ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਮਾਰੂਫ਼ ਗੁਲੂਕਾਰਾ ਮੁਬਾਰਕ ਬੇਗ਼ਮ

Posted On February - 15 - 2020

ਮਨਦੀਪ ਸਿੰਘ ਸਿੱਧੂ
‘ਤੁਰ ਗਈਆਂ ਬੇੜੀਆਂ ਤੇ ਲੰਘ ਗਏ ਨੇ ਪੂਰੇ ਓਏ’ ਵਰਗੇ ਲਾਫ਼ਾਨੀ ਨਗ਼ਮੇ ਨੂੰ ਆਪਣੀ ਦਿਲਕਸ਼ ਆਵਾਜ਼ ਦਾ ਹੁਸਨ ਦੇਣ ਵਾਲੀ ਮੁਬਾਰਕ ਬੇਗ਼ਮ ਦੀ ਪੈਦਾਇਸ਼ 5 ਜਨਵਰੀ 1936 ਨੂੰ ਝੁੰਨਝਨੂ ਦੇ ਮੁਸਲਿਮ ਖ਼ਾਨਦਾਨ ਵਿਚ ਹੋਈ। ਉਂਜ ਇਨ੍ਹਾਂ ਦਾ ਆਬਾਈ ਤਾਲੁਕ ਰਾਜਸਥਾਨ ਦੇ ਨਵਲਗੜ੍ਹ ਨਾਲ ਸੀ ਜਦੋਂਕਿ ਮਾਂ ਪਿੰਡ ਝੁੰਨਝਨੂ ਦੀ ਰਹਿਣ ਵਾਲੀ ਸੀ। ਇਨ੍ਹਾਂ ਦੇ ਬਾਪੂ ਦੀ ਅਹਿਮਦਾਬਾਦ ਵਿਚ ਚਾਹ ਦੀ ਦੁਕਾਨ ਸੀ। ਲਿਹਾਜ਼ਾ ਪਿਓ ਵੀ ਪਰਿਵਾਰ ਸਮੇਤ ਅਹਿਮਦਾਬਾਦ ਆਣ ਵੱਸਿਆ, ਜਿੱਥੇ ਉਨ੍ਹਾਂ ਨੇ ਫ਼ਲ ਵੇਚਣ ਦਾ ਕਾਰੋਬਾਰ ਸ਼ੁਰੂ ਕੀਤਾ। ਅਹਿਮਦਾਬਾਦ ’ਚ ਹੀ ਮੁਬਾਰਕ ਬੇਗ਼ਮ ਦਾ ਬਚਪਨ ਬੀਤਿਆ।
1943-44 ਵਿਚ ਮੁਬਾਰਕ ਦੇ ਪਿਓ ਨੇ ਬੰਬਈ ਵਸੇਬਾ ਕਰ ਲਿਆ। ਉਨ੍ਹਾਂ ਨੂੰ ਤਬਲਾ ਵਜਾਉਣ ਦਾ ਬਹੁਤ ਸ਼ੌਕ ਸੀ। ਇਸ ਲਈ ਮੁਬਾਰਕ ਨੂੰ ਪਿਓ ਤੋਂ ਮੌਸੀਕੀ ਦੀ ਤਰਬੀਅਤ ਮਿਲਣੀ ਸੁਭਾਵਿਕ ਸੀ। ਉਹ ਬੜੇ ਚਾਅ ਤੇ ਉਮਾਹ ਨਾਲ ਸੁਰੱਈਆ ਅਤੇ ਨੂਰਜਹਾਂ ਦੇ ਗੀਤ ਸੁਣਦੀ ਤੇ ਗੁਣ-ਗਣਾਉਂਦੀ ਰਹਿੰਦੀ ਸੀ। ਸੰਗੀਤ ’ਚ ਧੀ ਦੀ ਦਿਲਚਸਪੀ ਵੇਖਦਿਆਂ ਪਿਓ ਨੇ ਉਸਨੂੰ ਕਿਰਾਨਾ ਘਰਾਣੇ ਦੇ ਉਸਤਾਦ ਰਿਆਜ਼ੂਦੀਨ ਖ਼ਾਨ ਅਤੇ ਸਮਦ ਖ਼ਾਨ ਦੀ ਸ਼ਾਗਿਰਦੀ ’ਚ ਗਾਇਨ ਦੀ ਤਾਲੀਮ ਦਿਵਾਉਣੀ ਸ਼ੁਰੂ ਕਰ ਦਿੱਤੀ। ਇਸਦੇ ਨਾਲ ਹੀ ਮੁਬਾਰਕ ਨੂੰ ਆਲ ਇੰਡੀਆ ਰੇਡੀਓ ’ਤੇ ਵੀ ਗਾਉਣ ਦਾ ਮੌਕਾ ਮਿਲਣ ਲੱਗਿਆ। ਇਕ ਦਿਨ ਪ੍ਰਸਿੱਧ ਸੰਗੀਤ-ਨਿਰਦੇਸ਼ਿਕ ਰਫ਼ੀਕ ਗ਼ਜ਼ਨਵੀ ਨੇ ਮੁਬਾਰਕ ਦਾ ਗੀਤ ਸੁਣ ਕੇ ਆਪਣੀ ਫ਼ਿਲਮ ਵਿਚ ਗਾਉਣ ਲਈ ਸੱਦਿਆ, ਪਰ ਉਹ ਸਟੂਡੀਓ ’ਚ ਲੋਕਾਂ ਦੀ ਭੀੜ ਨੂੰ ਵੇਖ ਕੇ ਘਬਰਾ ਗਈ ਅਤੇ ਗੀਤ ਨਾ ਗਾ ਸਕੀ। ਸੰਗੀਤਕਾਰ ਸ਼ਿਆਮ ਸੁੰਦਰ ਨੇ ਵੀ ਇਕ ਫ਼ਿਲਮ ’ਚ ਮੌਕਾ ਦਿੱਤਾ, ਪਰ ਰਿਕਾਰਡਿੰਗ ਦੌਰਾਨ ਜ਼ੁਬਾਨ ਤਾਲੂ ਨਾਲ ਚਿਪਕ ਗਈ ਤੇ ਗੀਤ ਨਹੀਂ ਗਾਇਆ ਗਿਆ। ਇਨ੍ਹਾਂ ਨਾਕਾਮੀਆਂ ਤੋਂ ਘਬਰਾ ਕੇ ਇਕ ਵਾਰ ਉਨ੍ਹਾਂ ਨੇ ਫਿਰ ਤੋਂ ਫ਼ਿਲਮਾਂ ’ਚ ਨਾ ਗਾਉਣ ਦਾ ਫ਼ੈਸਲਾ ਕਰ ਲਿਆ। ਫਿਰ ਹੌਲੀ ਹੌਲੀ ਹਿੰਮਤ ਤੇ ਮਿਹਨਤ ਕਰਦਿਆਂ ਉਸਨੇ ਫ਼ਿਲਮ ਲਾਇਨ ਅਖ਼ਤਿਆਰ ਕਰ ਲਈ।
ਉਸਦੀ ਪਿੱਠਵਰਤੀ ਗੁਲੂਕਾਰਾ ਵਜੋਂ ਪਹਿਲੀ ਹਿੰਦੀ ਫ਼ਿਲਮ ਇੰਡੀਅਨ ਪ੍ਰੋਡਕਸ਼ਨ, ਬੰਬਈ ਦੀ ਯਾਕੂਬ ਨਿਰਦੇਸ਼ਿਤ ‘ਆਈਏ’ (1949) ਸੀ। ਫ਼ਿਲਮ ’ਚ ਮੁਬਾਰਕ ਨੇ ਨਕਸ਼ਬ ਜਾਰਚਵੀ ਦੇ ਲਿਖੇ 2 ਗੀਤ ਗਾਏ ‘ਮੋਹੇ ਆਨੇ ਲਗੀ ਅੰਗੜਾਈ ਆਜਾ ਆਜਾ ਬਲਮ ਹਰਜ਼ਾਈ’ ਤੇ ਦੂਸਰਾ ਲਤਾ ਮੰਗੇਸ਼ਕਰ ਨਾਲ ‘ਆਈਏ ਅਹਾਹਾ ਆਓ ਚਲੇ-ਚਲੇ ਵਹਾਂ’। ਇਨ੍ਹਾਂ ਦੋਵਾਂ ਗੀਤਾਂ ਦੀਆਂ ਤਰਜ਼ਾਂ ਮੌਸੀਕਾਰ ਸ਼ੌਕਤ ਹੈਦਰੀ ਉਰਫ਼ ਸ਼ੌਕਤ ਦੇਹਲਵੀ ਉਰਫ਼ ਨਾਸ਼ਾਦ (ਨੌਸ਼ਾਦ ਅਲੀ ਨਹੀਂ) ਨੇ ਤਾਮੀਰ ਕੀਤੀਆਂ ਜੋ ਦੇਸ਼ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ। ਇਸ ਫ਼ਿਲਮ ’ਚ ਮੁਬਾਰਕ ਨੇ ਗੀਤ ਗਾਉਣ ਦੇ ਨਾਲ-ਨਾਲ ਅਦਾਕਾਰੀ ਵੀ ਕੀਤੀ।
ਇਸਤੋਂ ਬਾਅਦ ਉਸਨੇ ਵਤਨ ਪਿਕਚਰਜ਼, ਬੰਬਈ ਦੀ ਫ਼ਿਲਮ ‘ਬਸੇਰਾ’ (1950) ’ਚ ਮੌਸੀਕਾਰ ਐੱਮ. ਏ. ਰਾਊਫ਼ ਦੀ ਮੁਰੱਤਿਬ ਮੌਸੀਕੀ ’ਚ ਸਰਦਾਰ ਇਲਹਾਮ ਦੇ ਲਿਖੇ 4 ਗੀਤ ਗਾਏ ‘ਪ੍ਰੇਮ ਕਹਾਨੀ ਛੇੜ ਜਵਾਨੀ’, ‘ਜਨਮ ਜਨਮ ਹਮ ਸੰਗ ਰਹੇਂਗੇ’, ‘ਦੇਖੋ ਜੀ ਬਾਤ ਸੁਨੋ’ (ਬੀ. ਐੱਸ. ਨਾਨਾ ਜੀ ਨਾਲ), ਤੇ ‘ਸ਼ਾਮ ਹੂਈ ਔਰ ਦੀਪ ਜਲੇ’ (ਸੁਲੋਚਨਾ ਕਦਮ ਨਾਲ)। ਸ੍ਰੀਕਾਂਤ ਸਟੂਡੀਓਜ਼ ਦੀ ਫ਼ਿਲਮ ‘ਫੂਲੋਂ ਕਾ ਹਾਰ’ (1951) ਵਿਚ ਪੰਜਾਬੀ ਸੰਗੀਤਕਾਰ ਹੰਸਰਾਜ ਬਹਿਲ ਨੇ ਉਸ ਕੋਲੋਂ ਪੰਜ ਸੋਲੋ ਗੀਤਾਂ ਸਮੇਤ ਕੁੱਲ 7 ਗੀਤ ਗਵਾਏ ਸਨ। ਕਮਾਲ ਪਿਕਚਰਜ਼, ਬੰਬਈ ਦੀ ਕਮਾਲ ਅਮਰੋਹੀ ਨਿਰਦੇਸ਼ਿਤ ਫ਼ਿਲਮ ‘ਦਾਇਰਾ’ (1953) ਦਾ ਸ਼ੁਮਾਰ ਕਲਾ ਫ਼ਿਲਮਾਂ ’ਚ ਕੀਤਾ ਜਾਂਦਾ ਹੈ, ਜਿਸ ਵਿਚ ਮੌਸੀਕਾਰ ਜਮਾਲ ਸੇਨ ਨੇ ਮੁਬਾਰਕ ਬੇਗ਼ਮ ਤੋਂ 4 ਗੀਤ ਗਵਾਏ ‘ਦੀਪ ਕੇ ਸੰਗ ਜਲੂੰ ਮੈਂ’, ‘ਪਲਕਨ ਓਟ ਛਿਪਾਇਯੋ ਨਯਨਾ’, ‘ਜਲੀ ਜੋ ਸ਼ਮ੍ਹਾ’ ਪਰ ਮੁਹੰਮਦ ਰਫ਼ੀ ਨਾਲ ਗਾਇਆ ਉਨ੍ਹਾਂ ਦਾ ਭਜਨ ‘ਡਾਲ ਕੀ ਜਲ-ਥਲ ਮੇਂ ਨਈਯਾ ਜਾਗਨਾ ਹੈ ਤੋ ਜਾਗੋ ਦੇਵਤਾ’ ਬਹੁਤ ਹਿੱਟ ਹੋਇਆ ਸੀ। ਬਿਮਲ ਰਾਏ ਪ੍ਰੋਡਕਸ਼ਨਜ਼, ਬੰਬਈ ਦੀ ਬਿਮਲ ਰਾਏ ਨਿਰਦੇਸ਼ਿਤ ਨਾਵਲ ਆਧਾਰਿਤ ਫ਼ਿਲਮ ‘ਦੇਵਦਾਸ’ (1955) ’ਚ ਐੱਸ. ਡੀ. ਬਰਮਨ ਦੇ ਸੰਗੀਤ ਵਿਚ ਮੁਬਾਰਕ ਬੇਗ਼ਮ ਦਾ ਗਾਇਆ ਇਕ ਮੁਜਰਾ ਗੀਤ ‘ਵੋ ਨਾ ਆਏਂਗੇ ਪਲਟ ਕੇ ਉਨ੍ਹੇਂ ਲਾਖ ਹਮ ਬੁਲਾਏਂ’ ਅੱਜ ਵੀ ਯਾਦ ਕੀਤਾ ਜਾਂਦਾ ਹੈ। ਪੀਪੁਲ, ਬੰਬਈ ਦੀ ਕੇਦਾਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਹਮਾਰੀ ਯਾਦ ਆਏਗੀ’ (1961) ’ਚ ਸੰਗੀਤਕਾਰ ਸਨੇਹਲ ਭਾਟਕਰ ਨੇ ਮੁਬਾਰਕ ਬੇਗ਼ਮ ਕੋਲੋਂ ਇਕ ਉਰਦੂ ਗ਼ਜ਼ਲ ‘ਕਭੀ ਤਨਹਾਈਓਂ ਮੈਂ ਯੂੰ ਹਮਾਰੀ ਯਾਦ ਆਏਗੀ, ਅੰਧੇਰੇਂ ਯਾਦ ਛਾ ਰਹੇ ਹੋਂਗੇ ਕਿ ਬਿਜਲੀ ਕੌਂਧ ਜਾਏਗੀ’ ਜਦੋਂ ਫ਼ਿਜ਼ਾਵਾਂ ’ਚ ਗੂੰਜੀ ਤਾਂ ਸੰਗੀਤ-ਮੱਦਾਹਾਂ ਨੇ ਉਨ੍ਹਾਂ ਨੂੰ ਖ਼ੁਸ਼-ਆਮਦੀਦ ਕਿਹਾ।
ਪ੍ਰਸਾਦ ਪ੍ਰੋਡਕਸ਼ਨਜ਼, ਮਦਰਾਸ ਦੀ ਟੀ. ਪ੍ਰਕਾਸ਼ ਰਾਵ ਨਿਰਦੇਸ਼ਿਤ ਫ਼ਿਲਮ ‘ਹਮਰਾਹੀ’ (1963) ’ਚ ਸ਼ੰਕਰ-ਜੈਕਿਸ਼ਨ ਦੀ ਤਰਤੀਬ ਮੌਸੀਕੀ ’ਚ ਹਸਰਤ ਜੈਪੁਰੀ ਦਾ ਲਿਖਿਆ ਤੇ ਮੁਬਾਰਕ ਬੇਗ਼ਮ ਦਾ ਗਾਇਆ ਦੋਗਾਣਾ ‘ਮੁਝਕੋ ਆਪਣੇ ਗਲੇ ਲਗਾਲ ਐ ਮੇਰੇ ਹਮਰਾਹੀ’ (ਨਾਲ ਮੁਹੰਮਦ ਰਫ਼ੀ) ਨੇ ਇੰਤਹਾਈ ਮਕਬੂਲੀਅਤ ਪ੍ਰਾਪਤ ਕੀਤੀ। ਸਾਗਰ ਆਰਟ ਪ੍ਰੋਡਕਸ਼ਨਜ਼, ਬੰਬਈ ਦੀ ਰਾਮਾਨੰਦ ਨਿਰਦੇਸ਼ਿਤ ਫ਼ਿਲਮ ‘ਆਰਜ਼ੂ’ (1965) ’ਚ ਸ਼ੰਕਰ-ਜੈਕਿਸ਼ਨ ਦੇ ਸੰਗੀਤ ਵਿਚ ਮੁਬਾਰਕ ਨੇ ਹਸਰਤ ਜੈਪੁਰੀ ਦਾ ਲਿਖਿਆ ਕੱਵਾਲੀ ਗੀਤ ਆਸ਼ਾ ਭੌਸਲੇ ਤੇ ਸਾਥੀਆਂ ਨਾਲ ਗਾਇਆ ‘ਜਬ ਇਸ਼ਕ ਕਹੀਂ ਹੋ ਜਾਤਾ ਹੈ ਤਬ ਐਸੀ ਹਾਲਤ ਹੋਤੀ ਹੈ’ ਵੀ ਬੜਾ ਹਿੱਟ ਹੋਇਆ।
ਮੁਬਾਰਕ ਬੇਗ਼ਮ ਨੇ ਪੰਜਾਬੀ ਫ਼ੀਚਰ ਫ਼ਿਲਮਾਂ ਵਿਚ ਨਗ਼ਮਾਸਰਾਈ ਕੀਤੀ। ਉਨ੍ਹਾਂ ਦੀ ਗੁਲੂਕਾਰੀ ਵਿਚ ਬਣੀ ਪਹਿਲੀ ਪੰਜਾਬੀ ਫ਼ਿਲਮ ਕਵਾਤੜਾ ਪਿਕਚਰਜ਼, ਬੰਬੇ ਦੀ ਸ਼ਾਂਤੀ ਪ੍ਰਕਾਸ਼ ਬਖ਼ਸ਼ੀ ਨਿਰਦੇਸ਼ਿਤ ਫ਼ਿਲਮ ‘ਹੀਰ ਸਿਆਲ’ (1960) ਸੀ। ਸਰਦੂਲ ਕਵਾਤੜਾ ਦੇ ਸੰਗੀਤ ਵਿਚ ਮਨੋਹਰ ਸਿੰਘ ਸਹਿਰਾਈ ਦਾ ਲਿਖਿਆ ਇਕ ਗੀਤ ਮੁਬਾਰਕ ਬੇਗ਼ਮ ਨੇ ਗਾਇਆ ‘ਤੁਰ ਗਈਆਂ ਬੇੜੀਆਂ ਤੇ ਲੰਘ ਗਏ ਨੇ ਪੂਰੇ ਓਏ’, ਜਿਸਨੂੰ ਫ਼ਿਲਮ ਦੀ ਅਦਾਕਾਰਾ ਇੰਦਰਾ ਬਿੱਲੀ ’ਤੇ ਫ਼ਿਲਮਾਇਆ ਗਿਆ ਸੀ। ਇਹ ਅੱਜ ਓਨਾ ਹੀ ਮਕਬੂਲ ਹੈ, ਜਿੰਨਾ ਉਸ ਵੇਲੇ ਸੀ। ਇਸੇ ਸਾਲ ਨੁਮਾਇਸ਼ ਹੋਈ ਈਸਟ ਐਂਡ ਵੈਸਟ ਮੂਵੀਜ਼, ਬੰਬੇ ਦੀ ਮਜਨੂੰ ਨਿਰਦੇਸ਼ਿਤ ਫ਼ਿਲਮ ‘ਪੱਗੜੀ ਸੰਭਾਲ ਜੱਟਾ’ (1960) ’ਚ ਸ੍ਰੀ ਗੁਰੂ ਬਚਨ ਨੇ ਮੁਬਾਰਕ ਬੇਗ਼ਮ ਤੋਂ ਇਕ ਉਰਦੂ ਗ਼ਜ਼ਲ ਗਵਾਈ ‘ਅਰਜ਼ ਮਨਜ਼ੂਰ ਹੋ ਇਸਰਾਰ ਮੇਂ ਕਯਾ ਰੱਖਾ ਹੈ’ ਜੋ ਖ਼ੂਬ ਪਸੰਦ ਕੀਤੀ ਗਈ। ਫ਼ਿਲਮਏਜ਼, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਨੈਸ਼ਨਲ ਐਵਾਰਡ-ਯਾਫ਼ਤਾ ਫ਼ਿਲਮ ‘ਜੱਗਾ’ (1964) ਵਿਚ ਉਸਨੇ ਉਸਤਾਦ ਅੱਲਾ ਰੱਖਾ ਕੁਰੈਸ਼ੀ ਦੇ ਸੰਗੀਤ ਵਿਚ ਮਨੋਹਰ ਸਿੰਘ ਸਹਿਰਾਈ ਦਾ ਲਿਖਿਆ ਇਕ ਗੀਤ ਗਾਇਆ ‘ਦਮ ਭਰਦੇ ਏਹ ਰੂਪ ਨਿਰਾ ਫੁੱਲਾਂ ਦੀ ਜਵਾਨੀ’ ਜੋ ਅਦਾਕਾਰਾ ਅਰੂਨਾ ’ਤੇ ਫ਼ਿਲਮਾਇਆ ਗਿਆ ਸੀ। ਫ਼ਿਲਮ ਸੁਪਰਮੈਕਸ ਫ਼ਿਲਮਜ਼, ਬੰਬੇ ਦੀ ਐੱਚ. ਐੱਸ. ਕੰਵਲ ਨਿਰਦੇਸ਼ਿਤ ਫ਼ਿਲਮ ‘ਨੌਕਰ ਬੀਵੀ ਦਾ’ (1976) ਵਿਚ ਸੰਗੀਤਕਾਰ ਖ਼ਾਯਮ ਦੀਆਂ ਧੁਨਾਂ ’ਚ ਤਿਆਰ 2 ਗੀਤ ‘ਸੁੱਕ ਗਏ ਨੇ ਹੰਝੂ ਮੇਰੇ ਤੱਕ-ਤੱਕ ਵਾਟਾਂ ਵੇ’ ਅਦਾਕਾਰਾ ਰਾਣੀ ’ਤੇ ਅਤੇ ਦੂਸਰਾ ‘ਮੁੜ-ਮੁੜ ਕੇ ਨਾ ਵੇਖ ਝਾਂਜਰਾਂ ਵਾਲੀਏ’ (ਐੱਸ. ਬਲਬੀਰ ਨਾਲ) ਜਿਸਨੂੰ ਅਦਾਕਾਰ ਹਰੀਸ਼ ਤੇ ਰੇਣੂਕਾ ਉੱਪਰ ਫ਼ਿਲਮਾਇਆ ਗਿਆ ਸੀ।
ਮੁਬਾਰਕ ਬੇਗ਼ਮ ਨੇ ਹਿੰਦੀ-ਪੰਜਾਬੀ ਤੋਂ ਇਲਾਵਾ ਰਾਜਸਥਾਨੀ, ਭੋਜਪੁਰੀ ਜ਼ੁਬਾਨ ਵਿਚ ਬਣੀਆਂ ਤਕਰੀਬਨ 140 ਫ਼ਿਲਮਾਂ ਵਿਚ 200 ਤੋਂ ਵੀ ਜ਼ਿਆਦਾ ਨਗ਼ਮੇ ਗਾਏ। ਉਨ੍ਹਾਂ ਤੋਂ ਗੀਤ ਗਵਾਉਣ ਵਾਲੇ ਸੰਗੀਤਕਾਰਾਂ ਦੀ ਕੁਲ ਤਾਦਾਦ 69 ਹੈ ਜੋ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਉਨ੍ਹਾਂ ਦੀ ਆਵਾਜ਼ ਦਾ ਤਮਾਮ ਸੰਗੀਤਕਾਰਾਂ ਨੇ ਖ਼ੂਬਸੂਰਤ ਇਸਤੇਮਾਲ ਕੀਤਾ। ਫ਼ਿਲਮਾਂ ਵਿਚ ਪਿੱਠਵਰਤੀ ਗੁਲੂਕਾਰਾ ਵਜੋਂ ਮਕਬੂਲੀਅਤ ਹਾਸਲ ਕਰਨ ਦੇ ਨਾਲ ਉਸਨੇ ਗ਼ੈਰ-ਫ਼ਿਲਮੀ 55 ਗ਼ਜ਼ਲਾਂ, ਇਸਲਾਮਿਕ ਨਾਅਤ ਅਤੇ ਕੱਵਾਲੀਆਂ ਵੀ ਰਿਕਾਰਡ ਕਰਵਾਈਆਂ, ਜਿਨ੍ਹਾਂ ਨੂੰ 78 ਆਰਪੀਐੱਮ. ਦੇ ਗਰਾਮੋਫੋਨ ਰਿਕਾਰਡ ਉੱਪਰ ਜਾਰੀ ਕੀਤਾ ਗਿਆ ਸੀ।
ਸਾਲ 1980 ’ਚ ਫ਼ਿਲਮ ‘ਰਾਮੂ ਤੋ ਦੀਵਾਨਾ ਹੈ’ ਤੇ ਚੰਦੂ ਦੀ ਮੌਸੀਕੀ ’ਚ ਗਾਇਆ ‘ਸਾਂਵਰੀਆ ਤੇਰੀ ਯਾਦ ਮੇਂ’ ਮੁਬਾਰਕ ਬੇਗ਼ਮ ਦਾ ਆਖ਼ਰੀ ਗੀਤ ਕਰਾਰ ਪਾਇਆ। ਉਨ੍ਹਾਂ ਨੇ ਬਹੁਤ ਸਾਰੇ ਸਟੇਜ-ਸ਼ੋਅ ਵੀ ਕੀਤੇ ਸਨ। ਉਨ੍ਹਾਂ ਦੀ ਆਵਾਜ਼ ’ਚ ਰਾਜਸਥਾਨ ਦਾ ਲੋਕ-ਰੰਗ ਅਤੇ ਰਸੀਲਾਪਣ ਵੱਸਿਆ ਹੋਇਆ ਸੀ। ਆਪਣੇ ਗਾਇਨ ਦੇ ਆਰੰਭਿਕ ਦੌਰ ਵਿਚ ਉਸਦੀ ਆਵਾਜ਼ ਮੀਨਾ ਕਪੂਰ ਅਤੇ ਮਧੂਬਾਲਾ ਝਵੇਰੀ ਦੇ ਦਰਮਿਆਨ ਆਉਂਦੀ ਸੀ। ਉਸ ਵਿਚ ਕੋਮਲਤਾ ਸੀ, ਕਸ਼ਿਸ਼ ਸੀ, ਪਰ ਬਾਅਦ ਵਿਚ ਉਸਨੇ ਆਵਾਜ਼ ਨੂੰ ਬਦਲਣ ਦੀ ਵੀ ਕੋਸ਼ਿਸ਼ ਕੀਤੀ ਅਤੇ ਨੂਰਜਹਾਂ ਸ਼ੈਲੀ ਅਪਨਾਉਣ ਦੀ ਕੋਸ਼ਿਸ਼ ਵੀ ਕੀਤੀ। ਮੁਬਾਰਕ ਬੇਗ਼ਮ ਦਾ ਵਿਆਹ ਫ਼ਿਲਮਸਾਜ਼ ਜਗਨਨਾਥ ਸ਼ਰਮਾ ਨਾਲ ਹੋਇਆ ਸੀ, ਜਿਨ੍ਹਾਂ ਨੇ ਨੋਬਲ ਆਰਟ ਪ੍ਰੋਡਕਸ਼ਨਜ਼, ਬੰਬਈ ਦੀ ਫ਼ਿਲਮ ‘ਬਿਰਹਾ ਕੀ ਰਾਤ’ (1950) ਦਾ ਨਿਰਮਾਣ ਕੀਤਾ ਸੀ। ਉਨ੍ਹਾਂ ਦੀਆਂ ਤਿੰਨ ਧੀਆਂ ਤੇ ਇਕ ਪੁੱਤਰ ਸਨ। ਬੇਸ਼ੱਕ ਤਅਲੀਮਯਾਫ਼ਤਾ ਨਾ ਹੋਣ ਕਾਰਨ ਮੁਬਾਰਕ ਬੇਗ਼ਮ ਫ਼ਿਲਮ ਗਾਇਨ ਦੇ ਖੇਤਰ ਵਿਚ ਉਹ ਨਾਮ ਨਹੀਂ ਕਮਾ ਸਕੀ ਜੋ ਉਨ੍ਹਾਂ ਦੀਆਂ ਹਮ-ਅਸਰ ਗਾਇਕਾਵਾਂ ਨੇ ਹਾਸਲ ਕੀਤਾ ਸੀ। ਉਮਰ ਦੇ ਆਖ਼ਰੀ ਸਮੇਂ ਉਸਨੇ ਬੇਹੱਦ ਮੁਫ਼ਲਿਸੀ ਵਿਚ ਗੁਜ਼ਾਰੇ। ਤੰਗੀ ਨੇ ਬਿਸਤਰ ’ਤੇ ਪੈਣ ਤਕ ਵੀ ਉਸਦਾ ਦਾਮਨ ਨਾ ਛੱਡਿਆ। ਓੜਕ ਜਿਸ ਗੁਲੂਕਾਰਾ ਦਾ ਸਿੱਕਾ ਪੂਰੇ ਭਾਰਤ ਵਿਚ ਗੂੰਜਦਾ ਸੀ, ਉਹ ਤੰਗੀ ਨਾਲ ਜੂਝਦੀ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਈ। ਇਸ ਅਜ਼ੀਮ ਗੁਲੂਕਾਰ ਨੂੰ ਯਾਦ ਕਰਦਿਆਂ ਫ਼ਿਲਮਜ਼ ਡਿਵੀਜ਼ਨ ਨੇ ਸਾਲ 2008 ਵਿਚ ਇਕ ਰੇਖਾ ਚਿੱਤਰ ਵੀ ਬਣਾਇਆ ਸੀ, ਜਿਸਨੂੰ ਗੋਆ ਵਿਚ ਹੋਏ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਵਿਚ ਵਿਖਾਇਆ ਗਿਆ ਸੀ।
ਮਾਜ਼ੀ ਦੀ ਮਾਰੂਫ਼ ਗੁਲੂਕਾਰਾ ਮੁਬਾਰਕ ਬੇਗ਼ਮ 18 ਜੁਲਾਈ 2016 ਨੂੰ 80 ਸਾਲਾਂ ਦੀ ਬਜ਼ੁਰਗ਼ ਉਮਰੇ ਵਫ਼ਾਤ ਪਾ ਗਈ। ਉਹ ਆਪਣੀ ਅਮਰ ਉਰਦੂ ਗ਼ਜ਼ਲ ‘ਕਭੀ ਤਨਹਾਈਓਂ ਮੇਂ ਯੂੰ, ਹਮਾਰੀ ਯਾਦ ਆਏਗੀ’ ਜ਼ਰੀਏ ਹਮੇਸ਼ਾਂ ਸੰਗੀਤ-ਮੱਦਾਹਾਂ ਦੇ ਚੇਤਿਆਂ ਵਿਚ ਵੱਸੀ ਰਹੇਗੀ।
ਸੰਪਰਕ: 97805-09545


Comments Off on ਮਾਰੂਫ਼ ਗੁਲੂਕਾਰਾ ਮੁਬਾਰਕ ਬੇਗ਼ਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.