ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ

Posted On February - 26 - 2020

27 ਨੂੰ ਸ਼ਹੀਦੀ ਦਿਵਸ

ਹਰਮਿੰਦਰ ਸਿੰਘ ਕੈਂਥ
ਭਾਰਤੀ ਆਜ਼ਾਦੀ ਘੁਲਾਟੀਆਂ ਵਿੱਚ ਚੰਦਰ ਸ਼ੇਖਰ ਆਜ਼ਾਦ ਨਿਵੇਕਲਾ ਸਥਾਨ ਰੱਖਦਾ ਹੈ, ਜਿਸ ਨੇ ਆਪਣੇ ‘ਨਾਂ’ ਨਾਲ ਜੋੜੇ ‘ਆਜ਼ਾਦ’ ਤਖੱਲਸ ਨੂੰ ਮਰਦੇ ਦਮ ਤੱਕ ਨਿਭਾਇਆ। ਚੰਦਰ ਸ਼ੇਖਰ ਦਾ ਜਨਮ 23 ਜੁਲਾਈ 1906 ਨੂੰ ਭਵਰਾ (ਅੱਜ-ਕੱਲ੍ਹ ਦੇ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ) ਵਿੱਚ ਹੋਇਆ। ਉਸ ਦੇ ਬਚਪਨ ਦਾ ਨਾਂ ਚੰਦਰ ਸ਼ੇਖਰ ਤਿਵਾੜੀ ਸੀ। ਉਸ ਦੇ ਪਿਤਾ ਦਾ ਨਾਂ ਸੀਤਾਰਾਮ ਤਿਵਾੜੀ ਤੇ ਮਾਤਾ ਦਾ ਨਾਂ ਜਾਗਰਾਨੀ ਦੇਵੀ ਸੀ। ਉਸ ਦੇ ਪੁਰਖੇ ਕਾਨ੍ਹਪੁਰ ਨੇੜੇ ਬਦਰਕਾ ਪਿੰਡ ਦੇ ਰਹਿਣ ਵਾਲੇ ਸਨ। ਉਸ ਦੇ ਵੱਡੇ ਭਰਾ ਸੁਖਦੇਵ ਤਿਵਾੜੀ ਦੇ ਜਨਮ ਤੋਂ ਬਾਅਦ ਉਸ ਦਾ ਪਰਿਵਾਰ ਬਦਾਰਕਾ ਤੋਂ ਅਲੀਰਾਜਪੁਰ ਆ ਗਿਆ।
ਉਸ ਦੀ ਮਾਤਾ ਦੀ ਇੱਛਾ ਸੀ ਕਿ ਉਸ ਦਾ ਪੁੱਤਰ ਸੰਸਕ੍ਰਿਤ ਦਾ ਵਿਦਵਾਨ ਬਣੇ ਪਰ ਉਨ੍ਹਾਂ ਦੀ ਰੁਚੀ ਪੜ੍ਹਨ-ਲਿਖਣ ਵਿੱਚ ਘੱਟ ਤੇ ਤੀਰ-ਕਮਾਨ ਜਾਂ ਬੰਦੂਕ ਚਲਾਉਣ ਵਿੱਚ ਜ਼ਿਆਦਾ ਸੀ। ਇਸ ਕਰਕੇ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਕਿਸੇ ਕੰਮ ’ਤੇ ਲਾਉਣ ਬਾਰੇ ਸੋਚਿਆ। ਸ਼ੁਰੂ ਵਿੱਚ ਉਸ ਨੂੰ ਤਹਿਸੀਲ ਵਿੱਚ ਨੌਕਰੀ ਮਿਲ ਗਈ ਪਰ ਚੰਦਰ ਸ਼ੇਖ਼ਰ ਬੰਧਨਾਂ ਵਿੱਚ ਰਹਿਣ ਵਾਲਾ ਨਹੀਂ ਸੀ। ਉਹ ਨੌਕਰੀ ਛੱਡ ਕੇ ਬੰਬਈ (ਮੁੰਬਈ) ਚਲਾ ਗਿਆ ਤੇ ਉਥੇ ਉਸ ਨੂੰ ਜਹਾਜ਼ ਰੰਗਣ ਦਾ ਕੰਮ ਮਿਲ ਗਿਆ। ਉਥੇ ਵੀ ਉਸ ਦਾ ਜ਼ਿਆਦਾ ਸਮਾਂ ਮਨ ਨਾ ਲੱਗਿਆ ਤੇ ਵਾਪਸ ਕਾਸ਼ੀ ਵਿੱਦਿਆ ਪੀਠ ਬਨਾਰਸ ਆ ਗਿਆ। 1921 ਵਿੱਚ ਜਦ ਮਹਾਤਮਾ ਗਾਂਧੀ ਨੇ ਨਾ-ਮਿਲਵਰਤਨ ਅੰਦੋਲਨ ਚਲਾਇਆ ਤਾਂ ਉਸ ਵੇਲੇ ਉਸ ਦੀ ਉਮਰ 15 ਸਾਲ ਸੀ। ਉਸ ਨੇ ਇਸ ਅੰਦੋਲਨ ਵਿੱਚ ਵਧ-ਚੱੜ੍ਹ ਕੇ ਹਿੱਸਾ ਲਿਆ, ਜਿਸ ਦੇ ਸਿੱਟੇ ਵਜੋਂ ਆਜ਼ਾਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜੱਜ ਦੇ ਪੁੱਛਣ ’ਤੇ ਉਸ ਨੇ ਆਪਣਾ ਨਾਂ ‘ਅਜ਼ਾਦ’, ਪਿਤਾ ਦਾ ਨਾਂ ‘ਅਜ਼ਾਦੀ’ ਤੇ ਘਰ ਦਾ ਪਤਾ ‘ਜੇਲ੍ਹ’ ਦੱਸਿਆ। ਇਹ ਸੁਣ ਕੇ ਜੱਜ ਨੂੰ ਗੁੱਸਾ ਆ ਗਿਆ ਤੇ ਉਸ ਨੂੰ ਪੰਜ ਬੈਂਤਾ ਦੀ ਸਜ਼ਾ ਦਿੱਤੀ।
ਨਾ-ਮਿਲਵਰਤਨ ਅੰਦੋਲਨ ਵਾਪਸ ਲੈਣ ਤੋ ਬਾਅਦ ਆਜ਼ਾਦ ਹੋਰ ਗੁੱਸੇ ਨਾਲ ਭਰ ਗਿਆ। ਉਹ ਕ੍ਰਾਂਤੀਕਾਰੀ ਦਲ ਦੇ ਮੈਂਬਰਾਂ ਮਨਮੱਥਾ ਨਾਥ ਗੁਪਤਾ ਨੂੰ ਮਿਲਿਆ, ਜਿਸ ਨੇ ਉਸ ਨੂੰ ਅੱਗੇ ਰਾਮ ਪ੍ਰਸਾਦ ਬਿਸਮਿਲ ਨਾਲ ਮਿਲਾਇਆ, ਜਿਸ ਨੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਨਾਂ ਦਾ ਕ੍ਰਾਂਤੀਕਾਰੀ ਸੰਗਠਨ ਬਣਾਇਆ ਸੀ। ਉਸ ਤੋਂ ਬਾਅਦ ਉਹ ਇਸ ਦਾ ਸਰਗਰਮ ਮੈਂਬਰ ਬਣ ਗਿਆ ਤੇ ਇਸ ਲਈ ਚੰਦਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਚੰਦਾ ਜ਼ਿਆਦਾਤਰ ਸਰਕਾਰੀ ਧਨ ਦੌਲਤ ਨੂੰ ਲੁੱਟ ਕੇ ਇਕੱਠਾ ਕੀਤਾ ਜਾਂਦਾ ਸੀ। ਉਹ ਕਾਕੋਰੀ ਰੇਲ ਕਾਂਡ (1925), ਵਾਇਸਰਾਏ ਦੀ ਗੱਡੀ ਨੂੰ ਸਾੜਨ ਦੀ ਕੋਸ਼ਿਸ਼ (1926) ਤੇ ਸਾਂਡਰਸ ਨੂੰ ਕਤਲ ਕਰਨ ਦੇ ਕਾਂਡਾਂ ’ਚ ਵੀ ਸ਼ਾਮਲ ਸੀ।

ਚੰਦਰ ਸ਼ੇਖਰ ਆਜ਼ਾਦ ਵੱਲੋਂ ਆਪਣੇ ਆਪ ਨੂੰ ਮਾਰਨ ਲਈ ਵਰਤੀ ਗਈ ਪਿਸਤੌਲ। ਇਹ ਹੁਣ ਅਲਾਹਾਬਾਦ ਦੇ ਅਜਾਇਬ ਘਰ ਵਿੱਚ ਪਈ ਹੈ।

ਉਸ ਨੇ ਕੁਝ ਸਮੇਂ ਲਈ ਝਾਂਸੀ ਨੂੰ ਵੀ ਆਪਣੀਆਂ ਇਨਕਲਾਬੀ ਗਤੀਵਿਧੀਆਂ ਦਾ ਕੇਂਦਰ ਬਣਾਈ ਰੱਖਿਆ। ਉਹ ਝਾਂਸੀ ਤੋਂ 15 ਕਿਲੋਮੀਟਰ ਦੂਰ ਓਰਛਾ ਦੇ ਜੰਗਲਾਂ ਵਿੱਚ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਦਾ ਤੇ ਆਪਣੇ ਸਾਥੀਆਂ ਨੂੰ ਵੀ ਸਿਖਲਾਈ ਦਿੰਦਾ। ਉਹ ਕਾਫ਼ੀ ਲੰਮੇ ਸਮੇਂ ਲਈ ਸਤਾਰ ਨਦੀ ਕੰਢੇ ਪੰਡਿਤ ਹਰਿਸ਼ੰਕਰ ਸ਼ੰਕਰ ਦੇ ਨਾਂ ਹੇਠ ਵੀ ਰਹਿੰਦਾ ਰਿਹਾ। ਝਾਂਸੀ ਵਿੱਚ ਹੀ ਉਸ ਨੇ ਕਾਰ ਚਲਾਉਣੀ ਸਿੱਖੀ। ਇੱਥੇ ਹੀ ਉਹ ਸਦਾਸ਼ਿਵਰਾਓ ਮਲਕਾਪੁਰਕਰ, ਵਿਸ਼ਵਨਾਥ ਤੇ ਭਗਵਾਨ ਦਾਸ ਮਾਹੌਰ ਦੇ ਸੰਪਰਕ ਵਿੱਚ ਆਇਆ ਤੇ ਕ੍ਰਾਂਤੀਕਾਰੀ ਦਲ ਦਾ ਪ੍ਰਮੁੱਖ ਮੈਂਬਰ ਬਣਿਆ।
ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ, ਜਿਹੜੀ ਰਾਮ ਪ੍ਰਸਾਦ ਬਿਸਮਿਲ, ਚੈਟਰਜੀ ਤੇ ਸਚਿੰਦਰ ਨਾਥ ਸਾਨਿਆਲ ਨੇ 1924 ਵਿੱਚ ਬਣਾਈ ਸੀ, ਨੂੰ ਚੰਦਰ ਸ਼ੇਖਰ ਨੇ ਮਹਾਂਵੀਰ ਸਿੰਘ ਤੇ ਇੱਕ ਹੋਰ ਸਾਥੀ ਦੇ ਸਹਿਯੋਗ ਨਾਲ ਪੁਨਰਗਠਿਤ ਕੀਤਾ ਕਿਉਂਕਿ ਕਾਕੋਰੀ ਰੇਲ ਕਾਂਡ ਪਿੱਛੋਂ ਬ੍ਰਿਟਿਸ਼ ਸਰਕਾਰ ਨੇ ਕ੍ਰਾਂਤੀਕਾਰੀਆਂ ਦਾ ਦਮਨ ਕਰਨਾ ਸ਼ੁਰੂ ਕਰ ਦਿੱਤਾ ਸੀ। ਬਿਸਮਿਲ, ਅਸ਼ਫਾਕ ਉੱਲਾ ਖਾਂ, ਠਾਕੁਰ ਰੌਸ਼ਨ ਸਿੰਘ ਤੇ ਰਾਜਿੰਦਰ ਨਾਥ ਲਹਿਰੀ ਨੂੰ ਇਸ ਵਿੱਚ ਸ਼ਾਮਿਲ ਹੋਣ ਕਰਕੇ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਸੀ। ਆਜ਼ਾਦ ਤੇ ਭਗਤ ਸਿੰਘ ਨੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਨੂੰ 1928 ਵਿੱਚ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਨਾਂ ਹੇਠ ਪੁਨਰਗਠਿਤ ਕੀਤਾ, ਤਾਂ ਕਿ ਸਮਾਜਵਾਦ ਦੇ ਸਿਧਾਂਤਾਂ ’ਤੇ ਚੱਲਦੇ ਹੋਏ ਭਾਰਤ ਦੀ ਆਜ਼ਾਦੀ ਪ੍ਰਾਪਤ ਕੀਤੀ ਜਾ ਸਕੇ।
27 ਫਰਵਰੀ 1931 ਨੂੰ ਕਿਸੇ ਮੁਖਬਰ ਨੇ ਬ੍ਰਿਟਿਸ਼ ਪੁਲੀਸ ਨੂੰ ਅਲਾਹਾਬਾਦ ਦੇ ਐਲਫਰਡ ਪਾਰਕ ਵਿੱਚ ਉਸ ਦੇ ਹੋਣ ਦੀ ਸੂਚਨਾ ਦੇ ਦਿੱਤੀ। ਪੁਲੀਸ ਨੇ ਪਾਰਕ ਨੂੰ ਚਾਰੇ ਪਾਸਿਓਂ ਘੇਰ ਲਿਆ। ਆਜ਼ਾਦ ਆਪਣੇ ਸਾਥੀ ਨੂੰ ਬਚਾਉਂਦਾ ਹੋਇਆ ਜ਼ਖਮੀ ਹੋ ਗਿਆ। ਜ਼ਖਮੀ ਹੋਣ ਦੇ ਬਾਵਜੂਦ ਵੀ ਉਸ ਨੇ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਮਾਰ ਦਿੱਤਾ ਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ। ਜਦ ਤੱਕ ਉਸ ਕੋਲ ਗੋਲੀਆਂ ਸਨ, ਉਸ ਨੇ ਪੁਲੀਸ ਦਾ ਡੱਟ ਕੇ ਸਾਹਮਣਾ ਕੀਤਾ ਪਰ ਹੁਣ ਉਸ ਕੋਲ ਸਿਰਫ਼ ਇੱਕ ਗੋਲੀ ਬਚੀ ਸੀ। ਜਿਵੇਂ ਕਿ ਉਸ ਨੇ ਕਸਮ ਖਾਧੀ ਸੀ ਕਿ ਉਹ ਜਿਉਂਦਾ ਕਦੇ ਵੀ ਪੁਲੀਸ ਦੇ ਹੱਥ ਨਹੀਂ ਆਵੇਗਾ। ਇਸ ਨੂੰ ਪੂਰਾ ਕਰਨ ਲਈ ਉਸ ਨੇ ਉਹ ਆਖਰੀ ਗੋਲੀ ਆਪਣੇ ਆਪ ਨੂੰ ਮਾਰ ਲਈ ਤੇ ਆਪਣੀ ਕਸਮ ਪੂਰੀ ਕੀਤੀ।
ਉਸ ਦੇ ਸਰੀਰ ਨੂੰ ਰਸੂਲਬਾਦ ਘਾਟ ਲਿਜਾ ਕੇ ਸਸਕਾਰ ਕੀਤਾ ਗਿਆ। ਜਦੋਂ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪਾਰਕ ਘੇਰ ਲਈ ਤੇ ਬ੍ਰਿਟਿਸ਼ ਸਰਕਾਰ ਵਿਰੋਧੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਬਾਅਦ ਵਿਚ ਐਲਫਰਡ ਪਾਰਕ ਦਾ ਨਾਂ ਬਦਲ ਕੇ ‘ਚੰਦਰ ਸ਼ੇਖਰ ਆਜ਼ਾਦ ਪਾਰਕ’ ਰੱਖਿਆ ਗਿਆ। ਉਸ ਦਾ ਪਿਸਤੌਲ ਅੱਜ ਵੀ ਅਲਾਹਾਬਾਦ ਦੇ ਅਜਾਇਬ ਘਰ ਵਿਚ ਸੁਸ਼ੋਭਿਤ ਹੈ।
ਸੰਪਰਕ: 78887-61607


Comments Off on ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.