ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਦੋ ਔਰਤਾਂ ਦੀ ਮੌਤ !    ਹਰਿਆਣਾ ਵਿਚ ਕਰੋਨਾ ਨਾਲ ਪਹਿਲੀ ਮੌਤ !    ਹਰਿਆਣਾ ’ਚ ਕਿਸਾਨਾਂ ਦੇ ਕਰਜ਼ੇ ਦੀਆਂ ਕਿਸ਼ਤਾਂ 30 ਜੂਨ ਤਕ ਮੁਲਤਵੀ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    

ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ

Posted On February - 16 - 2020

ਅਮਰੀਕ
ਸੁਨਹਿਰੀ ਯੁੱਗ

ਰੁਸਤਮ ਖੁਰਸ਼ੀਦਜੀ ਕਰੰਜੀਆ ਉਰਫ਼ ਰੂਸੀ ਕਰੰਜੀਆ ਨੂੰ ਆਮ ਕਰਕੇ ਆਰ.ਕੇ. ਕਰੰਜੀਆ ਕਿਹਾ ਜਾਂਦਾ ਸੀ। ਪੱਤਰਕਾਰੀ ਦੀ ਸੰਸਥਾ ਰਹੇ ਇਸ ਹਰਫ਼ਨਮੌਲਾ ਸੰਪਾਦਕ-ਪੱਤਰਕਾਰ ਦੇ ਜ਼ਿਕਰ ਬਿਨਾਂ ਭਾਰਤੀ ਪੱਤਰਕਾਰੀ, ਖ਼ਾਸਕਰ ਖੋਜੀ ਪੱਤਰਕਾਰੀ ਦਾ ਇਤਿਹਾਸ ਅਧੂਰਾ ਹੈ। ਉਸ ਨੇ ਪੱਤਰਕਾਰੀ ਦੀ ਇਕ ਵੱਖਰੀ ਵਿਧਾ ਅਪਣਾਈ ਜਿਸ ਦੇ ਸਬਕ ਅੱਜ ਵੀ ਮਹੱਤਵਪੂਰਨ ਹਨ। ਆਪਣੇ ਸਮਕਾਲੀਆਂ ਵਿਚ ਉਹ ਨਿਆਰਾ ਅਤੇ ਗਜ਼ਬ ਦੀ ਪ੍ਰਤਿਭਾ ਦਾ ਮਾਲਕ ਸੀ। ਭਾਰਤੀ ਪੱਤਰਕਾਰੀ ਦੀਆਂ ਕਈ ਪੀੜ੍ਹੀਆਂ ਉਸ ਦੇ ਵੇਖਦਿਆਂ ਪ੍ਰਵਾਨ ਚੜ੍ਹੀਆਂ। ਕਰੰਜੀਆ ਜਿਹੋ ਜਿਹੇ ਸਨ, ਸਾਰੀ ਉਮਰ ਉਹੋ ਜਿਹੇ ਹੀ ਰਹੇ। ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿਚ ਦਿਲ-ਦਿਮਾਗ਼ ਅਤੇ ਸਰੀਰ ਜਵਾਬ ਦੇਣ ਲੱਗਿਆ ਤਾਂ ਉਸ ਵਿਚ ਵਿਚਾਰਧਾਰਕ ਤਬਦੀਲੀ ਆਈ। ਇਸ ਤੋਂ ਬਿਨਾਂ ਨਾ ਤਾਂ ਉਹ ਆਪ ਬਦਲਿਆ ਤੇ ਨਾ ਹੀ ਉਸ ਦਾ ਪ੍ਰਸਿੱਧ ਬਹੁਭਾਸ਼ਾਈ ਟੇਬਲੋਇਡ ਹਫ਼ਤਾਵਾਰੀ ਅਖ਼ਬਾਰ ‘ਬਲਿਟਜ਼’। ਮੁਲਕ ਦੇ ਹਰ ਹਿੱਸੇ ਵਿਚ ਅਜਿਹੇ ਵਿਅਕਤੀ ਜ਼ਰੂਰ ਮਿਲ ਜਾਣਗੇ ਜਿਨ੍ਹਾਂ ਨੇ ਅੰਗਰੇਜ਼ੀ, ਹਿੰਦੀ, ਉਰਦੂ ਜਾਂ ਮਰਾਠੀ ਵਿਚ ਕਦੇ ਨਾ ਕਦੇ ‘ਬਲਿਟਜ਼’ ਜ਼ਰੂਰ ਪੜ੍ਹਿਆ ਹੋਵੇਗਾ। ਪੁਰਾਣੀ ਚੌਥੀ ਪੀੜ੍ਹੀ ਦੇ ਪੜ੍ਹੇ-ਲਿਖੇ ਲੋਕਾਂ ਦੀਆਂ ਯਾਦਾਂ ਵਿਚ ਵੀ ‘ਬਲਿਟਜ਼’ ਅਤੇ ਉਸ ਦੇ ਬੇਬਾਕ ਤੇ ਨਿਡਰ ਸੰਪਾਦਕ ਆਰ.ਕੇ. ਕਰੰਜੀਆ ਦਾ ਨਾਂ ਜ਼ਰੂਰ ਹੋਵੇਗਾ। ਬੇਸ਼ੱਕ ਉਹ ਭਾਰਤੀ ਪੱਤਰਕਾਰੀ ਦਾ ਸਦਾ ਵਿਵਾਦਾਂ ਵਿਚ ਘਿਰਿਆ ਰਹਿਣ ਵਾਲਾ ਯੁੱਗ ਪੁਰਸ਼ ਸੀ।
ਰੂਸੀ ਕਰੰਜੀਆ ਦਾ ਜਨਮ 15 ਫਰਵਰੀ 1912 ਨੂੰ ਕੋਇਟਾ (ਹੁਣ ਪਾਕਿਸਤਾਨ ਦਾ ਇਕ ਸ਼ਹਿਰ) ਵਿਚ ਅੱਖਾਂ ਦਾ ਪ੍ਰਸਿੱਧ ਡਾਕਟਰ ਦੇ ਘਰ ਹੋਇਆ। ਬੰਬਈ (ਹੁਣ ਮੁੰਬਈ) ਦੇ ਸੇਂਟ ਜ਼ੇਵੀਅਰ ਸਕੂਲ ਅਤੇ ਵਿਲਸਨ ਕਾਲਜ ਵਿਚ ਪੜ੍ਹਣ ਮਗਰੋਂ ਕਰੰਜੀਆ ਅਗਲੇਰੀ ਪੜ੍ਹਾਈ ਲਈ ਕੈਂਬਰਿਜ ਯੂਨੀਵਰਸਿਟੀ ਜਾਣਾ ਚਾਹੁੰਦਾ ਸੀ ਤਾਂ ਜੋ ਮਗਰੋਂ ਆਈਸੀਐੱਸ ਕਰ ਸਕੇ। ਉਹ ਨਾਂ ਬਦਲ ਕੇ ਟਾਈਮਜ਼ ਔਫ ਇੰਡੀਆ ਵਿਚ ਸੰਪਾਦਕ ਦੇ ਨਾਂ ਖ਼ਤ ਲਿਖਦਾ ਸੀ। ਜਦੋਂ ਇਹ ਕਾਲਮ ਸੰਪਾਦਿਤ ਕਰਨ ਵਾਲੇ ਉਪ-ਸੰਪਾਦਕ ਆਈਵਰ ਜੇਹੂ ਨੂੰ ਉਸ ਦੀ ਅਸਲੀ ਪਛਾਣ ਬਾਰੇ ਪਤਾ ਲੱਗਿਆ ਤਾਂ ਉਸ ਨੇ ਕਰੰਜੀਆ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ। ਟਾਈਮਜ਼ ਔਫ ਇੰਡੀਆ ਨੇ ਉਸ ਨੂੰ ਈਵਨਿੰਗ ਸਟੈਂਡਰਡ ਅਖ਼ਬਾਰ ਵਿਚ ਸਿਖਲਾਈ ਲਈ ਲੰਡਨ ਭੇਜ ਦਿੱਤਾ। ਉਸ ਨੂੰ ਈਵਨਿੰਗ ਸਟੈਂਡਰਡ ਰਾਸ ਨਾ ਆਇਆ ਅਤੇ ਉਹ ਟੇਬਲੌਇਡ ਡੇਲੀ ਮਿਰਰ ਨਾਲ ਕੰਮ ਕਰਨ ਲੱਗਿਆ। ਹਿੰਦੋਸਤਾਨ ਪਰਤ ਕੇ ਉਸ ਨੇ ਮਹਾਤਮਾ ਗਾਂਧੀ ਬਾਰੇ ਇਕ ਆਲੋਚਨਾਤਮਕ ਰਿਪੋਰਟ ਲਿਖੀ। ਇਹ ਰਿਪੋਰਟ ਛਪਣ ’ਤੇ ਹੰਗਾਮਾ ਹੋ ਗਿਆ।

ਮਹਾਤਮਾ ਗਾਂਧੀ ਨਾਲ ਆਰ.ਕੇ. ਕਰੰਜੀਆ।

ਜਵਾਹਰਲਾਲ ਨਹਿਰੂ ਨਾਲ ਉਸ ਦੀ ਜਾਣ-ਪਛਾਣ ਇਸੇ ਰਿਪੋਰਟ ਕਾਰਨ ਹੋਈ। ਨਹਿਰੂ ਨੇ ਦਲੀਲਾਂ ਦਿੰਦਿਆਂ ਉਸ ਨੂੰ ਖ਼ੂਬ ਫਿਟਕਾਰ ਪਾਈ। ਕਰੰਜੀਆ ਉੱਤੇ ਇਸ ਘਟਨਾ ਦਾ ਇੰਨਾ ਅਸਰ ਹੋਇਆ ਕਿ ਉਸ ਨੇ ਫੌਰੀ ਚਿੱਠੀ ਰਾਹੀਂ ਮਹਾਤਮਾ ਗਾਂਧੀ ਤੋਂ ਮੁਆਫ਼ੀ ਮੰਗੀ ਅਤੇ ਇਸ ਰਿਪੋਰਟ ਦੇ ਸੇਵਾਫਲ ਵਜੋਂ ਮਿਲੇ 250 ਰੁਪਏ ਉਨ੍ਹਾਂ ਦੇ ਹਰੀਜਨ ਫੰਡ ਲਈ ਦਾਨ ਕਰ ਦਿੱਤੇ। ਇਸ ਸਦਕਾ ਨਹਿਰੂ ਅਤੇ ਕਰੰਜੀਆ ਦਾ ਰਿਸ਼ਤਾ ਵਕਤ ਬੀਤਣ ਨਾਲ ਵਧੇਰੇ ਗਹਿਰਾ ਅਤੇ ਪੀਢਾ ਹੁੰਦਾ ਗਿਆ। ਉਹ ਮਹੀਨੇ ਨਹਿਰੂ ਦੀ ਇੰਟਰਵਿਊ ਲੈਂਦਾ ਅਤੇ ਇਸ ਨੂੰ ਪ੍ਰਕਾਸ਼ਿਤ ਕਰਦਾ। ਇਹ ਸਿਲਸਿਲਾ ਨਹਿਰੂ ਦੇ ਦੇਹਾਂਤ ਤਕ ਲਗਾਤਾਰ ਜਾਰੀ ਰਿਹਾ। ਜਵਾਹਰਲਾਲ ਨਹਿਰੂ ਨੇ ਸਭ ਤੋਂ ਵਧੇਰੇ ਇੰਟਰਵਿਊ ਆਰ.ਕੇ. ਕਰੰਜੀਆ ਜਾਂ ‘ਬਲਿਟਜ਼’ ਨੂੰ ਦਿੱਤੇ। ਦੋਵਾਂ ਦਰਮਿਆਨ ਕਈ ਵਾਰ ਤਕਰਾਰ ਵੀ ਹੋਈ, ਪਰ ਇੰਟਰਵਿਊ ਦਾ ਸਿਲਸਿਲਾ ਕਦੇ ਨਹੀਂ ਰੁਕਿਆ।
ਭਾਰਤੀ ਪੱਤਰਕਾਰੀ ਦੇ ਇਤਿਹਾਸ ਦਾ ਸੁਨਹਿਰੀ ਪੰਨਾ ਬਣੇ ‘ਬਲਿਟਜ਼’ ਦੀ ਸਥਾਪਨਾ ਕਰੰਜੀਆ ਨੇ 1941 ਵਿਚ 3000 ਰੁਪਏ ਵਿਚ ਆਪਣੇ ਪ੍ਰੈਸ ਲਗਾ ਕੇ ਕੀਤੀ। ਇਸ ਤੋਂ ਪਹਿਲਾਂ ਉਸ ਨੇ ਸੰਡੇ ਸਟੈਂਡਰਡ ਅਤੇ ਫਿਰ ਮੌਰਨਿੰਗ ਸਟੈਂਡਰਡ ਦਾ ਸੰਪਾਦਨ ਕੀਤਾ, ਪਰ ‘ਬਲਿਟਜ਼’ ਦਾ ਆਪਣਾ ਸੁਪਨਾ ਪੂਰਾ ਕਰਨ ਲਈ ਉਸ ਨੇ ਆਪਣਾ ਸਭ ਕੁਝ ਦਾਅ ’ਤੇ ਲਾ ਦਿੱਤਾ। ਨਵੇਂ ਰੂਪ ਵਿਚ ਛਪਦਾ ‘ਬਲਿਟਜ਼’ ਹਿੰਦੋਸਤਾਨ ਦਾ ਪਹਿਲਾ ਨਵੇਂ ਲਹਿਜੇ ਅਤੇ ਵਧੇਰੇ ਨਿਡਰਤਾ ਨਾਲ ਖ਼ਬਰਾਂ ਛਾਪਣ ਵਾਲਾ ਟੇਬਲੌਇਡ ਸੀ। ਅੰਗਰੇਜ਼ੀ ਦੇ ਨਾਲ ਨਾਲ ਇਸ ਦੇ ਉਰਦੂ ਅਤੇ ਹਿੰਦੀ ਦੇ ਸੰਸਕਰਣ ਵੀ ਸ਼ੁਰੂ ਹੋਏ। ਇਹ ਬਾਅਦ ਵਿਚ ਮਰਾਠੀ ਵਿਚ ਵੀ ਛਪਣ ਲੱਗਿਆ। ਉਨ੍ਹਾਂ ਸਮਿਆਂ ਵਿਚ ਹਿੰਦੋਸਤਾਨੀ ਪੱਤਰਕਾਰੀ ਵਧੇਰੇ ਕਰਕੇ ਪ੍ਰੈਸ ਨੋਟਾਂ ਅਤੇ ਚਿੰਤਨਮੂਲਕ ਵਿਸ਼ਲੇਸ਼ਣਾਤਮਕ (ਜਿਨ੍ਹਾਂ ਨੂੰ ਨੀਰਸ ਮੰਨਿਆ ਜਾਂਦਾ ਸੀ) ਲੇਖਾਂ ’ਤੇ ਆਧਾਰਿਤ ਸੀ। ਆਰ.ਕੇ. ਕਰੰਜੀਆ ਨੇ ਇਸ ਖੜੋਤ ਨੂੰ ਸ਼ਿੱਦਤ ਨਾਲ ਤੋੜਿਆ ਅਤੇ ਤੱਥਾਤਮਕ ਖੋਜਮੂਲਕ ਪੱਤਰਕਾਰੀ ਦੀ ਨੀਂਹ ਰੱਖੀ। ਉਹ ‘ਕਾਂਗਰਸੀ ਖੱਬੇਪੱਖੀ’ ਸੀ। 1942 ਦੇ ‘ਭਾਰਤ ਛੱਡੋ ਅੰਦੋਲਨ’ ਦੌਰਾਨ ‘ਬਲਿਟਜ਼’ ਦਾ ਦਫ਼ਤਰ ਰੂਪੋਸ਼ ਹੋਏ ਕਾਂਗਰਸੀ ਖੱਬੇਪੱਖੀਆਂ ਲਈ ਪਨਾਹਗਾਹ ਬਣ ਗਿਆ। ਨਹਿਰੂ ਉਸ ਸਮੇਂ ਜੇਲ੍ਹ ਵਿਚ ਸਨ। ਉਨ੍ਹਾਂ ਨੂੰ ‘ਬਲਿਟਜ਼’ ਪੜ੍ਹਣ ਦੀ ਆਦਤ ਸੀ ਅਤੇ ਉਨ੍ਹਾਂ ਨੂੰ ਇਹ ਪੜ੍ਹਣ ਨਹੀਂ ਦਿੱਤਾ ਜਾਂਦਾ ਸੀ। ਇਸ ’ਤੇ ਕਰੰਜੀਆ ਨੇ ਲਾਰਡ ਸੋਰੇਂਸਨ ਰਾਹੀਂ ਇਹ ਮੁੱਦਾ ਹਾਊਸ ਔਫ ਕੌਮਨਜ਼ ਵਿਚ ਉਠਵਾਇਆ। ਖ਼ਬਰ ਲਈ ਕਰੰਜੀਆ ਕਦੇ ਸਮਝੌਤਾ ਨਹੀਂ ਸੀ ਕਰਦਾ। ‘ਸੌਦਾ’ ਤਾਂ ਬਹੁਤ ਦੂਰ ਦੀ ਗੱਲ ਹੈ। ਉਸ ਨੇ ਖੋਜਪੂਰਨ ਲੋਕ ਹਿੱਤਕਾਰੀ ਪੱਤਰਕਾਰੀ ਨੂੰ ਨਵੇਂ ਆਯਾਮ ਬਖ਼ਸ਼ੇ। ਵਿਚਾਰਧਾਰਾ ਦੀ ਗੱਲ ਵੱਖਰੀ ਹੈ, ਪਰ ਕਰੰਜੀਆ ਅਤੇ ਉਸ ਦੇ ਸਹਿਕਰਮੀਆਂ ਦੀ ਕਲਮ ਕਦੇ ਕਿਸੇ ਅੱਗੇ ਝੁਕੀ ਨਹੀਂ। 25000 ਦੀ ਇਸ਼ਾਇਤ ਨਾਲ ਸ਼ੁਰੂ ਹੋਏ ‘ਬਲਿਟਜ਼’ ਦੇ ਅੱਗੇ ਚੱਲ ਦਸ ਲੱਖ ਪਾਠਕ ਬਣ ਗਏ। ਇਸ ਵਿਚ ਸੜਕਾਂ ਤੋਂ ਲੈ ਕੇ ਸੰਸਦ ਤਕ ਦੀਆਂ ਅਹਿਮ ਖੋਜ ਭਰਪੂਰ ਖ਼ਬਰਾਂ ਛਪਦੀਆਂ ਸਨ। ਮੋਰਾਰਜੀ ਦੇਸਾਈ ਖ਼ਿਲਾਫ਼ ਰਿਪੋਰਟਿੰਗ ਕਾਰਨ ਕਰੰਜੀਆ ਨੂੰ ਸੰਸਦ ਵੱਲੋਂ ਤਾੜਨਾ ਵੀ ਝੱਲਣੀ ਪਈ। ਉਹ ਵੀ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨਾਲ ਗਹਿਰੀ ਦੋਸਤੀ

ਅਮਰੀਕ

ਦੇ ਹੁੰਦਿਆਂ। ਇਸ ਘਟਨਾ ਬਾਬਤ ਇਕ ਕਿੱਸਾ ਪ੍ਰਸਿੱਧ ਹੈ। ਨਹਿਰੂ ਨੇ ਕਰੰਜੀਆ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਸੰਸਦ ਵੱਲੋਂ ਤਾੜਨਾ ਸਮੇਂ ਉਹ ਆਪਣੀ ਪੱਤਰਕਾਰਾਂ ਵਾਲੀ ਸ਼ੈਲੀ ਦਾ ਮੁਜ਼ਾਹਰਾ ਨਾ ਕਰੇ। ਉਸ ਨੇ ਨਹਿਰੂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਗੱਲ ਮੰਨੇਗਾ। ਤਾੜਨਾ ਦੌਰਾਨ ਉਹ ਚੁੱਪਚਾਪ ਸਭ ਕੁਝ ਸੁਣਦਾ ਤੇ ਸਹਿੰਦਾ ਰਿਹਾ। ਅਖੀਰ ਵਿਚ ਉਸ ਨੂੰ ਫਰਸ਼ ਉੱਤੇ ਨੱਕ ਰਗੜਨ ਲਈ ਕਿਹਾ ਗਿਆ। ਉਸ ਨੇ ਫੌਰੀ ਅਜਿਹਾ ਕੀਤਾ, ਪਰ ਹੱਥ ਨਾਲ ਨੱਕ ਸਾਫ਼ ਕਰਦਿਆਂ ਨਾਲ ਹੀ ਕਿਹਾ, ‘‘ਉਫ਼! ਇੰਨੀ ਧੂੜ ਏ ਏਥੇ! ਤੁਸੀਂ ਸੰਸਦ ਨੂੰ ਏਨੀ ਗੰਦੀ ਰੱਖਦੇ ਹੋ!’’ ਇਸ ਘਟਨਾ ਮਗਰੋਂ ਮੋਰਾਰਜੀ ਦੇਸਾਈ ਨਾਲ ਉਸ ਦੀ ਅਣਬਣ ਹੋ ਗਈ। ਇੰਦਰਾ ਯੁੱਗ ਦੌਰਾਨ ਜਦੋਂ ਮੋਰਾਰਜੀ ਦੇਸਾਈ ਸਿੰਡੀਕੇਟ ਦੇ ਸਭ ਤੋਂ ਵੱਡੇ ਆਗੂ ਵਜੋਂ ਉਭਰੇ ਤਾਂ ‘ਬਲਿਟਜ਼’ ਨੇ ਉਨ੍ਹਾਂ ਖ਼ਿਲਾਫ਼ ਮੁਹਿੰਮ ਛੇੜ ਦਿੱਤੀ। ਕਰੰਜੀਆ ਨੇ ਆਪਣੇ ਲੇਖਾਂ ਵਿਚ ਉਨ੍ਹਾਂ ਨੂੰ ‘ਮੋਰਾਰ ਜਿੰਨ’ ਅਤੇ ‘ਮੋਰਾਰ ਜ਼ਹਿਰ’ ਜਿਹੇ ਸ਼ਬਦਾਂ ਨਾਲ ਤਸ਼ਬੀਹ ਦਿੱਤੀ।
ਨਹਿਰੂ ਅਤੇ ਬਾਅਦ ਵਿਚ ਇੰਦਰਾ ਗਾਂਧੀ ਨਾਲ ਬਹੁਤ ਨਿੱਘੇ ਸਬੰਧਾਂ ਦੇ ਬਾਵਜੂਦ ‘ਬਲਿਟਜ਼’ ਵਿਚ ਕੇਂਦਰ ਅਤੇ ਸੂਬਾਈ ਸਰਕਾਰਾਂ ਦੇ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਬਾਰੇ ਪ੍ਰਮਾਣ ਸਮੇਤ ਖੋਜਪੂਰਨ ਖ਼ਬਰਾਂ ਵਿਸਥਾਰ ਸਹਿਤ ਛਪਦੀਆਂ ਸਨ। ਇਸ ਮਾਮਲੇ ਵਿਚ ਕਰੰਜੀਆ ਨੇ ਨਹਿਰੂ ਪਰਿਵਾਰ ਦੀ ਤੀਜੀ ਪੀੜ੍ਹੀ ਦੇ ਰਾਜੀਵ ਗਾਂਧੀ ਨੂੰ ਵੀ ਨਹੀਂ ਬਖ਼ਸ਼ਿਆ ਜਿਸ ਨੂੰ ਉਹ ਬਹੁਤ ਸਨੇਹ ਕਰਦਾ ਸੀ। ਇਸ ਸਭ ਦੇ ਬਾਵਜੂਦ ਨਹਿਰੂ, ਇੰਦਰਾ ਅਤੇ ਰਾਜੀਵ ਨੇ ਕਰੰਜੀਆ ਨੂੰ ਸਭ ਤੋਂ ਵਧੇਰੇ ਇੰਟਰਵਿਊ ਦਿੱਤੇ। ਉਸ ਦੇ ਪੁਰਾਣੇ ਸਹਿਕਰਮੀਆਂ ਅਤੇ ਸਹਿਯੋਗੀਆਂ ਦੇ ਦੱਸਣ ਮੁਤਾਬਿਕ ਆਰ.ਕੇ. ਕਰੰਜੀਆ ਨੇ ਕਦੇ ਇਹ ਗੱਲ ਲੁਕਾਈ ਨਹੀਂ ਸੀ ਕਿ ਪ੍ਰਧਾਨ ਮੰਤਰੀ ਨਾਲ ਉਸ ਦੇ ਦੋਸਤਾਨਾ ਸਬੰਧ ਹਨ ਅਤੇ ਉਸ ਦੇ ਇਕ ਵਾਰ ਫੋਨ ਕਰਨ ’ਤੇ ਹੀ ਉਸ ਨਾਲ ਗੱਲਬਾਤ ਕਰਦੇ ਹਨ। ਸਮਕਾਲੀ ਦਰਬਾਰੀ ਪੱਤਰਕਾਰੀ ਵਿਚ ਬਹੁਤ ਘੱਟ ਸੰਪਾਦਕ ਅਜਿਹੇ ਬਚੇ ਹੋਣਗੇ। ਆਰ.ਕੇ. ਕਰੰਜੀਆ ਦੇ ਪ੍ਰਧਾਨ ਮੰਤਰੀਆਂ ਦੇ ‘ਦਰਬਾਰ’ ਵਿਚ ਬੇਰੋਕ ਆਉਣ-ਜਾਣ ਸੀ, ਪਰ ਉਹ ‘ਦਰਬਾਰੀ’ ਨਹੀਂ ਸੀ। ਜਵਾਹਰਲਾਲ ਨਹਿਰੂ ਦੇ ਦੇਹਾਂਤ ਮਗਰੋਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨਾਲ ਉਸ ਦੇ ਸਬੰਧ ‘ਖੱਟੇ-ਮਿੱਠੇ’ ਰਹੇ।
ਪ੍ਰਧਾਨ ਮੰਤਰੀਆਂ, ਮੁੱਖ ਮੰਤਰੀਆਂ ਅਤੇ ਵੱਡੇ ਅਫ਼ਸਰਸ਼ਾਹਾਂ ਨੂੰ ਨਿਰਉਚੇਚ ਮਿਲਦਾ ਕਰੰਜੀਆ ਮੁੰਬਈ ਸਥਿਤ ਆਪਣੇ ਦਫ਼ਤਰ ਆਉਣ ਵਾਲੇ ਕਿਸੇ ਵੀ ਆਮ ਵਿਅਕਤੀ ਨੂੰ ਪੂਰਾ ਮਾਣ-ਤਾਣ ਦਿੰਦਿਆਂ ਮਿਲਦਾ ਸੀ। ਹਰ ਮਿਲਣ ਵਾਲੇ ਨੂੰ ਉਹ ਉੱਠ ਕੇ ਆਪਣੇ ਕੈਬਿਨ ਵਿਚ ਵਿਦਾ ਕਰਦਾ ਸੀ। ਮਾਣਹਾਨੀ ਦਾ ਅਦਾਲਤੀ ਨੋਟਿਸ ਜਾਂ ਸੰਮਣ ਲੈ ਕੇ ਆਏ ਸਿਪਾਹੀ ਨੂੰ ਵੀ ਚਾਹ ਪਿਆ ਕੇ ਭੇਜਦਾ ਸੀ। ਫਰੀਲਾਂਸ ਪੱਤਰਕਾਰਾਂ ਨੂੰ ‘ਬਲਿਟਜ਼’ ਪ੍ਰਤੀ ਕਾਲਮ (ਜਿਵੇਂ ਉਦੋਂ ਸਾਰੇ ਅਖ਼ਬਾਰਾਂ ਵਿਚ ਰਿਵਾਜ ਸੀ) ਦੇ ਹਿਸਾਬ ਨਾਲ ਸੇਵਾਫਲ ਦੇਣ ਦੀ ਬਜਾਏ ਹਰ ਮਹੀਨੇ ਦੇ ਅੰਤ ’ਤੇ ਤਨਖ਼ਾਹ ਵਾਂਗ ਭੁਗਤਾਨ ਕਰਦਾ ਸੀ। ‘ਬਲਿਟਜ਼’ ਦੇ ਸਥਾਈ ਕਾਲਮਨਵੀਸ ਖਵਾਜਾ ਅਹਿਮਦ ਅੱਬਾਸ ਨੇ ਆਪਣੀਆਂ ਯਾਦਾਂ ਵਿਚ ਇਕ ਥਾਂ ਲਿਖਿਆ ਹੈ ਕਿ ਰੂਸੀ (ਕਰੰਜੀਆ) ਉਸ ਨੂੰ ਹਰ ਮਹੀਨੇ ਪੰਜ ਰੁਪਏ ਦੇ ਕੜਕਦੇ ਨੋਟਾਂ ਦੀ 500 ਰੁਪਏ ਦੀ ਗੁੱਟੀ ਦਿੰਦਾ ਸੀ। ਇਸ ਅਖ਼ਬਾਰ ਲਈ ਲਿਖਣ ਵਾਲੇ ਹੋਰ ਲੇਖਕਾਂ/ ਪੱਤਰਕਾਰਾਂ ਦੇ ਵੀ ਅਜਿਹੇ ਹੀ ਅਨੁਭਵ ਹਨ। ਹਾਲਾਂਕਿ ਅਖ਼ਬਾਰ ਨੂੰ ਇਸ਼ਤਿਹਾਰ ਘੱਟ ਮਿਲਦੇ ਸਨ ਅਤੇ ਮੁੱਖ ਆਰਥਿਕ ਸਰੋਤ ਉਸ ਦੀ ਵੱਡੀ ਇਸ਼ਾਇਤ ਹੀ ਸੀ। ਕਈਆਂ ਨੇ ਉਸ ’ਤੇ ਇਹ ਇਲਜ਼ਾਮ ਵੀ ਲਾਇਆ ਕਿ ਉਸ ਨੂੰ ਰੂਸ ਤੋਂ ਤਕੜਾ ਪੈਸਾ ਮਿਲਦਾ ਹੈ। ਸੱਜੇ ਪੱਖੀਆਂ ਦਾ ਅਫ਼ਵਾਹ ਤੰਤਰ ਉਦੋਂ ਵੀ ਸਕ੍ਰਿਆ ਸੀ ਜਿਨ੍ਹਾਂ ਨੇ ਕਰੰਜੀਆ ਨੂੰ ਕਈ ਵਾਰ ਕੇਜੀਬੀ ਦਾ ਏਜੰਟ ਕਿਹਾ। ਉਂਜ ਕੋਈ ਵੀ ਇਸ ਬਾਰੇ ਕੋਈ ਸਬੂਤ ਨਹੀਂ ਦੇ ਸਕਿਆ ਅਤੇ ਕਰੰਜੀਆ ਨੇ ਕਦੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ। ਇਹ ਗੱਲ ਵੱਖਰੀ ਹੈ ਕਿ ਜ਼ਿੰਦਗੀ ਦੇ ਅੰਤਲੇ ਪੜਾਅ ਦੌਰਾਨ ਉਸ ਦਾ ਝੁਕਾਅ ਸੱਜੇਪੱਖੀਆਂ ਵੱਲ ਹੋ ਗਿਆ ਅਤੇ ‘ਬਲਿਟਜ਼’ ਦੀ ਇਸ਼ਾਇਤ ਵੀ ਘਟ ਗਈ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਸੰਸਥਾ ਦਾ ਰੂਪ ਲੈ ਚੁੱਕਿਆ ਆਰ.ਕੇ. ਕਰੰਜੀਆ ਬਾਜ਼ਾਰ ਨੂੰ ਕਾਬੂ ਕਰਦੇ ‘ਮੀਡੀਆ ਦੇ ਖੇਮੇ’ ਵਿਚ ਨਹੀਂ ਗਿਆ ਅਤੇ ਆਪਣੀਆਂ ਸ਼ਰਤਾਂ ਤੇ ਜ਼ਿੱਦ ਨਾਲ ਪੱਤਰਕਾਰੀ ਦੇ ਖੇਤਰ ਵਿਚ ਟਿਕਿਆ ਰਿਹਾ। ਉਸ ਦੇ ਜੀਵਨ ਦੌਰਾਨ ਹੀ ‘ਮੀਡੀਆ’ ਅਤੇ ‘ਪੱਤਰਕਾਰੀ’ ਦਰਮਿਆਨ ਲਕੀਰ ਖਿੱਚੀ ਜਾ ਚੁੱਕੀ ਸੀ। ਅਜਿਹੇ ਮਾਹੌਲ ਵਿਚ ਉਸ ਜਿਹਾ ਬੇਬਾਕ ਤੇ ਨਿਡਰ ਸੰਪਾਦਕ-ਪੱਤਰਕਾਰ ਆਪਣੇ ਅਤੇ ਆਪਣੇ ਅਖ਼ਬਾਰ ਦੇ ਮੂਲ ਵਜੂਦ ਨੂੰ ਕਿੰਨਾ ਕੁ ਚਿਰ ਕਾਇਮ ਰੱਖ ਸਕਦਾ ਸੀ? ਜਦੋਂ ਤਕ ਹਿੰਮਤ ਰਹੀ, ਉਸ ਨੇ ਅਜਿਹਾ ਕੀਤਾ। ਉਸ ਮਗਰੋਂ ‘ਬਲਿਟਜ਼’ ਦੀ ਮਲਕੀਅਤ ਵਿਜੈ ਮਾਲਿਆ ਹੱਥ ਆ ਗਈ। (ਕਦੇ ਅਜਿਹੇ ਸੈਂਕੜੇ ਪੂੰਜੀਵਾਦੀਆਂ ਨੂੰ ਉਸ ਦੀ ਕਲਮ ਅਤੇ ਪੱਤਰਕਾਰੀ ਦੋ ਕੌਡੀਆਂ ਦਾ ਵੀ ਨਹੀਂ ਮੰਨਦੀ ਸੀ)।
ਆਰ.ਕੇ. ਕਰੰਜੀਆ ਦੇ ਉਸ ਵੇਲੇ ਦੇ ਹੋਰ ਮੁਲਕਾਂ ਦੇ ਰਾਸ਼ਟਰਪਤੀਆਂ ਆਦਿ ਨਾਲ ਵੀ ਨਿੱਘੇ ਸਬੰਧ ਸਨ। ਉਸ ਵੱਲੋਂ ਚੀਨ ਦੇ ਰਾਸ਼ਟਰਪਤੀ ਚਾਓ-ਐਨ-ਲਾਈ, ਕਿਊਬਾ ਦੇ ਫੀਦਲ ਕਾਸਤਰੋ, ਜਮਾਲ ਅਬਦੁਲ ਨਾਸਿਰ ਅਤੇ ਮਾਰਸ਼ਲ ਟੀਟੋ ਦੇ ਇੰਟਰਵਿਊਜ਼ ਦੀ ਪੂਰੀ ਦੁਨੀਆ ਵਿਚ ਚਰਚਾ ਹੋਈ। ਉਸ ਦੌਰ ਵਿਚ ਵੱਡੇ ਤੋਂ ਵੱਡੇ ਪੱਤਰਕਾਰ-ਸੰਪਾਦਕ ਅਤੇ ਉਹ ਵੀ ਕਿਸੇ ਹਫ਼ਤਾਵਾਰੀ ਅਖ਼ਬਾਰ ਦੇ ਦੀ ਵੀ ਇੰਨੀ ‘ਪਹੁੰਚ’ ਨਹੀਂ ਸੀ! ਰਫ਼ੀਕ ਜ਼ਕਾਰੀਆ, ਆਨੰਦ ਸਹਾਏ, ਮਹਿੰਦਰ ਵੈਦ, ਪੀ. ਸਾਈਨਾਥ, ਸੁਧੀਂਦਰ ਕੁਲਕਰਨੀ ਜਿਹਿਆਂ ਇਕ ਤਰ੍ਹਾਂ ਕਰੰਜੀਆਂ ਤੋਂ ਪੱਤਰਕਾਰੀ ਦੇ ਗੁਰ ਸਿੱਖੇ। ਵਿਨੋਦ ਮਹਿਤਾ ਵੀ ਉਸ ਦਾ ਮੁਰੀਦ ਸੀ। ਉੱਘੇ ਕਾਰਟੂਨਿਸਟ ਆਰ.ਕੇ. ਲਕਸ਼ਮਣ ਨੇ ‘ਬਲਿਟਜ਼’ ਲਈ ਕਈ ਸਾਲ ਕਾਰਟੂਨ ਬਣਾਏ। ਆਪਣੇ ਦੌਰ ਦੇ ਪ੍ਰਸਿੱਧ ਪ੍ਰਗਤੀਸ਼ੀਲ ਲੇਖਕ ਅਤੇ ਫਿਲਮਸਾਜ਼ ਖਵਾਜਾ ਅਹਿਮਦ ਅੱਬਾਸ ਲਗਾਤਾਰ 40 ਸਾਲ ‘ਬਲਿਟਜ਼’ ਵਿਚ ਆਪਣਾ ਬੇਬਾਕ ਕਾਲਮ ਲਿਖਿਆ।
ਆਰ.ਕੇ. ਕਰੰਜੀਆ ਦੇ ਨਾਂ ਇਕ ਹੋਰ ਰਿਕਾਰਡ ਦਰਜ ਹੈ। ਬਤੌਰ ਸੰਪਾਦਕ-ਪੱਤਰਕਾਰ ਉਸ ਖ਼ਿਲਾਫ਼ ਮਾਣਹਾਨੀ ਦੇ ਜਿੰਨੇ ਮੁਕੱਦਮੇ ਚੱਲੇ, ਭਾਰਤ ਵਿਚ ਕਿਸੇ ਹੋਰ ਪੱਤਰਕਾਰ-ਸੰਪਾਦਕ ਉੱਤੇ ਨਹੀਂ ਚੱਲੇ। ਜ਼ਿਆਦਾਤਰ ਮਾਮਲਿਆਂ ਵਿਚੋਂ ਉਹ ਇਸ ਲਈ ਬਰੀ ਹੋਇਆ ਕਿਉਂਕਿ ਉਹ ਸਬੂਤਾਂ ਸਮੇਤ ਲਿਖਦਾ ਸੀ। ਮਾਣਹਾਨੀ ਦੇ ਇਕ ਮੁਕੱਦਮੇ ਵਿਚ ਤਿੰਨ ਲੱਖ ਜ਼ੁਰਮਾਨੇ ਵਜੋਂ ਦੇਣ ਦੇ ਅਦਾਲਤ ਦੇ ਹੁਕਮ ਨੂੰ ਖ਼ੁਸ਼ੀ ਨਾਲ ਤਾਮੀਲ ਕੀਤਾ।
ਭਾਰਤੀ ਪੱਤਰਕਾਰੀ ਦਾ ਇਹ ਯੁੱਗ ਪੁਰਸ਼ ਇਕ ਫਰਵਰੀ 2008 ਨੂੰ ਚਲਾਣਾ ਕਰ ਗਿਆ। 67 ਸਾਲ ਪਹਿਲਾਂ ਇਸੇ ਦਿਨ ਭਾਵ ਇਕ ਫਰਵਰੀ ਨੂੰ ਹੀ ‘ਬਲਿਟਜ਼’ ਦਾ ਪਹਿਲਾ ਅੰਕ ਪ੍ਰਕਾਸ਼ਿਤ ਹੋਇਆ ਸੀ।
ਸੰਪਰਕ: 79862-36409


Comments Off on ਭਾਰਤੀ ਪੱਤਰਕਾਰੀ ਦਾ ਯੁੱਗ ਪੁਰਸ਼ ਆਰ.ਕੇ. ਕਰੰਜੀਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.