ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਭਾਰਤ ਤੇ ਪਾਕਿਸਤਾਨ ਵੱਲੋਂ ਓਲੰਪਿਕ ਹਾਕੀ ਖੇਡਣ ਵਾਲਾ ਅਲੀ ਸ਼ਾਹ ਦਾਰਾ

Posted On February - 29 - 2020

ਧਿਆਨ ਚੰਦ (ਸੱਜੇ) ਤੇ ਉਨ੍ਹਾਂ ਨਾਲ ਅਲੀ ਇਕਤਿਦਾਰ ਸ਼ਾਹ ਦਾਰਾ (ਖੱਬੇ)

ਸੁਖਵਿੰਦਰਜੀਤ ਸਿੰਘ ਮਨੌਲੀ
ਦੋ ਦੇਸ਼ਾਂ ਭਾਰਤ-ਪਾਕਿਸਤਾਨ ਵਲੋਂ ਓਲੰਪਿਕ ਖੇਡਣ ਵਾਲੇ ਹਾਕੀ ਓਲੰਪੀਅਨ ਖਿਡਾਰੀ ਅਲੀ ਇਕਤਿਦਾਰ ਸ਼ਾਹ ਦਾਰਾ ਤੋਂ ਬਾਅਦ ਦੋ ਹੋਰ ਹਾਕੀ ਖਿਡਾਰੀਆਂ ਅਖ਼ਤਰ ਹੁਸੈਨ ਅਤੇ ਲਤੀਫ-ਓਰ-ਰਹਿਮਾਨ ਨੂੰ ਵੀ ਭਾਰਤ-ਪਾਕਿ ਭਾਵ ਦੋ ਦੇਸ਼ਾਂ ਵਲੋਂ ਓਲੰਪਿਕ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ।
ਹਾਕੀ ਮੈਦਾਨ ’ਚ ਸੈਂਟਰ ਸਟਰਾਈਕਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਅਲੀ ਇਕਤਿਦਾਰ ਸ਼ਾਹ ਦਾਰਾ ਹਾਕੀ ਦੀ ਦੁਨੀਆਂ ਦਾ ਪਹਿਲਾ ਖਿਡਾਰੀ ਹੈ, ਜਿਸ ਨੂੰ ਓਲੰਪਿਕ ਹਾਕੀ ’ਚ ਪਹਿਲਾਂ ਭਾਰਤ ਕੌਮੀ ਹਾਕੀ ਟੀਮ ਦੀ ਅਤੇ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਸੀਬ ਹੋਇਆ। ਅਲੀ ਇਕਤਿਦਾਰ ਸ਼ਾਹ ਦਾਰਾ ਬਰਲਿਨ-1936 ਓਲੰਪਿਕ ਹਾਕੀ ’ਚ ਅਣਵੰਡੇ ਭਾਰਤ ਦੀ ਕੌਮੀ ਹਾਕੀ ਟੀਮ ਨਾਲ ਮੈਦਾਨ ’ਚ ਖੇਡਣ ਲਈ ਨਿੱਤਰਿਆ। 1940 ਅਤੇ 1944 ਦੀਆਂ ਓਲੰਪਿਕ ਖੇਡਾਂ ਦੂਜੇ ਵਿਸ਼ਵ ਯੁੱਧ ਦੀ ਭੇਟ ਚੜ੍ਹ ਗਈਆਂ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਦੀ ਵੰਡ ਹੋਈ, ਜਿਸ ’ਚੋਂ ਨਵਾਂ ਦੇਸ਼ ਪਾਕਿਸਤਾਨ ਹੋਂਦ ’ਚ ਆਇਆ। ਆਜ਼ਾਦੀ ਤੋਂ ਬਾਅਦ ਲੰਡਨ-1948 ਦੀਆਂ ਓਲੰਪਿਕ ਖੇਡਾਂ ’ਚ ਦੋਵੇਂ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਨੇ ਅਲੱਗ-ਅਲੱਗ ਦੋ ਹਾਕੀ ਟੀਮਾਂ ਓਲੰਪਿਕ ਹਾਕੀ ਦੇ ਮੈਦਾਨ ’ਚ ਉਤਾਰੀਆਂ। ਪਹਿਲਾ ਕੌਮਾਂਤਰੀ ਹਾਕੀ ਮੁਕਾਬਲਾ ਖੇਡਣ ਵਾਲੀ ਪਾਕਿ ਹਾਕੀ ਟੀਮ ਦੀ ਕਪਤਾਨ ਇਕਤਿਦਾਰ ਅਲੀ ਸ਼ਾਹ ਦਾਰਾ ਸੀ।
ਪਾਕਿਸਤਾਨ ਦੀ ਏਆਈਐੱਸ ਦਾਰਾ ਦਾ ਪੂਰਾ ਨਾਂ ਅਲੀ ਇਕਤਿਦਾਰ ਸ਼ਾਹ ਦਾਰਾ ਸੀ। ਉਸ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ’ਚ ਪਹਿਲੀ ਅਪਰੈਲ 1915 ’ਚ ਹੋਇਆ ਸੀ। ਅਲੀ ਇਕਤਿਦਾਰ ਸ਼ਾਹ ਦਾਰਾ ਭਾਰਤੀ ਫ਼ੌਜ ’ਚ ਅਫ਼ਸਰ ਦੇ ਅਹੁਦੇ ’ਤੇ ਤਾਇਨਾਤ ਸੀ। ਦੂਜੀ ਸੰਸਾਰ ਜੰਗ ਸਮੇਂ ਅਲੀ ਸ਼ਾਹ ਦਾਰਾ ਦੀ ਰੈਜ਼ੀਮੈਂਟ ਨੂੰ ਮਲੇਸ਼ੀਆ ’ਚ ਤਾਇਨਾਤ ਕੀਤਾ ਗਿਆ। ਵਿਰੋਧੀਆਂ ਵਲੋਂ ਫੜੇ ਜਾਣ ’ਤੇ ਇਕਤਿਦਾਰ ਅਲੀ ਸ਼ਾਹ ਦਾਰਾ ਨੂੰ ਕੁੱਝ ਸਮੇਂ ਜੰਗੀ ਕੈਦੀ ਬਣਨ ਦੇ ਮਾੜੇ ਦਿਨ ਵੀ ਦੇਖਣੇ ਪਏ ਸਨ। ਮੈਲਬਰਨ-1956 ਅਤੇ ਰੋਮ-1964 ਓਲੰਪਿਕ ਹਾਕੀ ਅਤੇ ਬੈਂਕਾਕ-1966 ਏਸ਼ੀਅਨ ਹਾਕੀ ਖੇਡਣ ਵਾਲੀ ਪਾਕਿਸਤਾਨ ਹਾਕੀ ਟੀਮ ਦੇ ਕੋਚਿੰਗ ਕੈਂਪ ਦੀ ਕਮਾਨ ਅਲੀ ਇਕਤਿਦਾਰ ਸ਼ਾਹ ਦਾਰਾ ਦੇ ਹੱਥਾਂ ’ਚ ਰਹੀ। ਮਾਂਟੀਰੀਅਲ-1976 ਦੀਆਂ ਓਲੰਪਿਕ ਖੇਡਾਂ ਸਮੇਂ ਪਾਕਿ ਹਾਕੀ ਕੌਮੀ ਟੀਮ ਦੇ ਕੋਚਿੰਗ ਕੈਂਪ ਦਾ ਮੈਨੇਜਰ ਇਕਤਿਦਾਰ ਅਲੀ ਸ਼ਾਹ ਦਾਰਾ ਸੀ। ਅਲੀ ਦਾਰਾ ਦੀ ਮੈਨੇਜਰੀ ’ਚ ਪਾਕਿ ਹਾਕੀ ਟੀਮ ਨੇ ਮਾਂਟੀਰੀਅਲ ਓਲੰਪਿਕ ’ਚ ਗਰੇਟ ਬ੍ਰਿਟੇਨ ਤੋਂ ਸੈਮੀਫਾਈਨਲ ਹਾਰਨ ਤੋਂ ਬਾਅਦ ਤਾਂਬੇ ਦਾ ਤਗਮਾ ਹਾਸਲ ਕੀਤਾ ਸੀ। ਬਰਲਿਨ-1936 ਓਲੰਪਿਕ ਹਾਕੀ ਮੁਕਾਬਲਾ ਖੇਡਣ ਸਮੇਂ ਅਲੀ ਸ਼ਾਹ ਦਾਰਾ ਦੀ ਉਮਰ 21 ਸਾਲ ਅਤੇ ਲੰਡਨ-1948 ਦੀਆਂ ਓਲੰਪਿਕ ਖੇਡਾਂ ਸਮੇਂ ਟੀਮ ਕੈਪਟਨ ਅਲੀ ਇਕਤਿਦਾਰ ਸ਼ਾਹ ਦਾਰਾ 33 ਸਾਲਾਂ ਨੂੰ ਢੁੱਕ ਚੁੱਕਾ ਸੀ। ਪਾਕਿਸਤਾਨ ਦੇ ਰਾਸ਼ਟਰਪਤੀ ਵਲੋਂ ‘ਪਰਾਈਡ ਆਫ ਪ੍ਰਫਾਰਮੈਂਸ ਐਵਾਰਡ’ ਨਾਲ ਨਿਵਾਗੇ ਗਏ ਅਲੀ ਇਕਤਿਦਾਰ ਸ਼ਾਹ ਦਾਰਾ ਦਾ 65 ਸਾਲ ਦੀ ਉਮਰ ’ਚ 16 ਜਨਵਰੀ 1981 ’ਚ ਦਿਹਾਂਤ ਹੋ ਗਿਆ ਸੀ।
ਅਲੀ ਇਕਤਿਦਾਰ ਸ਼ਾਹ ਦਾਰਾ ਬਰਲਿਨ-1936 ਦਾ ਓਲੰਪਿਕ ਹਾਕੀ ਮੁਕਾਬਲਾ ਮੇਜਰ ਧਿਆਨ ਚੰਦ ਸਿੰਘ ਦੀ ਕਪਤਾਨੀ ’ਚ ਖੇਡਿਆ। ਭਾਰਤੀ ਹਾਕੀ ਟੀਮ ਨੇ ਮੇਜ਼ਬਾਨ ਜਰਮਨੀ ਦੇ ਖਿਡਾਰੀਆਂ ਨੂੰ 8-1 ਗੋਲ ਅੰਤਰ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਜਦੋਂਕਿ ਜਰਮਨੀ ਦੇ ਖਿਡਾਰੀਆਂ ਨੂੰ ਉਪ-ਜੇਤੂ ਬਣਨ ਲਈ ਮਜਬੂਰ ਹੋਣਾ ਪਿਆ। ਬਰਲਿਨ ਓਲੰਪਿਕ ਦਾ ਇਹ ਖਿਤਾਬੀ ਮੈਚ ਜਰਮਨੀ ਦੇ ਡਿਕਟੇਟਰ ਰਿਡੋਲਫ ਹਿਟਲਰ ਦੀ ਮੌਜੂਦਗੀ ’ਚ ਖੇਡਿਆ ਗਿਆ। ਪਹਿਲੇ ਹਾਫ ’ਚ ਜੇਤੂ ਟੀਮ 1-0 ਗੋਲ ਨਾਲ ਅੱਗੇ ਸੀ। ਦੂਜੇ ਹਾਫ ’ਚ ਜਦੋਂ ਭਾਰਤੀ ਖਿਡਾਰੀਆਂ ਵਲੋਂ ਉਤੋੜਿਤੀ ਤਿੰਨ ਗੋਲ ਦਾਗੇ ਗਏ ਤਾਂ ਹਿਟਲਰ ਮੈਦਾਨ ’ਚੋਂ ਚਲਾ ਗਿਆ। ਬਰਲਿਨ ਓਲੰਪਿਕ ਦੇ ਹਾਕੀ ਮੈਚਾਂ ’ਚ ਮੇਜਰ ਧਿਆਨ ਚੰਦ ਸਿੰਘ ਅਤੇ ਉਸ ਦੇ ਭਰਾ ਰੂਪ ਸਿੰਘ ਨੇ ਬਰਾਬਰ 11-11 ਗੋਲ ਕੀਤੇ ਜਦੋਂਕਿ ਦੋ ਖਿਡਾਰੀਆਂ ਤਪਸਿਲ ਅਤੇ ਅਲੀ ਸ਼ਾਹ ਦਾਰਾ ਨੂੰ 4 ਗੋਲ ਕਰਨ ਦਾ ਹੱਕ ਹਾਸਲ ਹੋਇਆ। ਕਾਬਲੇਗ਼ੌਰ ਹੈ ਕਿ ਅਲੀ ਸ਼ਾਹ ਦਾਰਾ ਦੀ ਬਰਲਿਨ ਓਲੰਪਿਕ ਖੇਡਣ ਵਾਲੀ ਟੀਮ ’ਚ ਚੋਣ ਨਹੀਂ ਕੀਤੀ ਗਈ ਸੀ ਪਰ ਬਾਅਦ ’ਚ ਟੀਮ ਕਪਤਾਨ ਧਿਆਨ ਚੰਦ ਸਿੰਘ ਅਤੇ ਕੋਚਿੰਗ ਕੈਂਪ ਦੇ ਮੁਖੀ ਪੰਕਜ ਕੁਮਾਰ ਦੀ ਸਿਫ਼ਾਰਸ਼ ’ਤੇ ਫੁੱਲ ਚੜ੍ਹਾਉਂਦੇ ਹੋਏ ਹਾਕੀ ਅਧਿਕਾਰੀਆਂ ਵਲੋਂ ਅਲੀ ਸ਼ਾਹ ਦਾਰਾ ਨੂੰ ਬਰਲਿਨ ਓਲੰਪਿਕ ਹਾਕੀ ਦੇ ਸੈਮੀਫਾਈਨਲ ਅਤੇ ਫਾਈਨਲ ਖੇਡਣ ਲਈ ਟੀਮ ਦੇ ਦਸਤੇ ’ਚ ਸ਼ਾਮਲ ਕੀਤਾ ਗਿਆ ਸੀ। ਇਹ ਇਸ ਲਈ ਕੀਤਾ ਗਿਆ ਸੀ ਕਿ ਭਾਰਤੀ ਟੀਮ ਜਰਮਨੀ ਟੀਮ ਤੋਂ ਸੈਮੀਫਾਈਨਲ ਤੋਂ ਪਹਿਲਾਂ ਪ੍ਰੈਕਟਿਸ ਮੈਚ ਹਾਰ ਗਈ ਸੀ। ਇਸ ਖ਼ਤਰੇ ਨੂੰ ਭਾਂਪਦਿਆਂ ਅਲੀ ਇਕਤਿਦਾਰ ਸ਼ਾਹ ਦਾਰਾ ਨੂੰ ਟੀਮ ’ਚ ਮਜ਼ਬੂਤੀ ਪ੍ਰਦਾਨ ਕਰਨ ਲਈ ਬਰਲਿਨ ਓਲੰਪਿਕ ਦੇ ਸੈਮੀਫਾਈਨਲ ਅਤੇ ਫਾਈਨਲ ਮੈਚਾਂ ’ਚ ਖਿਡਾਇਆ ਗਿਆ, ਜਿਨ੍ਹਾਂ ’ਚ ਅਲੀ ਇਕਤਿਦਾਰ ਸ਼ਾਹ ਦਾਰਾ ਨੇ ਕੋਚਿੰਗ ਕੈਂਪ ਅਤੇ ਟੀਮ ਕਪਤਾਨ ਦੀਆਂ ਉਮੀਦਾਂ ’ਤੇ ਖ਼ਰਾ ਉਤਰਦਿਆਂ ਸੈਮੀਫਾਈਨਲ ਅਤੇ ਫਾਈਨਲ ’ਚ ਇਕ-ਇਕ ਗੋਲ ਕਰ ਕੇ ਟੀਮ ਨੂੰ ਸੋਨ ਤਗਮਾ ਜਿਤਾਉਣ ’ਚ ਅਹਿਮ ਭੂਮਿਕਾ ਵੀ ਨਿਭਾਈ ਸੀ।
12 ਸਾਲ ਪਹਿਲਾਂ ਭਾਰਤ ਵਲੋਂ ਬਰਲਿਨ ਓਲੰਪਿਕ ਹਾਕੀ ਖੇਡਣ ਵਾਲੇ 33 ਸਾਲਾ ਅਲੀ ਇਕਤਿਦਾਰ ਸ਼ਾਹ ਦਾਰਾ ਨੇ ਲੰਡਨ-1948 ਦੀਆਂ ਓਲੰਪਿਕ ਖੇਡਾਂ ’ਚ ਪਹਿਲੀ ਵਾਰ ਓਲੰਪਿਕ ਹਾਕੀ ਖੇਡ ਰਹੇ ਨਵੇਂ ਦੇਸ਼ ਪਾਕਿਸਤਾਨ ਦੀ ਕੌਮੀ ਟੀਮ ਦੀ ਪ੍ਰਤੀਨਿਧਤਾ ਕੀਤੀ। ਅਲੀ ਇਕਤਿਦਾਰ ਸ਼ਾਹ ਦਾਰਾ ਦੀ ਕਪਤਾਨੀ ’ਚ ਸੈਮੀਫਾਈਨਲ ਹਾਰਨ ਵਾਲੀ ਪਾਕਿ ਹਾਕੀ ਟੀਮ ਹਾਲੈਂਡ ਤੋਂ ਪੁਜ਼ੀਸ਼ਨਲ ਮੈਚ ਹਾਰਨ ਸਦਕਾ ਚੌਥਾ ਰੈਂਕ ਹੀ ਹਾਸਲ ਕਰ ਸਕੀ। ਭਾਰਤੀ ਖਿਡਾਰੀਆਂ ਨੇ ਮੇਜ਼ਬਾਨ ਬ੍ਰਿਟੇਨ ਦੀ ਟੀਮ ਨੂੰ ਹਰਾ ਕੇ ਸੋਨ ਤਗਮੇ ’ਤੇ ਕਬਜ਼ਾ ਕੀਤਾ। ਫਾਰਵਰਡ ਪੰਕਤੀ ’ਚ ਖੇਡਣ ਵਾਲੇ ਇਕਤਿਦਾਰ ਅਲੀ ਸ਼ਾਹ ਦਾਰਾ ਨੇ ਓਲੰਪਿਕ ਮੁਕਾਬਲੇ ’ਚ ਖੇਡੇ 7 ਮੈਚਾਂ ’ਚ 9 ਗੋਲ ਸਕੋਰ ਕੀਤੇ।
ਕਾਬਲੇਗ਼ੌਰ ਹੈ ਕਿ ਆਜ਼ਾਦੀ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੇ ਓਲੰਪਿਕ ਹਾਕੀ ਦੇ ਚਾਰ ਗੋਲਡ ਮੈਡਲ ਆਪਣੀ ਝੋਲੀ ’ਚ ਪਾਏ ਸਨ।
ਸੰਪਰਕ: 94171-82993


Comments Off on ਭਾਰਤ ਤੇ ਪਾਕਿਸਤਾਨ ਵੱਲੋਂ ਓਲੰਪਿਕ ਹਾਕੀ ਖੇਡਣ ਵਾਲਾ ਅਲੀ ਸ਼ਾਹ ਦਾਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.