ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਪ੍ਰਚਾਰ ਦਾ ਮਜ਼ਬੂਤ ਤੰਤਰ

Posted On February - 22 - 2020

ਅਸੀਮ ਚਕਰਵਰਤੀ

ਕਦੋਂ ਕਿਸ ਪ੍ਰੋਗਰਾਮ ਵਿਚ ਜਾਣਾ ਹੈ, ਕਿੱਥੇ ਕੀ ਬੋਲਣਾ ਹੈ? ਅਤੇ ਕਿਸ ਪਾਰਟੀ ਵਿਚ ਜਾ ਕੇ ਕਿੰਨਾ ਸਮਾਂ ਰੁਕਣਾ ਹੈ, ਇਹ ਸਭ ਅਸੀਂ ਖ਼ੁਦ ਤੈਅ ਕਰਦੇ ਹਾਂ, ਪਰ ਫ਼ਿਲਮੀ ਸਿਤਾਰਿਆਂ ਨਾਲ ਅਜਿਹਾ ਬਿਲਕੁਲ ਨਹੀਂ ਹੈ। ਸਿਤਾਰਿਆਂ ਲਈ ਇਹ ਸਾਰਾ ਕੁਝ ਉਨ੍ਹਾਂ ਦਾ ਪ੍ਰਚਾਰ ਤੰਤਰ ਯਾਨੀ ਕਿ ਪੀਆਰ ਤੈਅ ਕਰਦਾ ਹੈ। ਕਿਸ ਨਾਲ ਘੁਲ ਮਿਲ ਕੇ ਗੱਲ ਕਰਾਂਗੇ, ਜਾਂ ਕੀ ਨਹੀਂ ਕਰਾਂਗੇ, ਕਿਸ ਨਜ਼ਦੀਕੀ ਦੇ ਵਿਆਹ ਵਿਚ ਜਾਣਾ ਸਹੀ ਹੋਵੇਗਾ ਜਾਂ ਨਹੀਂ, ਅਜਿਹੇ ਕਈ ਅਹਿਮ ਮਸਲਿਆਂ ’ਤੇ ਸਿਤਾਰਿਆਂ ਦਾ ਰਿਮੋਟ ਕੰਟਰੋਲ ਪੀਆਰ ਦੇ ਹੱਥ ਵਿਚ ਹੁੰਦਾ ਹੈ। ਕਰੋੜਾਂ ਰੁਪਏ ਕਮਾਉਣ ਦੇ ਬਾਅਦ ਵੀ ਉਨ੍ਹਾਂ ਨੂੰ ਆਪਣੇ ਜੀਵਨ ਦੇ ਛੋਟੇ ਛੋਟੇ ਫ਼ੈਸਲਿਆਂ ਲਈ ਕਿਸੇ ਹੋਰ ’ਤੇ ਨਿਰਭਰ ਕਰਨਾ ਪੈਂਦਾ ਹੈ। ਇਹ ਪੀਆਰ ਹੀ ਹੈ ਜੋ ਉਨ੍ਹਾਂ ਨੂੰ ਸਟਾਰ ਬਣਾਉਣ ਤੋਂ ਲੈ ਕੇ ਸਟਾਰਡਮ ਬਣਾ ਕੇ ਰੱਖਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ।
ਫ਼ਿਲਮੀ ਸਿਤਾਰੇ ਆਪਣੇ ਸਟਾਰਡਮ ਨੂੰ ਕਾਇਮ ਰੱਖਣ ਲਈ ਆਪਣੇ ਪੂਰੇ ਕਰੀਅਰ ਦਾ ਰਿਮੋਟ ਕੰਟਰੋਲ ਕਿਸੇ ਹੋਰ ਨੂੰ ਹੈਂਡਓਵਰ ਕਰਕੇ ਰੱਖਦੇ ਹਨ। ਇਹ ਉਹ ਸ਼ਖ਼ਸ ਹੈ ਜੋ ਪੂਰੀ ਚਤਰਾਈ ਨਾਲ ਤੁਹਾਡੇ ਕਰੀਅਰ ਗ੍ਰਾਫ ਵਿਚ ਇਕ ਸੰਤੁਲਨ ਬਣਾ ਕੇ ਰੱਖਦਾ ਹੈ। ਇਸਨੂੰ ਸਿਤਾਰਿਆਂ ਦਾ ਨਿੱਜੀ ਪੀਆਰ ਕਹਿੰਦੇ ਹਨ।
ਫ਼ਿਲਮ ਇੰਡਸਟਰੀ ਵਿਚ ਪੀਆਰ ਦੋ ਤਰ੍ਹਾਂ ਦਾ ਹੁੰਦਾ ਹੈ। ਇਕ ਫ਼ਿਲਮ ਦਾ ਪੀਆਰ ਯਾਨੀ ਕਿਸੇ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਪ੍ਰਚਾਰ ਦੀ ਪੂਰੀ ਜ਼ਿੰਮੇਵਾਰੀ ਉਸ ਪੀਆਰ ਦੀ ਹੁੰਦੀ ਹੈ। ਦੂਜਾ ਹੁੰਦਾ ਹੈ ਨਿੱਜੀ ਪੀਆਰ। ਨਿੱਜੀ ਪੀਆਰ ਜਗਤ ਬਾਰੇ ਵਿਸਥਾਰ ਨਾਲ ਜਾਣਨਾ ਜ਼ਰੂਰੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸ਼ਾਹਰੁਖ਼ ਖ਼ਾਨ, ਅਕਸ਼ੈ ਕੁਮਾਰ, ਆਮਿਰ ਖ਼ਾਨ, ਰਣਵੀਰ ਸਿੰਘ ਤੋਂ ਸ਼ੁਰੂ ਕਰਕੇ ਅਨੁਸ਼ਕਾ ਸ਼ਰਮਾ, ਦੀਪਿਕਾ ਪਾਦੁਕੋਣ, ਆਲੀਆ ਭੱਟ, ਕੰਗਨਾ ਰਣੌਤ ਤਕ ਸਾਰੇ ਆਪਣੇ ਨਿੱਜੀ ਸਕੱਤਰ ਬਿਨਾਂ ਅਧੂਰੇ ਹਨ। ਇੰਡਸਟਰੀ ਦੇ ਕਈ ਦਿੱਗਜ ਸਿਤਾਰਿਆਂ ਨੂੰ ਇਹ ਨਿੱਜੀ ਪੀਆਰ ਪੂਰੇ ਨਿਯੰਤਰਣ ਵਿਚ ਰੱਖਦੇ ਹਨ। ਇਨ੍ਹਾਂ ਦੀ ਹਰ ਗਤੀਵਿਧੀ ਵਿਚ ਇਸ ਪੀਆਰ ਦੀ ਹੀ ਝਲਕ ਮਿਲਦੀ ਹੈ।
‘ਜਬ ਵੁਈ ਮੈਟ’ ਦੇ ਇਕ ਅਰਸੇ ਬਾਅਦ ‘ਕਬੀਰ ਸਿੰਘ’ ਦੀ ਭਾਰੀ ਸਫਲਤਾ ਨੇ ਸ਼ਾਹਿਦ ਕਪੂਰ ਨੂੰ ਸਟਾਰਡਮ ਦੇ ਇਕ ਅਲੱਗ ਮੁਕਾਮ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਇਹੀ ਵਜ੍ਹਾ ਹੈ ਕਿ ਹੁਣ ਉਹ ਆਪਣੇ ਪੀਆਰ ਦੇ ਬਹੁਤ ਕਰੀਬ ਹੈ। ਚੰਡੀਗੜ੍ਹ ਵਿਚ ਆਪਣੀ ਇਕ ਹੋਰ ਅਹਿਮ ਫ਼ਿਲਮ ‘ਜਰਸੀ’ ਦੀ ਸ਼ੂਟਿੰਗ ਦੌਰਾਨ ਉਸਨੂੰ ਆਪਣੇ ਮਜ਼ਬੂਤ ਪ੍ਰਚਾਰ ਤੰਤਰ ਦਾ ਭਰਪੂਰ ਸਹਾਰਾ ਮਿਲਿਆ। ਸ਼ਾਹਿਦ ਉਂਜ ਵੀ ਘੱਟ ਫ਼ਿਲਮਾਂ ਕਰਦਾ ਹੈ। ਹੁਣ ਤਾਂ ਉਹ ਹੋਰ ਵੀ ਜ਼ਿਆਦਾ ਚੁਣ ਕੇ ਫ਼ਿਲਮਾਂ ਕਰਦਾ ਹੈ। ਅਜਿਹੇ ਵਿਚ ਉਸਦਾ ਪੀਆਰ ਉਸਨੂੰ ਸਿਰਫ਼ ਪ੍ਰਚਾਰ ਵਿਚ ਰੱਖਣ ਲਈ ਉਸਦੀ ਫਿਟਨੈੱਸ ਅਤੇ ਉਸਦੇ ਪਰਿਵਾਰ ਅਤੇ ਬਾਕੀ ਗਤੀਵਿਧੀਆਂ ਦੀਆਂ ਖ਼ਬਰਾਂ ਪਰੋਸਦਾ ਰਹਿੰਦਾ ਹੈ। ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਮੀਡੀਆ ਉਸਦੀ ਪਤਨੀ ਅਤੇ ਬੇਟੀ-ਬੇਟੇ ਨਾਲ ਜੁੜੀਆਂ ਖ਼ਬਰਾਂ ਨੂੰ ਵੀ ਉਭਾਰਨ ਲੱਗਦਾ ਹੈ। ਅਜਿਹੇ ਵਿਚ ਜਦੋਂ ਸ਼ਾਹਿਦ ‘ਜਰਸੀ’ ਵਰਗੀ ਫ਼ਿਲਮ ਵਿਚ ਕੰਮ ਕਰ ਰਿਹਾ ਹੁੰਦਾ ਹੈ ਤਾਂ ਉਸਦਾ ਪੀਆਰ ਉਸਦੇ ਪ੍ਰਚਾਰ ਵਿਚ ਕੋਈ ਕਸਰ ਨਹੀਂ ਛੱਡਦਾ।
ਪਿਛਲੇ ਦਿਨਾਂ ਵਿਚ ਕਰੀਨਾ ਕਪੂਰ ਦੀ ਫ਼ਿਲਮ ‘ਗੁੱਡ ਨਿਊਜ਼’ ਨੇ ਠੀਕ ਠਾਕ ਬਿਜ਼ਨਸ ਕੀਤਾ ਸੀ, ਪਰ ਇਸਦੀ ਸਫਲਤਾ ਦਾ ਸਾਰਾ ਸਿਹਰਾ ਟਿਕਟ ਖਿੜਕੀ ਦੇ ਚਲਾਕ ਖਿਡਾਰੀ ਅਕਸ਼ੈ ਕੁਮਾਰ ਨੂੰ ਹੀ ਮਿਲਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਰੀਨਾ ਇਸ ਸਮੇਂ ਇਕ ਬੀਤ ਚੁੱਕੀ ਅਭਿਨੇਤਰੀ ਹੈ, ਪਰ ਉਸਦਾ ਪੀਆਰ ਬਹੁਤ ਮਜ਼ਬੂਤ ਹੈ। ਜਿਸਦੀ ਮਿਹਰਬਾਨੀ ਨਾਲ ਅੱਜ ਵੀ ਕੁਝ ਵੱਡੇ ਇਸ਼ਤਿਹਾਰ ਉਸ ਕੋਲ ਹਨ। ਜਦੋਂਕਿ ਸਾਰੇ ਜਾਣਦੇ ਹਨ ਕਿ ਬਤੌਰ ਅਭਿਨੇਤਰੀ ਕਰੀਨਾ ਬਹੁਤ ਪਿੱਛੇ ਜਾ ਚੁੱਕੀ ਹੈ। ਵਧਦੀ ਉਮਰ ਦੇ ਨਾਲ ਕਰੀਨਾ ਜਾਣਦੀ ਹੈ ਕਿ ਜੇਕਰ ਕਰੀਅਰ ਦੀ ਗੱਡੀ ਨੂੰ ਲੀਹ ਤੋਂ ਉਤਰਨ ਨਹੀਂ ਦੇਣਾ ਤਾਂ ਪੀਆਰ ਦੀ ਮਦਦ ਕਦਮ ਕਦਮ ’ਤੇ ਲੈਣੀ ਪਵੇਗੀ।
ਸੋਨਮ ਕਪੂਰ ਨੂੰ ਸ਼ੁਰੂ ਤੋਂ ਹੀ ਇਕ ਫਲਾਪ ਅਭਿਨੇਤਰੀ ਮੰਨਿਆ ਗਿਆ ਹੈ, ਪਰ ਉਹ ਹੈ ਕਿ ਇਸ ਗੱਲ ਨੂੰ ਕਦੇ ਵੀ ਕਬੂਲ ਨਹੀਂ ਕਰਦੀ, ਪਰ ਇਸ਼ਤਿਹਾਰਾਂ ਵਿਚ ਉਹ ਜ਼ਰੂਰ ਨਜ਼ਰ ਆਉਂਦੀ ਰਹਿੰਦੀ ਹੈ। ਉਸਦਾ ਪੀਆਰ ਬਹੁਤ ਮਜ਼ਬੂਤ ਹੈ ਜੋ ਫ਼ਿਲਮਾਂ ਤੋਂ ਉਸਦੀ ਵਿਦਾਈ ਦੇ ਬਾਅਦ ਵੀ ਸਰਗਰਮ ਹੈ। ਆਲਮ ਇਹ ਹੈ ਕਿ ਅੱਜ ਵੀ ਉਸਦੇ ਮੁੰਬਈ ਵਿਚ ਆਉਣ ’ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਉਸਦਾ ਪ੍ਰਚਾਰ ਕਰਦਾ ਰਹਿੰਦਾ ਹੈ। ਉਸ ਬਾਰੇ ਇਹ ਮਸ਼ਹੂਰ ਹੈ ਕਿ ਉਹ ਸੈਟਿੰਗ ਚੰਗੀ ਕਰ ਲੈਂਦੀ ਹੈ ਜਿਸਦੇ ਚੱਲਦੇ ਸੋਨਮ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ।
ਕਰਿਸ਼ਮਾ ਕਪੂਰ ਦੀ ਆਖਰੀ ਰਿਲੀਜ਼ ਫ਼ਿਲਮ ਸੀ ‘ਡੇਂਜਰਸ ਇਸ਼ਕ’। 2012 ਦੀ ਇਸ ਫ਼ਿਲਮ ਦੇ ਬਾਅਦ ਉਸਨੇ ਕੈਮਰੇ ਦਾ ਸਾਹਮਣਾ ਨਹੀਂ ਕੀਤਾ, ਪਰ ਭੈਣ ਕਰੀਨਾ ਦੀ ਤਰ੍ਹਾਂ ਉਸਦਾ ਪ੍ਰਚਾਰ ਤੰਤਰ ਵੀ ਬਹੁਤ ਮਜ਼ਬੂਤ ਹੈ। ਇਹ ਉਸਦੇ ਪੀਆਰ ਦਾ ਹੀ ਕਮਾਲ ਹੈ ਕਿ ਉਸ ਬਾਰੇ ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਫਲਾਣੀ ਫ਼ਿਲਮ ਵਿਚ ਉਸਦੇ ਕੰਮ ਕਰਨ ਦੀ ਗੱਲ ਚੱਲ ਰਹੀ ਹੈ, ਪਰ ਉਸਦੀ ਕੋਈ ਫ਼ਿਲਮ ਫਾਈਨਲ ਨਹੀਂ ਹੁੰਦੀ। ਸੂਤਰ ਦੱਸਦੇ ਹਨ ਕਿ ਕਰਿਸ਼ਮਾ ਥੋੜ੍ਹੇ ਸਮੇਂ ਬਾਅਦ ਆਪਣੇ ਮੀਡੀਆ ਮੈਨੇਜਰ ਵੀ ਬਦਲਦੀ ਰਹਿੰਦੀ ਹੈ। ਇਕ ਵਾਰ ਉਸਦੇ ਮੀਡੀਆ ਮੈਨੇਜਰ ਦੀ ਅਣਗਹਿਲੀ ਨਾਲ ਉਸਦੇ ਪ੍ਰੇਮ ਪ੍ਰਸੰਗ ਦੀ ਖ਼ਬਰ ਬਹੁਤ ਫੈਲ ਗਈ ਸੀ।
ਅਦਾਕਾਰ ਆਯੂਸ਼ਮਾਨ ਖੁਰਾਣਾ ਆਪਣੇ ਸਟਾਰਡਮ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਕੇ ਚੱਲਣਾ ਚਾਹੁੰਦਾ ਹੈ। ਉਸਦਾ ਪੀਆਰ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਸਨੂੰ ਸੁਰਖੀਆਂ ਵਿਚ ਰੱਖਦਾ ਹੈ। ਖ਼ਾਸ ਤੌਰ ’ਤੇ ਫ਼ਿਲਮ ‘ਬਾਲਾ’ ਦੇ ਬਾਅਦ ਉਸਦਾ ਸਟਾਰਡਮ ਕਾਫ਼ੀ ਵਧਿਆ ਹੈ। ਉਸਦੀ ਨਵੀਂ ਫ਼ਿਲਮ ‘ਗੁਲਾਬੋ-ਸਿਤਾਬੋ’ ਨੂੰ ਉਸਦਾ ਪੀਆਰ ਖ਼ਾਸ ਢੰਗ ਨਾਲ ਪ੍ਰਚਾਰ ਕਰ ਰਿਹਾ ਹੈ। ਆਯੂਸ਼ਮਾਨ ਕਹਿੰਦਾ ਹੈ, ‘ਮੈਂ ਇਕ ਅਦਾਕਾਰ ਦੇ ਤੌਰ ’ਤੇ ਆਪਣਾ ਸੰਘਰਸ਼ ਜਾਰੀ ਰੱਖਣਾ ਚਾਹੁੰਦਾ ਹਾਂ। ਇਸ ਲਈ ਬਹੁਤ ਜ਼ਿਆਦਾ ਸੁਰਖੀਆਂ ਮੈਨੂੰ ਪਸੰਦ ਨਹੀਂ।’ ਉਸਦਾ ਪੀਆਰ ਉਸਦੀ ਇਸ ਭਾਵਨਾ ਦਾ ਕਾਫ਼ੀ ਧਿਆਨ ਰੱਖਦਾ ਹੈ। ਉਹ ਕੋਈ ਸ਼ਾਹਰੁਖ਼, ਸਲਮਾਨ ਵਾਂਗ ਵੱਡੀ ਹਸਤੀ ਨਹੀਂ ਹੈ, ਪਰ ਕਈ ਵਾਰ ਆਪਣੇ ਸਬੰਧਾਂ ਕਾਰਨ ਉਹ ਕਈ ਵੱਡੇ ਮੌਕਿਆਂ ਨੂੰ ਆਸਾਨੀ ਨਾਲ ਹਾਸਲ ਕਰ ਲੈਂਦਾ ਹੈ। ਨਿਸ਼ਚਤ ਤੌਰ ’ਤੇ ਇਹ ਸਿਰਫ਼ ਉਸਦੇ ਪੀਆਰ ਦਾ ਹੀ ਕਮਾਲ ਹੈ।
ਅਮਿਤਾਭ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਦੇ ਕਰੀਅਰ ਨੂੰ ਨਵੇਂ ਸਿਰੇ ਤੋਂ ਸਥਾਪਿਤ ਕਰਨ ਲਈ ਹੁਣ ਵੱਡੇ ਅਦਾਕਾਰ ਸ਼ਾਹਰੁਖ਼ ਖ਼ਾਨ ਨੇ ਆਪਣਾ ਸਾਰਾ ਜ਼ੋਰ ਲਾ ਦਿੱਤਾ ਹੈ। ਕਈ ਫ਼ਿਲਮ ਨਿਰਮਾਤਾ ਜਿੱਥੇ ਉਸਤੋਂ ਭੱਜਦੇ ਫਿਰਦੇ ਸਨ, ਉੱਥੇ ਸ਼ਾਹਰੁਖ਼ ਨੇ ਆਪਣੇ ਬੈਨਰ ਦੀਆਂ ਤਿੰਨ ਫ਼ਿਲਮਾਂ ਲਈ ਉਸਨੂੰ ਲਿਆ ਹੈ। ਇਹੀ ਵਜ੍ਹਾ ਹੈ ਕਿ ਹੁਣ ਸਿਰਫ਼ ਉਸਦਾ ਪੀਆਰ ਹੀ ਨਹੀਂ ਬਲਕਿ ਸ਼ਾਹਰੁਖ਼ ਦਾ ਪੀਆਰ ਵੀ ਉਸਨੂੰ ਬਿਲਕੁਲ ਨਵੇਂ ਅੰਦਾਜ਼ ਵਿਚ ਮੀਡੀਆ ਸਾਹਮਣੇ ਪੇਸ਼ ਕਰ ਰਿਹਾ ਹੈ। ਉਸਦੀ ਮੁਸ਼ਕਿਲ ਇਹ ਹੈ ਕਿ ਉਸ ਦੀਆਂ ਫ਼ਿਲਮਾਂ ’ਤੇ ਰਿਲੀਜ਼ ਤੋਂ ਪਹਿਲਾਂ ਹੀ ਫਲਾਪ ਦਾ ਠੱਪਾ ਲੱਗ ਜਾਂਦਾ ਹੈ ਜਿਸਨੂੰ ਹੁਣ ਉਸਦਾ ਪੀਆਰ ਸਭ ਤੋਂ ਪਹਿਲਾਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਉਣ ਵਾਲੀਆਂ ਉਸ ਦੀਆਂ ਤਿੰਨ ਫ਼ਿਲਮਾਂ ਵਿਚ ਉਸਦਾ ਕਿਰਦਾਰ ਅਜਿਹਾ ਹੈ ਜਿਸਨੂੰ ਆਮ ਦਰਸ਼ਕ ਆਸਾਨੀ ਨਾਲ ਕਬੂਲ ਕਰ ਲੈਂਦਾ ਹੈ। ਦੂਜੇ ਪਾਸੇ ਉਸਦਾ ਪੀਆਰ ਉਸ ਨਾਲ ਜੁੜੀਆਂ ਸਾਰੀਆਂ ਚੋਣਵੀਆਂ ਖ਼ਬਰਾਂ ਹੀ ਮੀਡੀਆ ਤਕ ਪਹੁੰਚਾ ਰਿਹਾ ਹੈ।
ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ਼, ਐਸ਼ਵਰਿਆ, ਆਮਿਰ, ਅਨੁਸ਼ਕਾ, ਦੀਪਿਕਾ, ਰਣਵੀਰ ਸਿੰਘ, ਅਕਸ਼ੈ ਕੁਮਾਰ ਸਮੇਤ ਅਨੇਕ ਸਿਤਾਰਿਆਂ ਦੇ ਪੀਆਰ ਪਿੱਛੇ ‘ਪੇਡ ਨਿਊਜ਼’ ਇਕ ਅਹਿਮ ਰੋਲ ਅਦਾ ਕਰਦੀ ਹੈ। ਇਸ ਬਾਰੇ ਵਿਸਥਾਰਤ ਜਾਂਚ ਕਰਨ ’ਤੇ ਕਈ ਮੀਡੀਆ ਹਾਊਸ ਸ਼ੱਕ ਦੇ ਦਾਇਰੇ ਵਿਚ ਆ ਸਕਦੇ ਹਨ। ਇਕ ਚੰਗੀ ਗੱਲ ਇਹ ਹੈ ਕਿ ਕਈ ਵੱਡੇ ਮੀਡੀਆ ਗਰੁੱਪਾਂ ਨੇ ਇਸ ਮਾਮਲੇ ਵਿਚ ਇਮਾਨਦਾਰੀ ਵਰਤੀ ਹੈ। ਉਹ ਆਪਣੇ ਫ਼ਿਲਮੀ ਪੰਨੇ ਵਿਚ ਬਾਕਾਇਦਾ ਇਸ ਗੱਲ ਦਾ ਐਲਾਨ ਕਰਦੇ ਹਨ ਕਿ ਉਨ੍ਹਾਂ ਦੇ ਇਨ੍ਹਾਂ ਪੰਨਿਆਂ ’ਤੇ ਛਪੀ ਕੁਝ ਫ਼ਿਲਮੀ ਸਮੱਗਰੀ ਦੀ ਸੱਚਾਈ ਦੀ ਜ਼ਿੰਮੇਵਾਰੀ ਉਹ ਨਹੀਂ ਲੈਂਦੇ। ਸਪੱਸ਼ਟ ਹੈ ਕਿ ਇਹ ਸਬੰਧਿਤ ਸਟਾਰ ਦੇ ਪੀਆਰ ਵੱਲੋਂ ਕੀਤਾ ਜਾਂਦਾ ਹੈ। ਉਂਜ ਵੀ ਪ੍ਰਚਾਰ ਦੇ ਇਸ ਖੇਡ ਵਿਚ ਸਿਤਾਰੇ ਸਾਰੇ ਜਾਇਜ਼ ਹਥਿਆਰਾਂ ਦਾ ਸਫਲ ਪ੍ਰੀਖਣ ਕਰਨ ਲਈ ਆਜ਼ਾਦ ਹਨ।


Comments Off on ਪ੍ਰਚਾਰ ਦਾ ਮਜ਼ਬੂਤ ਤੰਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.