ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਨੀਂ ਮੈਂ ਰਿੱਧੀਆਂ ਸੇਵੀਆਂ…

Posted On February - 29 - 2020

ਸ਼ਵਿੰਦਰ ਕੌਰ
ਕੋਈ ਸਮਾਂ ਸੀ ਜਦੋਂ ਸਾਡਾ ਖਾਣ-ਪੀਣ ਦਾ ਸਾਰਾ ਸਾਮਾਨ ਘਰ ਵਿਚ ਹੀ ਬਣਾਇਆ ਜਾਂਦਾ ਸੀ। ਸੇਵੀਆਂ ਵੀ ਲੋਕਾਂ ਦੀ ਮਨਭਾਉਂਦੀ ਖੁਰਾਕ ਸੀ। ਘਰ ਦੀ ਬਣੀ ਸਾਦੀ ਅਤੇ ਨਰੋਈ ਖੁਰਾਕ ਅਤੇ ਕਿਰਤ ਨਾਲ ਪਿਆਰ ਬਜ਼ੁਰਗਾਂ ਦੀ ਚੰਗੀ ਸਿਹਤ ਦਾ ਰਾਜ਼ ਸੀ। ਗੁੱਗਾ ਨੌਮੀ ਵਾਲੇ ਦਿਨ ਸੇਵੀਆਂ ਜ਼ਰੂਰ ਰਿੰਨ੍ਹੀਆਂ ਜਾਂਦੀਆਂ ਹਨ। ਇਹ ਸੇਵੀਆਂ ਇਸ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਹੀ ਸਵਾਣੀਆਂ ਵੱਟ ਲੈਂਦੀਆਂ। ਪਹਿਲਾਂ ਸੇਵੀਆਂ ਹੱਥਾਂ ਨਾਲ ਵੱਟੀਆਂ ਜਾਂਦੀਆਂ ਸਨ। ਅੱਜਕੱਲ੍ਹ ਇਹ ਮਸ਼ੀਨਾਂ ਨਾਲ ਵੱਟੀਆਂ ਜਾਂਦੀਆਂ ਹਨ। ਕੜ੍ਹਦੇ ਦੁੱਧ ਵਿਚ ਪਾ ਕੇ ਬਣਾਈਆਂ ਸੇਵੀਆਂ ਜਿੱਥੇ ਖਾਣ ਲਈ ਲਾਜਵਾਬ ਸਨ, ਉੱਥੇ ਸਿਹਤ ਲਈ ਵੀ ਗੁਣਕਾਰੀ ਸਨ। ਸ਼ਾਇਦ ਅਜਿਹੀਆਂ ਖੁਰਾਕਾਂ ਕਰਕੇ ਉਨ੍ਹਾਂ ਨੂੰ ਕਦੇ ਕੈਲਸ਼ੀਅਮ ਜਾਂ ਮਲਟੀ ਵਿਟਾਮਿਨ ਦੀਆਂ ਗੋਲੀਆਂ ਖਾਣ ਦੀ ਲੋੜ ਨਹੀਂ ਪੈਂਦੀ ਸੀ।
ਸੇਵੀਆਂ ਵੱਟਣ ਲਈ ਸਵਾਣੀਆਂ ਆਟੇ ਨੂੰ ਮਲਮਲ ਦੀ ਚੁੰਨੀ ਨਾਲ ਕੱਪੜਛਾਣ ਕਰਕੇ ਵਿਚੋਂ ਮੈਦਾ ਕੱਢ ਲੈਂਦੀਆਂ ਸਨ। ਉਸ ਮੈਦੇ ਨੂੰ ਪਰਾਤ ਵਿਚ ਪਾ ਕੇ ਗੁੰਨ੍ਹਿਆ ਜਾਂਦਾ ਸੀ। ਆਟਾ ਗੁੰਨ੍ਹਣ ਦੀ ਵੀ ਇਕ ਤਕਨੀਕ ਹੁੰਦੀ ਸੀ। ਆਟਾ ਪੂਰਾ ਸਖ਼ਤ ਗੁੰਨ੍ਹਿਆ ਜਾਂਦਾ ਸੀ। ਇਸਨੂੰ ਵਾਰ-ਵਾਰ ਮੁੱਕੀ ਦਿੰਦੇ ਸਮੇਂ ਘਿਉ ਲਾ ਕੇ ਇਸ ਤਰ੍ਹਾਂ ਗੁੰਨ੍ਹਿਆ ਜਾਂਦਾ ਸੀ ਕਿ ਸੇਵੀਆਂ ਵੱਟਣ ਸਮੇਂ ਤਿੜਕਣ ਨਾ।
ਸੇਵੀਆਂ ਵੱਟਣਾ ’ਕੱਲੀ ਕਹਿਰੀ ਸਵਾਣੀ ਦਾ ਕੰਮ ਨਹੀਂ ਹੁੰਦਾ ਸੀ। ਇਸ ਲਈ ਆਂਢ-ਗੁਆਂਢ ਅਤੇ ਨੇੜੇ ਦੀਆਂ ਹੋਰ ਔਰਤਾਂ ਨੂੰ ਸੱਦਾ ਦਿੱਤਾ ਜਾਂਦਾ ਸੀ। ਜਿਨ੍ਹਾਂ ਦੀ ਗਿਣਤੀ ਦਸ ਤੋਂ ਲੈ ਕੇ ਪੰਦਰਾਂ ਤਕ ਹੁੰਦੀ ਸੀ। ਇਹ ਕੰਮ ਘਰਾਂ ਦੇ ਸਾਰੇ ਕੰਮ ਧੰਦੇ ਨਿਬੇੜ ਕੇ ਆਮ ਤੌਰ ’ਤੇ ਦੁਪਹਿਰ ਵੇਲੇ ਕੀਤਾ ਜਾਂਦਾ ਸੀ। ਔਰਤਾਂ ਆਪਣੇ ਆਪਣੇ ਘੜੇ ਲੈ ਕੇ ਸੇਵੀਆਂ ਵੱਟਣ ਵਾਲੇ ਘਰ ਇਕੱਠੀਆਂ ਹੋ ਜਾਂਦੀਆਂ ਸਨ। ਸੇਵੀਆਂ ਵੱਟਣ ਸਮੇਂ ਪੇੜੇ ਜਿੰਨੇ ਆਟੇ ਨੂੰ ਘੜੇ ਉੱਪਰ ਰੱਖ ਕੇ ਉਸ ਨੂੰ ਦੋਹਾਂ ਪਾਸਿਆਂ ਤੋਂ ਦੋਵੇਂ ਹੱਥੇਲੀਆਂ ਦੇ ਜ਼ੋਰ ਨਾਲ ਵੱਟਿਆ ਜਾਂਦਾ ਸੀ। ਆਟੇ ਦੇ ਸਿਰਿਆਂ ਤੋਂ ਬਾਰੀਕ ਸੇਵੀਆਂ ਹੇਠਾਂ ਵਿਛਾਈ ਚਾਦਰ ’ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਨ। ਜਿਨ੍ਹਾਂ ਨੂੰ ਪਾਉਣ ਲਈ ਪਹਿਲਾਂ ਹੀ ਪ੍ਰਬੰਧ ਕੀਤਾ ਹੁੰਦਾ ਸੀ।
ਥੱਲੇ ਪੁਰਾਣੀਆਂ ਚਾਦਰਾਂ ਵਿਛਾ ਕੇ ਉਨ੍ਹਾਂ ਉੱਪਰ ਮੰਜਾ ਮੂਧਾ ਮਾਰਿਆ ਜਾਂਦਾ। ਪਾਵਿਆਂ ਦੇ ਚਾਰੇ ਪਾਸੇ ਰੱਸੀਆਂ ਵਲੀਆਂ ਜਾਂਦੀਆਂ ਜਾਂ ਚਾਦਰ ਉੱਪਰ ਕਰੀਰਾਂ ਦੀਆਂ ਟਾਹਣੀਆਂ ਰੱਖ ਦਿੱਤੀਆਂ ਜਾਂਦੀਆਂ। ਜਿਨ੍ਹਾਂ ਨੂੰ ਢੀਂਗਰੀ ਕਿਹਾ ਜਾਂਦਾ ਸੀ। ਜਦੋਂ ਵੱਟੀਆਂ ਜਾ ਰਹੀਆਂ ਸੇਵੀਆਂ ਦੀ ਲੰਬਾਈ ਵਾਹਵਾ ਹੋ ਜਾਂਦੀ ਤਾਂ ਉਨ੍ਹਾਂ ਦੇ ਲਟਕਦੇ ਗੁੱਛੇ ਨੂੰ ਜੁਗਤੀ ਨਾਲ ਤੋੜ ਕੇ ਢੀਂਗਰੀਆਂ ’ਤੇ ਪੁੱਠੇ ਹੱਥ ਨਾਲ ਖਿਡਾਉਣ ਵਾਲੀ ਜੁਗਤ ਨਾਲ ਸੁੱਟ ਦਿੰਦੀਆਂ ਸਨ। ਥੋੜ੍ਹਾ ਸੁੱਕਣ ਤੇ ਕਰੀਰ ਦੀਆਂ ਟਾਹਣੀਆਂ ਨੂੰ ਚੁੱਕ ਦਿੱਤਾ ਜਾਂਦਾ। ਸੇਵੀਆਂ ਚਾਦਰ ਉੱਪਰ ਰਹਿ ਜਾਂਦੀਆਂ।
ਬੱਚਿਆਂ ਨੂੰ ਵੀ ਇਸ ਦਿਨ ਬੜਾ ਚਾਅ ਚੜ੍ਹਦਾ। ਇਕ ਤਾਂ ਘਰ ਵਿਚ ਪੂਰੀ ਰੌਣਕ ਹੁੰਦੀ। ਦੂਜਾ ਉਨ੍ਹਾਂ ਨੂੰ ਮਾਵਾਂ ਥੋੜ੍ਹੇ ਜਿਹੇ ਆਟੇ ਦੇ ਚੰਦੋਏ ਬਣਾ ਦਿੰਦੀਆਂ। ਜਿਨ੍ਹਾਂ ਨੂੰ ਗਰਮ ਸੁਆਹ (ਭੁੱਬਲ) ਵਿਚ ਸੁੱਟ ਕੇ ਪਕਾ ਲਿਆ ਜਾਂਦਾ। ਉਸ ਉੱਪਰ ਘਿਉ ਅਤੇ ਦੇਸੀ ਖੰਡ ਪਾ ਕੇ ਖਾਣ ਦਾ ਸਵਾਦ ਲਾਜਵਾਬ ਹੁੰਦਾ। ਇਕ ਘਰ ਵਿਚ ਇਕੱਠੀਆਂ ਹੋ ਕੇ ਸਵਾਣੀਆਂ ਜਦੋਂ ਸੇਵੀਆਂ ਵੱਟਦੀਆਂ ਤਾਂ ਉਨ੍ਹਾਂ ਦੀ ਆਪਸੀ ਸਾਂਝ ਪਕੇਰੀ ਹੁੰਦੀ। ਸੇਵੀਆਂ ਵੱਟਣ ਦੇ ਨਾਲ ਨਾਲ ਉਹ ਆਪਣੇ ਦੁੱਖ-ਸੁੱਖ ਫੋਲ ਕੇ ਢਿੱਡ ਹੌਲੇ ਕਰ ਲੈਂਦੀਆਂ। ਹਾਸੇ ਵੀ ਛਣਕਦੇ। ਕਿਸੇ ਦਿਓਰ ਨੂੰ ਆਉਂਦਿਆਂ ਵੇਖ ਕੋਈ ਭਾਬੀ ਦੇ ਥਾਂ ਲੱਗਦੀ ਕਹਿ ਉੱਠਦੀ :
ਨੀਂ ਮੈਂ ਰਿੱਧੀਆਂ ਸੇਵੀਆਂ, ਜੱਟ ਨੂੰ ਚੜ੍ਹ ਗਿਆ ਚਾਅ
ਜੇ ਤੂੰ ਖਾਣੀਆਂ ਸੇਵੀਆਂ, ਮੁੱਛਾਂ ਮੁਨਾ ਕੇ ਆ।
ਕਦੇ-ਕਦੇ ਉਹ ਲੰਮੀ ਹੇਕ ਵਾਲੇ ਗੀਤ ਛੋਹ ਲੈਂਦੀਆਂ:
ਤੇਰੀ ਤੇਰੀ ਕਾਰਨ ਵੇ ਸੇਵੀਆਂ ਬਣਾਵਾ,
ਵਿਚ ਕੇਸਰ ਪਾਵਾਂ,
ਕਿਤੇ ਖਾਵਣ ਦੇ ਪੱਜ ਆ, ਵੇ ਮੇਰੇ ਕਾਨ੍ਹ ਵਜ਼ੀਰਾ,
ਛੋਟੀ ਨਣਦ ਦਿਆ।
ਉਨ੍ਹਾਂ ਦੀਆਂ ਸੁਰੀਲੀਆਂ ਆਵਾਜ਼ਾਂ ਆਲੇ ਦੁਆਲੇ ਨੂੰ ਨਸ਼ਿਆਂ ਦਿੰਦੀਆਂ। ਰਲ ਬੈਠਣ ਵਾਲੇ ਇਹ ਰੀਤੀ ਰਿਵਾਜ ਸਾਡੀ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਸਨ। ਅਜਿਹੇ ਕੰਮਾਂ ਨੂੰ ਕਰਨ ਲਈ ਇਕ ਦੂਸਰੇ ਦੀ ਲੋੜ ਪੈਂਦੀ ਸੀ। ਇਹ ਲੋੜ ਸਾਨੂੰ ਇਕ ਮੋਹ ਭਰੇ ਧਾਗੇ ਦੀ ਡੋਰ ਵਿਚ ਪਰੋਈ ਰੱਖਦੀ ਸੀ।
ਆਪੋ ਧਾਪੀ ਦੇ ਇਸ ਸਮੇਂ ਵਿਚ ਆਪਸ ਵਿਚ ਰਲ ਬੈਠਣ, ਦੁੱਖ ਸੁੱਖ ਸਾਂਝੇ ਕਰਨ ਵਾਲੀ ਮਾਨਸਿਕਤਾ ਬਦਲ ਗਈ ਹੈ। ਹਰ ਮਨੁੱਖ ਨਿੱਜ ਨੂੰ ਪਹਿਲ ਦੇਣ ਸਦਕਾ ਇਕੱਲਾ ਹੋ ਰਿਹਾ ਹੈ। ਦਿਨੋਂ-ਦਿਨ ਵਧਦੀ ਮਾਨਸਿਕ ਰੋਗੀਆਂ ਦੀ ਗਿਣਤੀ ਦਾ ਇਕ ਕਾਰਨ ਆਪਸੀ ਸਾਂਝ ਦਾ ਤਿੜਕ ਜਾਣਾ ਵੀ ਹੈ। ਖ਼ੂਬਸੂਰਤ ਜ਼ਿੰਦਗੀ ਜਿਊਣ ਲਈ ਸਾਂਝਾਂ ਅਤੇ ਮੁਹੱਬਤਾਂ ਦੇ ਦਰਿਆ ਜ਼ਰੂਰੀ ਹਨ ਜੋ ਸਾਡੀ ਰੂਹ ਵਿਚ ਠਾਠਾਂ ਮਾਰਦੇ ਰਹਿਣ।
ਸੰਪਰਕ : 76260-63596


Comments Off on ਨੀਂ ਮੈਂ ਰਿੱਧੀਆਂ ਸੇਵੀਆਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.