ਦ੍ਰਿਸ਼ ’ਤੇ ਇਸ ਲਹਿਰ ਦੇ ਮੋਹਰੀ ਕੇਂਦਰਾਂ ’ਚ ਪੰਜਾਬ ਸ਼ੁਮਾਰ ਹੋ ਗਿਆ ਹੈ।
ਬੀਤੇ ਦਿਨੀਂ ਮਾਲੇਰਕੋਟਲਾ ’ਚ ਜਨਤਕ ਜਥੇਬੰਦੀਆਂ ਦੇ ਸੱਦੇ ’ਤੇ ਉਮੜੇ ਜਨ ਸੈਲਾਬ ਨੇ ਦੇਸ਼ ਦਾ ਵਿਸ਼ੇਸ਼ ਧਿਆਨ ਖਿੱਚਿਆ ਹੈ। ਇਹ ਪੰਜਾਬੀਆਂ ਲਈ ਇਤਿਹਾਸਕ ਦਿਨ ਹੋ ਨਿੱਬੜਿਆ। ਸਭਨਾਂ ਧਰਮਾਂ ਦੇ ਕਿਰਤੀਆਂ ਦੀ ਸਾਂਝ ਦੇ ਝੂਲਦੇ ਪਰਚਮ ਦੇ ਅਲੌਕਿਕ ਦ੍ਰਿਸ਼ ਨੇ ਹਰ ਉਸ ਜ਼ਮੀਰ ਨੂੰ ਟੁੰਬਿਆ ਹੈ ਜਿਹੜੀ ਵੀ ਮੁਲਕ ਦੀ ਆਬੋ ਹਵਾ ’ਚ ਫਿਰਕੂ ਜ਼ਹਿਰ ਫੈਲਾਉਣ ਅਤੇ ਲੋਕਾਂ ’ਤੇ ਢਾਹੇ ਜਾ ਰਹੇ ਜ਼ੁਲਮਾਂ ਦੇ ਕਹਿਰ ਨੂੰ ਡੱਕਣ ਲਈ ਕੁਝ ਚੰਗਾ ਹੋਣਾ ਲੋਚਦੀ ਹੈ। ਲੱਖ ਤੋਂ ਉੱਪਰ ਦੇ ਲਗਪਗ ਜੁੜੇ ਲੋਕਾਂ ਦੇ ਇਸ ਜ਼ਬਰਦਸਤ ਰੋਸ ਪ੍ਰਦਰਸ਼ਨ ’ਚ ਹਰ ਜਾਤ, ਫਿਰਕੇ, ਪਿੰਡਾਂ ਤੇ ਸ਼ਹਿਰਾਂ ਦੇ ਮਿਹਨਤਕਸ਼ ਲੋਕਾਂ ਦੀ ਹਰ ਵੰਨਗੀ ਦੀ ਮੌਜੂਦਗੀ ਆਪਣੇ ਆਪ ’ਚ ਹੀ ਭਾਜਪਾ ਦੇ ਫਿਰਕੂ ਵਾਰਾਂ ਦੀ ਅਮਲੀ ਕਾਟ ਬਣ ਗਈ ਹੈ। ਮੁਲਕ ਭਰ ’ਚ ਚੱਲ ਰਹੇ ਰੋਸ ਪ੍ਰਦਰਸ਼ਨਾਂ ’ਚ ਗਹਿਰੀ ਦਿਲਚਸਪੀ ਰੱਖ ਰਹੇ ਤੇ ਉਨ੍ਹਾਂ ’ਚੋਂ ਕਈਆਂ ਦਾ ਹਿੱਸਾ ਰਹੇ ਜਮਹੂਰੀ ਹਲਕਿਆਂ ਨੇ ਇਸਨੂੰ ਵੱਡੇ ਇਕੱਠਾਂ ’ਚੋਂ ਮੋਹਰੀਆਂ ’ਚ ਸ਼ੁਮਾਰ ਕੀਤਾ ਹੈ। ਪਰ ਪੀੜਤ ਧਾਰਮਿਕ ਘੱਟ ਗਿਣਤੀ ਨਾਲ ਸਮਾਜ ਦੀਆਂ ਬੁਨਿਆਦੀ ਕਿਰਤੀ ਜਮਾਤਾਂ ਦੀ ਮੌਜੂਦਗੀ ਇਸਦੀ ਮੁਲਕ ਦੇ ਹੋਰਨਾਂ ਖਿੱਤਿਆਂ ’ਚ ਹੋਏ ਪ੍ਰਦਰਸ਼ਨਾਂ ਨਾਲੋਂ ਵੱਖਰੀ ਰੰਗਤ ਉਘਾੜਦੀ ਹੈ ਕਿਉਂਕਿ ਉਨ੍ਹਾਂ ਥਾਵਾਂ ’ਤੇ ਮੁਸਲਮਾਨ ਆਬਾਦੀ ਨਾਲ ਜਥੇਬੰਦ ਹਿੱਸਿਆਂ ’ਚੋਂ ਆਮ ਕਰਕੇ ਵਿਦਿਆਰਥੀਆਂ ਜਾਂ ਜਮਹੂਰੀ ਹਲਕਿਆਂ ਦੀ ਮੌਜੂਦਗੀ ਹੀ ਦਿਖਦੀ ਰਹੀ ਹੈ। ਸਿਰਫ਼ ਗਿਣਤੀ ਪੱਖੋਂ ਹੀ ਨਹੀਂ ਸਗੋਂ ਹੋਰਨਾਂ ਅਜਿਹੇ ਕਈ ਪੱਖਾਂ ਕਾਰਨ ਇਹ ਇਕੱਠ ਮੁਲਕ ਭਰ ਦੇ ਵੱਡੇ ਪ੍ਰਦਰਸ਼ਨਾਂ ’ਚ ਨਿਵੇਕਲੀ ਥਾਂ ਰੱਖਦਾ ਹੈ ਤੇ ਲੋਕ ਅੰਦੋਲਨ ਦੀਆਂ ਰੋਸ਼ਨ ਸੰਭਾਵਨਾਵਾਂ ਵੱਲ ਸੰਕੇਤ ਕਰਦਾ ਹੈ।
ਇਸ ਇਕੱਠ ਦੀ ਇਕ ਵਿਸ਼ੇਸ਼ਤਾ ਤਾਂ ਇਸਦੇ ਬਹੁਤ ਚੰਗੀ ਤਰ੍ਹਾਂ ਜਥੇਬੰਦ ਹੋਣ ’ਚ ਪਈ ਹੈ। ਇਹ ਇਕਦਮ ਕਿਸੇ ਭੈਅ ਦੀ ਭਾਵਨਾ ਜਾਂ ਕਿਸੇ ਭਾਵੁਕ ਅਪੀਲ ਦੁਆਲੇ ਇਕੱਠੇ ਹੋਏ ਲੋਕ ਨਹੀਂ ਸਨ ਸਗੋਂ ਹਫ਼ਤਿਆਂ ਦੀ ਲੰਮੀ ਮੁਹਿੰਮ ਰਾਹੀਂ ਕਾਲੇ ਕਾਨੂੰਨਾਂ ਖਿਲਾਫ਼ ਹਾਸਲ ਕੀਤੀ ਚੇਤਨਾ ਤੇ ਸੰਘਰਸ਼ ਦੇ ਮਹੱਤਵ ਦੀ ਥਾਹ ਪਾ ਕੇ ਜਥੇਬੰਦ ਹੋਏ ਲੋਕ ਸਨ। ਏਨੀ ਵਿਸ਼ਾਲ ਗਿਣਤੀ ’ਚ ਜੁੜੇ ਲੋਕ ਗੰਭੀਰ ਜਥੇਬੰਦਕ ਉੁੱਦਮ ਦਾ ਸਿਖਰ ਸੀ ਜਿਹੜਾ ਜਨਤਕ ਮੁਹਿੰਮ ਰਾਹੀਂ ਪ੍ਰਵਾਨ ਚੜ੍ਹਿਆ ਸੀ। ਇਸ ਇਕੱਠ ਦਾ ਵਿਸ਼ੇਸ਼ ਮਹੱਤਵ ਵੀ ਇਸਦੀ ਪਹਿਲਾਂ ਚੱਲੀ ਵਿਸ਼ਾਲ ਜਨਤਕ ਮੁਹਿੰਮ ’ਚ ਪਿਆ ਹੈ ਜਿਸ ਰਾਹੀਂ ਪੰਜਾਬ ਦੇ ਕਿਰਤੀ ਲੋਕਾਂ ਦੇ ਹਰ ਤਬਕੇ ਦੀਆਂ ਬਹੁਤ ਦੂਰ ਤਕ ਦੀਆਂ ਪਰਤਾਂ ’ਚ ਇਨ੍ਹਾਂ ਕਾਲੇ ਕਾਨੂੰਨਾਂ ਬਾਰੇ ਚੇਤਨਾ ਦਾ ਸੰਚਾਰ ਕੀਤਾ ਗਿਆ ਹੈ। ਕਾਰਕੁੰਨਾਂ ਦੀਆਂ ਛੋਟੀਆਂ ਵੱਡੀਆਂ ਸੈਂਕੜੇ ਟੋਲੀਆਂ ਨੇ ਦਿਨ ਰਾਤ ਇਕ ਕੀਤਾ ਹੈ। ਪਿੰਡਾਂ ਦੀਆਂ ਸੱਥਾਂ ਤੋਂ ਚੁੱਲ੍ਹਿਆਂ ਤਕ ਇਹ ਚਰਚਾ ਸਿਰਫ਼ ਫੌਰੀ ਕਾਨੂੰਨਾਂ ਤਕ ਹੀ ਸੀਮਤ ਨਹੀਂ ਰਹੀ ਸਗੋਂ ਬਹੁਤ ਵਿਆਪਕ ਪੱਧਰ ’ਤੇ ਮੌਜੂਦਾ ਹਕੂਮਤੀ ਫਿਰਕੂ ਅਮਲਾਂ ਬਾਰੇ ਤੇ ਇਨ੍ਹਾਂ ਪਿਛਲੇ ਮਕਸਦਾਂ ਬਾਰੇ ਲੰਮੀਆਂ ਵਿਚਾਰ-ਚਰਚਾਵਾਂ ਦਾ ਇਕ ਪ੍ਰਵਾਹ ਚੱਲਿਆ ਹੈ।

ਪਾਵੇਲ ਕੁੱਸਾ

ਇਹ ਜ਼ੋਰਦਾਰ ਮੁਹਿੰਮ ਵੀ ਉਨ੍ਹਾਂ ਹਲਕਿਆਂ ’ਚ ਚੱਲੀ ਹੈ ਜਿਹੜੇ ਆਪਣੀਆਂ ਜ਼ਿੰਦਗੀਆਂ ਨਾਲ ਜੁੜੇ ਮਸਲਿਆਂ ’ਤੇ ਸਾਲਾਂ ਬੱਧੀ ਸੰਘਰਸ਼ਾਂ ਦੇ ਅਮਲਾਂ ’ਚੋਂ ਗੁਜ਼ਰੇ ਹਨ। ਆਪੋ ਆਪਣੇ ਤਬਕੇ ਦੀਆਂ ਜਥੇਬੰਦੀਆਂ ’ਚ ਪਰੋਏ ਹੋਏ ਹਨ ਤੇ ਬਹੁਤ ਸਾਰੇ ਮੁੱਦਿਆਂ ’ਤੇ ਆਪੋ ਵਿਚ ਏਕਤਾ ਗੰਢਣ ਦੇ ਰਾਹ ਵੀ ਪਏ ਹੋਏ ਹਨ। ਹੱਕਾਂ ਦੀ ਚੇਤਨਾ ਗ੍ਰਹਿਣ ਕਰਨ ਦੇ ਅਮਲਾਂ ’ਚ ਪਏ ਹੋਏ ਇਨ੍ਹਾਂ ਹਿੱਸਿਆਂ ਵੱਲੋਂ ਇਸ ਫਿਰਕੂ ਹਮਲੇ ਬਾਰੇ ਚੇਤਨਾ ਹਾਸਲ ਕਰਨਾ ਤੇ ਆਪਣੇ ਜਮਾਤੀ-ਸਿਆਸੀ ਹਿੱਤਾਂ ਨਾਲ ਜੋੜ ਕੇ ਦੇਖਣ ਲੱਗਣਾ ਇਨ੍ਹਾਂ ਨੂੰ ਅਜਿਹੀ ਨਿਭਣਯੋਗ ਪਾਏਦਾਰ ਤਾਕਤ ’ਚ ਬਦਲ ਦਿੰਦਾ ਹੈ ਜੋ ਇਸ ਮੁਲਕਵਿਆਪੀ ਰੋਸ ਲਹਿਰ ’ਚ ਅਹਿਮ ਮੋਰਚੇ ਵਜੋਂ ਆਪਣਾ ਹਿੱਸਾ ਪਾਉਂਦਾ ਦਿਖਾਈ ਦਿੰਦਾ ਹੈ। ਵੱਖ ਵੱਖ ਸੰਘਰਸ਼ਾਂ ਦੌਰਾਨ ਹਾਸਲ ਕੀਤੀ ਆਪਣੇ ਜਮਾਤੀ ਹਿੱਤਾਂ ਦੀ ਸੋਝੀ ਹੀ ਇਨ੍ਹਾਂ ਕਿਸਾਨ ਕਾਫਲਿਆਂ ਵੱਲੋਂ ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਜਾ ਕੇ ਡਟ ਜਾਣ ਲਈ ਆਧਾਰ ਬਣੀ ਹੈ। ਇਸ ਚੇਤਨਾ ਕਾਰਨ ਹੀ ਤਣਾਅਪੂਰਨ ਹਾਲਾਤ ਦਰਮਿਆਨ ਸਭ ਰੋਕਾਂ ਤੋੜ ਕੇ ਇਹ ਕਾਫਲਾ ਉੱਥੇ ਪੁੱਜਿਆ ਸੀ। ਦੇਸ਼ ਭਰ ’ਚ ਮੋਹਰੀ ਕੇਂਦਰ ਵਜੋਂ ਉੱਭਰੇ ਸ਼ਾਹੀਨ ਬਾਗ਼ ’ਚ ਡਟੇ ਲੋਕਾਂ ’ਚ ਪੰਜਾਬੀ ਕਿਸਾਨਾਂ ਦੇ ਪੁੱਜਣ ਨੇ ਭਾਜਪਾ ਹਕੂਮਤ ਦੇ ਮੁਸਲਮਾਨ ਤਬਕੇ ਵਿਰੋਧੀ ਪ੍ਰਚਾਰ ਦੀ ਅਸਰਦਾਰ ਢੰਗ ਨਾਲ ਫੂਕ ਕੱਢ ਦਿੱਤੀ ਹੈ।
ਸਿਆਸੀ ਵੋਟ ਪਾਰਟੀਆਂ ਤੋਂ ਆਜ਼ਾਦ ਹੋਏ ਇਸ ਵਿਸ਼ਾਲ ਇਕੱਠ ਦਾ ਪ੍ਰਭਾਵ ਹੋਰ ਵੀ ਕਿਤੇ ਜ਼ਿਆਦਾ ਵਿਆਪਕ ਤੇ ਡੂੰਘਾ ਪਿਆ ਹੈ ਕਿਉਂਕਿ ਇਹ ਕਿਸੇ ਵੀ ਹਿੱਸੇ ਨੂੰ ਲੋਕ ਰੋਹ ਨੂੰ ਵੋਟਾਂ ’ਚ ਢਾਲ ਲੈਣ ਦੀ ਕਸਰਤ ਦਾ ਭਰਮ ਨਹੀਂ ਰਹਿਣ ਦਿੰਦਾ ਤੇ ਇਹ ਅਜਿਹਾ ਪਹਿਲੂ ਬਣਿਆ ਹੈ ਜਿਸ ਕਾਰਨ ਇਹ ਲੋਕਾਂ ਨੂੰ ਆਪਣਾ ਇਕੱਠ ਜਾਪਿਆ ਤੇ ਲੋਕ ਇਸ ਵੱਲ ਖਿੱਚੇ ਤੁਰੇ ਆਏ ਤੇ ਇਸ ਹਮਲੇ ਖਿਲਾਫ਼ ਇਕਜੁੱਟ ਹੋ ਕੇ ਡਟਣ ਦਾ ਜਜ਼ਬਾ ਪੂਰੀ ਬੁਲੰਦੀ ’ਤੇ ਜਾ ਕੇ ਪ੍ਰਗਟ ਹੋਇਆ।
ਮੌਜੂਦਾ ਹਮਲੇ ਦੇ ਫੌਰੀ ਨਿਸ਼ਾਨੇ ’ਤੇ ਆਏ ਮੁਸਲਮਾਨ ਭਾਈਚਾਰੇ ਦੀ ਹਜ਼ਾਰਾਂ ਦੀ ਸੰਖਿਆ ਵਿਚ ਮੌਜੂਦਗੀ ਤੇ ਉਸਦੇ ਰੋਹ ਤੇ ਜੋਸ਼ ਦੇ ਇਜ਼ਹਾਰਾਂ ਸਦਕਾ ਤੇ ਬਾਕੀ ਧਰਮਾਂ ਦੇ ਲੋਕਾਂ ਦੇ ਇਉਂ ਧਾਹ ਕੇ ਜਾਣ ਨਾਲ ਸਮੁੱਚਾ ਇਕੱਠ ਲੋਕਾਈ ਦੀ ਆਪਣੇਪਣ ਦੀ ਸਾਂਝੀ ਭਾਵਨਾ ਦਾ ਡੁੱਲ੍ਹ ਡੁੱਲ੍ਹ ਪੈਂਦਾ ਮੁਜ਼ਾਹਰਾ ਹੋ ਨਿੱਬੜਿਆ। ਕਈ ਦਿਨਾਂ ਤੋਂ ਇਕੱਠ ਦੀਆਂ ਤਿਆਰੀਆਂ ’ਚ ਜੁਟੇ ਮਾਲੇਰਕੋਟਲਾ ਦੇ ਬੱਚੇ-ਬੱਚੀ ਦੀ ਸੁਰਤ 16 ਫਰਵਰੀ ਨੇ ਮੱਲੀ ਹੋਈ ਸੀ ਤੇ ਬਹੁਤ ਗਹਿਰੀ ਸ਼ਮੂਲੀਅਤ ਨਾਲ ਤਿਆਰ ਕੀਤੀਆਂ ਕਈ ਵੰਨਗੀਆਂ ਦੇ ਪਕਵਾਨਾਂ ਨੇ ਦਰਸਾਇਆ ਕਿ ਸ਼ਹਿਰ ਵਾਸੀ ਕਿਵੇਂ ਹੋਰਨਾਂ ਧਰਮਾਂ ਦੇ ਹੁੰਗਾਰੇ ਨੂੰ ਡੂੰਘੀ ਸ਼ਿੱਦਤ ਨਾਲ ਉਡੀਕ ਰਹੇ ਸਨ। ਜਾਮੀਆ ਤੇ ਸ਼ਾਹੀਨ ਬਾਗ਼ ਦੇ ਸੰਘਰਸ਼ ਕੇਂਦਰਾਂ ਤੋਂ ਆਏ ਵੱਡੇ ਜਨਤਕ ਵਫ਼ਦਾਂ ਨੇ ਪੰਜਾਬੀਆਂ ਵੱਲੋਂ ਮਿਲੀ ਹਮਾਇਤ ਦਾ ਜਿਸ ਵਜਦ ਨਾਲ ਜ਼ਿਕਰ ਕੀਤਾ ਤੇ ਜਿਵੇਂ ਇਸਦਾ ਮੋੜਵਾਂ ਹਲੂਣਵਾਂ ਪ੍ਰਤੀਕਰਮ ਆਇਆ, ਇਹ ਨਜ਼ਾਰਾ ਤਾਂ ਦੇਖਿਆਂ ਹੀ ਬਣਦਾ ਸੀ। ਦਿੱਲੀ ਦੀਆਂ ਬਸਤੀਆਂ ਤੇ ਪੰਜਾਬ ਦੇ ਪਿੰਡਾਂ ਦੇ ਕਿਰਤੀਆਂ ਦੀ ਹਰ ਦੂਰੀ ਤੇ ਵਿੱਥ ਮਿਟ ਗਈ ਸੀ ਤੇ ਸੰਗਰਾਮਾਂ ਦੀ ਸਾਂਝ ਦੀਆਂ ਸੁੱਚੀਆਂ ਭਾਵਨਾਵਾਂ ਬਗਲਗੀਰ ਹੋ ਗਈਆਂ ਸਨ।
ਇਹ ਸਾਧਾਰਨ ਇਕੱਠ ਨਹੀਂ ਸੀ। ਇਹ ਕਿਰਤੀ ਲੋਕਾਈ ਦੀ ਹਕੀਕੀ ਸਾਂਝ ਦੇ ਜਸ਼ਨਾਂ ਦਾ ਜੋੜਮੇਲਾ ਵੀ ਸੀ। ਵੇਲੇ ਦੀ ਸੱਤਾ ਵੱਲੋਂ ਇਕ ਖ਼ਾਸ ਧਰਮ ਨੂੰ ਨਿਸ਼ਾਨਾ ਬਣਾਉਣ ਦੇ ਇਸ ਪਿਛਾਖੜੀ ਕਦਮ ਦੀ ਸਭਨਾਂ ਧਰਮਾਂ ਦੇ ਲੋਕਾਂ ਵੱਲੋਂ ਜ਼ੋਰਦਾਰ ਖਿਲਾਫਤ ਦਾ ਐਲਾਨ ਸੀ। ਇਸ ਵਿਚ ਪੰਜਾਬ ਦੇ ਕਿਰਤੀ ਕਿਸਾਨਾਂ ਤੋਂ ਇਲਾਵਾ ਵਿਦਿਆਰਥੀ, ਸਾਹਿਤਕਾਰ, ਲੋਕਾਂ ਦੇ ਕਲਾਕਾਰ ਤੇ ਕਲਮਕਾਰ, ਤਰਕਸ਼ੀਲ ਕਾਰਕੁੰਨ, ਜਮਹੂਰੀ ਹੱਕਾਂ ਦੇ ਕਾਰਕੁੰਨ ਤੇ ਲੋਕਾਂ ਦੇ ਪੱਤਰਕਾਰਾਂ ਸਮੇਤ ਅਗਾਂਹਵਧੂ ਲਹਿਰ ਦੀ ਹਰ ਵੰਨਗੀ ਹਾਜ਼ਰ ਸੀ। ਇਸ ਇਕੱਠ ਦੀ ਦੂਸਰੀ ਅਹਿਮ ਵਿਲੱਖਣਤਾ ਮੰਚ ਤੋਂ ਉੱਭਰੇ ਸੁਨੇਹੇ ’ਚ ਮੌਜੂਦ ਹੈ। ਜੋ ਮੰਚ ਤੋਂ ਕਿਹਾ ਜਾ ਰਿਹਾ ਸੀ, ਉਹ ਸ਼ਬਦ ਲੋਕਾਂ ਦੇ ਧੁਰ ਅੰਦਰ ਉੱਤਰ ਰਹੇ ਜਾਪਦੇ ਸਨ। ਵੱਖ ਵੱਖ ਆਗੂਆਂ ਵੱਲੋਂ ਕੌਮੀ ਮੁਕਤੀ ਲਹਿਰ ਦੀ ਵਿਰਾਸਤ ਤੋਂ ਲੈ ਕੇ ਹੁਣ ਤਕ ਦੇ ਲੋਕ ਸੰਘਰਸ਼ਾਂ ਦੇ ਹਵਾਲਿਆਂ ਦੀ ਚਰਚਾ ਨਾਲ ਅਸਲ ਦੇਸ਼ ਭਗਤੀ ਦੇ ਅਰਥ ਉਘਾੜੇ ਜਾ ਰਹੇ ਸਨ। ਫ਼ਿਰਕੂ ਅਤੇ ਝੂਠੀ ਦੇਸ਼ ਭਗਤੀ ਨੂੰ ਧਰ ਕੇ ਛੰਡਿਆ ਜਾ ਰਿਹਾ ਸੀ। ਸੰਵਿਧਾਨਕ ਹੱਕਾਂ ਦੀ ਚਰਚਾ ਤੋਂ ਲੈ ਕੇ ਅਫਸਪਾ, ਯੂਏਪੀਏ ਤੇ ਐੱਨਐੱਸਏ ਵਰਗੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਉੱਠ ਰਹੀ ਸੀ। ਯੂਪੀ ਤੇ ਦਿੱਲੀ ’ਚ ਢਾਹੇ ਜਾ ਰਹੇ ਕਹਿਰ ਦੀ ਨਿੰਦਾ ਕੀਤੀ ਜਾ ਰਹੀ ਸੀ। ਸਾਮਰਾਜੀਆਂ ਨੂੰ ਅਸਲ ਘੁਸਪੈਠੀਏ ਕਰਾਰ ਦਿੱਤਾ ਜਾ ਰਿਹਾ ਸੀ ਤੇ ਨਾਗਰਿਕਾਂ ਨੂੂੰ ਕੱਢਣ ਵਾਲੀਆਂ ਸੂਚੀਆਂ ਦੀ ਥਾਂ ਬੇਰੁਜ਼ਗਾਰੀ, ਮਹਿੰਗਾਈ ਤੇ ਹੋਰ ਅਲਾਮਤਾਂ ਦੇ ਖਾਤਮੇ ਲਈ ਉਨ੍ਹਾਂ ਦੀਆਂ ਸੂਚੀਆਂ ਬਣਾਉਣ ਦੀ ਮੰਗ ਉਭਾਰੀ ਜਾ ਰਹੀ ਸੀ। ਔਰਤ ਬੁਲਾਰਿਆਂ ਦੇ ਬੋਲਾਂ ’ਚ ਇਸ ਲਹਿਰ ਅੰਦਰ ਔਰਤਾਂ ਦੀ ਸ਼ਾਨਦਾਰ ਅਗਵਾਈ ਨੂੰ ਔਰਤਾਂ ਦੀ ਸਮਾਜਿਕ ਹੋਣੀ ਬਦਲਣ ਤਕ ਲਿਜਾਣ ਦੀ ਤਾਂਘ ਪ੍ਰਗਟ ਹੋ ਰਹੀ ਸੀ। ਨੌਜਵਾਨ ਮੁਸਲਿਮ ਕੁੜੀਆਂ ਦੀਆਂ ਟੋਲੀਆਂ ਵੱਲੋਂ ਫੈਜ਼ ਦੇ ਗੀਤਾਂ ਦੀਆਂ ਸਾਂਝੀਆਂ ਹੇਕਾਂ ਛੇੜਨ ਦਾ ਮਾਹੌਲ ਇਸ ਤਾਂਘ ਦਾ ਪ੍ਰਤੱਖ ਪ੍ਰਗਟਾਵਾ ਬਣ ਗਿਆ ਸੀ। ਟਿਕਟਿਕੀ ਲਾ ਕੇ ਸੁਣਦੀਆਂ ਤੇ ਵਾਰ ਵਾਰ ਜੋਸ਼ੀਲਾ ਪ੍ਰਤੀਕਰਮ ਦਿੰਦੀਆਂ ਹਜ਼ਾਰਾਂ ਔਰਤਾਂ ਦੀ ਮੌਜੂਦਗੀ ਇਸ ਜੋੜ ਮੇਲੇ ਦਾ ਸਭ ਤੋਂ ਗੂੜ੍ਹਾ ਰੰਗ ਸੀ। ਸੰਘਰਸ਼ ਜਾਰੀ ਰੱਖਣ ਦੇ ਅਗਲੇ ਸੱਦਿਆਂ ਨੂੰ ਲੋਕਾਂ ਦਾ ਉਤਸ਼ਾਹੀ ਹੁੰਗਾਰਾ ਪੰਜਾਬ ਦੀ ਕਾਂਗਰਸ ਹਕੂਮਤ ਲਈ ਵੀ ਸੁਣਵਾਈ ਕਰ ਰਿਹਾ ਸੀ ਕਿ ਉਸਨੂੰ ਐੱਨਪੀਆਰ ਲਾਗੂ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਕਸ਼ਮੀਰੀ ਲੋਕਾਂ ’ਤੇ ਜਬਰ ਬੰਦ ਕਰਨ ਤੇ ਉੱਥੋਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਹ ਦਿਹਾੜਾ ਹੀ ਕਿਸਾਨ ਲਹਿਰ ਦੇ ਉੱਘੇ ਆਗੂ ਸਾਧੂ ਸਿੰਘ ਤਖਤੂਪੁਰਾ ਦਾ ਸ਼ਹੀਦੀ ਦਿਹਾੜਾ ਵੀ ਸੀ। ਉਸਦੀ ਕੁਰਬਾਨੀ ਨੂੰ ਸਮੁੱਚੇ ਇਕੱਠ ਨੇ ਸਿਜਦਾ ਕੀਤਾ ਸੀ। ਅਗਾਂਹਵਧੂ ਪੁਸਤਕਾਂ ਦੀਆਂ ਦਰਜਨਾਂ ਸਟਾਲਾਂ ਤੋਂ ਲੋਕ ਇਸ ਮਸਲੇ ’ਤੇ ਜਾਰੀ ਹੋਈ ਸਮੱਗਰੀ ਨੂੰ ਵਿਸ਼ੇਸ਼ ਕਰਕੇ ਤਲਾਸ਼ ਰਹੇ ਸਨ। ਸ਼ਹੀਦ ਭਗਤ ਸਿੰਘ ਦੀਆਂ ਸੈਂਕੜੇ ਤਸਵੀਰਾਂ ਤੇ ਉਸ ਦੀਆਂ ਲਿਖਤਾਂ ’ਚੋਂ ਲਈਆਂ ਟੁੂਕਾਂ ਕੌਮੀ ਮੁਕਤੀ ਲਹਿਰ ਦੇ ਅਧੂਰੇ ਮਿਸ਼ਨ ਨੂੰ ਤੋੜ ਚੜ੍ਹਾਉਣ ਲਈ ਸਾਮਰਾਜੀਆਂ ਤੇ ਦੇਸੀ ਦਲਾਲ ਜਮਾਤਾਂ ਖਿਲਾਫ਼ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਹੋਕਾ ਦੇ ਰਹੀਆਂ ਸਨ। ਅਜਿਹੇ ਕਈ ਉਸਾਰੂ ਰੰਗਾਂ ਦੀ ਸਤਰੰਗੀ ਪੀਂਘ ਦਾ ਅਸਲ ਦ੍ਰਿਸ਼ ਉੱਥੇ ਵਿਚਰਿਆਂ ਹੀ ਬਣਦਾ ਸੀ।
ਜਮਾਤੀ ਚੇਤਨਾ ਦੀ ਰੰਗਤ ਵਾਲੇ ਇਸ ਗੰਭੀਰ, ਉਸਾਰੂ ਤੇ ਜੋਸ਼ੀਲੇ ਮਾਹੌਲ ਨੇ ਪੰਜਾਬ ਦੇ ਮੁਸਲਮਾਨ ਭਾਈਚਾਰੇ ਨੂੰ ਹੀ ਸਹਾਰਾ ਨਹੀਂ ਦਿੱਤਾ ਸਗੋਂ ਇਸਦਾ ਮਹੱਤਵ ਤਾਂ ਇਸਤੋਂ ਕਿਤੇ ਵੱਡਾ ਹੈ। ਇਸ ਜਥੇਬੰਦ ਲੋਕ ਸ਼ਕਤੀ ਦੀ ਮੌਜੂਦਗੀ ਮੁਸਲਮਾਨ ਭਾਈਚਾਰੇ ਨੂੰ ਬੁਨਿਆਦਪ੍ਰਸਤਾਂ ਦੇ ਪੈਂਤੜੇ ’ਤੇ ਧੱਕਣ ਤੋਂ ਰੋਕ ਬਣਨੀ ਹੈ। ਮੁਸਲਮਾਨ ਭਾਈਚਾਰੇ ਦੇ ਇਕ ਨੁਮਾਇੰਦੇ ਵੱਲੋਂ ਮੰਚ ਤੋਂ ਦਿੱਤਾ ਜਾ ਰਿਹਾ ਇਹ ਸੱਦਾ ਬਹੁਤ ਮੁੱਲਵਾਨ ਸੀ ਕਿ ਆਓ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ ਮੁਕਤ ਤੇ ਸਭਨਾਂ ਧਰਮਾਂ ਦੀ ਸਾਂਝ ਵਾਲੇ ਨਵੇਂ ਪੰਜਾਬ ਤੇ ਭਾਰਤ ਦੀ ਉਸਾਰੀ ਕਰੀਏ। ਫ਼ਿਰਕਾਪ੍ਰਸਤੀ ਦੇ ਹਮਲੇ ਦੇ ਖਿਲਾਫ਼ ਲਹਿਰ ਉਸਾਰੀ ਲਈ ਕਿਰਤੀਆਂ ਵੱਲੋਂ ਉੱਭਰੀ ਇਹ ਸਾਂਝ ਬਹੁਤ ਨਿੱਗਰ ਬੁਨਿਆਦ ਬਣਦੀ ਹੈ। ਇਸ ਤਰ੍ਹਾਂ ਆਈ ਲੋਕਾਈ ਨੂੰ ਦੇਖਿਆਂ ਲੱਗਦਾ ਸੀ ਕਿ ਸਾਮਰਾਜ ਵਿਰੋਧੀ ਨਾਮਧਾਰੀ ਕੂਕਾ ਲਹਿਰ ਦੀ ਇਸ ਧਰਤੀ ਤੋਂ ਸੱਤਾ ਦੇ ਜ਼ੁਲਮਾਂ ਖਿਲਾਫ਼ ਕੁਰਬਾਨੀ ਦਾ ਉਹ ਜਜ਼ਬਾ ਇਕ ਦਿਨ ਫਿਰ ਧੜਕੇਗਾ। ਧਰਮ ਨਿਰਪੱਖ ਤੇ ਖਰੀ ਜਮਹੂਰੀ ਸੋਝੀ ਦੇ ਪੋਲ ਦੁਆਲੇ ਜੁੜੀ ਇਸ ਲੋਕ ਸ਼ਕਤੀ ਦਾ ਮੁਜ਼ਾਹਰਾ ਤੇ ਇਸਦੀ ਰੰਗਤ ਦੱਸਦੀ ਹੈ ਕਿ ਹਿੰਦੂ ਰਾਸ਼ਟਰ ਉਸਾਰੀ ਦੇ ਪਿਛਾਖੜੀ ਮਨਸੂਬਿਆਂ ਦੀ ਰਾਹ ਏਨੀ ਸੁਖਾਲੀ ਨਹੀਂ ਹੈ।
ਸੰਪਰਕ: 94170-54015


Comments Off on ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.