ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ

Posted On February - 26 - 2020

27 ਨੂੰ ਸ਼ਹੀਦੀ ਦਿਵਸ ’ਤੇ ਵਿਸ਼ੇਸ਼

ਹਰਦੀਪ ਸਿੰਘ ਝੱਜ

ਬੱਬਰ ਅਕਾਲੀ ਲਹਿਰ ਬ੍ਰਿਟਿਸ਼ ਪੰਜਾਬ ਵਿਚ ਗ਼ਦਰ ਲਹਿਰ (21 ਅਪਰੈਲ, 1913) ਤੋਂ ਬਾਅਦ ਹੋਂਦ ’ਚ ਆਈ ਕ੍ਰਾਂਤੀਕਾਰੀ ਲਹਿਰ ਸੀ, ਜਿਸ ਨੇ ਬਰਤਾਨਵੀ ਹਕੂਮਤ ਦੇ ਸਾਮਰਾਜਵਾਦੀ ਸ਼ਾਸ਼ਨ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। 20 ਫਰਵਰੀ, 1921 ਨੂੰ ਅਗਰੇਜ਼ ਸਰਕਾਰ ਖਾਸ ਤੌਰ ’ਤੇ ਸੀਐੱਮ ਕਿੰਗ ਤੇ ਸੀਐੱਮ ਬੌਰਿੰਗ ਦੇ ਇਸ਼ਾਰੇ ’ਤੇ ਮਹੰਤ ਨਰਾਇਣ ਦਾਸ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਚ ਕਰਵਾਇਆ ਗਿਆ ਖ਼ੂਨੀ ਸਾਕਾ ਅਤੇ ਗੁਰੂ-ਕਾ-ਬਾਗ਼ (1922) ’ਚ ਸਿੰਘਾਂ ’ਤੇ ਵਹਿਸ਼ੀ ਤਸ਼ੱਦਦ ਨੂੰ ਇਸ ਲਹਿਰ ਦਾ ਤਤਕਾਲੀ ਕਾਰਨ ਮੰਨਿਆ ਜਾਂਦਾ ਹੈ। 1926 ਤੱਕ ਚੱਲੀ ਇਸ ਲਹਿਰ ’ਚ ਅਨੇਕਾਂ ਸੂਰਵੀਰਾਂ ਦਾ ਅਹਿਮ ਸਥਾਨ ਰਿਹਾ। ਪਰ ਕਿਸ਼ਨ ਸਿੰਘ ਗੜਗੱਜ ਦੀ ਬੇ-ਮਿਸਾਲ ਕੁਰਬਾਨੀ ਨੇ ਭਾਰਤ ਦੇ ਆਜ਼ਾਦੀ ਸੰਗ੍ਰਾਮ ਨੂੰ ਅਮਰਤਾ ਬਖਸ਼ੀ।
ਕਿਸ਼ਨ ਸਿੰਘ ਗੜਗੱਜ ਦਾ ਜਨਮ 1891 ਈ: ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਬੜਿੰਗ ਵਿਚ ਫ਼ਤਹਿ ਸਿੰਘ ਅਤੇ ਮਾਤਾ ਜੀਵੀ ਦੇ ਘਰ ਹੋਇਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਅਤੇ ਜਲੰਧਰ ਛਾਉਣੀ ਤੋਂ ਹਾਸਲ ਕੀਤੀ। ਕਿਸ਼ਨ ਸਿੰਘ 1906 ਈ: ਵਿਚ 47ਵੀਂ ਸਿੱਖ ਬਟਾਲੀਅਨ ਵਿਚ ਸਿਪਾਹੀ ਭਰਤੀ ਹੋਏ ਅਤੇ 15 ਵਰ੍ਹੇ ਦੀ ਨੌਕਰੀ ਦੌਰਾਨ ਤਰੱਕੀ ਕਰ ਕੇ 2/35ਵੀਂ ਸਿੱਖਸ ’ਚ ਹੌਲਦਾਰ ਮੇਜਰ ਦੀ ਪਦਵੀ ’ਤੇ ਪਹੁੰਚੇ। ਉਨ੍ਹਾਂ ਦਾ ਵਿਆਹ ਪਿੰਡ ਨੰਗਲ ਫ਼ਤਹਿ ਖਾਂ (ਚੋ ਵਾਲਾ ਨੰਗਲ) ਦੀ ਧਰਮ ਕੌਰ ਪੁੱਤਰੀ ਲੰਬੜਦਾਰ ਮਈਆ ਸਿੰਘ ਨਾਲ ਹੋਇਆ। ਉਨ੍ਹਾਂ ਦੀ ਵੱਡੀ ਲੜਕੀ ਬੀਬੀ ਜੀਤ ਕੌਰ ਅਤੇ ਦੋ ਛੋਟੇ ਲੜਕੇ ਇੰਦਰਜੀਤ ਸਿੰਘ ਅਤੇ ਗੁਰਮੁਖ ਸਿੰਘ ਕ੍ਰਮਵਾਰ ਗਿਆਰਾਂ, ਅੱਠ ਅਤੇ ਚਾਰ ਸਾਲ ਦੇ ਸਨ, ਜਦੋਂ ਕਿਸ਼ਨ ਸਿੰਘ ਗੜਗੱਜ ਨੂੰ ਕੇਂਦਰੀ ਜੇਲ੍ਹ, ਲਾਹੌਰ ਵਿਚ ਫਾਂਸੀ ਦਿੱਤੀ ਗਈ। ਇਸ ਤੋਂ ਪਹਿਲਾਂ ਕਿਸ਼ਨ ਸਿੰਘ ’ਤੇ ਗੁਰਦੁਆਰਾ ਰਕਾਬ ਗੰਜ (1914) ਦੀ ਕੰਧ ਢਾਉਣਾ, 29 ਸਤੰਬਰ 1914 ਵਿਚ ਕਾਮਾਗਾਟਾਮਾਰੂ ਜਹਾਜ਼ ਦੇ ਗ਼ਦਰੀਆਂ ਨੂੰ ਬਜਬਜ ਬੰਦਰਗਾਹ (ਕਲਕੱਤਾ) ’ਤੇ ਗੋਲੀਆਂ ਨਾਲ ਭੁੰਨ ਸੁੱਟਣਾ, 13 ਅਪਰੈਲ 1919 ਨੂੰ ਜੱਲ੍ਹਿਆਂਵਾਲਾ ਬਾਗ਼ ਦਾ ਖ਼ੂਨੀ ਸਾਕਾ ਅਤੇ 21 ਫਰਵਰੀ 1921 ਵਿਚ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਨੇ ਡੂੰਘਾ ਪ੍ਰਭਾਵ ਪਾਇਆ। ਮਾਰਚ 1920 ਵਿਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਦਾ ਅਹੁਦਾ ਸੰਭਾਲਿਆ, ਪਰ ਕਿਸ਼ਨ ਸਿੰਘ ਅਕਾਲੀ ਆਗੂਆਂ ਦੇ ਸ਼ਾਂਤਮਈ ਪ੍ਰੋਗਰਾਮ ਦਾ ਹਮਾਇਤੀ ਨਹੀਂ ਸੀ। ਨਵੰਬਰ, 1920 ਵਿੱਚ ਉਨ੍ਹਾਂ ਨੇ ਪਿੰਡ ਰੁੜਕਾ ਕਲਾਂ ਅਤੇ 6 ਦਸੰਬਰ ਨੂੰ ਹਰੀਪੁਰ ਦੇ ਦੀਵਾਨ ’ਚ ਇਕੱਠ ’ਚ ਪਹੁੰਚ ਕੇ ਇਨਕਲਾਬੀ ਭਾਸ਼ਣ ਦਿੱਤਾ। ਇਸ ਸਮੇਂ ਤੱਕ ਉਨ੍ਹਾਂ ਨੇ ‘ਚੱਕਰਵਰਤੀ ਅਕਾਲੀ ਜਥਾ’ ਬਣਾ ਲਿਆ ਸੀ। ਮਗਰੋਂ ਕਿਸ਼ਨ ਸਿੰਘ ਨੇ ਅੰਗਰੇਜ਼ ਹਕੂਮਤ ਵਿਰੁੱਧ ਆਵਾਜ਼ ਚੁੱਕੀ ਅਤੇ ਸਰਕਾਰ ਦੀ ਸਖ਼ਤ ਨੁਕਤਾਚੀਨੀ ਕੀਤੀ। ਸਰਕਾਰ ਨੇ ਉਨ੍ਹਾਂ ਦਾ ਕੋਰਟ ਮਾਰਸ਼ਲ ਕਰ ਕੇ 28 ਦਿਨ ਦੀ ਸਖ਼ਤ ਸਜ਼ਾ ਸੁਣਾ ਕੇ ਜੇਲ੍ਹ ਭੇਜ ਦਿੱਤਾ।

ਹਰਦੀਪ ਸਿੰਘ ਝੱਜ

ਕਿਸ਼ਨ ਸਿੰਘ ਗੜਗੱਜ 1921 ਈ: ਵਿਚ ਜੇਲ੍ਹ ਤੋਂ ਰਿਹਾਅ ਹੁੰਦਿਆਂ ਹੀ ਅੰਗਰੇਜ਼ ਸਰਕਾਰ ਦੀ ਫ਼ੌਜੀ ਨੌਕਰੀ ਤਿਆਗ ਕੇ ਅਤੇ 22 ਰੁਪਏ ਮਹੀਨਾ ਪੈਨਸ਼ਨ ’ਤੇ ਆਪਣੇ ਪਿੰਡ ਪਹੁੰਚ ਕੇ ਸਮਾਜਿਕ ਕੰਮਾਂ ਦੇ ਨਾਲ-ਨਾਲ ਅਕਾਲੀ ਲਹਿਰ ਵਿਚ ਸਰਗਰਮ ਹੋ ਗਏ। ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਬਾਦਸ਼ਾਹ ਅਮਾਨਉੱਲਾ ਅਤੇ ਜਰਨੈਲ ਨਾਦਰ ਖਾਂ ਨਾਲ ਰਾਬਤਾ ਬਣਾਇਆ ਹੋਇਆ ਸੀ। ਆਪਣੀ ਸੋਚ ਨੂੰ ਅਮਲ ’ਚ ਲਿਆਉਣ ਲਈ 19 ਤੋਂ 21 ਮਾਰਚ, 1921 ਦੌਰਾਨ ਹੁਸ਼ਿਆਰਪੁਰ ਵਿੱਚ ਹੋਈ ਸਿੱਖ ਵਿੱਦਿਅਕ ਕਾਨਫ਼ਰੰਸ ਵਿਚ ਗਰਮ ਖ਼ਿਆਲੀ ਆਗੂ ਕਿਸ਼ਨ ਸਿੰਘ ਗੜਗੱਜ, ਮਾਸਟਰ ਮੋਤਾ ਸਿੰਘ ਅਤੇ 14 ਹੋਰ ਅਕਾਲੀ ਨੇਤਾਵਾਂ ਨੇ ਵੱਖਰਾ ਇਕੱਠ ਕੀਤਾ। ਇੱਥੇ ਕਿਸ਼ਨ ਸਿੰਘ ਨੇ ਕਿਹਾ ਕਿ ਅੰਗਰੇਜ਼ੀ ਸਰਕਾਰ ਦਾ ਸਾਹਮਣਾ ਸ਼ਾਂਤਮਈ ਸੰਘਰਸ਼ ਨਾਲ ਨਹੀਂ ਹੋ ਸਕਦਾ। ਮਗਰੋਂ ਕਿਸ਼ਨ ਸਿੰਘ ਸਮੇਤ ਇਨ੍ਹਾਂ ਇਨਕਲਾਬੀਆਂ ਨੇ ਸਭ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਵਿਚ 1921 ਨੂੰ ਹੋਏ ਖ਼ੂਨੀ ਦੁਖ਼ਾਂਤ ਦੇ ਜ਼ਿੰਮੇਵਾਰ ਵਿਅਕਤੀਆਂ, ਖਾਸ ਤੌਰ ’ਤੇ ਸੁਪਰਡੈਂਟ ਪੁਲੀਸ ਜੇ.ਡਬਲਿਊ. ਬੌਰਿੰਗ ਨੂੰ ਸਜ਼ਾ ਦੇਣ ਦਾ ਫ਼ੈਸਲਾ ਕੀਤਾ। ਮਗਰੋਂ ਬ੍ਰਿਟਿਸ਼ ਸਰਕਾਰ ਦੁਆਰਾ ਫੜ੍ਹੇ ਗਏ ਬੱਬਰਾਂ ’ਤੇ ‘ਪਹਿਲਾ ਬੱਬਰ ਅਕਾਲੀ ਸਾਜਿਸ਼ ਕੇਸ’ 1922 ਈ: ਵਿਚ ਚਲਾਇਆ ਗਿਆ। ਪੁਲੀਸ ਨੇ ਕਿਸ਼ਨ ਸਿੰਘ ਗੜਗੱਜ ਸਮੇਤ ਵਤਨ ਸਿੰਘ ਕਾਹਰੀ ਸਾਹਰੀ, ਗੁਰਬਚਨ ਸਿੰਘ ਅੰਬਾਲਾ, ਮਾਸਟਰ ਮੋਤਾ ਸਿੰਘ ਅਤੇ ਬਿਜਲਾ ਸਿੰਘ ਨੂੰ ਇਸ਼ਤਿਹਾਰੀ ਮੁਲਜ਼ਮ ਐਲਾਨ ਕੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਸਭ ਤੋਂ ਵੱਧ ਕਿਸ਼ਨ ਸਿੰਘ ਗੜਗੱਜ ਦੀ ਗ੍ਰਿਫ਼ਤਾਰੀ ਲਈ 2,000 ਰੁਪਏ ਦਾ ਇਨਾਮ ਰੱਖਿਆ ਗਿਆ। ਇਸੇ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਪੱਤਰ ਨੰਬਰ-13900 ਮਿਲਟਰੀ, ਤਾਰੀਕ 26 ਅਪਰੈਲ 1922 ਰਾਹੀਂ ਕਿਸ਼ਨ ਸਿੰਘ ਦੀਆਂ ਇਨ੍ਹਾਂ ਗਤੀਵਿਧੀਆਂ ਦੀ ਸੂਚਨਾ ਹਿੰਦੁਸਤਾਨ ਸਰਕਾਰ ਨੂੰ ਭੇਜਦਿਆਂ ਉਨ੍ਹਾਂ ਦੀ ਪੈਨਸ਼ਨ ਜ਼ਬਤ ਕਰਨ ਦੀ ਸਲਾਹ ਦਿੱਤੀ। ਸਰਕਾਰ ਨੇ ਇਸ ’ਤੇ ਅਮਲ ਕਰਦਿਆਂ ਪੈਨਸ਼ਨ ਸਰਕੂਲਰ ਨੰਬਰ-170, ਤਾਰੀਕ 15 ਅਪਰੈਲ 1920 ਵਿਚਲਾ ਕ੍ਰਮ ਅੰਕ 18261, ਜਿੱਥੇ ਕਿਸ਼ਨ ਸਿੰਘ ਹੌਲਦਾਰ ਨੂੰ ਪੈਨਸ਼ਨ ਦੇਣ ਸਬੰਧੀ ਹਵਾਲਾ ਦਰਜ ਸੀ, ਰੱਦ ਕਰ ਦਿੱਤਾ ਅਤੇ 20 ਜੂਨ, 1922 ਦੇ ਪੱਤਰ ਰਾਹੀਂ ਜ਼ਿਲ੍ਹਾ ਲਾਹੌਰ ਦੇ ਕੰਟਰੋਲ ਮਿਲਟਰੀ ਅਕਾਊਂਟਸ ਨੂੰ ਹਿਦਾਇਤ ਕੀਤੀ ਕਿ ਹੌਲਦਾਰ ਕਿਸ਼ਨ ਸਿੰਘ ਨੂੰ ਅਦਾ ਕੀਤੀ ਜਾ ਚੁੱਕੀ ਪੈਨਸ਼ਨ ਤੋਂ ਅਗਲੀ ਪੈਨਸ਼ਨ ਦੀ ਅਦਾਇਗੀ ਬੰਦ ਕੀਤੀ ਜਾਵੇ।
ਨਵੰਬਰ, 1921 ਤੋਂ ਅਗਸਤ 1922 ਤੱਕ ਦੁਆਬੇ ਦੇ ਅਨੇਕਾਂ ਪਿੰਡਾਂ ਵਿਚ ਕਿਸ਼ਨ ਸਿੰਘ ਨੇ ਪ੍ਰਚਾਰ ਕਰ ਕੇ ਲੋਕਾਂ ਵਿਚ ਅੰਗਰੇਜ਼ੀ ਸਾਮਰਾਜ ਵਿਰੁੱਧ ਜਜ਼ਬਾ ਪੈਦਾ ਕੀਤਾ। ਅਗਸਤ, 1922 ਵਿਚ ਬੱਬਰਾਂ ਦੀ ਇਕ ਸਾਂਝੀ ਮੀਟਿੰਗ ਪਿੰਡ ਗੋਜੇਵਾਲ ’ਚ ਹੋਈ। ਇਸ ਵਿਚ ਲਹਿਰ ਦਾ ਨਾਂ ‘ਬੱਬਰ ਅਕਾਲੀ’ ਰੱਖਿਆ ਗਿਆ ਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੂੰ ਮੁਖੀ, ਦਲੀਪ ਸਿੰਘ ਗੋਸਲ ਨੂੰ ਸਕੱਤਰ ਅਤੇ ਭਾਈ ਸੰਤਾ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਅਗਸਤ 1922 ਵਿਚ ਬੱਬਰ ਅਕਾਲੀ ਵੱਲੋਂ ‘ਬੱਬਰ ਅਕਾਲੀ ਦੁਆਬਾ’ ਨਾਂ ਦੀ ਪੱਤ੍ਰਿਕਾ ਸ਼ੁਰੂ ਕੀਤੀ। ਜਿਸ ’ਤੇ ਗੁਰੂ ਗ੍ਰੰਥ ਸਾਹਿਬ ਦੀਆਂ ਇਹ ਸਤਰਾਂ ਅੰਕਿਤ ਸਨ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ।।
ਇਸ ਤੋਂ ਪਹਿਲਾਂ ਸਾਰੀ ਕਾਰਵਾਈ ‘ਚੱਕਰਵਰਤੀ ਜਥੇ’ ਦੇ ਨਾਂ ਹੇਠ ਹੁੰਦੀ ਸੀ। ਕਿਸ਼ਨ ਸਿੰਘ ਨੂੰ ਫੜ੍ਹਨਾ ਸੌਖਾ ਨਹੀਂ ਸੀ, ਪਰ ਉਨ੍ਹਾਂ ਦੇ ਪਿੰਡ ਵਿੜਿੰਗ ਦੇ ਕਾਬਲ ਸਿੰਘ ਗ਼ਦਾਰ (ਜਵਾਈ ਲਾਭ ਸਿੰਘ) ਨੇ ਵਿਸ਼ਵਾਸਘਾਤ ਕੀਤਾ। ਉਸ ਦੀ ਮਿਸਟਰ ਐਚ.ਮੈਥਿਊਜ਼, ਸਹਾਇਕ ਪੁਲੀਸ ਸੁਪਰਡੈਂਟ ਜਲੰਧਰ ਨੂੰ ਦਿੱਤੀ ਮੁਖ਼ਬਰੀ ’ਤੇ 26 ਫਰਵਰੀ, 1923 ਈ: ਨੂੰ ਕਿਸ਼ਨ ਸਿੰਘ ਨੂੰ ਪੰਡੋਰੀ ਮਾਹਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਸਰਕਾਰ ਨੇ ਕਿਸੇ ਨੇੜੇ ਦੀ ਜੇਲ੍ਹ ਵਿਚ ਰੱਖਣਾ ਖ਼ਤਰਨਾਕ ਸਮਝਿਆ ਅਤੇ ਮੀਆਂਵਾਲੀ ਜੇਲ੍ਹ (ਪਾਕਿਸਤਾਨ) ਵਿਚ ਭੇਜਿਆ। 2 ਜੂਨ, 1924 ਤੋਂ ਉਨ੍ਹਾਂ ’ਤੇ ਇਕ ਸਪੈਸ਼ਲ ਅਦਾਲਤ ਬਣਾ ਕੇ ਮੁਕੱਦਮਾ ਸ਼ੁਰੂ ਕੀਤਾ ਗਿਆ। ਬੱਬਰ ਅਕਾਲੀ ਲਹਿਰ ਦੇ ਪ੍ਰਚਾਰ ਲਈ ਕਿਸ਼ਨ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਵੱਖ-ਵੱਖ ਸਟੇਜਾਂ ’ਤੇ ਕਰੀਬ 357 ਜ਼ੋਸ਼ੀਲੇ ਭਾਸ਼ਣ ਦਿੱਤੇ।
ਕਿਸ਼ਨ ਸਿੰਘ ਗੜਗੱਜ ਵਿਰੁੱਧ ਚਲਾਏ ਗਏ ਮੁਕੱਦਮੇ ਦਾ ਫ਼ੈਸਲਾ ਸੈਸ਼ਨ ਜੱਜ ਜੇ.ਕੇ. ਟੋਪ ਨੇ 28 ਫਰਵਰੀ, 1925 ਨੂੰ ਸੁਣਾਇਆ। ਜੱਜ ਨੇ ਆਪਣੇ ਫ਼ੈਸਲੇ ਵਿਚ ਲਿਖਿਆ ਕਿ ਜਥੇਦਾਰ ਕਿਸ਼ਨ ਸਿੰਘ ਗੜਗੱਜ, ਬੱਬਰ ਅਕਾਲੀ ਸਾਜ਼ਿਸ ਦਾ ਮਾਸਟਰ ਮਾਈਂਡ, ਜਥੇਬੰਦ ਕਰਨ ਵਾਲਾ ਤੇ ਲਹਿਰ ਦਾ ਸਿਰਜਕ ਹੈ। ਇਨ੍ਹਾਂ ਸਜ਼ਾਵਾਂ ਵਿਰੁੱਧ ਬੱਬਰਾਂ ਵੱਲੋਂ ਐਡਵੋਕੇਟ ਰਘੂਨਾਥ ਸਹਾਏ ਹਾਈ ਕੋਰਟ ਵਿਚ ਪੇਸ਼ ਹੋਏ। 19 ਜਨਵਰੀ, 1926 ਨੂੰ ਹਾਈਕੋਰਟ ਨੇ ਦੂਜੇ ਸਾਜਿਸ਼ ਕੇਸ ਵਿਚ ਫ਼ੈਸਲਾ ਸੁਣਾਇਆ, ਜਿਸ ਵਿਚ ਕਿਸ਼ਨ ਸਿੰਘ ਗੜਗੱਜ ਨੂੰ ਹੋਰ ਪੰਜ ਬੱਬਰ ਅਕਾਲੀਆਂ ਕਰਮ ਸਿੰਘ (ਪਿੰਡ ਮਾਣਕੋ, ਜ਼ਿਲ੍ਹਾ ਜਲੰਧਰ), ਭਾਈ ਸੰਤਾ ਸਿੰਘ (ਪਿੰਡ ਹਰਿਆਉ ਖੁਰਦ, ਜ਼ਿਲ੍ਹਾ ਲੁਧਿਆਣਾ), ਦਲੀਪ ਸਿੰਘ (ਪਿੰਡ ਧਾਮੀਆਂ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ), ਭਾਈ ਧਰਮ ਸਿੰਘ (ਪਿੰਡ ਹਯਾਤਪੁਰ, ਜ਼ਿਲ੍ਹਾ ਹੁਸ਼ਿਆਪੁਰ) ਅਤੇ ਭਾਈ ਨੰਦ ਸਿੰਘ (ਪਿੰਡ ਘੁੜਿਆਲ, ਜ਼ਿਲ੍ਹਾ ਜਲੰਧਰ) ਸਮੇਤ ਬਰਤਾਨਵੀ ਹਕੂਮਤ ਵਿਰੁੱਧ ਬਗਾਵਤ ਕਰਨ ਦੇ ਦੋਸ਼ ਵਿਚ ਫ਼ਾਸੀ ਦੀ ਸਜ਼ਾ ਸੁਣਾਈ ਗਈ।
ਆਖ਼ਰ 27 ਫਰਵਰੀ, 1926 ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੂੰ 35 ਸਾਲ ਦੀ ਉਮਰ ’ਚ ਫ਼ਾਸੀ ਦੇ ਤਖ਼ਤੇ ’ਤੇ ਲਟਕਾ ਦਿੱਤਾ ਗਿਆ। ਮਗਰੋਂ ਭਗਤ ਸਿੰਘ ਨੇ 15 ਮਾਰਚ, 1926 ਦੇ ‘ਪਰਤਾਪ’ ਪਰਚੇ ਵਿਚ ‘ਪੰਜਾਬੀ ਯੁਵਕ’ ਦੇ ਨਾਂ ਹੇਠ ਇਕ ਲੇਖ ਲਿਖਿਆ, ‘‘27 ਫਰਵਰੀ ਹੋਲੀ ਵਾਲੇ ਦਿਨ ਜਦੋਂ ਅਸੀਂ ਖੇਡਣ ਵਿਚ ਰੁੱਝੇ ਹੋਏ ਸਾਂ, ਉਸ ਸਮੇਂ ਇਸ ਵਿਸ਼ਾਲ ਪੰਜਾਬ ਦੇ ਇਕ ਕੋਨੇ ਵਿਚ ਇਹ ਜ਼ਬਰਦਸਤ ਕਾਂਡ ਵਾਪਰਿਆ। ਸੁਣੋਗੇ ਤਾਂ ਡਰ ਜਾਓਗੇ, ਕੰਬ ਉਠੋਗੇ। ਲਾਹੌਰ ਕੇਂਦਰੀ ਜੇਲ੍ਹ ਵਿਚ ਉਸ ਦਿਨ ਛੇ ਬੱਬਰ ਅਕਾਲੀਆਂ ਨੂੰ ਫਾਂਸੀ ਦਿੱਤੀ ਗਈ।’’
ਦੇਖਿਆ ਜਾਵੇ ਤਾਂ ਕਿਸ਼ਨ ਸਿੰਘ ਬੱਬਰ ਅਕਾਲੀ ਲਹਿਰ ਦਾ ਉਸੇ ਤਰ੍ਹਾਂ ਦਾ ਹੀ ਮਹਾਨ ਸਿਰਜਕ ਸੀ, ਜਿਸ ਤਰ੍ਹਾਂ ਗ਼ਦਰ ਲਹਿਰ ਲਈ ਕਰਤਾਰ ਸਿੰਘ ਸਰਾਭਾ ਤੇ ਇਨਕਲਾਬੀ ਲਹਿਰ ਲਈ ਸ਼ਹੀਦ ਭਗਤ ਸਿੰਘ। ਉਸ ਨੇ ਆਪਣੇ ਦੇਸ਼ ਦੀ ਸੇਵਾ ਲਈ ਕੀਤੇ ਬਚਨ ’ਤੇ ਪੂਰੀ ਅਡੋਲਤਾ ਨਾਲ ਪਹਿਰਾ ਦਿੱਤਾ। ਅਜੋਕੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਤਿਆਗ ਤੇ ਸਵੈ-ਸਮਰਪਣ ਜ਼ਿੰਦਗੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
ਸੰਪਰਕ: 94633-64992


Comments Off on ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.