ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਮਾਤਾ ਰਾਣੀ ਗੁਲਗੁਲੇ ਖਾਣੀ…

Posted On February - 29 - 2020

ਪਰਮਜੀਤ ਕੌਰ ਸਰਹਿੰਦ
ਪੰਜਾਬੀ ਸੱਭਿਆਚਾਰ ਵਿਚ ਅਜਿਹੀਆਂ ਬਹੁਤ ਸਾਰੀਆਂ ਅਰਥ ਭਰਪੂਰ ਗੱਲਾਂ ਹਨ ਜਿਹੜੀਆਂ ਪਹਿਲੀ ਨਜ਼ਰੇ ਤਾਂ ਤਿੱਥਾਂ-ਤਿਉਹਾਰਾਂ ਦੀ ਬਾਤ ਪਾਉਂਦੀਆਂ ਹਨ, ਪਰ ਗਹੁ ਨਾਲ ਦੇਖਿਆਂ ਉਹ ਡੂੰਘੀ ਸਾਰਥਕ ਸੋਚ ਨਾਲ ਜੁੜੀਆਂ ਹੁੰਦੀਆਂ ਹਨ। ਇਨ੍ਹਾਂ ਵਿਚੋਂ ਕੁਝ ਮੌਸਮੀ ਤਿਉਹਾਰ ਹੁੰਦੇ ਹਨ, ਇਹ ਪੁਰਾਣੇ ਸੂਝਵਾਨ ਬਜ਼ੁਰਗ ਔਰਤਾਂ-ਮਰਦਾਂ ਦੇ ਹੀ ਬਣਾਏ ਹੋ ਸਕਦੇ ਹਨ। ਅਜਿਹਾ ਹੀ ਇਕ ਤਿਉਹਾਰ ਹੈ ‘ਬਾਸੜੇ’ ਜਿਸਨੂੰ ਸਿੱਧੀ-ਸਾਦੀ ਪੰਜਾਬੀ ਬੋਲੀ ਵਿਚ ਪੇਂਡੂ ਲੋਕ ਵੈਸੜੇ ਕਹਿੰਦੇ ਹਨ ਤੇ ਛੋਟੇ-ਛੋਟੇ ਬੱਚੇ ਤਾਂ ਇਸ ਨੂੰ ‘ਵੈਹੜੇ’ ਭਾਵ ਵਹਿਕੜੇ ਹੀ ਕਹਿ ਦਿੰਦੇ ਹਨ। ਇਹ ਸ਼ਬਦ ਬਾਸੀ ਜਾਂ ਬਾਸੇ ਤੋਂ ਬਣਿਆ ਹੋਇਆ ਹੈ।
ਇਹ ਤਿਉਹਾਰ ਚੇਤ ਦੇ ਮਹੀਨੇ ਜੇਠੇ ਮੰਗਲਵਾਰ ਨੂੰ ਹੁੰਦਾ ਹੈ। ਪੋਹ-ਮਾਘ ਦੀ ਕੜਾਕੇ ਦੀ ਠੰਢ ਤੋਂ ਬਾਅਦ ਫੱਗਣ ਦੇ ਸੁਹਾਵਣੇ ਜਿਹੇ ਦਿਨ ਆ ਜਾਂਦੇ ਤੇ ਕਿਹਾ ਜਾਂਦਾ ‘ਆਇਆ ਫੱਗਣ ਕੰਧੀ ਲੱਗਣ’ ਅਰਥਾਤ ਫੱਗਣ ਵਿਚ ਧੁੱਪ ਤੇਜ਼ ਲੱਗਣ ਲੱਗਦੀ ਤੇ ਕੋਈ ਧੁੱਪੇ ਬੈਠਾ ਵਿਅਕਤੀ ਕੰਧ ਦੀ ਛਾਂ ਵਿਚ ਹੋ ਜਾਂਦਾ। ਚੇਤ ਵਿਚ ਮੌਸਮ ਬਹੁਤ ਬਦਲ ਜਾਂਦਾ ਹੈ, ਇਸ ਲਈ ਬਾਸੜਿਆਂ ਦਾ ਮੱਥਾ ਟੇਕਿਆ ਜਾਂਦਾ ਹੈ। ਸੋਮਵਾਰ ਨੂੰ ਔਰਤਾਂ ਰਾਤ ਨੂੰ ਗੁਲਗੁਲੇ ਬਣਾਉਂਦੀਆਂ ਹਨ। ਕਈ ਘਰਾਂ ਵਿਚ ਕਚੌਰੀਆਂ ਵੀ ਬਣਦੀਆਂ ਹਨ, ਪਰ ਗੁਲਗੁਲੇ ਜ਼ਰੂਰੀ ਹੁੰਦੇ ਹਨ। ਗੁਲਗੁਲਿਆਂ ਦਾ ਪਹਿਲਾ ਪੂਰ ਕੱਢ ਕੇ ਇਕ ਪਾਸੇ ਰੱਖ ਦਿੱਤਾ ਜਾਂਦਾ ਜਿਸ ਨਾਲ ਮੱਥਾ ਟੇਕਿਆ ਜਾਂਦਾ ਹੈ। ਗੁਲਗੁਲੇ, ਗੁੜ-ਸ਼ੱਕਰ ਤੇ ਆਟੇ ਦੇ ਘੋਲ ਦੇ ਬਣਦੇ ਹਨ। ਘਰ ਦੀ ਸਰ੍ਹੋਂ ਦੇ ਤੇਲ ਵਿਚ ਘਰ ਦੇ ਹੀ ਗੁੜ-ਸ਼ੱਕਰ ਤੇ ਆਟੇ ਦੇ ਗੁਲਗੁਲੇ ਬਣਾਉਂਦੀਆਂ। ਕਈ ਬੇਹਿੰਮਤੀਆਂ ਸਵੇਰੇ ਉੱਠ ਕੇ ਦੋ ਮਿੱਠੀਆਂ ਰੋਟੀਆਂ ਪਕਾ ਕੇ ਹੀ ਮੱਥਾ ਟੇਕ ਆਉਂਦੀਆਂ।
ਮੱਥਾ ਟੇਕਣ ਲਈ ਰਾਤ ਨੂੰ ਪਾਣੀ ਵਿਚ ਥੋੜ੍ਹੇ ਜਿਹੇ ਕਾਲੇ ਛੋਲੇ ਜਾਂ ਮੱਕੀ ਦੇ ਦਾਣੇ ਭਿਉਂ ਕੇ ਰੱਖੇ ਜਾਂਦੇ। ਮੱਥਾ ਟੇਕਣ ਲਈ ਮੁੱਠੀ ਕੁ ਸਾਬਤ ਮਾਂਹ, ਪੰਜ ਜਾਂ ਸੱਤ ਡੰਡੀ ਵਾਲੀਆਂ ਲਾਲ ਮਿਰਚਾਂ, ਕਾਲੇ ਵੜੇਵੇਂ ਤੇ ਤਵੇ ਦੀ ਕਾਲਖ ਨਾਲ ਕਾਲੀ ਕੀਤੀ ਰੂੰ ਵੀ ਥਾਲ ’ਚ ਰੱਖੀ ਜਾਂਦੀ। ਕਾਲੀ ਰੂੰ ਨਾਲ ਕਈ ਸੁਆਣੀਆਂ ਹਲਦੀ ਨਾਲ ਪੀਲੀ ਕੀਤੀ ਰੂੰ ਵੀ ਰੱਖਦੀਆਂ। ਮੰਗਲਵਾਰ ਨੂੰ ਸਵੇਰੇ ਹੀ ਘਰ ਦੀ ਵੱਡੀ ਸੁਆਣੀ ਨਿਆਣੇ-ਨਿੱਕਿਆਂ ਨੂੰ ਲੈ ਕੇ ‘ਥਾਨਾਂ’ ਉੱਤੇ ਮੱਥਾ ਟੇਕਣ ਜਾਂਦੀ। ਕੋਈ ਸਿਆਣੀ ਆਪਣੀ ਨੂੰਹ ਨੂੰ ਵੀ ਨਾਲ ਲੈ ਕੇ ਜਾਂਦੀ ਤਾਂ ਜੋ ਅੱਗੋਂ ਉਹ ਵੀ ਇਹ ਰੀਤ ਨਿਭਾਉਣੀ ਸਿੱਖ ਸਕੇ। ਇਹ ਥਾਨ ਪਿੰਡ ਦੀ ਵਸੋਂ ਤੋਂ ਬਾਹਰ ਹੁੰਦੇ। ਇਨ੍ਹਾਂ ਨੂੰ ਮਾਤਾ ਰਾਣੀ ਦੇ ਥਾਨ ਵੀ ਕਿਹਾ ਜਾਂਦਾ। ਪਹਿਲੇ ਸਮਿਆਂ ਵਿਚ ਤਾਂ ਥਾਨ ਥੋੜ੍ਹੀ ਜਿਹੀ ਥਾਂ ਵਿਚ ਬਣੇ ਹੁੰਦੇ ਸਨ ਜੋ ਕਿਸੇ ਦੀ ਜੱਦੀ ਜ਼ਮੀਨ ਵਿਚ ਵੀ ਹੁੰਦੇ, ਪਰ ਆਮ ਤੌਰ ’ਤੇ ਇਹ ਥਾਨ ਪਿੰਡ ਸਾਂਝੀ ਜ਼ਮੀਨ ਵਿਚ ਹੁੰਦੇ। ਥੋੜ੍ਹੀ-ਥੋੜ੍ਹੀ ਦੂਰੀ ਉੱਤੇ ਦੋ-ਚਾਰ ਇੱਟਾਂ ਰੱਖ ਕੇ ਉੱਤੇ ਹੋਰ ਇੱਟਾਂ ਰੱਖ ਕੇ ਇਸ ਨੂੰ ਦੋ-ਤਿੰਨ ਫੁੱਟ ਉੱਚਾ ਕੀਤਾ ਜਾਂਦਾ। ਕਈ ਥਾਨ ਝੁੱਗੀ ਵਰਗੇ ਵੀ ਹੁੰਦੇ ਇਨ੍ਹਾਂ ਵਿਚ ਦੀਵਾ ਬਾਲ ਕੇ ਮੱਥਾ ਟੇਕਿਆ ਜਾਂਦਾ। ਸਾਦੇ ਥਾਨਾਂ ਉੱਪਰ ਜਾਂ ਕੋਲ ਰੱਖ ਕੇ ਦੀਵਾ ਬਾਲਿਆ ਜਾਂਦਾ। ਕਈ ਲੋਕਾਂ ਨੇ ਆਪਣੇ ਥਾਨ ਵੀ ਬਣਾਏ ਹੁੰਦੇ। ਜੇ ਕਿਸੇ ਬੱਚੇ ਦੇ ਮਾਤਾ ਨਿਕਲ ਆਉਂਦੀ ਤਾਂ ਉਹ ਮਾਤਾ ਰਾਣੀ ਦਾ ਥਾਨ ਸੁੱਖ ਲੈਂਦੇ ਤੇ ਬੱਚੇ ਦੇ ਠੀਕ ਹੋਏ ਤੋਂ ਥਾਨ ਬਣਾਉਂਦੇ। ਅਜੋਕੇ ਸਮੇਂ ਪੰਚਾਇਤਾਂ ਜਾਂ ਲੋਕਾਂ ਨੇ ਥਾਨਾਂ ਦੀ ਥਾਂ ਬੜੀ ਸੁੰਦਰ ਬਣਾ ਲਈ ਹੈ।
ਮੱਥਾ ਟੇਕਣ ਵਾਲੀਆਂ ਔਰਤਾਂ ਰਾਤ ਦੇ ਭਿਉਂਤੇ
ਕਾਲੇ ਛੋਲੇ ਜਾਂ ਮੱਕੀ ਦੇ ਦਾਣਿਆਂ ਵਾਲਾ ਪਾਣੀ ਵੀ ਨਾਲ ਲੈ ਕੇ ਆਉਂਦੀਆਂ। ਉਹ ਪਹਿਲਾਂ ਸਾਦੇ ਪਾਣੀ ਨਾਲ ਥਾਨ ਨੂੰ ਧੋਂਦੀਆਂ। ਦੀਵਾ ਜਗਾ ਕੇ ਘਰੋਂ ਲਿਆਂਦੇ ਗੁਲਗੁਲੇ-ਕਚੋਰੀਆਂ ਨਾਲ ਮੱਥਾ ਟੇਕਦੀਆਂ ਤੇ ਬਾਕੀ ਸਾਮਾਨ ਵੀ ਆਪਣੇ ਥਾਨ ਕੋਲ ਰੱਖ ਦਿੰਦੀਆਂ। ਇਹ ਔਰਤਾਂ ਘਰੋਂ ਥੋੜ੍ਹਾ ਜਿਹਾ ਗੋਹਾ ਵੀ ਲੈ ਕੇ ਆਉਂਦੀਆਂ ਤੇ ਨਿੱਕੀਆਂ-ਨਿੱਕੀਆਂ ਸੱਤ ਪਾਥੀਆਂ ਬਣਾ ਕੇ ਉੱਥੇ ਰੱਖਦੀਆਂ। ਉੱਥੋਂ ਹੀ ਸੱਤ ਵਾਰ ਮਿੱਟੀ ਕੱਢਦੀਆਂ ਤੇ ਨਿੱਕੀ ਜਿਹੀ ਢੇਰੀ ਲਾ ਦਿੰਦੀਆਂ। ਮਿੱਟੀ ਕੱਢ ਕੇ ਮੱਥਾ ਟੇਕਦੀਆਂ ਤੇ ਉਸ ਮਿੱਟੀ ਦੇ ਟਿੱਕੇ ਆਪਣੇ ਬੱਚਿਆਂ ਦੇ ਮੱਥੇ ਉੱਤੇ ਲਗਾਉਂਦੀਆਂ।

ਪਰਮਜੀਤ ਕੌਰ ਸਰਹਿੰਦ

ਦਰਅਸਲ, ਇਹ ਮੱਥਾ ਬੱਚਿਆਂ ਨੂੰ ਮਾਤਾ ਤੋਂ ਬਚਾਉਣ ਲਈ ਟੇਕਿਆ ਜਾਂਦਾ ਸੀ। ਸਾਡੇ ਪੇਂਡੂ ਲੋਕਾਂ ਨੂੰ ਬੱਚਿਆਂ ਦੇ ਲਗਾਏ ‘ਲੋਦੇ’ (ਵਿਸ਼ੇਸ਼ ਤਰ੍ਹਾਂ ਦੇ ਟੀਕੇ) ਨਾਲੋਂ ਮਾਤਾ ਦਾ ਮੱਥਾ ਟੇਕਣ ਵਿਚ ਵੱਧ ਯਕੀਨ ਹੁੰਦਾ। ਭਾਵੇਂ ਉਸ ਸਮੇਂ ਅੱਜ ਜਿੰਨੀ ਸਹੂਲਤ ਨਹੀਂ ਸੀ, ਪਰ ਛੋਟੀ ਮਾਤਾ (ਸਮਾਲ ਪੌਕਸ) ਜਾਂ ਵੱਡੀ ਮਾਤਾ (ਚਿਕਨ ਪੌਕਸ) ਦੇ ਬਚਾਅ ਲਈ ਸਕੂਲਾਂ ਵਿਚ ਇਹ ਲੋਦੇ ਲਗਾਏ ਜਾਂਦੇ ਸਨ।
ਥਾਨਾਂ ਵਿਚ ਗੁਲਗੁਲੇ ਵੰਡ ਵੀ ਦਿੱਤੇ ਜਾਂਦੇ, ਪਰ ਇਹ ਗੁਲਗੁਲੇ, ਡੰਗਰ-ਪਸ਼ੂਆਂ ਦਾ ਗੋਹਾ ਚੁੱਕਣ ਵਾਲੇ ਕੰਮੀਆਂ ਨੂੰ ਦਿੱਤੇ ਜਾਂਦੇ। ਬਚਿਆ ਹੋਇਆ ਪਾਣੀ, ਛੋਲੇ ਜਾਂ ਮੱਕੀ ਦੇ ਦਾਣੇ ਰਾਹ ਵਿਚ ਕਿਸੇ ਕਿੱਕਰ ਦੀ ਜੜ ਵਿਚ ਵੀ ਪਾ ਦਿੱਤੇ ਜਾਂਦੇ ਤੇ ਘਰ ਆ ਕੇ ਘਰ ਦੇ ਕੌਲਿਆਂ ਉੱਤੇ ਵੀ ਪਾਣੀ ਦਾ ਛਿੱਟਾ ਦਿੱਤਾ ਜਾਂਦਾ। ਫਿਰ ਸਾਰੇ ਜਣੇ ਗੁਲਗੁਲੇ ਖਾਂਦੇ। ਇਸ ਦਿਨ ਕਚੌਰੀਆਂ ਪਕਾਉਣੀਆਂ ਜ਼ਰੂਰੀ ਨਹੀਂ ਸਨ ਹੁੰਦੀਆਂ, ਪਰ ਔਰਤਾਂ ਤੇਲ ਦੀ ਕੜਾਹੀ ਚੜ੍ਹੀ ਹੋਣ ਦੇ ਲਾਲਚ ਕਚੌਰੀਆਂ ਵੀ ਬਣਾ ਲੈਂਦੀਆਂ। ਹਫ਼ਤੇ ਕੁ ਪਿੱਛੋਂ ਫਿਰ ਬਾਸੜਿਆਂ ਤੇ ਮਾਤਾ ਦਾ ਮੱਥਾ ਟੇਕਿਆ ਜਾਂਦਾ। ਵੀਰਵਾਰ ਨੂੰ ਸਵੇਰੇ-ਸਵੇਰੇ ਗੁਲਗੁਲੇ-ਕਚੌਰੀਆਂ ਬਣਾਈਆਂ ਜਾਂਦੀਆਂ। ਇਸ ਵਾਰ ਵੀ ਪਕਵਾਨ ਦਾ ਪਹਿਲਾ ਪੂਰ ਕੱਢ ਕੇ ਅਲੱਗ ਰੱਖ ਦਿੱਤਾ ਜਾਂਦਾ। ਔਰਤਾਂ ਇਸ ਦਿਨ ਆਲੂਆਂ ਵਾਲੀਆਂ ਰੋਟੀਆਂ (ਪਰਾਉਂਠੇ) ਬਣਾਉਂਦੀਆਂ ਜਿਨ੍ਹਾਂ ਨੂੰ ‘ਦੁੱਪੜਾਂ’ ਕਿਹਾ ਜਾਂਦਾ। ਇਹ ਮੱਥਾ ਵੀ ਥਾਨਾਂ ਉੱਤੇ ਉਸੇ ਤਰੀਕੇ ਨਾਲ ਟੇਕਿਆ ਜਾਂਦਾ। ਗੁਲਗੁਲੇ ਕੁੱਤਿਆਂ ਨੂੰ ਪਾ ਦਿੱਤੇ ਜਾਂਦੇ ਤੇ ਪੰਛੀਆਂ ਲਈ ਕੋਠੇ ਉੱਤੇ ਵੀ ਰੱਖੇ ਜਾਂਦੇ। ਵੱਡੇ ਪਿੰਡਾਂ ਵਿਚ ਜਿੱਥੇ ਮਾਤਾ ਰਾਣੀ ਦੇ ਮੰਦਰ ਹਨ, ਉੱਥੇ ਇਸਦਾ ਮੇਲਾ ਭਰਦਾ, ਲੋਕ ਮੱਥਾ ਟੇਕਦੇ ਹਨ ਤੇ ਦੂਜੇ ਪਿੰਡਾਂ ਦੇ ਲੋਕ ਵੀ ਉੱਥੇ ਗੁਲਗੁਲੇ-ਕਚੌਰੀਆਂ ਚੜ੍ਹਾਉਣ ਜਾਂਦੇ ਹਨ। ਪਿਛਲੇ ਸਮੇਂ ਲੋਕੀਂ ਗੱਡਿਆਂ ਉੱਤੇ ਇਹ ਮੇਲਾ ਦੇਖਣ ਜਾਂਦੇ ਸਨ। ਗੁਲਗੁਲਿਆਂ ਦੇ ਢੇਰ ਦੇਖ-ਦੇਖ ਬੱਚਿਆਂ ਨੇ ਉੱਚੀ-ਉੱਚੀ ਗਾਉਣਾ-‘ਮਾਤਾ ਰਾਣੀ ਗੁਲਗੁਲੇ ਖਾਣੀ…।’ ਮਾਤਾ ਰਾਣੀ ਦੇ ਥਾਨਾਂ ਉੱਤੇ ਮੱਥਾ ਟੇਕਦੀਆਂ ਸੁਆਣੀਆਂ ਕਹਿੰਦੀਆਂ-‘ਮਾਤਾ ਰਾਣੀ ਆਪਣੇ ਥਾਨੀਂ ਮਕਾਨੀਂ ਰਹੀਂ, ਸਾਡੇ ਘਰ ਸੁੱਖ ਵਰਤਾਈਂ ਪੱਕੇ ਪੂਰ ਪਰਵਾਨ ਕਰੀਂ।’ ਮੱਥਾ ਟੇਕਣ ਵਾਲੇ ਘਰਾਂ ਵਿਚ ਮੰਗਲਵਾਰ ਤੇ ਵੀਰਵਾਰ ਨੂੰ ਕੱਪੜੇ ਨਾ ਧੋਤੇ ਜਾਂਦੇ।
ਇਨ੍ਹਾਂ ਰੀਤੀ-ਰਿਵਾਜਾਂ ਨੂੰ ਬਾਰੀਕੀ ਨਾਲ ਖੋਜਿਆਂ ਪਤਾ ਲੱਗਦਾ ਹੈ ਕਿ ਲੋਹੜੀ ਦੀ ‘ਪੋਹ ਰਿੱਧੀ ਮਾਘ ਖਾਧੀ’ ਕਹਾਵਤ ਵਾਂਗ ਇਹ ‘ਬਾਸੜੇ’ ਵੀ ਇਹੋ ਸੰਦੇਸ਼ ਦਿੰਦੇ ਹਨ ਕਿ ਬਾਸੜਿਆਂ ਤੋਂ ਬਾਅਦ ਬਾਸੀ ਜਾਂ ਬੇਹੀ ਚੀਜ਼ ਨਾ ਖਾਧੀ ਜਾਂਦੀ ਕਿਉਂਕਿ ਉਹ ਅੱਜ ਦਾ ਫਰਿੱਜ਼ ਜਾਂ ਫਰੀਜ਼ਰ ਵਾਲਾ ਜ਼ਮਾਨਾ ਨਹੀਂ ਸੀ। ਦੂਜੀ ਗੱਲ ਮਾਤਾ ਦਾ ਮੱਥਾ ਟੇਕਣਾ ਪੀੜ੍ਹੀ-ਦਰ ਪੀੜ੍ਹੀ ਚੱਲਦੇ ਰਿਵਾਜ, ਵਹਿਮ-ਭਰਮ ਕਾਰਨ ਹੀ ਚੱਲੀ ਜਾਂਦੇ ਹਨ। ਪਿੰਡਾਂ ਵਿਚ ਹੁਣ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਮੱਥਾ ਟੇਕਣ ਤੋਂ ਹਟ ਰਹੇ ਹਨ ਤੇ ਸ਼ਹਿਰੀਂ ਜਾ ਵਸੇ ਪੇਂਡੂ ਲੋਕ ਇਹ ਦਿਨ-ਤਿੱਥ ਬਹੁਤ ਹੱਦ ਤਕ ਵਿਸਾਰ ਚੁੱਕੇ ਹਨ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੁਝ ਪੜ੍ਹੇ ਲਿਖੇ ਲੋਕ ਵੀ ਅਜੇ ਮਾਤਾ ਰਾਣੀ ਦਾ ਮੱਥਾ ਟੇਕਦੇ ਹਨ।
ਸੰਪਰਕ : 98728-98599


Comments Off on ਮਾਤਾ ਰਾਣੀ ਗੁਲਗੁਲੇ ਖਾਣੀ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.