ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਪੁਲੀਸ ਨੇ ਕੰਡਮ ਵੈਨਾਂ ਜ਼ਬਤ ਕਰਨ ਲਈ ਸੜਕਾਂ ਮੱਲੀਆਂ

Posted On February - 18 - 2020

ਜੈਤੋ ਸਬ-ਡਵੀਜ਼ਨ ਵਿੱਚ ਇਕ ਸਕੂਲ ਵੈਨ ਦੀ ਚੈਕਿੰਗ ਕਰਦੇ ਹੋਏ ਏਡੀਸੀ ਫ਼ਰੀਦਕੋਟ ਗੁਰਜੀਤ ਸਿੰਘ। -ਫੋਟੋ: ਕਟਾਰੀਆ

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 17 ਫਰਵਰੀ
ਲੌਂਗੋਵਾਲ ਸਕੂਲ ਵੈਨ ਹਾਦਸੇ ਵਿੱਚ ਚਾਰ ਮਾਸੂਮਾਂ ਦੀ ਮੌਤ ਮਗਰੋਂ ਪ੍ਰਸ਼ਾਸਨ ਨੇ ਸਖਤੀ ਕਰਦਿਆਂ ਰਾਤੋ-ਰਾਤ ਸਕੂਲ ਵਾਹਨਾਂ ’ਤੇ ਸ਼ਿਕੰਜਾ ਕਸਦਿਆਂ ਇਕੋ ਦਿਨ ਵਿੱਚ ਜ਼ਿਲ੍ਹੇ ਵਿੱਚ 73 ਵਾਹਨਾਂ ਦੇ ਚਲਾਨ ਕੀਤੇ ਅਤੇ 5 ਵਾਹਨਾਂ ਨੂੰ ਜ਼ਬਤ ਕਰ ਲਿਆ ਹੈ। ਡਿਪਟੀ ਕਮਿਸ਼ਨਰ ਐਮ. ਕੇ. ਅਰਾਵਿੰਦ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਮਲੋਟ ਵਿੱਚ 11 ਵਾਹਨਾਂ ਦੇ ਚਲਾਨ ਕੀਤੇ ਗਏ ਜਦੋਂ ਕਿ 2 ਵਾਹਨ ਜਬਤ ਕੀਤੇ ਗਏ। ਇਸੇ ਤਰ੍ਹਾਂ ਗਿੱਦੜਬਾਹਾ ਵਿਚ 21 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ 3 ਵਾਹਨਾਂ ਨੂੰ ਜ਼ਬਤ ਵੀ ਕਰ ਲਿਆ ਗਿਆ। ਮੁਕਤਸਰ ਦੇ ਐੱਸਡੀਐੱਮ ਵੀਰਪਾਲ ਕੌਰ ਨੇ ਦੱਸਿਆ ਕਿ ਉਪ ਮੰਡਲ ਵਿਚ 2 ਸਕੂਲਾਂ ਦੇ 65 ਵਾਹਨਾਂ ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਵਿੱਚੋਂ 41 ਵਾਹਨਾਂ ਦੇ ਮੌਕੇ ’ਤੇ ਹੀ ਚਲਾਨ ਕਰ ਦਿੱਤੇ ਗਏ।
ਬਠਿੰਡਾ (ਮਨੋਜ ਸ਼ਰਮਾ): ਅੱਜ ਇੱਥੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਚੈਕਿੰਗ ਦੌਰਾਨ 48 ਬੱਸਾਂ ਦੇ ਚਲਾਨ ਕੱਟੇ ਗਏ ਹਨ ਅਤੇ 9 ਗੱਡੀਆਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ।
ਬਰਨਾਲਾ (ਪਰਸ਼ੋਤਮ ਬੱਲੀ): ਜ਼ਿਲ੍ਹਾ ਪ੍ਰਸਾਸ਼ਨ ਨੇ ਅੱਜ ਵਿਸ਼ੇਸ਼ ਚੈਕਿੰਗ ਤਹਿਤ ਬਰਨਾਲਾ ਅਤੇ ਤਪਾ ਸਬ-ਡਿਵੀਜ਼ਨ ਵਿੱਚ ਕਰੀਬ 80 ਬੱਸਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ ਤੇ ਇਹ ਮੁਹਿੰਮ ਅਜੇ ਜਾਰੀ ਹੈ ਤੇ ਹੁਣ ਤੱਕ ਕਰੀਬ 20 ਸਕੂਲੀ ਬੱਸਾਂ ਦੇ ਚਲਾਨ ਅਤੇ ਅੱਧਾ ਦਰਜਨ ਬੱਸਾਂ ਬੰਦ ਕੀਤੀਆਂ ਜਾ ਚੁੱਕੀਆਂ ਹਨ।
ਫ਼ਿਰੋਜ਼ਪੁਰ (ਸੰਜੀਵ ਕੁਮਾਰ ਹਾਂਡਾ): ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਚੈਕਿੰਗ ਦੇ ਪਹਿਲੇ ਦਿਨ 120 ਵਾਹਨਾਂ ਦੀ ਜਾਂਚ ਕੀਤੀ ਗਈ ਹੈ, ਜਿਸ ਵਿਚੋਂ 42 ਬੱਸਾਂ ਦੇ ਚਲਾਨ ਕੀਤੇ ਗਏ ਹਨ ਅਤੇ 18 ਸਕੂਲੀ ਵਾਹਨ ਜ਼ਬਤ ਕੀਤੇ ਗਏ ਹਨ।
ਜੈਤੋ (ਸ਼ਗਨ ਕਟਾਰੀਆ): ਅੱਜ ਫ਼ਰੀਦਕੋਟ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਜੀਤ ਸਿੰਘ ਨੇ ਜੈਤੋ ਸਬ-ਡਵੀਜ਼ਨ ਅੰਦਰ ਪੈਂਦੇ ਸਕੂਲਾਂ ਦੀਆਂ ਬੱਸਾਂ ਦੀ ਸਪੈਸ਼ਲ ਚੈਕਿੰਗ ਕੀਤੀ। ਸ਼ਰਤਾਂ ਪੂਰੀਆਂ ਨਾ ਕਰਨ ਵਾਲੀਆਂ 4 ਸਕੂਲੀ ਬੱਸਾਂ ਨੂੰ ਜ਼ਬਤ ਅਤੇ 17 ਵੈਨਾਂ ਦਾ ਚਲਾਨ ਕੀਤਾ ਗਿਆ।

ਜਲਾਲਾਬਾਦ ਵਿੱਚ ਬੱਚੇ ਢੋਅ ਰਹੀ ਖਸਤਾ ਹਾਲ ਵੈਨ। -ਫੋਟੋ: ਕਾਲੜਾ

ਹਾਦਸੇ ਤੋਂ ਵੀ ਸਬਕ ਨਾ ਸਿੱਖ ਸਕੇ ਮਾਪੇ
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਸਕੂਲ ਵਾਹਨਾਂ ਲਈ ਵਿਭਾਗ ਵੱਲੋਂ 28 ਤਰ੍ਹਾਂ ਦੇ ਨਿਯਮ ਬਣਾਏ ਗਏ ਹਨ ਪਰ ਇਨ੍ਹਾਂ ਦੀ ਪਾਲਣਾ ਕਿਤੇ ਵੀ ਹੁੰਦੀ ਨਹੀਂ ਦਿਖਦੀ। ਖਸਤਾ ਹਾਲਤ ਵੈਨਾਂ ’ਚ ਬੱਚਿਆਂ ਨੂੰ ਬਿਠਾਉਣ ਲਈ ਕੁੱਝ ਹੱਦ ਤੱਕ ਮਾਪੇ ਵੀ ਜਿੰਮੇਵਾਰ ਹਨ ਕਿਉਂਕਿ ਜਿਸ ਵਿੱਚ ਵੈਨ ਜਾ ਬੱਸ ਵਿੱਚ ਬੱਚੇ ਨੂੰ ਬਿਠਾਇਆ ਜਾ ਰਿਹਾ ਹੈ ਉਸ ਦੀ ਹਾਲਤ ਨੂੰ ਦੇਖਣਾ ਮਾਪਿਆਂ ਦੀ ਵੀ ਜ਼ਿੰਮੇਵਾਰੀ ਹੈ। ਟਰੈਫਿਕ ਇੰਚਰਾਜ ਗੁਰਸੇਵਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਬੀਤੇ ਦਿਨ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਸੱਦੀ ਗਈ ਸੀ ਜਿਸ ਵਿੱਚ ਅਲੱਗ-ਅਲੱਗ ਕਮੇਟੀਆਂ ਬਣਾ ਕੇ ਵੈਨਾਂ ’ਤੇ ਬੱਸਾਂ ਨੂੰ ਚੈੱਕ ਕਰਨ ਦੇ ਆਦੇਸ਼ ਜਾਰੀ ਹੋਏ ਹਨ ਅਤੇ ਇੱਕ ਹਫਤੇ ਦੇ ਵਿੱਚ-ਵਿੱਚ ਬਿਨਾਂ ਨੰਬਰ ਅਤੇ ਖਸਤਾ ਹਾਲਤ ਗੱਡੀਆਂ ਨੂੰ ਬਿਲਕੁਲ ਬੰਦ ਕੀਤਾ ਜਾਵੇਗਾ। ਇਸ ਤਹਿਤ ਅੱਜ ਸਵੇਰੇ 4 ਵੈਨਾਂ ਦੇ ਚਲਾਨ ਕਰਕੇ ਉਨ੍ਹਾਂ ਨੂੰ ਬੰਦ ਵੀ ਕੀਤਾ ਹੈ ਜੋ ਕਿ ਨਿਯਮਾਂ ਦੇ ਬਿਲਕੁਲ ਖਰਾ ਨਹੀਂ ਉਤਰ ਰਹੇ ਸਨ। ਐੱਸਡੀਐੱਮ ਕੇਸ਼ਵ ਗੋਇਲ ਨੇ ਕਿਹਾ ਕਿ ਉਨ੍ਹਾਂ ਮੰਗਲਵਾਰ ਨੂੰ ਪ੍ਰਾਈਵੇਟ ਸਕੂਲਾਂ ਦੀ ਮੀਟਿੰਗ ਬੁਲਾਈ ਗਈ ਹੈ। ਮੀਟਿੰਗ ਵਿੱਚ ਸਖਤ ਹਿਦਾਇਤਾਂ ਦਿੱਤੀਆਂ ਜਾਣਗੀਆਂ ਨਿਯਮਾਂ ’ਤੇ ਖਰੀਆਂ ਉਤਰਣ ਵਾਲੀਆਂ ਵੈਨਾਂ ਨੂੰ ਹੀ ਸਕੂਲ ’ਚ ਲਗਾਇਆ ਜਾਵੇ।

ਹਾਦਸੇ ਰੋਕਣ ਲਈ ਪ੍ਰਬੰਧ ਸੁਧਾਰਨਾ ਬੇਹੱਦ ਜ਼ਰੂਰੀ ਕਰਾਰ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸੀਪੀਆਈ ਲਿਬਰੇਸ਼ਨ ਜ਼ਿਲ੍ਹਾ ਸਕੱਤਰ ਕਾਮਰੇਡ ਹਰਵਿੰਦਰ ਸਿੰਘ ਸੇਮਾ, ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਸਿਵੀਆ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਆਗੂ ਕਾਮਰੇਡ ਪ੍ਰਿਤਪਾਲ ਰਾਮਪੁਰਾ ਤੇ ਕਾਮਰੇਡ ਗੁਰਤੇਜ ਮਹਿਰਾਜ ਨੇ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮਾਸੂਮ ਬੱਚਿਆਂ ਨੂੰ ਵਿੱਦਿਆ ਦੇਣ ਦਾ ਕਾਰਜ ਵਪਾਰੀਆਂ ਦੇ ਹੱਥ ਸੌਂਪਿਆ ਜਾਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਨਾਲ ਜਿੱਥੇ ਮਾਸੂਮ ਬੱਚਿਆਂ ਨੂੰ ਭਿਆਨਕ ਹਾਦਸਿਆਂ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ ਹੈ, ਉੱਥੇ ਗਰੀਬ ਜਨਤਾ ਦੇ ਮਾਸੂਮ ਬੱਚਿਆਂ ਨਾਲ ਸਮਾਜਿਕ ਵਿਤਕਰਾ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਰੂਰੀ ਹੈ ਕਿ ਸਰਕਾਰੀ ਸਕੂਲਾਂ ਦੇ ਪ੍ਰਬੰਧ ਨੂੰ ਬਿਹਤਰ ਬਣਾਇਆ ਜਾਵੇ।

ਮੋਟਰਸਾਈਕਲ ਸਵਾਰ ਵਿਦਿਆਰਥੀਆਂ ਦੇ ਖੌਰੂ ਤੋਂ ਲੋਕ ਔਖੇ
ਮਲੋਟ (ਲਖਵਿੰਦਰ ਸਿੰਘ): ਇਥੋਂ ਦੇ ਇਕ ਨਾਮੀ ਵਿਦਿਅਕ ਅਦਾਰੇ ਦੇ ਵਿਦਿਆਰਥੀਆਂ ਵੱਲੋ ਛੁੱਟੀ ਦੇ ਸਮੇਂ ਪਾਏ ਜਾਂਦੇ ਖੌਰੂ ਤੋਂ ਇਥੋਂ ਦੇ ਬਸ਼ਿੰਦੇ ਆਮ ਲੋਕ ਪ੍ਰੇਸ਼ਾਨ ਹਨ। ਛੁੱਟੀ ਦੇ ਸਮੇਂ ਮੌਕੇ ’ਤੇ ਮੋਹਤਬਰ ਵਿਅਕਤੀਆਂ ਨਾਲ ਜਾ ਕੇ ਪੜਤਾਲ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਜਦ ਸੈਕਰਡ ਹਾਰਟ ਕਾਨਵੈਂਟ ਸਕੂਲ ਵਿੱਚ ਛੁੱਟੀ ਹੁੰਦੀ ਹੈ ਤਾਂ ਵਿਦਿਆਰਥੀ ਤੇਜ਼ੀ ਨਾਲ ਆਪੋ-ਆਪਣੇ ਵਾਹਨਾਂ ’ਤੇ ਸਕੂਲ ਤੋਂ ਬਾਹਰ ਨਿਕਲਦੇ ਹਨ ਤੇ ਸਾਹਮਣੇ ਜੀਟੀ ਰੋਡ ਹੈ। ਸ਼ਹਿਰ ਦੇ ਜਾਗਰੂਕ ਵਿਅਕਤੀਆਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਕਾਂ ਨੂੰ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਅਨੁਸ਼ਾਸਨ ਦੇ ਧਾਰਨੀ ਵੀ ਬਣਾਉਣਾ ਚਾਹੀਦਾ ਹੈ। ਇਸ ਸਬੰਧੀ ਕੌਨਵੈਂਟ ਸਕੂਲ ਦੇ ਪ੍ਰਿੰਸੀਪਲ ਫਾਦਰ ਬੈਨੀ ਨੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਕੋਲ ਲਾਇਸੈਂਸ ਨਹੀਂ ਹਨ ਉਨ੍ਹਾਂ ਨੂੰ ਵਾਹਨ ਸਕੂਲ ਦੇ ਅੰਦਰ ਲਿਆਉਣ ਦੀ ਇਜ਼ਾਜਤ ਨਹੀਂ ਹੈ।

ਚੋਰ ਰਸਤਿਆਂ ਰਾਹੀਂ ਮੰਜ਼ਿਲ ’ਤੇ ਜਾਣ ਲੱਗੀਆਂ ਸਕੂਲੀ ਗੱਡੀਆਂ
ਧਨੌਲਾ (ਅਜੀਤਪਾਲ ਸਿੰਘ): ਲੌਂਗੋਵਾਲ ਵਿੱਚ ਚਾਰ ਸਕੂਲੀ ਬੱਚਿਆਂ ਦੇ ਜ਼ਿੰਦਾ ਸੜ ਜਾਣ ਦੀ ਘਟਨਾ ਮਗਰੋਂ ਪ੍ਰਸ਼ਾਸਨ ਵੱਲੋਂ ਸਕੂਲਾਂ ’ਤੇ ਸ਼ਿਕੰਜਾ ਕੱਸਿਆ ਜਾਣ ਲੱਗਾ ਹੈ ਪਰ ਹੁਣ ਸਕੂਲੀ ਗੱਡੀਆਂ ਚੋਰ ਰਸਤਿਆਂ ਰਾਹੀਂ ਆਪਣੀ ਮੰਜ਼ਿਲ ਤੱਕ ਪੁੱਜਣ ਲੱਗੀਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਗਏ ਹਨ ਕਿ ਸਕੂਲੀ ਬੱਚਿਆਂ ਨੂੰ ਲਿਜਾਣ ਵਾਲੀਆਂ ਗੱਡੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਟਰੈਫਿਕ ਪੁਲੀਸ ਵੀ ਇਸ ਪਾਸੇ ਖਾਸਾ ਧਿਆਨ ਦੇ ਰਹੀ ਹੈ ਸਕੂਲੀ ਗੱਡੀਆਂ ਦੇ ਡਰਾਈਵਰਾਂ ਨੇ ਮੁੱਖ ਸੜਕਾਂ ’ਤੇ ਚੱਲਣ ਤੋਂ ਗੁਰੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਥੇ ਇਹ ਗੱਡੀਆਂ ਹੁਣ ਨਿਸ਼ਚਿਤ ਸਮੇਂ ਤੋਂ ਪਹਿਲਾਂ ਚੱਲਣ ਲੱਗੀਆਂ ਹਨ, ਉਥੇ ਲਿੰਕ ਸੜਕਾਂ ਨੂੰ ਤਰਜੀਹ ਦੇਣ ਦਾ ਰੁਝਾਨ ਆਮ ਵੇਖਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਜੇਕਰ ਕੋਈ ਵੀ ਸਕੂਲੀ ਗੱਡੀ ਬੱਚਿਆਂ ਲਈ ਖ਼ਤਰਾ ਸਾਬਿਤ ਹੋਣ ਵਾਲੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ।

ਨਾਕੇ ਦੀ ਭਿਣਕ ਲੱਗਦਿਆਂ ਹੀ ਬਦਲੇ ਰੂਟ
ਮੌੜ ਮੰਡੀ (ਜਗਤਾਰ ਅਣਜਾਣ): ਅੱਜ ਮੌੜ ਮੰਡੀ ਵਿੱਚ ਤਹਿਸੀਲਦਾਰ ਮੌੜ ਰਮੇਸ਼ ਕੁਮਾਰ ਜੈਨ ਅਤੇ ਡੀਐੱਸਪੀ ਮੌੜ ਮਨੋਜ ਗੋਰਸੀ ਦੀ ਅਗਵਾਈ ਹੇਠ ਥਾਣਾ ਮੌੜ ਦੇ ਐੱਸਐੱਚਓ ਹਰਵਿੰਦਰ ਸਿੰਘ ਸਮੇਤ ਪੁਲੀਸ ਟੀਮ ਨੇ ਵੱਖ ਵੱਖ ਸਕੂਲਾਂ ਦੀਆਂ ਵੈਨਾਂ ਦੇ ਚਲਾਨ ਕੱਟੇ ਅਤੇ ਬਿਨਾਂ ਕਾਗ਼ਜ਼ਾਤ ਵਾਲੀਆਂ ਵੈਨਾਂ ਨੂੰ ਥਾਣਾ ਮੌੜ ਵਿੱਚਬੰਦ ਕਰ ਦਿੱਤਾ। ਥਾਣਾ ਮੁਖੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਸਕੂਲ ਵੈਨਾਂ ਤੇ ਸਕੂਲ ਬੱਸਾਂ ਦੀ ਸੜਕਾਂ ’ਤੇ ਚੱਲਣ ਯੋਗ ਹਾਲਤ ਨੂੰ ਦੇਖਣ ਲਈ ਅੱਜ ਬਠਿੰਡਾ-ਭਵਾਨੀਗੜ੍ਹ ਰਾਜ ਮਾਰਗ ’ਤੇ ਸਥਿਤ ਰਾਮਨਗਰ ਕੈਂਚੀਆਂ ’ਤੇ ਚੈਕਿੰਗ ਅਭਿਆਨ ਚਲਾਇਆ , ਜਿਸ ਵਿਚ ਵੱਖ ਵੱਖ ਸਕੂਲਾਂ ਦੀਆਂ ਵੈਨਾਂ ’ਚ ਸੀਸੀਟੀਵੀ ਕੈਮਰੇ, ਡਰਾਈਵਰ ਦੇ ਵਰਦੀ ਨਾ ਹੋਣ ਤੋ ਇਲਾਵਾ ਹੋਰ ਨਿਯਮਾਂ ਨੂੰ ਪੂਰਾ ਨਾ ਕਰਨ ਅਤੇ ਅਧੂਰੇ ਕਾਗਜਾਤ ਵਾਲੀਆਂ 23 ਵੈਨਾਂ ਦੇ ਚਲਾਨ ਕੱਟੇ ਗਏ ਅਤੇ ਬਗੈਰ ਕਾਗਜਾਤ ਤੋਂ ਸੜਕਾਂ ਤੇ ਚੱਲਣ ਵਾਲੀਆਂ 4 ਸਕੂਲ ਵੈਨਾਂ ਨੂੰ ਥਾਣਾ ਮੌੜ ਵਿਖੇ ਬੰਦ ਕਰ ਦਿੱਤਾ ਗਿਆ। ਉੱਧਰ ਸਕੂਲ ਮੈਨੇਜਮੈਟਾਂ ਨੂੰ ਰਾਮਨਗਰ ਕੈਂਚੀਆਂ ’ਤੇ ਪੁਲੀਸ ਵੱਲੋਂ ਵੈਨ ਚੈਕਿੰਗ ਲਈ ਲਗਾਏ ਗਏ ਨਾਕੇ ਦਾ ਪਤਾ ਚਲਦੇ ਹੀ ਵੱਡੀ ਗਿਣਤੀ ਵੈਨ ਚਾਲਕਾਂ ਤੋਂ ਵੈਨਾਂ ਨੂੰ ਪਿੰਡਾਂ ’ਚ ਹੀ ਰੁਕਵਾ ਦਿੱਤਾ ਅਤੇ ਕੁੱਝ ਵੈਨਾਂ ਨੂੰ ਸਕੂਲ ਆਉਣ ਲਈ ਬਦਲਵੇਂ ਰਸਤੇ ਲਿਆਉਣ ਲਈ ਹਦਾਇਤਾਂ ਕੀਤੀਆਂ, ਤਾਂ ਜੋ ਪੁਲੀਸ ਦੇ ਅੱਖੀਂ ਘੱਟਾ ਪਾ ਕੇ ਚਲਾਨ ਤੋਂ ਬਚਿਆ ਜਾ ਸਕੇ, ਜਿਸ ਕਾਰਨ ਬੱਚਿਆਂ ਨੂੰ ਸਕੂਲ ਸਮੇਂ ਤੋਂ ਕਾਫੀ ਲੇਟ ਹੋਣਾ ਪਿਆ।


Comments Off on ਪੁਲੀਸ ਨੇ ਕੰਡਮ ਵੈਨਾਂ ਜ਼ਬਤ ਕਰਨ ਲਈ ਸੜਕਾਂ ਮੱਲੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.