ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ

Posted On February - 22 - 2020

ਮਨਦੀਪ ਸਿੰਘ ਸਿੱਧੂ

1960ਵਿਆਂ ਦੇ ਦਹਾਕੇ ’ਚ ਪੰਜਾਬੀ-ਹਿੰਦੀ ਫ਼ਿਲਮ ਜਗਤ ਵਿਚ ਇਕ ਸੰਗੀਤਕਾਰ ਜੋੜੀ ਦੀ ਆਮਦ ਹੋਈ, ਜਿਸਨੇ ਫ਼ਿਲਮ-ਮੱਦਾਹਾਂ ਨੂੰ ਆਪਣੇ ਦਿਲਕਸ਼ ਸੰਗੀਤ ’ਤੇ ਝੂਮਣ ਲਾ ਦਿੱਤਾ। ਇਸ ਜੋੜੀ ਦਾ ਨਾਮ ਸੀ ਸੋਨਿਕ-ਓਮੀ। ਹਾਲਾਂਕਿ ਇਸਤੋਂ ਪਹਿਲਾਂ ਵੀ ਕਈ ਸੰਗੀਤਕਾਰ ਜੋੜੀਆਂ ਆਪਣੇ ਫ਼ਨ ਸਦਕਾ ਆਪਣੀ ਪਛਾਣ ਬਣਾਈ ਬੈਠੀਆਂ ਸਨ, ਪਰ ਸੋਨਿਕ-ਓਮੀ ਦੀ ਜੋੜੀ ਵੀ ਆਪਣੇ ਵੱਖਰੇ ਸੰਗੀਤਕ ਅੰਦਾਜ਼ ਨਾਲ ਫ਼ਿਲਮ ਮੱਦਾਹਾਂ ਦੇ ਰੂ-ਬਰੂ ਹੋਈ, ਜਿਨ੍ਹਾਂ ਨੇ ਹਿੰਦੀ ਤੇ ਪੰਜਾਬੀ ਫ਼ਿਲਮਾਂ ਵਿਚ ਬਿਹਤਰੀਨ ਸੰਗੀਤ ਦਿੱਤਾ।
ਸੋਨਿਕ ਦਾ ਪੂਰਾ ਨਾਮ ਮਨੋਹਰ ਲਾਲ ਸੋਨਿਕ (26 ਨਵੰਬਰ 1923) ਅਤੇ ਓਮੀ ਜੀ ਦਾ ਪੂਰਾ ਨਾਮ ਓਮ ਪ੍ਰਕਾਸ਼ ਸੋਨਿਕ ਸੀ। ਰਿਸ਼ਤੇਦਾਰੀ ਵਿਚੋਂ ਸੋਨਿਕ, ਓਮੀ ਜੀ ਦੇ ਸਕੇ ਚਾਚਾ ਸਨ। ਚਾਚਾ-ਭਤੀਜਾ ਜੋੜੀ ਦੀ ਬਤੌਰ ਸੰਗੀਤਕਾਰ ਪਹਿਲੀ ਹਿੰਦੀ ਫ਼ਿਲਮ ਸੀ ਰਾਵਲ ਫ਼ਿਲਮਜ਼, ਬੰਬੇ ਦੀ ਸੀ. ਐੱਲ ਰਾਵਲ ਨਿਰਦੇਸ਼ਿਤ ‘ਦਿਲ ਨੇ ਫਿਰ ਯਾਦ ਕੀਆ’ (1966)। ਇਸ ਫ਼ਿਲਮ ਤੋਂ ਭਤੀਜੇ ਓਮੀ ਜੀ ਨੇ ਆਪਣੇ ਚਾਚੇ ਸੋਨਿਕ ਨਾਲ ਬਤੌਰ ਜੋੜੀਦਾਰ ਸੰਗੀਤ ਦੇ ਕੇ ਮਕਬੂਲੀਅਤ ਹਾਸਲ ਕੀਤੀ।
ਓਮ ਪ੍ਰਕਾਸ਼ ਸੋਨਿਕ ਉਰਫ਼ ਓਮੀ ਜੀ ਦੀ ਪੈਦਾਇਸ਼ 13 ਜਨਵਰੀ 1939 ਨੂੰ ਸਿਆਲਕੋਟ (ਹੁਣ ਪਾਕਿਸਤਾਨ ਵਿਚ) ਦੇ ਪੰਜਾਬੀ ਪਰਿਵਾਰ ’ਚ ਹੋਈ। ਇਨ੍ਹਾਂ ਦੇ ਪਿਤਾ ਖ਼ਰੀਦ-ਓ-ਫ਼ਰੋਖ਼ਤ ਦੇ ਕਾਰੋਬਾਰੀ ਸਨ। ਅੱਠ ਭਰਾ ਅਤੇ ਦੋ ਭੈਣਾਂ ’ਚੋਂ ਤੀਸਰੇ ਨੰਬਰ ’ਤੇ ਆਉਣ ਵਾਲੇ ਓਮੀ ਸਿਰਫ਼ ਚਾਰ ਜਮਾਤਾਂ ਤੀਕਰ ਹੀ ਪੜ੍ਹੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਇਨ੍ਹਾਂ ਦਾ ਪਰਿਵਾਰ ਸਿਆਲਕੋਟ ਤੋਂ ਹਿਜ਼ਰਤ ਕਰ ਕੇ ਪਹਿਲਾਂ ਅੰਮ੍ਰਿਤਸਰ ਅਤੇ ਫਿਰ ਯਮੁਨਾਨਗਰ, ਪਠਾਨਕੋਟ ਤੋਂ ਹੁੰਦਾ ਹੋਇਆ ਦਿੱਲੀ ਆਣ ਵਸਿਆ ਸੀ। ਓਮ ਪ੍ਰਕਾਸ਼ ਸੋਨਿਕ ਦੇ ਸਕੇ ਚਾਚਾ ਮਨੋਹਰ ਲਾਲ ਸੋਨਿਕ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਨੁਮਾਇਆ ਅਦਾਕਾਰ ਓਮ ਪ੍ਰਕਾਸ਼ ਦੇ ਵੱਡੇ ਭਾਈ ਬਖ਼ਸ਼ੀ ਜੰਗ ਬਹਾਦੁਰ ਦੀ ਸੰਗੀਤਕ ਨ੍ਰਿਤ ਕੰਪਨੀ ਵਿਚ ਬਤੌਰ ਗੁਲੂਕਾਰ ਮੁਲਾਜ਼ਮਤ ਕਰਦੇ ਸਨ। ਓਮੀ ਆਪਣੇ ਚਾਚੇ ਮਨੋਹਰ ਲਾਲ ਸੋਨਿਕ ਤੋਂ 17 ਸਾਲ ਛੋਟੇ ਸਨ। ਉਨ੍ਹਾਂ ਗਾਉਣ ਦੀ ਚਾਹਤ ਸਦਕਾ ਆਪਣੇ ਚਾਚੇ ਨਾਲ ਰਹਿਣਾ ਪਸੰਦ ਕੀਤਾ ਕਿਉਂਕਿ ਉਹ ਨੇਤਰਹੀਣ ਸਨ। ਫਿਰ ਆਪਣੇ ਪਿਤਾ ਦੇ ਇਸਰਾਰ ਕਰਨ ਤੇ ਉਨ੍ਹਾਂ ਨੇ ਆਪਣੇ ਚਾਚੇ ਨਾਲ ਪੱਕੇ ਤੌਰ ’ਤੇ ਰਹਿਣਾ ਸ਼ੁਰੂ ਕਰ ਦਿੱਤਾ। 1948 ਵਿਚ ਚਾਚੇ-ਭਤੀਜੇ ਨੇ ਕਿਸਮਤ ਅਜ਼ਮਾਈ ਕਰਨ ਦੇ ਮੰਤਵ ਨਾਲ ਬੰਬੇ ਦਾ ਰੁਖ਼ ਕੀਤਾ। ਬੰਬੇ ਸਿਰਫ਼ ਉਹ ਦੋ ਵਿਅਕਤੀਆਂ ਤੋਂ ਵਾਕਿਫ਼ ਸਨ। ਇਕ ਸੰਗੀਤਕਾਰ ਪੰਡਤ ਹਰਬੰਸ (ਫ਼ਰਜ਼ੰਦ ਪੰਡਤ ਅਮਰਨਾਥ) ਅਤੇ ਦੂਸਰੀ ਗੁਲੂਕਾਰਾ ਸ਼ਾਂਤੀ ਸ਼ਰਮਾ, ਜਿਸਨੇ ਲਾਹੌਰ ਰਹਿੰਦਿਆਂ ਉਨ੍ਹਾਂ ਤੋਂ ਮੌਸੀਕੀ ਦੀ ਤਰਬੀਅਤ ਹਾਸਲ ਕੀਤੀ ਸੀ।
ਇਸ ਦੌਰਾਨ ਓਮੀ ਜੀ ਨੇ ਆਪਣੇ ਚਾਚੇ ਤੋਂ ਇਲਾਵਾ ਰੌਸ਼ਨ ਹੁਰਾਂ ਤੋਂ ਵੀ ਸੰਗੀਤ ਦੀ ਤਾਲੀਮ ਹਾਸਲ ਕੀਤੀ। ਇਸਤੋਂ ਬਾਅਦ ਸੀ. ਐੱਲ. ਰਾਵਲ ਨੇ ਹੀ ਉਨ੍ਹਾਂ ਨੂੰ ਆਪਣੀ ਅਗਲੀ ਫ਼ਿਲਮ ‘ਦਿਲ ਨੇ ਫਿਰ ਯਾਦ ਕੀਆ’ (1966) ਦੀ ਮੌਸੀਕੀ ਤਰਤੀਬ ਕਰਨ ਦਾ ਮੌਕਾ ਦਿੱਤਾ। 10 ਗੀਤਾਂ ਵਾਲੀ ਇਸ ਫ਼ਿਲਮ ਦੇ ‘ਕਲੀਆਂ ਨੇ ਘੂੰਘਟ ਖੋਲ੍ਹੇ’ (ਮੁਹੰਮਦ ਰਫ਼ੀ), ‘ਦਿਲ ਨੇ ਫਿਰ ਯਾਦ ਕੀਯਾ ਬਰਕ ਸੀ ਲਹਿਰਾਈ ਹੈ’ (ਸੁਮਨ ਕਲਿਆਣਪੁਰ, ਮੁਕੇਸ਼, ਮੁਹੰਮਦ ਰਫ਼ੀ), ‘ਯੇ ਦਿਲ ਹੈ ਮੁਹੱਬਤ ਕਾ ਪਿਆਸਾ’ (ਮੁਕੇਸ਼) ਆਦਿ ਗੀਤ-ਸੰਗੀਤ ਨੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ।

ਮਨਦੀਪ ਸਿੰਘ ਸਿੱਧੂ

ਫ਼ਿਲਮ ਦੀ ਸਫਲਤਾ ਤੋਂ ਬਾਅਦ ਇਹ ਜੋੜੀ ਕਿਸੇ ਚੰਗੀ ਫ਼ਿਲਮ ਪੇਸ਼ਕਸ਼ ਦਾ ਇੰਤਜ਼ਾਰ ਕਰਦੀ ਰਹੀ। ਦੋ ਸਾਲ ਤੀਕਰ ਛੋਟੀਆਂ-ਮੋਟੀਆਂ ਫ਼ਿਲਮਾਂ ਦੀ ਪੇਸ਼ਕਸ਼ ਮਿਲਦੀ ਰਹੀ, ਪਰ ਕੋਈ ਵੱਡੀ ਫ਼ਿਲਮ ਨਾ ਮਿਲ ਸਕੀ। ਨਤੀਜਤਨ ਸੰਘਰਸ਼ ਦਾ ਓਹੀ ਦੌਰ ਫਿਰ ਤੋਂ ਸ਼ੁਰੂ ਹੋ ਗਿਆ। ਵਕਤ ਦੀ ਨਜ਼ਾਕਤ ਸਮਝਦਿਆਂ ਛੇਤੀ ਹੀ ਉਨ੍ਹਾਂ ਨੂੰ ਜੋ ਕੰਮ ਮਿਲਿਆ ਉਸਨੂੰ ਮਨਜ਼ੂਰ ਕਰਨਾ ਬਿਹਤਰ ਸਮਝਿਆ। ਇਸਤੋਂ ਬਾਅਦ ਇਕ ਵਾਰ ਫਿਰ ਉਨ੍ਹਾਂ ਨੂੰ ਰਾਵਲ ਫ਼ਿਲਮਜ਼, ਬੰਬਈ ਦੀ ਦੂਸਰੀ ਫ਼ਿਲਮ ‘ਆਬਰੂ’ (1968) ’ਚ ਸੰਗੀਤ ਦੇਣ ਦਾ ਮੌਕਾ ਮਿਲਿਆ। ਇਸ ਫ਼ਿਲਮ ’ਚ ਮੁਕੇਸ਼ ਦਾ ਗਾਇਆ ਇਕ ਗੀਤ ‘ਜਿਨਹੇਂ ਹਮ ਭੁਲਨਾ ਚਾਹੇਂ ਵੋ ਅਕਸਰ ਯਾਦ ਆਤੇ ਹੈਂ’ ਬਹੁਤ ਪਸੰਦ ਕੀਤਾ ਗਿਆ। ਕਾਮਯਾਬੀ ਦਾ ਕੁਝ ਅਜਿਹਾ ਆਲਮ ਮਿੱਤਰਾ ਪ੍ਰੋਡਕਸ਼ਨਜ਼, ਬੰਬਈ ਦੀ ਫ਼ਿਲਮ ‘ਮਹੂਆ’ (1969) ਵਿਚ ਵੇਖਣ ਨੂੰ ਮਿਲਿਆ, ਜਿਸ ’ਚ ਉਨ੍ਹਾਂ ਨੇ ਆਸ਼ਾ ਭੌਸਲੇ ਨਾਲ ਕਮਰ ਜਲਾਲਾਬਾਦੀ ਦਾ ਲਿਖਿਆ ਇਕ ਬਹੁਤ ਪਿਆਰਾ ਗੀਤ ‘ਸਾਜਨ ਤੇਰੇ ਪਿਆਰ ਮੇਂ ਹੂਈ ਮੈਂ ਬਰਬਾਦ’ ਗਾ ਕੇ ਆਪਣੇ ਗਾਇਕੀ ਦੇ ਸ਼ੌਕ ਨੂੰ ਵੀ ਹੁਲਾਰਾ ਦਿੱਤਾ, ਪਰ ਇਸ ਸ਼ੌਕ ਨੂੰ ਸੰਜੀਦਗੀ ਨਾਲ ਨਹੀਂ ਅਪਣਾਇਆ। ਡੀਲਕਸ ਫ਼ਿਲਮਜ਼, ਬੰਬਈ ਦੀ ਫ਼ਿਲਮ ‘ਸਾਵਨ ਭਾਦੋਂ’ (1970), ਜਿਸ ਵਿਚ ਰੇਖਾ ਅਤੇ ਨਵੀਨ ਨਿਸਚਲ ਪੇਸ਼ ਹੋਏ ’ਚ ਸੋਨਿਕ-ਓਮੀ ਦਾ ਸੰਗੀਤ ਬੜਾ ਹਿੱਟ ਹੋਇਆ। ਇਸਤੋਂ ਇਲਾਵਾ ਤੰਗਦਸਤੀ ਦੇ ਦਿਨਾਂ ’ਚ ਸਾਈਨ ਕੀਤੀਆਂ ਨਿੱਕੀਆਂ-ਮੋਟੀਆਂ ਫ਼ਿਲਮਾਂ ’ਚ ਸੰਗੀਤ ਦੇਣ ਸਦਕਾ ਉਨ੍ਹਾਂ ’ਤੇ ਬੀ-ਗ੍ਰੇਡ ਫ਼ਿਲਮਾਂ ਦੇ ਸੰਗੀਤਕਾਰ ਹੋਣ ਦਾ ਠੱਪਾ ਵੀ ਲੱਗਾ। ਇਸਤੋਂ ਬਾਅਦ ਚਾਚੇ-ਭਤੀਜੇ ਦੀ ਜੋੜੀ ਨੇ ਕਈ ਹਿੰਦੀ ਫ਼ਿਲਮਾਂ ਦਾ ਸੰਗੀਤ ਤਰਤੀਬ ਕੀਤਾ।
ਓਮੀ ਜੀ ਨੇ ਆਪਣੇ ਸੰਗੀਤ ਤੇ ਆਪਣੀ ਆਵਾਜ਼ ’ਚ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ’ਚ ਨਗ਼ਮਾਸਰਾਈ ਵੀ ਕੀਤੀ। ਉਨ੍ਹਾਂ ਨੇ ਤਕਰੀਬਨ 35 ਫ਼ਿਲਮਾਂ ’ਚ ਓਮੀ ਜੀ ਨੇ 50 ਦੇ ਕਰੀਬ ਗੀਤ ਗਾਏ,ਪਰ ਫਿਰ ਵੀ ਉਨ੍ਹਾਂ ਦੀ ਪਛਾਣ ਇਕ ਗੁਲੂਕਾਰ ਦੀ ਨਾ ਹੋ ਕੇ ਮੌਸੀਕਾਰ ਦੀ ਹੀ ਬਣੀ ਰਹੀ। ਅਦਾਕਾਰਾ ਮੀਨਾ ਕੁਮਾਰੀ ਦੇ ਵਫ਼ਾਤ ਪਾ ਜਾਣ ਤੋਂ ਬਾਅਦ ਹਿਜ਼ ਮਾਸਟਰਜ਼ ਵੌਇਸ ਕੰਪਨੀ ਨੇ ਓਮੀ ਜੀ ਦੀ ਆਵਾਜ਼ ’ਚ ਮੀਨਾ ਕੁਮਾਰੀ ਦੀਆਂ ਲਿਖੀਆਂ ਹੋਈਆਂ ਉਰਦੂ ਗ਼ਜ਼ਲਾਂ ਦੀ ਇਕ ਐਲਬਮ ਵੀ ਰਿਲੀਜ਼ ਕੀਤੀ।
ਪੰਜਾਬੀ ਹੋਣ ਦੇ ਨਾਤੇ ਇਸ ਜੋੜੀ ਨੇ ਕਈ ਪੰਜਾਬੀ ਫ਼ਿਲਮਾਂ ਦੀ ਮੌਸੀਕੀ ਵੀ ਮੁਰੱਤਿਬ ਕੀਤੀ ਅਤੇ ਸੋਨਿਕ ਤੇ ਓਮੀ ਨੇ ਗੀਤ ਵੀ ਗਾਏ। ਸੋਨਿਕ-ਓਮੀ ਦੇ ਸੰਗੀਤ ਨਾਲ ਸਜੀ ਪਹਿਲੀ ਪੰਜਾਬੀ ਫ਼ਿਲਮ ਸੀ ਬੀ. ਡੀ. ਇੰਟਰਨੈਸ਼ਨਲ, ਬੰਬੇ ਦੀ ‘ਦੋ ਸ਼ੇਰ’ (1974)। ਇਸ ਫ਼ਿਲਮ ’ਚ ਸੋਨਿਕ-ਓਮੀ ਨੇ ਵਰਮਾ ਮਲਿਕ ਦੇ ਲਿਖੇ 5 ਗੀਤਾਂ ਦਾ ਸੰਗੀਤ ਤਿਆਰ ਕੀਤਾ ‘ਨੀਂ ਮਾਹੀ ਮੈਨੂੰ ਕਾਲਾ ਮਿਲਿਆ’, (ਆਸ਼ਾ ਭੌਸਲੇ) ‘ਲੱਖਾਂ ਰੰਗਾਂ ਵਿਚ ਰੰਗਿਆ ਰੰਗੀਲਾ ਏ ਪੰਜਾਬ’ (ਮੁਹੰਮਦ ਰਫ਼ੀ, ਕੁਮਾਰ ਸੋਨਿਕ), ‘ਤਿਲ ਤਿਲ ਦਾ ਲੇਖਾ’ (ਮੁਹੰਮਦ ਰਫ਼ੀ), ‘ਨੀਂ ਉੱਥੇ ਜੱਟ ਦੀ ਪੇਸ਼ ਨਾ ਜਾਵੇ’ (ਦਿਲਰਾਜ ਕੌਰ, ਮੁਹੰਮਦ ਰਫ਼ੀ), ਕਪੂਰ ਇੰਟਰਨੈਸ਼ਨਲ, ਬੰਬੇ ਦੀ ਮਜ਼ਾਹੀਆ ਫ਼ਿਲਮ ‘ਪ੍ਰੇਮੀ ਗੰਗਾਰਾਮ’ (1977) ’ਚ ਸੋਨਿਕ-ਓਮੀ ਨੇ ਵਰਮਾ ਮਲਿਕ ਦੇ ਲਿਖੇ 9 ਗੀਤਾਂ ਦੀਆਂ ਧੁਨਾਂ ਮੁਰੱਤਿਬ ਕੀਤੀਆਂ ‘ਨੀਂ ਹੀਰ ਸਿਆਲ ਦੀਏ…ਮੇਰਾ ਤੈਨੂੰ ਵੀ ਸਲਾਮ’, ‘ਬਨਵਾਰੀ ਸੁਣ ਲੈ ਅਰਜ਼ ਹਮਾਰੀ’ (ਮੁਹੰਮਦ ਰਫ਼ੀ), ‘ਲੱਡੂ ਵੰਡਦੀ ਗਲੀ ਦੇ ਵਿਚੋਂ ਜਾਵਾਂ’ (ਆਸ਼ਾ ਭੌਸਲੇ), ‘ਨਾਮ ਮੇਰਾ ਹੈ ਬੰਤੋ ਜੱਟੀ’ (ਆਸ਼ਾ ਭੌਸਲੇ, ਮੰਨਾ ਡੇਅ), ‘ਇਕ ਮਾਹੀ ਦਿਲ ਲੈ ਕੇ ਨੱਸ ਗਿਆ’ (ਆਸ਼ਾ ਭੌਸਲੇ, ਦਿਲਰਾਜ ਕੌਰ), ‘ਲਾਣਾ ਏ ਗਲ ਨਾਲ ਲਾ’ (ਮੁਹੰਮਦ ਰਫ਼ੀ, ਦਿਲਰਾਜ ਕੌਰ) ਆਦਿ ਗੀਤ ਜਿੱਥੇ ਖ਼ੂਬ ਹਿੱਟ ਹੋਏ ਉੱਥੇ ਓਮੀ ਜੀ ਤੇ ਟੁਨ ਟੁਨ ਦਾ ਗਾਇਆ ਮਜ਼ਾਹੀਆ ਗੀਤ ‘ਕੁੰਡਾ ਖੋਲ੍ਹ ਮੇਰੀ ਮੋਟੋ ਲੰਮੀ ਬਾਂਹ ਕਰਕੇ’ ਵੀ ਪਸੰਦ ਕੀਤਾ ਗਿਆ, ਜਿਸਨੂੰ ਮਿਹਰ ਮਿੱਤਲ ਅਤੇ ਟੁਨ ਟੁਨ ’ਤੇ ਫ਼ਿਲਮਾਇਆ ਗਿਆ ਸੀ। ਦਾਰਾ ਪ੍ਰੋਡਕਸ਼ਨਜ਼, ਬੰਬੇ ਦੀ ਭਗਤੀ ਪ੍ਰਧਾਨ ਫ਼ਿਲਮ ‘ਧਿਆਨੂੰ ਭਗਤ’ (1978) ’ਚ ਸੋਨਿਕ-ਓਮੀ ਨੇ ਰਾਜ ਕਵੀ ਇੰਦਰਜੀਤ ਸਿੰਘ ਤੁਲਸੀ ਦੇ ਲਿਖੇ 11 ਗੀਤਾਂ ਨੂੰ ਆਪਣੇ ਸੰਗੀਤ ਨਾਲ ਸਜਾਇਆ। ਫ਼ਿਲਮ ’ਚ 2 ਗੀਤ ਕੁਮਾਰ ਸੋਨਿਕ ਦੇ ਹਿੱਸੇ ਅਤੇ ਦੋ ਗੀਤ ਓਮੀ ਦੇ ਹਿੱਸੇ ਆਏ। ਕੁਮਾਰ ਸੋਨਿਕ ਦੀ ਆਵਾਜ਼ ’ਚ ‘ਸੁਣੋ-ਸੁਣਾਵਾਂ ਧਿਆਨੂੰ ਭਗਤ ਦੀ ਭਗਤੋ ਕਥਾ ਮਹਾਨ’, ‘ਨੀਂ ਸੋਹਣੀਏ ਗੋਰੀਏ …ਬੇਬੇ ਤੇਰੀ ਮੰਗਦੀ ਏ ਮੁੰਡਾ’ (ਨਾਲ ਆਸ਼ਾ ਭੌਸਲੇ) ਅਤੇ ਓਮੀ ਦੇ ਹਿੱਸੇ ਆਏ ਦੋ ਗੀਤ ‘ਸਾਡੇ ਪਿੰਡ ਦੀ ਲਾਡਲੀ ਧੀ ਰਾਣੀ’ ਤੇ ‘ਸ਼ਕਤੀਸ਼ਾਲੀ ਇਕ ਬਾਦਸ਼ਾਹ…ਨੰਗੇ-ਨੰਗੇ ਪੈਰੀਂ’ (ਨਾਲ ਨਰਿੰਦਰ ਚੰਚਲ) ਤੋਂ ਇਲਾਵਾ ‘ਸੁਣ ਕਮਲਾ…ਨੀਂ ਗੂੰਗਾ ਤੋਤਾ ਬੋਲ ਪਿਆ’ (ਆਸ਼ਾ ਭੌਸਲੇ, ਦਿਲਰਾਜ ਕੌਰ), ‘ਦੁੱਖ-ਸੁਖ ਦੋਵੇਂ…ਬੰਦੇ ਨੂੰ ਸਮਝ ਨੂੰ ਆਵੇ’ (ਮੁਹੰਮਦ ਰਫ਼ੀ)। ਫ਼ਿਲਮ ਦੀ ਇਕ ਆਰਤੀ ਅੱਜ ਵੀ ਮੰਦਰਾਂ ’ਚ ਗਾਈ ਜਾਂਦੀ ਹੈ ‘ਮਨ ਤੇਰਾ ਮੰਦਰ ਦੀਵੇ ਅੱਖਾਂ ਬੱਤੀਆਂ’ (ਮਹਿੰਦਰ ਕਪੂਰ, ਦਿਲਰਾਜ ਕੌਰ) ਆਦਿ। ਹਿੰਦੀ ਵਿਚ ਇਹ ਫ਼ਿਲਮ ‘ਭਕਤੀ ਮੇਂ ਸ਼ਕਤੀ’ (1978) ਦੇ ਸਿਰਲੇਖ ਹੇਠ ਡੱਬ ਹੋਈ।
ਓਮੀ ਜੀ ‘ਇੰਡੀਅਨ ਪਰਫਾਰਮਿੰਗ ਰਾਈਟਸ ਸੁਸਾਇਟੀ’ (ਆਈ.ਪੀ.ਆਰ.ਐੱਸ.) ’ਚ ਨਿਰਦੇਸ਼ਕ ਵੀ ਰਹੇ ਹਨ। ਆਈ.ਪੀ.ਆਰ.ਐੱਸ. ਉਹ ਸੰਸਥਾ ਹੈ ਜੋ ਗੀਤਾਂ ਦੀ ਰਾਇਲਟੀ ਨੂੰ ਲੈ ਕੇ ਮੌਸੀਕਾਰਾਂ, ਨਗ਼ਮਾਨਿਗ਼ਾਰਾਂ, ਫ਼ਿਲਮਸਾਜ਼ਾਂ ਅਤੇ ਸੰਗੀਤਕ ਕੰਪਨੀਆਂ ਨਾਲ ਰਾਬਤਾ ਕਰਕੇ ਉਨ੍ਹਾਂ ਦੇ ਹੱਕ-ਹਕੂਕ ਲਈ ਕੰਮ ਕਰਦੀ ਹੈ। 1989 ’ਚ ਨੁਮਾਇਸ਼ ਹੋਈ ‘ਦੇਸ਼ ਕੇ ਦੁਸ਼ਮਨ’ ਸੋਨਿਕ-ਓਮੀ ਦੀ ਸੰਗੀਤਕਾਰੀ ’ਚ ਬਣੀ ਆਖ਼ਰੀ ਹਿੰਦੀ ਫ਼ਿਲਮ ਕਰਾਰ ਪਾਈ। ਇਸਤੋਂ ਪਹਿਲਾਂ ਬਣਦੀਆਂ ਆ ਰਹੀਆਂ ਉਨ੍ਹਾਂ ਦੀਆਂ ਨਿੱਕੀਆਂ-ਮੋਟੀਆਂ ਫ਼ਿਲਮਾਂ ਬਾਅਦ ਤਕ ਵੀ ਰਿਲੀਜ਼ ਹੁੰਦੀਆਂ ਰਹੀਆਂ ਹਨ। ਇਸੇ ਲਿਹਾਜ਼ ਨਾਲ ਉਨ੍ਹਾਂ ਦੇ ਸੰਗੀਤ ਨਾਲ ਸਜੀ ‘ਹਿੰਦ ਕੀ ਬੇਟੀ’ (1998) ਨੂੰ ਉਨ੍ਹਾਂ ਦੀ ਅੰਤਿਮ ਫ਼ਿਲਮ ਵੀ ਕਿਹਾ ਜਾ ਸਕਦਾ ਹੈ।
9 ਜੁਲਾਈ 1993 ਵਿਚ ਸੋਨਿਕ-ਓਮੀ ਦੀ ਹਿੱਟ ਜੋੜੀ ਵਿਚੋਂ ਸੋਨਿਕ ਜੀ ਲੰਮੀ ਬਿਮਾਰੀ ਦੇ ਬਾਅਦ 70 ਸਾਲਾਂ ਦੀ ਉਮਰ ’ਚ ਦਿੱਲੀ ਵਿਚ ਵਫ਼ਾਤ ਪਾ ਗਏ। ਪਿੱਛੇ ਰਹਿ ਗਏ ਸਨ ਓਮੀ ਜੀ ਜੋ 7 ਜੁਲਾਈ 2016 ਨੂੰ 77 ਵਰ੍ਹਿਆਂ ਦੀ ਉਮਰੇ ਬੰਬਈ ਵਿਖੇ ਇੰਤਕਾਲ ਕਰ ਗਏ।

ਸੰਪਰਕ: 97805-09545


Comments Off on ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.