ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

‘ਪੂਰਨ’ ਕਦੋਂ ਪਰਤੇਗਾ?

Posted On February - 22 - 2020

ਡਾ. ਸਾਹਿਬ ਸਿੰਘ

ਆਤਮਜੀਤ ਪ੍ਰਚਲਿੱਤ ਸੱਚ ਨੂੰ ਇੱਜ਼ਤ ਦੇਣੋਂ ਇਨਕਾਰੀ ਨਹੀਂ ਹੈ, ਪਰ ਆਪਣਾ ਸੱਚ ਪੇਸ਼ ਕਰਨ ਲੱਗਿਆਂ ਸਭ ਲਿਹਾਜ਼ਾਂ ਵਗਾਹ ਕੇ ਪਰ੍ਹਾਂ ਮਾਰਦਾ ਹੈ। ਉਹ ਜਦੋਂ ‘ਪੂਰਨ’ ਨਾਟਕ ਲਿਖਦਾ ਹੈ ਤਾਂ ਕਾਦਰਯਾਰ ਤੇ ਸ਼ਿਵ ਬਟਾਲਵੀ ਦੇ ਸੱਚ ਨੂੰ ਮਿਟਾਉਣ ਦੇ ਆਹਰ ’ਚ ਨਹੀਂ ਪੈਂਦਾ, ਪਰ ਸਥਿਤੀ ਨੂੰ ਮਹਿਸੂਸ ਕਰਨ ਦੀ ਬਜਾਏ ਵਿਚਾਰਨ ਵੱਲ ਟੁਰਦਾ ਹੈ ਤੇ ਕੌੜਾ ਸੱਚ ਉਜਾਗਰ ਕਰਦਾ ਹੈ। ਸੱਚ ਪਚਾਉਣਾ ਸੌਖਾ ਨਹੀਂ ਕਿਉਂਕਿ ਸੱਚ ਕੱਚ ਦਾ ਅਜਿਹਾ ਟੁਕੜਾ ਹੁੰਦਾ ਹੈ ਜੋ ਸੰਘ ਤੋਂ ਥੱਲੇ ਉਤਰਨ ਲੱਗਿਆਂ ਕਈ ਕੁਝ ਛਿੱਲ ਤਰਾਸ਼ ਦਿੰਦਾ ਹੈ। ਨਾਟਕ ‘ਪੂਰਨ’ ਪੂਰਨ ਨੂੰ ਹਕੀਕਤ ਦੇ ਰੂਪ ਵਿਚ ਦੇਖਣ ਲਈ ਲਿਖਿਆ ਗਿਆ ਹੈ, ਨਾ ਪੂਰਨ ਭਗਤ ਤੇ ਨਾ ਹੀ ਲੂਣਾ ਦੇ ਬਦਲੇ ਦੀ ਖੇਡ ਦਾ ਮੁਹਰਾ! ਉਹ ਇਸ ਨਾਟਕ ਰਾਹੀਂ ਅਪੂਰਨਤਾ ਦੀਆਂ ਪਰਤਾਂ ਫਰੋਲਦਾ ਹੈ ਤੇ ਪੂਰਨਤਾ ਤਲਾਸ਼ਣ ਦੇ ਰਾਹ ਪੈਂਦਾ ਹੈ ਜਿਸਦੀ ਸ਼ਾਇਦ ਅੱਜ ਦੇ ਪੰਜਾਬ ਦੇ ਨੌਜਵਾਨਾਂ ਨੂੰ ਲੋੜ ਹੈ।
ਥੀਏਟਰ ਫਾਰ ਥੀਏਟਰ ਦੇ ਮਹੀਨਾ ਭਰ ਚੱਲਣ ਵਾਲੇ ਰੰਗਮੰਚ ਉਤਸਵ ਦੌਰਾਨ ਇਹ ਨਾਟਕ ਨਾਟਿਅਮ ਗਰੁੱਪ ਦੇ ਕਲਾਕਾਰਾਂ ਵੱਲੋਂ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਰੰਗਮੰਚ ਨਿਰਦੇਸ਼ਕ ਦਾ ਸਭ ਤੋਂ ਵੱਡਾ ਫਰਜ਼ ਹੁੰਦਾ ਹੈ ਕਿ ਉਹ ਨਾਟਕਕਾਰ ਦੇ ਕੇਂਦਰੀ ਸੂਤਰ ਦੀ ਰਾਖੀ ਵੀ ਕਰੇ ਅਤੇ ਇਸਨੂੰ ਪ੍ਰਚੰਡ ਵੀ ਕਰੇ ਤਾਂ ਕਿ ਰੰਗਮੰਚੀ ਚੋਲਾ ਪਹਿਨਣ ਲੱਗਿਆਂ ਇਸਦਾ ਅਕਸ ਧੁੰਦਲਾ ਨਾ ਪਵੇ। ਕੀਰਤੀ ਕਿਰਪਾਲ ਨੇ ਇਹ ਫਰਜ਼ ਐਨੀ ਸੁਹਿਰਦਤਾ ਤੇ ਕਾਬਲੀਅਤ ਨਾਲ ਨਿਭਾਇਆ ਹੈ ਕਿ ਤਕਰੀਬਨ ਡੇਢ ਘੰਟੇ ਦੇ ਇਸ ਨਾਟਕ ਦੀ ਰਵਾਨੀ ਕਿਤੇ ਟੁੱਟਦੀ ਨਹੀਂ। ਨਾਟਕੀ ਤਣਾਅ ਅਤੇ ਟਕਰਾਉ ਹਰ ਦ੍ਰਿਸ਼ ਨਾਲ ਵਧਦੇ ਗਏ ਤੇ ਦਰਸ਼ਕ ਨਾਟਕ ਦੇ ਵਿਸ਼ੇ ਦੀਆਂ ਤਹਿਆਂ ਖੋਲ੍ਹਣ, ਸਮਝਣ, ਵਿਚਾਰਨ ਤੇ ਆਪਣਾ ਨਜ਼ਰੀਆ ਉਸ ਨਾਲ ਮੇਚਣ ਜਾਂ ਵਿਪਰੀਤ ਖੜ੍ਹਨ ਦੀ ਪ੍ਰਕਿਰਿਆ ’ਚ ਲਗਾਤਾਰ ਪਿਆ ਰਹਿੰਦਾ ਹੈ। ਨਾਟਕਕਾਰ ਨੇ ਨਾਟਕ ਦੀ ਵਿਉਂਤ ਐਸੀ ਘੜੀ ਹੋਈ ਹੈ ਜਿਵੇਂ ਸ਼ਤਰੰਜ ਦੀ ਖੇਡ ਹੋਵੇ। ਹਰ ਦ੍ਰਿਸ਼ ਤੁਹਾਨੂੰ ਅਜਿਹੇ ਮੋੜ ’ਤੇ ਛੱਡਦਾ ਹੈ ਕਿ ਤੁਸੀਂ ਆਪਣੇ ਮਨ ’ਚ ਕੋਈ ਫ਼ੈਸਲਾ ਲੈਣ ਲੱਗਦੇ ਹੋ, ਪਰ ਜਿਵੇਂ ਹੀ ਅਗਲਾ ਦ੍ਰਿਸ਼ ਸ਼ੁਰੂ ਹੁੰਦਾ ਹੈ, ਤੁਸੀਂ ਸਿਰ ਝਟਕਦੇ ਹੋ, ਆਪਣੇ ਆਪ ਨੂੰ ਜਲਦਬਾਜ਼ੀ ’ਚ ਫ਼ੈਸਲਾ ਲੈਣ ਤੋਂ ਵਰਜਦੇ ਹੋ ਤੇ ਖੇਡ ਦੀ ਅਗਲੀ ਚਾਲ ਸਮਝਣ ਲਈ ਤਿਆਰ ਹੋਣ ਲੱਗਦੇ ਹੋ। ਆਤਮਜੀਤ ਦੀ ਸਮੁੱਚੀ ਨਾਟਕਕਾਰੀ ਦਾ ਇਹ ਪ੍ਰਮੁੱਖ ਲੱਛਣ ਹੈ, ਉਹ ਜਿਵੇਂ ਹਰ ਨਾਟਕ ’ਚ ਸਾਨੂੰ ਵੰਗਾਰ ਰਿਹਾ ਹੈ ਕਿ ਚੌਗਿਰਦੇ ਵਾਪਰਦੀਆਂ ਘਟਨਾਵਾਂ, ਵਿਚਰਦੇ ਪਾਤਰਾਂ ਬਾਰੇ ਕਾਹਲ ਵਿਚ ਫ਼ੈਸਲਾ ਲੈਣ ਦੀ ਇਤਿਹਾਸਕ ਭੁੱਲ ਤੋਂ ਬਚੋ। ਇੱਥੇ ਸੁਆਦਲੀ ਗੱਲ ਇਹ ਵਾਪਰੀ ਕਿ ਨਿਰਦੇਸ਼ਕ ਵੀ ਉਸੇ ਸਹਿਜ ਤੇ ਸੰਜਮ ਦਾ ਪੱਲਾ ਫੜੀ ਇਸ ਪੇਸ਼ਕਾਰੀ ਨੂੰ ਨਿਖਾਰ ਰਿਹਾ ਹੈ।

ਸਾਹਿਬ ਸਿੰਘ

ਇਕ ਦ੍ਰਿਸ਼ ਵਿਸ਼ੇਸ਼ ਧਿਆਨ ਮੰਗਦਾ ਹੈ ਜਿੱਥੇ ਪੂਰਨ ਦੇ ਦੋਸਤ ਕਾਦਰਯਾਰ, ਸ਼ਿਵ ਬਟਾਲਵੀ ਅਤੇ ਖ਼ੁਦ ਪੂਰਨ ਲੂਣਾ ਵੱਲੋਂ ਚੱਲੀ ਚਾਲ ਦਾ ਤੋੜ ਲੱਭਣ ਜਾਂ ਇਸ ਚਾਲ ਨੂੰ ਡੀਕੋਡ ਕਰਨ ਲਈ ਇਕੱਠੇ ਹੋਏ ਹਨ। ਕਾਦਰਯਾਰ ਸਦਵਿਹਾਰੀ ਨੈਤਿਕਤਾ ਦਾ ਹਾਮੀ ਹੈ, ਸ਼ਿਵ ਲੂਣਾ ਨਾਲ ਹੋਏ ਧੱਕੇ ਦੀ ਗੱਲ ਕਰਦਾ ਹੈ ਤੇ ਪੂਰਨ ਇਸ ਸਭ ਦਰਮਿਆਨ ਆਪਣਾ ਸੱਚ ਲੱਭਣ ਦਾ ਯਤਨ ਕਰ ਰਿਹਾ ਹੈ। ਹੁਣ ਇੱਥੇ ਓਪਰੀ ਸਤ੍ਹਾ ਬਹਿਸ ਵਾਲੀ ਹੈ, ਵਿਚਾਰਧਾਰਕ ਟਕਰਾਉ ਵਾਲੀ ਹੈ, ਪਰ ਨਿਰਦੇਸ਼ਕ ਇਕ ਅਤਿ ਬਾਰੀਕ ਹਕੀਕਤ ਦੀ ਰਾਖੀ ਵੀ ਕਰ ਰਿਹਾ ਹੈ ਕਿ ਉਹ ਤਿੰਨ ਜਣੇ ਬਹਿਸ ਕਰਦੇ ਹੋਏ ਵੀ ਆਪਸੀ ਦੋਸਤ ਲੱਗਣੇ ਚਾਹੀਦੇ ਹਨ। ਇਸ ਪੂਰੇ ਦ੍ਰਿਸ਼ ਦੌਰਾਨ ਇਹ ਸਾਂਝ ਤੇ ਸੁਰ ਕਿਤੇ ਗਾਇਬ ਨਹੀਂ ਹੋਈ। ਇੰਨਾ ਸਰਲ ਨਹੀਂ ਇਹ ਕਰਨਾ, ਨਾ ਨਿਰਦੇਸ਼ਕ ਲਈ ਤੇ ਨਾ ਅਦਾਕਾਰਾਂ ਲਈ, ਪਰ ਇਨ੍ਹਾਂ ਨੇ ਕਰ ਦਿਖਾਇਆ।
ਨਾਟਕ ਦੇ ਆਰੰਭ ’ਚ ਜਦੋਂ ਮਿਸਟਰ ਸਲਵਾਨ ਦੀ ਦੂਜੀ ਬੀਵੀ ਲੂਣਾ ਦੀ ਮਹਿਲ-ਆਮਦ ਤੋਂ ਇਕਦਮ ਪਹਿਲਾਂ ਉਸਦਾ ਮੈਨੇਜਰ ਜਗਨ ਤੇ ਨੌਕਰਾਣੀ ਕਿਰਪੀ ਸੱਪ ਫੜਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਸੱਪ ਦਾ ਹੋਣਾ, ਪਰ ਜ਼ਹਿਰ ਦਾ ਨਦਾਰਦ ਹੋਣਾ ਇਸ ਨਾਟਕ ਦਾ ਕੇਂਦਰੀ ਮੈਟਾਫਰ ਬਣ ਫੈਲ ਜਾਂਦਾ ਹੈ। ਪਰ ਨਾਟਕਕਾਰ ਦੇ ਫਿਕਰਾਂ ’ਚ ਕਈ ਹੋਰ ਤਹਿਆਂ ਵੀ ਹਨ। ਉਹ ਸਲਵਾਨ ਦੇ ਸੱਚ ਦੀ ਚੀਰ ਫਾੜ ਦੇ ਰਾਹ ਵੀ ਪੈਂਦਾ ਹੈ, ਇੱਛਰਾਂ ਦੇ ਠੰਢੇ ਰਵਾਇਤੀ ਵਰਤਾਓ ਦਾ ਜ਼ਿਕਰ ਕਰਦਿਆਂ ਵਿਚਾਰਾਂ ਦੇ ਅਸਾਵੇਂਪਣ ਵੱਲ ਉਂਗਲ ਵੀ ਉਠਾਉਂਦਾ ਹੈ, ਪਰ ਇਕ ਸੰਤੁਲਿਤ ਵਿਸ਼ਲੇਸ਼ਕ ਵਾਂਗ ਕਿਸੇ ਵੀ ਪਾਤਰ ਨੂੰ ਆਸਾਨੀ ਨਾਲ ਬਾਇਜ਼ਤ ਬਰੀ ਨਹੀਂ ਹੋਣ ਦਿੰਦਾ। ਲੂਣਾ ਜ਼ਹਿਰ ਮੰਗ ਰਹੀ ਹੈ, ਉਸਨੂੰ ਬਿਨਾਂ ਜ਼ਹਿਰ ਵਾਲੇ ਸੱਪ ਜਾਂ ਤਾਂ ਕੀੜੇ ਮਕੌੜੇ ਲੱਗਦੇ ਹਨ ਜਾਂ ਗੰਡੋਏ। ਉਹ ਅੱਗ ਹੈ, ਭਾਂਬੜ ਬਣ ਮਚਣਾ ਚਾਹੁੰਦੀ ਹੈ। ਸਲਵਾਨ ਪ੍ਰਤੀ ਗੁੱਸੇ ’ਚ ਹੈ, ਅਲਮਾਰੀ ’ਚ ਪਏ ਉਸਦੇ ਕੱਪੜੇ ਕੁਤਰ ਰਹੀ ਹੈ, ਪਰ ਜਿਵੇਂ ਹੀ ਪੂਰਨ ਅਮਰੀਕਾ ਤੋਂ ਵਾਪਸ ਪਰਤਦਾ ਹੈ, ਲੂਣਾ ਨੂੰ ਲੱਗਦਾ ਹੈ ਕਿ ਉਸਦੇ ਰੋਗ ਦਾ ਇਲਾਜ ਆ ਬਹੁੜਿਆ ਹੈ।
ਸ਼ਿਵ ਬਟਾਲਵੀ ਆਪਣੇ ਕਾਵਿ ਨਾਟਕ ’ਚ ਪਿਓ ਸਮਾਨ ਸਲਵਾਨ ਨਾਲ ਧੀਆਂ ਵਰਗੀ ਲੂਣਾ ਦੇ ਨਰੜੇ ਜਾਣ ’ਤੇ ਕਰਾਰੀ ਚੋਟ ਕਰਦਾ ਹੈ, ਪਰ ਆਤਮਜੀਤ ਨੂੰ ਲੂਣਾ ਦੇ ਬਰਾਬਰ ਪੂਰਨ ਦਾ ਵੀ ਫਿਕਰ ਹੈ। ਲੂਣਾ ਪੂਰਨ ਨਾਲ ਸ਼ਤਰੰਜ ਖੇਡਣਾ ਆਰੰਭ ਕਰਦੀ ਹੈ, ਪਰ ਪੂਰਨ ਨਾ ਹਾਰਨਾ ਚਾਹੁੰਦਾ ਹੈ ਤੇ ਨਾ ਹੀ ਬੇਵਕੂਫ਼ ਅਖਵਾਉਣ ਲਈ ਤਿਆਰ ਹੈ। ਕਾਦਰਯਾਰ ਤੇ ਸ਼ਿਵ ਦਾ ਪੂਰਨ ਕੁਰਬਾਨੀ ਕਰਦਾ ਹੈ, ਪਰ ਆਤਮਜੀਤ ਦਾ ਪੂਰਨ ਆਪਣੀ ਚਾਲ ਖ਼ੁਦ ਚੱਲਣ ਦੇ ਰਾਹ ਪੈਂਦਾ ਹੈ। ਉਹ ਸਲਵਾਨ ਨੂੰ ਕਟਹਿਰੇ ’ਚ ਖੜ੍ਹਾ ਕਰਦਾ ਹੈ ਤੇ ਲੂਣਾ ਨੂੰ ਵੀ। ਉਸਦਾ ਸਵਾਲ ਗੂੰਜਦਾ ਹੈ, ‘ਮੇਰੇ ਪਿਓ ਨੂੰ ਇੱਛਰਾਂ ਤੋਂ ਸੰਤੁਸ਼ਟੀ ਨਾ ਮਿਲੀ, ਉਹ ਲੂਣਾ ਵਿਆਹ ਲਿਆਇਆ। ਲੂਣਾ ਨੂੰ ਮੇਰੇ ਪਿਓ ’ਚੋਂ ਹਾਣ ਨਾ ਲੱਭਿਆ, ਉਹ ਮੇਰੇ ਤੋਂ ਜ਼ਹਿਰ ਭਾਲਦੀ ਹੈ। ਕੱਲ੍ਹ ਨੂੰ ਕੀ ਮੈਂ ਕਿਤੇ ਹੋਰ ਭਟਕਾਂਗਾ?’ ਆਤਮਜੀਤ ਭਟਕਣ ਦਾ ਵਿਸ਼ਲੇਸ਼ਣ ਦੇ ਰਿਹਾ ਹੈ। ਨਾਟਕ ਦੇ ਅੰਤ ਵਿਚ ਲੂਣਾ ਸ਼ਤਰੰਜ ਦੀ ਬਿਸਾਤ ਵਗਾਹ ਕੇ ਪਰ੍ਹਾਂ ਮਾਰਦੀ ਹੈ, ਮੈਨੂੰ ਇਹ ਕਾਰਜ ਨਾਟਕ ਦੀ ਆਤਮਾ ਦੇ ਉਲਟ ਲੱਗਿਆ ਕਿਉਂਕਿ ਨਾਟਕ ਕੋਈ ਅੰਤਿਮ ਹੱਲ ਨਹੀਂ ਦੇ ਰਿਹਾ। ਖੇਡ ਤਾਂ ਜਾਰੀ ਹੈ ਜਦੋਂ ਤਕ ਅਸੀਂ ਪੂਰਨ ਨਹੀਂ ਹੋ ਜਾਂਦੇ ਤੇ ਪੂਰਨਤਾ ਦੀ ਘਰ ਵਾਪਸੀ ਨਹੀਂ ਹੁੰਦੀ। ਪਵਨ ਜੌਹਲ, ਹੈਪੀ ਪ੍ਰਿੰਸ, ਰਮਨਦੀਪ ਕੌਰ, ਗਗਨਦੀਪ ਸਿੰਘ, ਜੱਸੀ ਜਸਵੀਰ, ਹਰਜੋਤ ਨਟਰਾਜ ਨੇ ਆਪਣੇ ਕਿਰਦਾਰ ਨਿਭਾਉਂਦਿਆਂ ਕਿਤੇ ਸਹਿਜਤਾ ਦਾ ਪੱਲਾ ਨਹੀਂ ਛੱਡਿਆ ਤੇ ਕਮਾਲ ਦੀ ਅਦਾਕਾਰੀ ਕੀਤੀ। ਸਲਵਾਨ ਦੇ ਰੂਪ ਵਿਚ ਜਗਦੀਪ ਸੰਧੂ ਇਕ ਅਸਹਿਜ ਕਿਰਦਾਰ ਨਿਭਾਅ ਰਿਹਾ ਸੀ, ਪਰ ਮਹਤੱਵਪੂਰਨ ਨੁਕਤਾ ਇਹ ਹੈ ਕਿ ਪਾਤਰ ਅਸਹਿਜ ਲੱਗਣਾ ਚਾਹੀਦਾ ਹੈ, ਅਦਾਕਾਰ ਨਹੀਂ। ਗੀਤਾਂ ਦੀਆਂ ਤਰਜ਼ਾਂ ਨੂੰ ਰੰਗਮੰਚੀ ਰੰਗਤ ਦੇਣ ਦੀ ਲੋੜ ਹੈ ਤੇ ਸੈੱਟ ਡਿਜ਼ਾਈਨ ਬਾਰੇ ਪੁਨਰ ਵਿਚਾਰ ਕਰਨ ਦੀ ਲੋੜ ਹੈ।

ਸੰਪਰਕ: 98880-11096


Comments Off on ‘ਪੂਰਨ’ ਕਦੋਂ ਪਰਤੇਗਾ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.