ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ

Posted On February - 17 - 2020

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 16 ਫਰਵਰੀ
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸਕੂਲੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਭਾਵੇਂ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਮੌਜੂਦਾ ਸਮੇਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪਹਿਲਕਦਮੀ ਅਤੇ ਅਧਿਆਪਕਾਂ ਦੀ ਲਗਨ ਸਦਕਾ ਕਾਫ਼ੀ ਸਰਕਾਰੀ ਸਕੂਲਾਂ ਦੀ ਦਸ਼ਾ ਅਤੇ ਦਿਸ਼ਾ ਜ਼ਰੂਰ ਬਦਲੀ ਹੈ ਪਰ ਹਾਲੇ ਵੀ ਸਰਕਾਰੀ ਸਕੂਲ, ਨਿੱਜੀ ਸਕੂਲਾਂ ਦੀ ਬਰਾਬਰੀ ਕਰਨ ਤੋਂ ਕੋਹਾਂ ਦੂਰ ਹਨ।
ਸਰਕਾਰੀ ਖਜ਼ਾਨੇ ਦਾ ਮੂੰਹ ਬੰਦ ਹੋਣ ਕਾਰਨ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਖ਼ੂਬਸੂਰਤ ਬਣਾਉਣ ਲਈ ਅਧਿਆਪਕਾਂ ਨੂੰ ਦਾਨੀਆਂ ਅੱਗੇ ਹੱਥ ਅੱਡਣੇ ਪੈ ਰਹੇ ਹਨ। ਦੂਜੇ ਪਾਸੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਫੰਡਾਂ ਨੂੰ ਭ੍ਰਿਸ਼ਟਾਚਾਰ ਤੰਤਰ ਕਾਰਨ ਖੋਰਾ ਲੱਗ ਰਿਹਾ ਹੈ। ਕਈ ਪੇਂਡੂ ਸਕੂਲਾਂ ਵਿਚ ਟਾਟ ਨਾ ਹੋਣ ਕਾਰਨ ਬੱਚਿਆਂ ਦੇ ਠੰਢ ਵਿਚ ਭੁੰਜੇ ਬੈਠ ਕੇ ਪੜ੍ਹਨ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪਿੱਛੇ ਜਿਹੇ ਸਰਕਾਰ ਨੇ ਸੂਬੇ ਵਿਚ ਵੱਡੀ ਗਿਣਤੀ ਸਕੂਲਾਂ ਨੂੰ ਅੱਪਗਰੇਡ ਕੀਤਾ ਸੀ ਪਰ ਵਿਦਿਆਰਥੀਆਂ ਦੇ ਬੈਠਣ ਲਈ ਲੋੜ ਅਨੁਸਾਰ ਕਲਾਸ ਰੂਮ ਨਾ ਹੋਣ ਕਾਰਨ ਕਈ ਥਾਵਾਂ ’ਤੇ ਇਕ ਰੂਮ ਵਿਚ ਦੋ-ਦੋ ਕਲਾਸਾਂ ਬਿਠਾ ਕੇ ਪੜ੍ਹਾਉਣ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਦੂਜੇ ਪਾਸੇ ਦਿੱਲੀ ਵਿਚ ਸਿੱਖਿਆ ਸੁਧਾਰਾਂ ਉੱਤੇ ਮੋਹਰ ਲਗਾ ਕੇ ਲੋਕਾਂ ਨੇ ‘ਆਪ’ ਦੀ ਤੀਜੀ ਵਾਰ ਸਰਕਾਰ ਬਣਾਈ ਹੈ। ਕੇਜਰੀਵਾਲ ਸਰਕਾਰ ਨੇ ਗ਼ਰੀਬ ਬੱਚੇ ਨੂੰ ਅਮੀਰ ਬੱਚੇ ਦੀ ਬਰਾਬਰੀ ’ਤੇ ਲਿਆ ਖੜ੍ਹਾ ਕੀਤਾ ਹੈ, ਜਿਸ ਦੀ ਤਾਈਦ ਚੋਣਾਂ ਵਿਚ ਆਮ ਨਾਗਰਿਕ ਨੇ ‘ਆਪ’ ਦੇ ਹੱਕ ਵਿਚ ਭੁਗਤ ਕੇ ਕੀਤੀ ਹੈ। ਸਵਾਲ ਇਹ ਉੱਠਦਾ ਹੈ ਕਿ ਕੀ 2022 ਵਿਚ ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੌਜੂਦਾ ਹੁਕਮਰਾਨ ਸਿੱਖਿਆ ਸੁਧਾਰਾਂ ਦੇ ਨਾਂ ’ਤੇ ਵੋਟ ਮੰਗਣ ਲਈ ਲੋਕਾਂ ਦੀ ਕਚਹਿਰੀ ’ਚ ਜਾ ਸਕਣਗੇ?
ਉਧਰ, ਸਰਕਾਰੀ ਸਕੂਲਾਂ ਦਾ ਨਤੀਜਾ ਵਧੀਆ ਦਿਖਾਉਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਗਰੇਸ ਅੰਕਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਹੁਣ ਨਵਾਂ ਪਾਸ ਫਾਰਮੂਲਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਧਿਆਪਕਾਂ ਨੂੰ ਆਪਣੇ ਹੱਕਾਂ ਲਈ ਧਰਨੇ ਦੇਣੇ ਪੈ ਰਹੇ ਹਨ। ਸਾਲਾਨਾ ਪ੍ਰੀਖਿਆਵਾਂ ਸਿਰ ’ਤੇ ਹਨ ਪਰ ਕਈ ਥਾਵਾਂ ’ਤੇ ਅਧਿਆਪਕ ਬੈਨਰ ਤੇ ਪੋਸਟਰ ਲੈ ਕੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਲਈ ਸ਼ਹਿਰਾਂ ਤੇ ਪਿੰਡਾਂ ’ਚ ਹੋਕਾ ਦਿੰਦੇ ਫਿਰ ਰਹੇ ਹਨ।
ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸੁਧਾਰਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਬਣਾਈ ਗਈ ਰੈਸ਼ਨੇਲਾਈਜ਼ੇਸ਼ਨ ਨੀਤੀ ਵੀ ਬਹੁਤੀ ਕਾਰਗਰ ਸਾਬਤ ਨਹੀਂ ਹੋਈ। ਇਸ ਨੀਤੀ ’ਤੇ ਵੀ ਸਵਾਲ ਉੱਠਦੇ ਰਹੇ ਹਨ। ਸਿੱਖਿਆ ਵਿਭਾਗ ਵਿਚ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਅਧਿਆਪਕ ਇਕੋ ਅਸਾਮੀ ਉੱਤੇ ਸਾਰੀ ਉਮਰ ਕੰਮ ਕਰਦਿਆਂ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਨੂੰ ਤਰੱਕੀ ਦਾ ਮੌਕਾ ਹੀ ਨਹੀਂ ਮਿਲਦਾ। ਪੰਜਾਬ ਸਰਕਾਰ ਤਰੱਕੀ ਦੀ ਸਮਾਂ-ਸੀਮਾਂ ਤੈਅ ਕਰਨ ਵਿਚ ਨਾਕਾਮ ਸਾਬਤ ਹੋਈ ਹੈ।
ਉਧਰ, ਸਿੱਖਿਆ ਵਿਭਾਗ ਦੇ ਅੰਕੜਿਆਂ ਮੁਤਾਬਕ ਹੁਣ ਤੱਕ 52.42 ਕਰੋੜ ਰੁਪਏ ਸਕੂਲੀ ਗਰਾਂਟ ਦਿੱਤੀ ਜਾ ਚੁੱਕੀ ਹੈ। ਸਮਾਰਟ ਸਕੂਲਾਂ ਲਈ 60 ਕਰੋੜ ਰੁਪਏ ਖ਼ਰਚੇ ਜਾ ਚੁੱਕੇ ਹਨ ਅਤੇ ਕਰੀਬ 25 ਕਰੋੜ ਰੁਪਏ ਹੋਰ ਖ਼ਰਚੇ ਜਾ ਰਹੇ ਹਨ। ਇੰਜ ਹੀ ਸਮਾਰਟ ਕਲਾਸ-ਰੂਮ ਬਣਾਉਣ ਲਈ ਕਰੀਬ 45 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਇਹ ਕੰਮ ਅਗਲੇ ਸਾਲ ਮੁਕੰਮਲ ਕਰ ਲਿਆ ਜਾਵੇਗਾ। ਸਰਕਾਰੀ ਸਕੂਲਾਂ ਦੀ ਮੁਰੰਮਤ ਆਦਿ ’ਤੇ 58.91 ਕਰੋੜ ਰੁਪਏ, ਸਕੂਲ ਲਾਇਬਰੇਰੀ ਕਿਤਾਬਾਂ ਲਈ ਸਵਾ 8 ਕਰੋੜ ਰੁਪਏ, ਸਕੂਲ ਖੇਡਾਂ ਲਈ 18.19 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।

ਸਕੂਲੀ ਸਿੱਖਿਆ ਵਿਚ ਸੁਧਾਰ ਆਇਆ: ਡਾਇਰੈਕਟਰ ਐੱਸਸੀਈਆਰਟੀ

ਐੱਸਸੀਈਆਰਟੀ ਦੇ ਡਾਇਰੈਕਟਰ-ਕਮ-ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿਚ ਡੇਢ ਲੱਖ ਅਧਿਆਪਕ ਅਤੇ ਦਫ਼ਤਰੀ ਸਟਾਫ਼ ਹੈ, ਜਿਨ੍ਹਾਂ ਦੀ ਤਨਖ਼ਾਹ ਤੇ ਹੋਰਨਾਂ ਕੰਮਾਂ ’ਤੇ ਕਰੀਬ 12 ਹਜ਼ਾਰ ਕਰੋੜ ਰੁਪਏ ਹਰੇਕ ਸਾਲ ਖ਼ਰਚ ਕੀਤੇ ਜਾ ਰਹੇ ਹਨ ਅਤੇ ਮੌਜੂਦਾ ਸਮੇਂ ਸਕੂਲੀ ਸਿੱਖਿਆ ਵਿਚ ਸੁਧਾਰ ਆਇਆ ਹੈ। ਲਗਪਗ ਸਾਰੇ ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਮੀਡੀਅਮ ਪੜ੍ਹਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਅਧਿਆਪਕ ਸਿਖਲਾਈ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਨਵ-ਨਿਯੁਕਤ ਸਕੂਲ ਮੁਖੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਆਈਐੱਸਬੀ ਕੈਂਪਸ ਵਿਚ ਗੁਣਕਾਰੀ ਸਿਖਲਾਈ ਦਿੱਤੀ ਗਈ ਹੈ। ਈ-ਕੰਟੈਂਟ ਅਤੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਸਫ਼ਲਤਾਪੂਰਵਕ ਤਰੀਕੇ ਨਾਲ ਚੱਲ ਰਿਹਾ ਹੈ। ਇਸ ਕਾਰਨ ਮਾਰਚ 2019 ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਧੀਆ ਨਤੀਜੇ ਆਏ ਹਨ। ਉਨ੍ਹਾਂ ਦੱਸਿਆ ਕਿ ਕਲਾਸ-ਰੂਮ ਵਿਚ ਛੋਟੇ ਬੱਚਿਆਂ ਨੂੰ ਕਿਤਾਬਾਂ ਪੜ੍ਹਾਉਣ ਦੇ ਨਾਲ-ਨਾਲ ਵੀਡੀਓ ਅਤੇ ਸਕਰੀਨ ’ਤੇ ਬੋਲ ਕੇ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਕਿਉਂਕਿ ਛੋਟੇ ਬੱਚੇ ਕੋਈ ਵੀ ਚੀਜ਼ ਸਕਰੀਨ ’ਤੇ ਦੇਖ ਕੇ ਜ਼ਿਆਦਾ ਸਿੱਖਦੇ ਹਨ।


Comments Off on ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.