ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ

Posted On February - 23 - 2020

ਡਾ. ਅਮਰ ਕੋਮਲ
ਪੁਸਤਕ ਪੜਚੋਲ
ਕਹਾਣੀ-ਸੰਗ੍ਰਹਿ ‘ਮੰਥਨ’ ਪ੍ਰਕਾਸ਼ਿਤ ਕਰਵਾਉਣ ਪਿੱਛੋਂ ਅਸ਼ਵਨੀ ਬਾਗੜੀਆਂ ਆਪਣੇ ਦੂਜੇ ਕਹਾਣੀ-ਸੰਗ੍ਰਹਿ ‘ਪਾਰਬਤੀ ਦਾ ਖੋਖਾ’ (ਕੀਮਤ: 220 ਰੁਪਏ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ) ਨਾਲ ਰੂ-ਬ-ਰੂ ਹੈ ਜਿਸ ਵਿਚ ਉਸ ਦੀਆਂ ਅੱਠ ਕਹਾਣੀਆਂ ਸ਼ਾਮਲ ਹਨ। ਪਿਛਲੇ ਦਸ ਸਾਲਾਂ ਵਿਚ ਉਸ ਨੇ ਇਹ ਅੱਠ ਕਹਾਣੀਆਂ ਲਿਖੀਆਂ ਹਨ। ਅਸ਼ਵਨੀ ਸਹਿਜ ਬਿਰਤੀ ਵਾਲਾ ਸੰਵੇਦਨਸ਼ੀਲ ਵਿਅਕਤੀ ਹੈ ਜਿਸ ਨੂੰ ਅਜੋਕੇ ਤੇ ਬੀਤੇ ਸਮਾਜ ਵਿਚ ਸਾਧਾਰਨ ਆਮ ਮਨੁੱਖ ਤੋਂ ਲੈ ਕੇ ਅਜੋਕੇ ਤੇਜ਼-ਤਰਾਰ ਸਮੇਂ ਦੇ ਨੌਜਵਾਨ ਮੁੰਡੇ-ਕੁੜੀਆਂ ਦੀਆਂ ਮਾਨਸਿਕ-ਸੰਵੇਦਨਸ਼ੀਲ ਭਾਵਨਾਵਾਂ, ਉਲਝਣਾਂ ਅਤੇ ਪੇਚੀਦਗੀਆਂ ਦੇ ਯਥਾਰਥਕ ਸੰਕਲਪ ਲੱਭਣ ਦੀ ਪ੍ਰਬਲ ਇੱਛਾ ਹੈ। ਇਸ ਲਈ ਉਹ ਆਪਣੀਆਂ ਕਹਾਣੀਆਂ ਦੇ ਆਧਾਰੀ ਗੁਣ (ਮੌਟਿਫ) ਨੂੰ ਸਾਹਮਣੇ ਰੱਖ ਕੇ ਹਰ ਕਹਾਣੀ ਦਾ ਆਪਣੇ ਮਿਜ਼ਾਜ ਅਨੁਸਾਰ ਬਿਰਤਾਂਤ ਸਿਰਜਦਾ ਹੈ ਜਿਸ ਵਿਚ ਮਾਨਵੀ ਭਾਵਨਾਵਾਂ ਦੀਆਂ ਸੰਵੇਦਨਾਵਾਂ, ਇੱਛਾਵਾਂ ਅਤੇ ਪ੍ਰਕਿਰਤੀਆਂ ਦੀ ਸ਼ਬਦ-ਚਿੱਤਰਾਂ ਰਾਹੀਂ ਤਸਵੀਰਕਸ਼ੀ ਕਰਦਾ ਹੈ।
ਇਨ੍ਹਾਂ ਅੱਠ ਕਹਾਣੀਆਂ ਵਿਚੋਂ ਵਧੇਰੇ ਕਹਾਣੀਆਂ ਦੇ ਮੁੱਖ ਪਾਤਰ ਸੰਵੇਦਨਾ-ਵੇਦਨਾ ਅਤੇ ਮਾਨਸਿਕ ਸਥਿਤੀਆਂ ਪ੍ਰਸਥਿਤੀਆਂ ਤੋਂ ਉਪਜੀਆਂ ਉਲਝਣਾਂ ਦਾ ਸ਼ਿਕਾਰ ਨਜ਼ਰ ਆਉਂਦੇ ਹਨ। ਇਨ੍ਹਾਂ ਸਾਹਮਣੇ ਪਰਿਵਾਰਕ, ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਹਨ, ਪਰ ਇਸ ਸੰਗ੍ਰਹਿ ਦੀਆਂ ਵਧੇਰੇ ਕਹਾਣੀਆਂ ਵਿਚ ਸਾਧਾਰਨ ਮਨੁੱਖ ਤੋਂ ਲੈ ਕੇ ਅਜੋਕੇ ਸਮੇਂ ਦੇ ਪੜ੍ਹੇ-ਲਿਖੇ ਮੁੰਡੇ-ਕੁੜੀਆਂ ਦੀਆਂ ਮਾਨਸਿਕ-ਸੰਵੇਦਨਾਵਾਂ ਤੋਂ ਉਪਜੀਆਂ ਪਰਿਵਾਰਕ ਸਮੱਸਿਆਵਾਂ ਹੀ ਬਿਰਤਾਂਤ ਨੂੰ ਯਥਾਰਥ ਚਿਤਰਣ ਵਿਚ ਸਹਾਇਕ ਤੇ ਚੋਣਵੇਂ ਗੁਣ ਹਨ।
ਇਨ੍ਹਾਂ ਕਹਾਣੀਆਂ ਦੇ ਵਿਸ਼ੇ ਮਾਨਵੀ ਮਨ ਦੀ ਪੀੜਾ, ਉਦਾਸੀ, ਬੇਚੈਨੀ, ਨਿਰਾਸ਼ਾ ਦਾ ਚਿਤਵਨ ਬਣਦਿਆਂ ਵੀ ਅਜੋਕੇ ਸਮਾਜ ਦੀਆਂ ਮੂਲ ਸਮੱਸਿਆਵਾਂ ਨੂੰ ਦ੍ਰਿਸ਼ਟੀਗੋਚਰ ਕਰਵਾਉਂਦੇ ਹਨ। ਜਿਵੇਂ ਕਹਾਣੀ ‘ਮੁਕੰਦਾ ਪੂਰਾ ਹੋ ਗਿਆ’, ‘ਜ਼ਰ ਜ਼ੋਰੋ ਜ਼ਮੀਨ’ ਤੇ ‘ਪਾਰਬਤੀ ਦਾ ਖੋਖਾ’ ਵਰਤਮਾਨ ਵਿਗਿਆਨਕ ਯੁੱਗ ਦੇ ਤੇਜ਼ੀ ਨਾਲ ਬਦਲਦੇ ਸਮੇਂ ਵਿਚ ਆਮ ਮਿਹਨਤਕਸ਼ ਵਿਅਕਤੀ ਦੀਆਂ ਵਧ ਰਹੀਆਂ ਮੁਸ਼ਕਿਲਾਂ ਅਤੇ ‘ਵਾਇਰਸ’ ਅਣਜੋੜ ਵਿਆਹ ਅਤੇ ਪਤੀ-ਪਤਨੀ ਵਿਚ ਆਪਸੀ ਵਿਸ਼ਵਾਸ ਦੀ ਘਾਟ ਤੋਂ ਪੈਦਾ ਹੁੰਦੇ ਦੁਖਾਂਤਕ ਦ੍ਰਿਸ਼ ਪੇਸ਼ ਕਰਦੀ ਕਹਾਣੀ ਹੈ। ਇਸ ਸੰਗ੍ਰਹਿ ਦੀਆਂ ਹੋਰ ਕਹਾਣੀਆਂ ਪਰਿਵਾਰਕ, ਸਮਾਜਿਕ ਅਤੇ ਮਾਨਸਿਕ ਸੰਕਟ ਦੀਆਂ ਉਲਝਣਾਂ ਦੇ ਬਿਰਤਾਂਤ ਪੇਸ਼ ਕਰਦੀਆਂ ਹਨ। ਵਧੇਰੇ ਕਹਾਣੀਆਂ ਵਿਚ ਅਜਿਹੇ ਯਥਾਰਥ ਦੇ ਦ੍ਰਿਸ਼ ਵੀ ਪੇਸ਼ ਹਨ ਜਿਸ ਨੂੰ ਅਸੀਂ ਸਮਾਜ ਦੀ ਕੋਝੀ, ਘਟੀਆ, ਗੰਦੀ ਤੋਂ ਗੰਦੀ ਘਟਨਾ ਕਹਿ ਸਕਦੇ ਹਾਂ। ਕਹਾਣੀ ‘ਸਜ਼ਾ’ ਦੀ ਮੁੱਖ ਪਾਤਰ ਸਵਾਤੀ ਆਪਣੇ ਚੁਣੇ ਮਹਿਬੂਬ ਤੇ ਪਤੀ ਦੇ ਹੀ ਹੱਥੋਂ ਜ਼ੁਲਮ ਦਾ ਸ਼ਿਕਾਰ ਹੁੰਦੀ ਹੈ ਜਿਸ ਰਾਹੀਂ ਅਸੀਂ ਮਨੁੱਖ ਵਿਚ ਪਸ਼ੂ-ਬਿਰਤੀ ਦੀ ਸ਼ਿਕਾਰ ਬਣਦੀ ਨਾਰੀ ਦਾ ਯਥਾਰਥਕ ਬਿਰਤਾਂਤ ਪੜ੍ਹਦੇ ਹਾਂ। ਸੰਵੇਦਨਸ਼ੀਲ ਮਾਨਵੀ ਰੁਚੀਆਂ ਵਾਲਾ ਲੇਖਕ ਹੀ ਮਨੁੱਖ ਵਿਚ ਸ਼ਕਤੀ ਦੇ ਭੁੱਖੇ ਸ਼ੈਤਾਨ ਨੂੰ ਬੇਪਰਦ ਕਰ ਸਕਦਾ ਹੈ। ‘ਮੁੱਛ ਦਾ ਸਵਾਲ’ ਸਮਾਜ ਵਿਚ ਕੋਝੀ ਹੈਂਕੜ ਅਤੇ ਫੋਕੀ ਜ਼ਿੱਦ, ਵਾਸਤਵਿਕ ਵਿਚ ਫੋਕੀ ਵਡਿਆਈ ਦਾ ਹੰਕਾਰੀ ਦਿਖਾਵਾ ਹੈ ਜਿਸ ਨਾਲ ਮੁਸ਼ਕਿਲਾਂ ਵਧ ਸਕਦੀਆਂ ਹਨ। ਇਹ ਮਾਨਸਿਕ ਅਗਿਆਨਤਾ ਦਾ ਹਨੇਰਾ ਝੱਖੜ ਹੈ।
ਇਨ੍ਹਾਂ ਕਹਾਣੀਆਂ ਵਿਚ ਜ਼ਿੰਦਗੀ ਦੇ ਕੌੜੇ ਯਥਾਰਥ ਦੇ ਦਰਜਨਾਂ ਬਿਰਤਾਂਤ ਹਨ। ਹਰ ਕਹਾਣੀ ਦਾ ਮੁੱਖ ਪਾਤਰ ਮਾਨਸਿਕ ਸੰਕਟ ਭੋਗਦਾ ਹੈ; ਕਦੇ ਟੁੱਟਦਾ ਹੈ, ਕਦੇ ਜੁੜਦਾ ਹੈ। ਸ਼ਬਦਾਂ ਦੀ ਕਲਾਤਮਿਕ ਵਰਤੋਂ ਕਰਦਾ ਹੋਇਆ ਕਹਾਣੀਕਾਰ ਸੰਵੇਦਨਸ਼ੀਲ ਮਾਨਵੀ ਸਰੋਕਾਰਾਂ ਦੀ ਗੱਲ ਕਰਦਿਆਂ ਆਪ ਵੀ ਸੁਹਜਵਾਦੀ ਵਿਸਮਾਦੀ ਰੰਗ ਵਿਚ ਰੰਗਿਆ ਜਾਂਦਾ ਹੈ; ਪਾਠਕ ਵੀ ਪੜ੍ਹਦੇ-ਪੜ੍ਹਦੇ ਮਖ਼ਮੂਰੀ ਭਾਵਾਂ ਵਿਚ ਓਤ-ਪੋਤ ਹੋ ਜਾਂਦੇ ਹਨ।
ਇਹ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀ ਦੀ ਪਰੰਪਰਾਗਤ ਤੋਰ ਤੋਂ ਹਟ ਕੇ ਜ਼ਿੰਦਗੀ, ਸੰਸਾਰ ਅਤੇ ਸਮਾਜ ਦੇ ਯਥਾਰਥ ਨੂੰ ਸ਼ਬਦਾਂ ਰਾਹੀਂ ਚਿਤਰਣ ਦੀ ਨਵੀਂ ਸਿਰਜਣ ਪ੍ਰਕਿਰਿਆ ਦੇ ਇਸ਼ਾਰੇ ਕਰਦਾ ਜਾਪਦਾ ਹੈ।
ਸੰਪਰਕ: 84378-73565


Comments Off on ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.