ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ

Posted On February - 22 - 2020

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਮਨੁੱਖ ਸਮਾਜ ਅਤੇ ਪਸ਼ੂਆਂ ਦੀ ਦੁਨੀਆਂ ਦਾ ਬਹੁਤ ਨੇੜਲਾ ਸਬੰਧ ਰਿਹਾ ਹੈ। ਲੋਕ ਮਨ ਪਸ਼ੂ ਸੰਸਾਰ ਨੂੰ ਆਪਣੇ ਸਮਾਜਚਾਰੇ ਦਾ ਹਿੱਸਾ ਸਮਝ ਕੇ ਉਸ ਦੇ ਮਹੱਤਵ ਨੂੰ ਪਛਾਣਦਾ ਆਇਆ ਹੈ ਤੇ ਉਸਦੀ ਕਦਰ ਵੀ ਕਰਦਾ ਆਇਆ ਹੈ। ਪਸ਼ੂਆਂ ਦੀ ਦੁਨੀਆਂ ਵਿਚ ਵਿਚਰਨਾ, ਉਸ ਦੁਨੀਆਂ ਨਾਲ ਸਾਂਝ ਸਥਾਪਤ ਕਰਨੀ, ਉਨ੍ਹਾਂ ਕੋਲੋਂ ਕੰਮ ਲੈਣੇ, ਉਨ੍ਹਾਂ ਦੇ ਕੰਮ ਆਉਣਾ ਮਨੁੱਖ ਦੀ ਲੋੜ ਵੀ ਰਹੀ ਹੈ ਤੇ ਇਹ ਪਹਿਲੂ ਉਸ ਦੇ ਸੁਭਾਅ ਦਾ ਹਿੱਸਾ ਵੀ ਬਣਦਾ ਆਇਆ ਹੈ। ਇਸੇ ਕਰਕੇ ਮਨੁੱਖ ਜਨੌਰਾਂ ਨਾਲ ਸਬੰਧਤ ਸਾਹਿਤ, ਵਿਸ਼ੇਸ਼ ਕਰਕੇ ਜਨੌਰ ਕਥਾਵਾਂ ਦੀ ਸਿਰਜਣਾ ਕਰਦਾ ਆਇਆ ਹੈ ਤੇ ਉਨ੍ਹਾਂ ਵਿਚ ਉਸਦੀ ਵਿਸ਼ੇਸ਼ ਦਿਲਚਸਪੀ ਵੀ ਰਹੀ ਹੈ। ਜਨੌਰ ਕਥਾਵਾਂ ਵਿਚਲੇ ਪਸ਼ੂ-ਪੰਛੀ ਪਾਤਰ ਮਨੁੱਖਾਂ ਵਾਂਗ ਬੋਲਦੇ ਹਨ, ਕਾਰਜ-ਵਿਵਹਾਰ ਕਰਦੇ ਹਨ, ਦੁੱਖ-ਸੁਖ ਮਹਿਸੂਸ ਕਰਦੇ ਹਨ, ਕਠਿਨ ਹਾਲਤਾਂ ਵਿਚ ਵੀ ਇਕ-ਦੂਜੇ ਦਾ ਸਾਥ ਨਿਭਾਉਂਦੇ ਹਨ- ਇਸੇ ਕਰਕੇ ਉਹ ਮਨੁੱਖ ਨੂੰ ਚੰਗੇ ਲੱਗਦੇ ਹਨ। ਜਨੌਰ ਕਥਾਵਾਂ ਮਨੁੱਖ ਦਾ ਭਰਪੂਰ ਮਨੋਰੰਜਨ ਤਾਂ ਕਰਦੀਆਂ ਹੀ ਹਨ, ਉਸ ਦੀਆਂ ਭਾਵਨਾਵਾਂ ਨੂੰ ਉਤੇਜਿਤ ਵੀ ਕਰਦੀਆਂ ਹਨ ਤੇ ਨਾਲ ਹੀ ਨੈਤਿਕ ਮੁੱਲਾਂ ਨਾਲ ਜੁੜਦਾ ਕੋਈ ਮਹੱਤਵਪੂਰਨ ਸੁਨੇਹਾ ਵੀ ਦਿੰਦੀਆਂ ਹਨ।
ਪੁਰਾਣੇ ਸਮਿਆਂ ਤੋਂ ਮਨੁੱਖੀ ਮਨ ਉੱਪਰ ਪਸ਼ੂ ਜਗਤ ਦਾ ਬਹੁਤ ਗਹਿਰਾ ਤੇ ਪ੍ਰਬਲ ਪ੍ਰਭਾਵ ਰਿਹਾ ਹੈ। ਇਸੇ ਕਰਕੇ ਮਨੁੱਖ ਉਨ੍ਹਾਂ ਨਾਲ ਸਬੰਧਤ ਕਥਾਵਾਂ ਵਿਚੋਂ ਮਿਲਣ ਵਾਲੇ ਕਿਸੇ ਸੁਨੇਹੇ ਜਾਂ ਸੇਧ ਨੂੰ ਸਵੀਕਾਰ ਕਰਨ ਵਿਚ ਕੋਈ ਝਿਜਕ ਮਹਿਸੂਸ ਨਹੀਂ ਕਰਦਾ। ਜਨੌਰ ਕਥਾਵਾਂ ਦਾ ਵੱਡਾ ਹਿੱਸਾ ਨੀਤੀ ਕਥਾਵਾਂ ਨਾਲ ਜੁੜਦਾ ਹੈ। ਕਈ ਜਨੌਰ ਕਥਾਵਾਂ ਵਿਚ ਕੋਈ ਪਸ਼ੂ ਪਾਤਰ ਉਸ ਕਥਾ ਦੇ ਨਾਇਕ/ਨਾਇਕਾ ਦੀ ਭੂਮਿਕਾ ਅਦਾ ਕਰ ਰਿਹਾ ਹੁੰਦਾ ਹੈ ਤੇ ਉਹ ਸਾਰੀ ਕਥਾ ਉਸਦੇ ਜੀਵਨ ਬਿਰਤਾਂਤ ਦੁਆਲੇ ਹੀ ਘੁੰਮਦੀ ਹੈ। ਪਸ਼ੂ-ਪੰਛੀ ਨਾਇਕ/ ਨਾਇਕਾ ਦਾ ਕਿਰਦਾਰ/ਸੁਭਾਅ ਵਿਲੱਖਣ ਕਿਸਮ ਦਾ ਤੇ ਰੌਚਿਕਤਾ ਭਰਪੂਰ ਹੁੰਦਾ ਹੈ। ਜਨੌਰ ਕਥਾਵਾਂ ਵਿਚਲਾ ਸੰਸਾਰ ਅਜਿਹੀ ਬਿਰਤਾਂਤਕ ਜੁਗਤ ਨਾਲ ਸਿਰਜਿਆ ਜਾਂਦਾ ਹੈ ਜਿਵੇਂ ਕਿਸੇ ਅਲੌਕਾਰੀ ਸੰਸਾਰ ਦੀ ਰਚਨਾ ਕੀਤੀ ਜਾ ਰਹੀ ਹੋਵੇ ਜਾਂ ਕਿਸੇ ਪਰੀ-ਲੋਕ ਦੇ ਦ੍ਰਿਸ਼ ਸਾਕਾਰ ਕੀਤੇ ਜਾ ਰਹੇ ਹੋਣ। ਕਈ ਜਨੌਰ ਕਥਾਵਾਂ ਵਿਚ ਪਸ਼ੂ-ਪੰਛੀ ਸਹਾਇਕ ਪਾਤਰਾਂ ਦੇ ਰੂਪ ਵਿਚ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ। ਉਹ ਕਥਾ ਦੇ ਨਾਇਕ ਦੇ ਸਹਿਯੋਗੀ ਬਣ ਕੇ ਉੱਭਰਦੇ ਹਨ। ਨਾਇਕ ਜਦੋਂ ਕਿਸੇ ਸੰਕਟ ਦੀ ਸਥਿਤੀ ਵਿਚ ਫਸਦਾ ਹੈ ਤਾਂ ਉਹ ਉਸ ਦੀ ਸਹਾਇਤਾ ਕਰਕੇ ਉਸਨੂੰ ਸੰਕਟ ਦੀ ਉਸ ਸਥਿਤੀ ਤੋਂ ਪਾਰ ਲੰਘਾਉਂਦੇ ਹਨ। ਕਿਸੇ ਉਦੇਸ਼-ਟੀਚੇ ਦੀ ਭਾਲ ਵਿਚ ਨਿਕਲੇ ਨਾਇਕ ਦੀ ਉਹ ਥਾਂ-ਥਾਂ ਮਦਦ ਕਰਦੇ ਹਨ ਤੇ ਉਸਨੂੰ ਉਸ ਦੇ ਉਦੇਸ਼ ਤਕ ਪਹੁੰਚਾਉਣ ਜਾਂ ਸਬੰਧਤ ਚੀਜ਼ ਦੀ ਭਾਲ ਕਰਨ ਵਿਚ ਉਸ ਦੀ ਸਹਾਇਤਾ ਕਰਦੇ ਹਨ। ਕਈ ਜਨੌਰ ਕਥਾਵਾਂ ਸਿਰਫ਼ ਮਨੋਰੰਜਨ ਕਰਨ ਦੇ ਮੰਤਵ ਨਾਲ ਘੜੀਆਂ ਜਾਂਦੀਆਂ ਹਨ। ਉਨ੍ਹਾਂ ਵਿਚ ਪਸ਼ੂ-ਪੰਛੀ ਪਾਤਰ ਕਥਾ ਦੇ ਮੁੱਖ ਪਾਤਰ ਵਜੋਂ ਪੇਸ਼ ਹੁੰਦੇ ਹਨ ਤੇ ਕਥਾ ਦਾ ਸਾਰਾ ਤਾਣਾ-ਬਾਣਾ ਉਨ੍ਹਾਂ ਦੁਆਲੇ ਹੀ ਉਸਰਦਾ ਹੈ। ਨਿਰੋਲ ਕਲਪਨਾ ਉੱਪਰ ਆਧਾਰਿਤ ਜਨੌਰ ਕਥਾਵਾਂ ਵਿਚ ਪਸ਼ੂਆਂ ਦੀ ਬਹਾਦਰੀ, ਉਨ੍ਹਾਂ ਦੀਆਂ ਮਨੁੱਖ ਨਾਲੋਂ ਵੱਖਰੀ ਕਿਸਮ ਦੀਆਂ ਸਮਰਥਾਵਾਂ, ਉਨ੍ਹਾਂ ਦੇ ਅਦਭੁੱਤ ਕਾਰਜਾਂ, ਉਨ੍ਹਾਂ ਦੇ ਪਿਆਰ, ਉਨ੍ਹਾਂ ਦੀਆਂ ਦੁਸ਼ਮਣੀਆਂ, ਉਨ੍ਹਾਂ ਦੀ ਵਫ਼ਾਦਾਰੀ ਆਦਿ ਦੁਆਲੇ ਉਸਰਦੀਆਂ ਹਨ। ਵਿਰੋਧੀ ਲੱਛਣਾਂ ਵਾਲੇ ਪਸ਼ੂਆਂ (ਜਿਵੇਂ ਸ਼ੇਰ ਤੇ ਬੱਕਰੀ) ਨਾਲ ਸਬੰਧਤ ਲੋਕ ਕਥਾਵਾਂ ਵੀ ਮਹੱਤਵਪੂਰਨ ਸੁਨੇਹਾ ਦਿੰਦੀਆਂ ਹਨ। ਕਈ ਜਨੌਰ ਕਥਾਵਾਂ ਨਾਲ ਕਈ ਲੋਕ-ਵਿਸ਼ਵਾਸ ਵੀ ਜੁੜਦੇ ਜਾਂਦੇ ਹਨ। ਜਨੌਰ ਕਥਾਵਾਂ ਅਸਲ ਵਿਚ ਲੋਕ ਮਨ ਦੀ ਤਰਜ਼ਮਾਨੀ ਕਰਦੀਆਂ ਹਨ। ਉਹ ਪਰੰਪਰਾ ਨਾਲ ਜੁੜੀਆਂ ਹੁੰਦੀਆਂ ਹਨ ਤੇ ਉਨ੍ਹਾਂ ਵਿਚਲੇ ਬਿਰਤਾਂਤਕ ਤੱਤ ਉਨ੍ਹਾਂ ਦੀ ਉਸਾਰੀ ਦਾ ਮੂਲ ਧੁਰਾ ਬਣਦੇ ਹਨ। ਜਨੌਰ ਕਥਾਵਾਂ ਪੜ੍ਹਨ-ਸੁਣਨ ਵਾਲਿਆਂ ਨੂੰ ਕਿਸੇ ਸੁਪਨ ਜਗਤ ਦੀ ਸੈਰ ਕਰਵਾ ਦਿੰਦੀਆਂ ਹਨ। ਉਹ ਮਨੁੱਖੀ ਜੀਵਨ ਦੀਆਂ ਸੱਧਰਾਂ ਦੀ ਤਰਜ਼ਮਾਨੀ ਕਰਦੀਆਂ ਹਨ। ਜਨੌਰ ਕਥਾਵਾਂ ਦੀਆਂ ਰੂਪ ਵੰਨਗੀਆਂ ਦਾ ਖੇਤਰ ਏਨਾ ਵਿਸ਼ਾਲ ਹੈ ਕਿ ਉਨ੍ਹਾਂ ਨੂੰ ਕਿਸੇ ਨਿਸ਼ਚਿਤ ਇਕਾਈ ਵਿਚ ਬੰਨ੍ਹ ਸਕਣਾ ਕਠਿਨ ਹੈ। ਜਨੌਰ ਕਥਾਵਾਂ ਸੁਣਨ-ਸੁਣਾਉਣ ਦੇ ਸਮੇਂ ਬੇਸ਼ੱਕ ਬੀਤੇ ਦੀ ਬਾਤ ਬਣ ਕੇ ਰਹਿ ਗਏ ਹਨ, ਪਰ ਇਕ ਗੱਲ ਨਿਸ਼ਚਤ ਹੈ ਕਿ ਹੁਣ ਦੇ ਡਿਜੀਟਲ ਯੁੱਗ ਵਿਚ ਵੀ ਉਨ੍ਹਾਂ ਦੇ ਮਹੱਤਵ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਹੁਣ ਦੇ ਬੱਚੇ ਅਖ਼ਬਾਰਾਂ, ਮੈਗਜ਼ੀਨਾਂ, ਕਿਤਾਬਾਂ ’ਚੋਂ ਜੰਗਲੀ ਜੀਵ ਸੰਸਾਰ ਨਾਲ ਜੁੜੀਆਂ ਕਹਾਣੀਆਂ ਪੜ੍ਹਨੀਆਂ, ਕਾਰਟੂਨ ਵੇਖਣੇ ਤੇ ਟੀ.ਵੀ. ਤੋਂ ਕਾਰਟੂਨ ਫ਼ਿਲਮਾਂ ਵੇਖਣੀਆਂ ਇਸੇ ਕਰਕੇ ਪਸੰਦ ਕਰਦੇ ਹਨ ਕਿ ਉਹ ਮਨੋਰੰਜਨ ਨਾਲ ਭਰਪੂਰ ਹੁੰਦੀਆਂ ਹਨ।

ਸੰਪਰਕ: 98885-10185


Comments Off on ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.