ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਦੋ ਔਰਤਾਂ ਦੀ ਮੌਤ !    ਹਰਿਆਣਾ ਵਿਚ ਕਰੋਨਾ ਨਾਲ ਪਹਿਲੀ ਮੌਤ !    ਹਰਿਆਣਾ ’ਚ ਕਿਸਾਨਾਂ ਦੇ ਕਰਜ਼ੇ ਦੀਆਂ ਕਿਸ਼ਤਾਂ 30 ਜੂਨ ਤਕ ਮੁਲਤਵੀ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    

ਨਿਆਂ

Posted On February - 16 - 2020

ਰਾਕੇਸ਼ ਰਮਨ
ਕਥਾ ਪ੍ਰਵਾਹ
ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਹੀ ਅਜਿਹੀ ਚਿੱਟੀ ਚਮਕਦੀ ਧੁੱਪ ਹੁੰਦੀ ਹੈ ਜਿਵੇਂ ਖਿੜੀ ਹੋਈ ਕਪਾਹ ਹੋਵੇ। ਕੋਸੀ-ਕੋਸੀ ਧੁੱਪ ਸਰੀਰ ਨੂੰ ਹੁਲਾਰਾ ਦਿੰਦੀ ਹੈ ਤੇ ਮਨ ਨੂੰ ਸਕੂਨ। ਮਨ ਮੱਲੋ-ਮੱਲੀ ਬਾਹਰ ਵਿਹੜੇ ਵਿੱਚ ਆਉਣ ਨੂੰ ਉਤਾਵਲਾ ਹੁੰਦਾ ਹੈ। ਪਵਿੱਤਰ ਨੇ ਦਰਵਾਜ਼ੇ ਵਿੱਚ ਖੜ੍ਹ ਜਦੋਂ ਬਾਹਰ ਵਿਹੜੇ ਵਿੱਚ ਨਜ਼ਰ ਦੌੜਾਈ ਤਾਂ ਸਭ ਤੋਂ ਪਹਿਲਾਂ ਉਹਦੀ ਨਿਗ੍ਹਾ ਗੁਲਦਾਉਦੀ ਦੀਆਂ ਡੋਡੀਆਂ ’ਤੇ ਪਈ ਜਿਨ੍ਹਾਂ ਵਿਚੋਂ ਪੀਲੀਆਂ ਪੱਤੀਆਂ ਨੇ ਝਾਕਣਾ ਸ਼ੁਰੂ ਕਰ ਦਿੱਤਾ ਸੀ, ‘‘ਹੁਣ ਫੁੱਲ ਖਿੜ ਆਉਣਗੇ!’’ ਪਵਿੱਤਰ ਦੇ ਮਨ ਅੰਦਰ ਜਦੋਂ ਇਹ ਬੋਲ ਉੱਭਰਿਆ ਤਾਂ ਨਾਲ ਹੀ ਉਹਨੂੰ ਬਿਜਲੀ ਦੇ ਲਿਸ਼ਕਾਰੇ ਵਾਂਗ ਇਹ ਖ਼ਿਆਲ ਵੀ ਆਇਆ, ‘ਪਿੰਕੀ ਨੇ ਇਸ ਵਰ੍ਹੇ ਵੀਹਾਂ ਵਰ੍ਹਿਆਂ ਦੀ ਹੋ ਜਾਣਾ ਸੀ।’ ਉਹਨੇ ਦਿਲ ਹੀ ਦਿਲ ਹਾਉਕਾ ਭਰਿਆ, ਆਪਣੇ ਅੱਥਰੂਆਂ ਨੂੰ ਕਾਬੂ ਕਰ ਲਿਆ। ਬਾਹਰ ਬੰਤ ਜੁ ਪਿਆ ਸੀ। ਕਾਂਸਟੇਬਲ ਕੁਲਵੰਤ ਸਿੰਘ। ਉਹਦਾ ਖਾਵੰਦ। ਉਹ ਘੂਕ ਸੁੱਤਾ ਪਿਆ ਸੀ, ਘੁਰਾੜੇ ਮਾਰ ਰਿਹਾ ਸੀ। ਰਾਤੀਂ ਉਹਦੀ ਕਿਸੇ ਨਾਕੇ ’ਤੇ ਡਿਊਟੀ ਸੀ। ਪਿੰਕੀ ਬਾਰੇ ਸੋਚਦੀ ਹੋਈ ਪਵਿੱਤਰ ਸੁੱਤੇ ਪਏ ਬੰਤ ਤੋਂ ਵੀ ਖ਼ੌਫ਼ਜ਼ਦਾ ਸੀ। ਗੱਲ ਇਹ ਨਹੀਂ ਕਿ ਪਵਿੱਤਰ ਪੁਲੀਸ ਵਾਲਿਆਂ ਤੋਂ ਕੋਈ ਉਚੇਚਾ ਡਰਦੀ ਸੀ। ਪਿਛਲੇ ਇੱਕੀ ਸਾਲਾਂ ਤੋਂ ਉਹ ਪੁਲੀਸ ਵਾਲੇ ਨਾਲ ਸਹਿਜ ਜ਼ਿੰਦਗੀ ਹੀ ਤਾਂ ਬਤੀਤ ਕਰਦੀ ਆਈ ਸੀ, ਪਰ ਫਿਰ ਕੁਝ ਵਾਪਰ ਹੀ ਅਜਿਹਾ ਗਿਆ ਸੀ ਕਿ ਬੰਤ ਉਹਨੂੰ ਆਪਣਾ ਬੰਦਾ ਤਾਂ ਕੀ ਸਿਰਫ਼ ਬੰਦਾ ਵੀ ਨਹੀਂ ਸੀ ਜਾਪਦਾ। ਉਹਦੇ ਲਈ ਉਹ ਕੋਈ ਜਰਵਾਣਾ ਬਣ ਗਿਆ ਸੀ।
ਇਕ ਪਲ ਲਈ ਪਵਿੱਤਰ ਦੇ ਮਨ ਵਿੱਚ ਇਹ ਖਿਆਲ ਵੀ ਅਇਆ, ‘ਤੇਰੀ ਇਕੱਲੀ ਦੀ ਥੋੜ੍ਹਾ ਸੀ ਪਿੰਕੀ, ਬੰਤ ਦੀ ਵੀ ਤਾਂ ਧੀ ਸੀ…।’ ਪਰ ਅਗਲੇ ਹੀ ਪਲ ਉਹਨੇ ਇਸ ਖ਼ਿਆਲ ਨੂੰ ਸਿਰੇ ਤੋਂ ਨਕਾਰ ਦਿੱਤਾ, ‘ਇਹਦੀ ਕਾਹਦੀ ਧੀ, ਇਹਨੇ ਕਿਹੜਾ ਢਿੱਡੋਂ ਜੰਮੀ ਸੀ। ਢਿੱਡੋਂ ਜੰਮਣ ਵਾਲੀ ਨੂੰ ਦਰਦ ਹੁੰਦਾ ਹੈ, ਜੰਮਣ ਵਾਲੀ ਨੂੰ ਹੀ ਜੰਮਣ ਵਾਲੇ ਦੇ ਦਰਦ ਦਾ ਪਤਾ ਹੁੰਦੈ।’ ਵਿਹੜੇ ਦੀ ਧਰੇਕ ਦੇ ਪੀਲੇ ਪੱਤੇ ਟੁੱਟ ਕੇ ਬੰਤ ਉੱਪਰ ਡਿੱਗਦੇ ਰਹੇ। ਕਦੇ-ਕਦੇ ਕੋਈ ਮੱਖੀ ਵੀ ਉਹਦੇ ਮੂੰਹ ’ਤੇ ਬੈਠ ਜਾਂਦੀ। ਪਵਿੱਤਰ ਇਹ ਸਭ ਦੇਖਦੀ ਰਹੀ। ਦੇਖਦੀ ਰਹੀ ਕਿ ਪੱਤੇ ਮੱਖੀਆਂ ਉਹਨੂੰ ਭੱਦਾ ਬਣਾ ਰਹੀਆਂ ਸਨ। ਪਰ ਜੇਕਰ ਉਹ ਇੰਞ ਭੈੜੀ ਤਰ੍ਹਾਂ ਨਾ ਵੀ ਸੁੱਤਾ ਹੁੰਦਾ, ਪੱਤੇ-ਮੱਖੀਆਂ ਉਹਦੇ ਸਰੀਰ ਉਦਾਲੇ ਨਾ ਵੀ ਹੁੰਦੀਆਂ, ਉਹ ਵਰਦੀ ਵਿੱਚ ਸਜਿਆ-ਫਬਿਆ ਵੀ ਹੁੰਦਾ, ਫਿਰ ਵੀ ਉਹ ਉਸ ਨੂੰ ਭੈੜਾ ਹੀ ਲੱਗਣਾ ਸੀ ਤੇ ਪਿਛਲੇ ਦੋ ਸਾਲਾਂ ਤੋਂ ਭੈੜਾ ਲੱਗਦਾ ਆਇਆ ਸੀ।
* * *
ਇਹ ਤਾਂ ਫਿਰ ਵਰਦੀਧਾਰੀ ਬੰਤ ਸੀ, ਬਿਨਾਂ ਵਰਦੀਓਂ ਬੰਤਾਂ ਦੀ ਵੀ ਕੋਈ ਕਮੀ ਨਹੀਂ ਸੀ। ਥਾਂ-ਥਾਂ ਬੰਤ ਬੈਠੇ ਸਨ। ਪਰ ਮਰਦਾ ਕੀ ਨਹੀਂ ਕਰਦਾ। ਪਵਿੱਤਰ ਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆਂ ਸਨ। ਉਹ ਚਾਹੁੰਦੀ ਸੀ ਕਿ ਹਰ ਹੀਲੇ ਗੱਲ ਵਧਣੋਂ ਰੋਕ ਲਈ ਜਾਵੇ। ‘ਬੰਦਾ ਹਮੇਸ਼ਾਂ ਲਈ ਇਕੋ ਜਿਹਾ ਥੋੜ੍ਹੋ ਰਹਿੰਦਾ।’ ਪਵਿੱਤਰ ਦੀ ਆਪਣੀ ਇਸ ਧਾਰਨਾ ਅਨੁਸਾਰ ਪਿੰਕੀ ਤੋਂ ਜੋ ਗ਼ਲਤੀ ਹੋ ਗਈ ਸੀ, ਸੁਧਾਰੀ ਜਾ ਸਕਦੀ ਸੀ, ਪਰ ਸੁਧਾਰਨ ਲਈ ਮੌਕੇ ਦੀ ਜ਼ਰੂਰਤ ਸੀ। ਉਹ ਮੌਕਾ ਹੀ ਸੀ ਜਿਸ ਨੂੰ ਤਲਾਸ਼ਦੀਆਂ ਮਾਵਾਂ-ਧੀਆਂ ਦੋਵੇਂ ਤੜਪਦੀਆਂ ਫਿਰਦੀਆਂ ਸਨ। ਮੌਕਾ ਸੀ ਕਿ ਹੱਥੋਂ ਤਿਲ੍ਹਕ-ਤਿਲ੍ਹਕ ਜਾ ਰਿਹਾ ਸੀ। ਅਜੀਬ ਬੇਵੱਸੀ ਦਾ ਆਲਮ ਸੀ।
ਪਵਿੱਤਰ ਨੇ ਕਾਲਜ ਦੇ ਇਕ ਨਰਮ ਸੁਭਾਅ ਮੰਨੇ ਜਾਂਦੇ ਪ੍ਰੋਫ਼ੈਸਰ ਰਾਹੀਂ ਪਿੰਕੀ ਦੀਆਂ ਸਹਿਪਾਠਣਾਂ ਤੋਂ ਕਾਲਜ ਦੇ ਪ੍ਰਿੰਸੀਪਲ ਨੂੰ ਅਪੀਲ ਕਰਵਾਉਣ ਦੀ ਕੋਸ਼ਿਸ਼ ਕੀਤੀ ਮਤੇ ਸ਼ਾਇਦ ਪ੍ਰਿੰਸੀਪਲ ਆਪਣਾ ਸਖ਼ਤ ਵਤੀਰਾ ਬਦਲ ਲਵੇ। ਪ੍ਰੋਫ਼ੈਸਰ ਨੇ ਪਵਿੱਤਰ ਨੂੰ ਦੱਸਿਆ, ‘‘ਬੀਬੀ, ਕੁੜੀਆਂ ਦਾ ਮਨ ਟਟੋਲਣ ਦੀ ਕੋਸ਼ਿਸ਼ ਮੈਂ ਕਰ ਚੁੱਕਾਂ। ਕੁੜੀਆਂ ਤਾਂ ਸਗੋਂ ਪਿੰਕੀ ਖ਼ਿਲਾਫ਼ ਸਖ਼ਤ ਐਕਸ਼ਨ ਦੀ ਮੰਗ ਕਰ ਰਹੀਆਂ ਨੇ। ਬੀਬੀ! ਕਹਿੰਦੀਆਂ, ‘ਇੱਕੋ ਮੱਛੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਐ!’ ਗੱਲ ਬਣਦੀ ਨੀਂ ਲੱਗਦੀ।’’ ਪ੍ਰੋਫ਼ੈਸਰ ਦੀ ਗੱਲ ਸੁਣ ਕੇ ਪਵਿੱਤਰ ਨੂੰ ਪੱਕ ਹੋ ਗਿਆ ਕਿ ਗੱਲ ਹੁਣ ਵੱਸ ਵਿੱਚ ਨਹੀਂ ਸੀ ਰਹੀ। ਪ੍ਰਿੰਸੀਪਲ ਲੋਹੇ ਦਾ ਥਣ ਬਣਿਆ ਹੋਇਆ ਸੀ। ਉਹ ‘ਮੇਰਾ ਕਾਲਜ… ਮੇਰਾ ਕਾਲਜ…’ ਦੀ ਰਟ ਹੀ ਲਾਈ ਜਾ ਰਿਹਾ ਸੀ ਤੇ ਕੁੜੀ ਨੂੰ ਕਾਲਜੋਂ ਕੱਢਣ ਲਈ ਪੂਰੀ ਤਰ੍ਹਾਂ ਕਾਹਲਾ ਪਿਆ ਲੱਗਦਾ ਸੀ। ‘ਕੱਢ ਦੇਵੇ ਕਾਲਜੋਂ, ਕੋਈ ਗੱਲ ਨਹੀਂ, ਪਰ ਬਦਨਾਮੀ ਨਾ ਕਰੇ… ਚਲੋ ਕੋਈ ਗੱਲ ਨ੍ਹੀਂ, ਜਾਨ ਹੈ ਤਾਂ ਜਹਾਨ ਹੈ।’ ਪਵਿੱਤਰ ਨੇ ਮਨ ਸਮਝਾਇਆ। ਫਿਰ ਵੀ ਉਹਦਾ ਅੰਦਰਲਾ ਚਾਹੁੰਦਾ ਸੀ ਕਿ ਕੁੜੀ ਡਿੱਗਦੀ-ਢਹਿੰਦੀ ਹੀ ਸਹੀ, ਚਾਰ ਜਮਾਤਾਂ ਪੜ੍ਹ ਹੀ ਜਾਵੇ ਤਾਂ ਚੰਗਾ ਰਹੇਗਾ। ਖ਼ੈਰ, ਜੇਕਰ ਪ੍ਰਿੰਸੀਪਲ ਕੁੜੀ ਨੂੰ ਕਾਲਜ ’ਚ ਰੱਖਣਾ ਹੀ ਨਹੀਂ ਚਾਹੁੰਦਾ, ਗੱਲ-ਗੱਲ ’ਤੇ ‘ਕਰੈਕਟਰਲੈੱਸ-ਕਰੈੱਕਟਰਲੈੱਸ’ ਕਹੀ ਜਾਂਦੈ ਤਾਂ ਕੱਢ ਦੇਵੇ। ਬਸ ਇਕ ਰਿਆਇਤ ਦੇ ਦੇਵੇ, ਕੁੜੀ ਦੇ ਬਾਪ ਨੂੰ ਇਸ ਸਾਰੇ ਰੱਫ਼ੜ ਵਿੱਚ ਸ਼ਾਮਿਲ ਨਾ ਕਰੇ।
* * *
‘‘ਕਿੱਥੇ ਗਈ ਸੀ?’’
ਪਿੰਕੀ ਨੂੰ ਜਾਪਿਆ ਜਿਵੇਂ ਉਹਨੇ ਪ੍ਰਿੰਸੀਪਲ ਦੀ ਆਵਾਜ਼ ਨਹੀਂ, ਕਿਸੇ ਸ਼ੇਰ ਦੀ ਦਹਾੜ ਸੁਣੀ ਹੋਵੇ। ਉਹ ਕੰਬਣ ਲੱਗੀ। ਉਹ ਆਪਣੇ ਆਪ ਨੂੰ ਸੰਭਾਲਣ ਲੱਗੀ। ਉਹਨੂੰ ਪ੍ਰਿੰਸੀਪਲ ਨੇ ਕਾਲਜ ਵਿਚੋਂ ਆਪਣੇ ਦਫ਼ਤਰ ਵਿੱਚ ਬੁਲਾ ਲਿਆ ਸੀ। ਉਹ ਆਪ ਉਹਦੇ ਮੂੰਹੋਂ ਉਹ ਸਾਰੀਆਂ ਗੱਲਾਂ ਸੁਣਨੀਆਂ ਚਾਹੁੰਦਾ ਸੀ ਜੋ ਪਹਿਲਾਂ ਹੀ ਆਪਣੀ ਖ਼ੁਫ਼ੀਆ ਰਿਪੋਰਟ ਵਿੱਚ ਸੁਣ ਚੁੱਕਾ ਸੀ।
‘‘ਹਾਂ, ਦੱਸ ਕਿੱਥੇ ਗਈ ਸੀ?’’
ਪਿੰਕੀ ਨੇ ਜਵਾਬ ਵਿੱਚ ਕੰਬਦੀ ਤੇ ਟੁੱਟਦੀ ਆਵਾਜ਼ ਵਿੱਚ ਕਾਲਜ ਦੇ ਦੋ ਮੁੰਡਿਆਂ ਨਾਲ ਹੋਟਲ ਵਿੱਚ ਜਾਣ ਦੀ ਕਹਾਣੀ ਦੱਸ ਦਿੱਤੀ। ਨਾਲ ਹੀ ਉਹਨੇ ਅਣਭੋਲਪੁਣੇ ਵਿੱਚ ਆਪਣੇ ਕੋਲੋਂ ਹੋਈ ਗ਼ਲਤੀ ਮੰਨ ਲਈ, ‘‘ਸਰ, ਮੈਂ ਉੱਥੇ ਕੋਈ ਗ਼ਲਤ ਕੰਮ ਨਹੀਂ ਕੀਤਾ, ਬਸ ਕੌਫ਼ੀ ਪੀਤੀ ਸੀ…।’’
‘‘ਘਰ ਚਲੀ ਜਾਹ, ਹੁਣ ਜੇ ਕਾਲਜ ਆਉਣਾ ਹੋਇਆ, ਆਪਣੇ ਪਿਉ ਨੂੰ ਨਾਲ ਲੈ ਕੇ ਆਈਂ। ਨਹੀਂ ਤਾਂ ਘਰ ਬੈਠੀਂ। ਮੇਰੇ ਕਾਲਜ ਕਰੈਕਟਰਲੈੱਸ ਕੁੜੀਆਂ ਦਾ ਕੋਈ ਕੰਮ ਨਹੀਂ।’’
‘‘ਸਰ, ਡੈਡੀ ਪੁਲੀਸ ਵਿੱਚ ਐ… ਸਰ… ਪਲੀਜ਼ ਉਨ੍ਹਾਂ ਤੱਕ ਗੱਲ ਨਾ ਪਹੁੰਚਣ ਦਿਉ…।’’
‘‘ਜਾਹ, ਚਲੀ ਜਾਹ, ਪਿਉ ਤੋਂ ਬਿਨਾਂ ਨਾ ਆਈਂ…। ਕਾਲਜ ਦੇ ਅਨੁਸ਼ਾਸਨ ਦਾ ਸਵਾਲ ਹੈ…।’’ ਪ੍ਰਿੰਸੀਪਲ ਨੇ ਆਖ਼ਰੀ ਫ਼ੈਸਲਾ ਸੁਣਾ ਦਿੱਤਾ ਸੀ। ਪ੍ਰਿੰਸੀਪਲ ਬਾਰੇ ਬੜਾ ਮਸ਼ਹੂਰ ਸੀ ਕਿ ਉਹ ਦ੍ਰਿੜ੍ਹ ਇਰਾਦੇ ਵਾਲਾ ਬੰਦਾ ਹੈ, ਜੋ ਕਹਿ ਦਿੱਤਾ ਬਸ ਕਹਿ ਦਿੱਤਾ। ਜੋ ਕਹਿ ਦਿੱਤਾ ਉਹ ਹਰ ਹਾਲ ਹੋ ਕੇ ਹੀ ਰਹੇਗਾ। ਪਿੰਕੀ ਲੜਖੜਾਉਂਦੇ ਜਿਹੇ ਕਦਮਾਂ ਨਾਲ ਦਫ਼ਤਰੋਂ ਨਿਕਲ ਸਿੱਧੀ ਘਰ ਨੂੰ ਚੱਲ ਪਈ। ਪਵਿੱਤਰ ਨਾਲ ਸਾਰੀ ਗੱਲ ਸਾਂਝੀ ਕੀਤੀ। ਪਵਿੱਤਰ ਜਿੰਨਾ ਝਿੜਕ ਸਕਦੀ ਸੀ, ਪਿੰਕੀ ਨੂੰ ਝਿੜਕਦੀ ਰਹੀ। ਫਿਰ ਨਾਲ ਹੀ ਉਹ ਉਹਦੇ ਭਵਿੱਖ ਲਈ ਚਿੰਤਤ ਹੋ ਉੱਠੀ। ਉਹਨੂੰ ਮੁੜ-ਮੁੜ ਅਹਿਸਾਸ ਹੋ ਰਿਹਾ ਸੀ ਕਿ ਕੁਝ ਵੀ ਅਜਿਹਾ ਵਾਪਰ ਸਕਦਾ ਹੈ ਜੋ ਭਿਅੰਕਰ ਹੋਵੇਗਾ। ਕੁੜੀ ਦੇ ਹੋਟਲ ਜਾਣ ਦੀ ਗੱਲ ਵਿਸਾਰ ਕੇ ਉਹ ਢੰਗ-ਤਰੀਕੇ ਸੋਚਣ ਲੱਗੀ ਜਿਨ੍ਹਾਂ ਰਾਹੀਂ ਪਿੰਕੀ ਨੂੰ ਕਿਸੇ ਭਾਵੀ ਹਮਲੇ ਤੋਂ ਬਚਾਅ ਸਕੇ।
* * *
ਬੰਤ ਘਰ ਆਇਆ। ਕ੍ਰੋਧ ਉਹਦੀਆਂ ਅੱਖਾਂ ’ਚ ਅੱਗ ਵਾਂਗ ਦਹਿਕ ਰਿਹਾ ਸੀ। ਅੰਦਰ ਕਮਰੇ ’ਚ ਵੜਦਿਆਂ ਉਹਦੀ ਨਜ਼ਰ ਜਿਉਂ ਹੀ ਪਿੰਕੀ ’ਤੇ ਪਈ ਉਹਨੇ ਬੇਰਹਿਮੀ ਨਾਲ ਥੱਪੜਾਂ, ਠੁੱਡਿਆਂ, ਮੁੱਕਿਆਂ ਦੀ ਬੁਛਾੜ ਉਸ ਉੱਪਰ ਕਰ ਦਿੱਤੀ। ਪਿੰਕੀ ਕੋਲ ਬੈਠਾ ਦਸਾਂ ਕੁ ਵਰ੍ਹਿਆਂ ਦਾ ਉਹਦਾ ਮੁੰਡਾ ਹੈਪੀ ਐਨਾ ਸਹਿਮ ਗਿਆ ਕਿ ਚੀਖ਼ ਵੀ ਉਹਦੇ ਸੰਘ ਵਿੱਚ ਹੀ ਅਟਕੀ ਰਹਿ ਗਈ। ਪਵਿੱਤਰ ਹਟਾਉਣ ਲੱਗੀ ਤਾਂ ਉਹਨੂੰ ਇਹ ਦੋਸ਼ ਵੀ ਆਪਣੇ ਸਿਰ ਲੈਣਾ ਪਿਆ, ‘‘ਤੇਰੇ ਕਰਕੇ ਵਾਪਰੀ ਐ ਸਾਰੀ ਕਰਤੂਤ… ਕੀ ਸਿਖਾਇਐ ਤੂੰ ਏਸ ਕੁੱਤੀ ਨੂੰ ਬਈ…।’’ ਪਵਿੱਤਰ ਨੇ ਅਪਵਿੱਤਰ ਸ਼ਬਦ ਰੋਕਣ ਲਈ ਬੰਤ ਦੇ ਮੂੰਹ ’ਤੇ ਹੱਥ ਰੱਖ ਦਿੱਤਾ। ਬੰਤ ਪਿੰਕੀ ਨੂੰ ਇਉਂ ਕੁੱਟਦਾ ਰਿਹਾ ਜਿਵੇਂ ਕਿਸੇ ਖ਼ਤਰਨਾਕ ਅਪਰਾਧੀ ਨੂੰ ਥਾਣੇ ਲਿਆ ਕੇ ਕੁੱਟ ਰਿਹਾ ਹੋਵੇ। ਉਦੋਂ ਤੀਕ ਕੁਟਾਪਾ ਜਾਰੀ ਰਿਹਾ ਜਦੋਂ ਤੱਕ ਬੰਤ ਥੱਕ ਨਹੀਂ ਗਿਆ, ਜਦੋਂ ਤੱਕ ਪਿੰਕੀ ਬੇਹੋਸ਼ ਨਹੀਂ ਹੋ ਗਈ। … ਤੇ ਫਿਰ ਉਹ ਦਾਰੂ ਦਾ ਇੱਕ ਮੋਟਾ ਪੈੱਗ ਇਕੋ ਸਾਹੇ ਪੀ ਕੇ ਖ਼ੁਦ ਵੀ ਨਿਢਾਲ ਜਿਹਾ ਹੋ ਕੇ ਸੌਂ ਗਿਆ। ਪਵਿੱਤਰ ਦੋਵੇਂ ਨਿਆਣਿਆਂ ਦਾ ਆਹਰ-ਪਾਹਰ ਕਰਨ ਲੱਗੀ। ਚੁੰਨੀ ਨਾਲ ਲੱਪ-ਲੱਪ ਅੱਥਰੂ ਪੂੰਝਦਿਆਂ ਉਸ ਸੋਚਿਆ, ‘ਇਹ ਵੀ ਵਿਚਾਰਾ ਕੀ ਕਰੇ, ਏਸੇ ਇਕੋ ਕੰਮ ਦਾ ਤਾਂ ਤਜਰਬਾ ਹੈ ਇਹਨੂੰ!’
* * *
ਪਵਿੱਤਰ ਚਾਰੋ ਖਾਨੇ ਚਿੱਤ ਹੋ ਗਈ ਸੀ। ਕੋਈ ਵੀ ਤਾਂ ਨਹੀਂ ਸੀ ਏਸ ਘੜੀ ਉਹਦੀ ਬਾਂਹ ਫੜ੍ਹਣ ਵਾਲਾ। ਹਰ ਪਾਸਿਓਂ ਮਾਯੂਸੀ ਹੀ ਉਹਦੇ ਪੱਲੇ ਪਈ ਸੀ। ਕਾਲਜ ਤੋਂ ਜਵਾਬ ਮਿਲ ਗਿਆ ਸੀ। ਕਾਲਜ ਉਹਨੇ ਉਂਜ ਵੀ ਪਿੰਕੀ ਨੂੰ ਭੇਜਣਾ ਮੁਨਾਸਿਬ ਨਾ ਸਮਝਿਆ। ਪ੍ਰਿੰਸੀਪਲ ਦਾ ਵਤੀਰਾ ਹੱਦੋਂ ਵੱਧ ਸਖ਼ਤ ਸੀ। ਉਹ ਆਪ ਤਾਂ ਕਾਲਜ ਦੀ ਪੜ੍ਹਾਈ ਤੋਂ ਵਾਂਝੀ ਹੀ ਰਹੀ ਸੀ, ਪਰ ਉਹਨੇ ਸੁਣ ਰੱਖਿਆ ਸੀ ਕਿ ਆਮ ਕਾਲਜਾਂ ਵਿੱਚ ਮੁੰਡੇ-ਕੁੜੀਆਂ ਇਕ ਦੂਜੇ ਦੇ ਕਾਫ਼ੀ ਨੇੜੇ ਹੋ ਜਾਂਦੇ ਹਨ। ਵੱਡੀਆਂ-ਵੱਡੀਆਂ ਗੱਲਾਂ ਵੀ ਵਾਪਰ ਜਾਂਦੀਆਂ ਹਨ, ਪਰ ਇਹ ਤਾਂ ਕੋਈ ਵੱਖਰਾ ਹੀ ਕਾਲਜ ਸੀ, ਕੋਈ ਅਲਹਿਦਾ ਹੀ ਪ੍ਰਿੰਸੀਪਲ ਸੀ। ਓਧਰ ਬੰਤ ਸਦਾ ਖ਼ਫ਼ਾ-ਖ਼ੂਨ ਹੋਇਆ ਰਹਿੰਦਾ ਸੀ।
ਬੰਤ ਦੀਆਂ ਨਜ਼ਰਾਂ ਤੋਂ ਦੂਰ ਕਰਨ ਲਈ ਪਵਿੱਤਰ ਪਿੰਕੀ ਨੂੰ ਆਪਣੇ ਪੇਕੇ ਛੱਡ ਆਈ। ਕੁਝ ਦਿਨ ਉੱਥੇ ਰਹਿ ਪਿੰਕੀ ਸਹਿਜ ਹੋ ਗਈ। ਮਿਲਣ ਗਈ ਤਾਂ ਉਹਦੇ ਭਰਾ ਨੇ ਦੱਸਿਆ ਸੀ ਕਿ ਕੁੜੀ ਕਾਫ਼ੀ ਸਚਿਆਰੀ ਹੈ। ‘‘ਫਾਲਤੂ ਗੱਲ ਨਹੀਂ ਕਰਦੀ ਭੈਣੇਂ… ਬਸ ਐਵੇਂ ਮੁੱਲ ਦਾ ਹੀ ਬੋਲਦੀ ਐ।’’ ਪਵਿੱਤਰ ਨੂੰ ਭਰਾ ਦੀ ਗੱਲ ਸੁਣ ਤਸੱਲੀ ਵੀ ਹੋਈ ਤੇ ਉਹਦੇ ਅੰਦਰੋਂ ਰੁੱਗ ਵੀ ਭਰਿਆ ਗਿਆ। ਉਹਨੂੰ ਭਰਾ ਦੇ ਮੂੰਹੋਂ ਸਿਫ਼ਤ ਸੁਣਦਿਆਂ ਬੰਤ ਦੁਆਰਾ ਨਿਆਣੀ ਜਿੰਦ ਉੱਪਰ ਢਾਹੇ ਜਬਰ ਦੀ ਯਾਦ ਵੀ ਆ ਗਈ ਸੀ। ਪਵਿੱਤਰ ਨੇ ਮਨ ਹੀ ਮਨ ਫ਼ੈਸਲਾ ਕੀਤਾ ਕਿ ਅਜੇ ਕੁੜੀ ਨੂੰ ਨਾਨਕੇ ਹੀ ਰਹਿਣ ਦੇਵੇ। ਹੌਲੀ-ਹੌਲੀ ਪੁਰਾਣੀ ਗੱਲ ਭੁੱਲ ਜਾਵੇਗੀ, ਜ਼ਖ਼ਮ ਭਰ ਜਾਵੇਗਾ। ਬੰਤ ਦੇ ਸਾਹਮਣੇ ਰਹੀ ਤਾਂ ਉਹਨੂੰ ਰੜਕਦੀ ਰਹੇਗੀ। ‘ਕੁੜੀ ਕੁਝ ਕਰ ਹੀ ਨਾ ਬੈਠੇ!’ ਇਹ ਤੌਖ਼ਲਾ ਵੀ ਉਹਦੇ ਮਨ ਦੀ ਨੁੱਕਰੇ ਕਿਤੇ ਪਿਆ ਹੋਇਆ ਸੀ। ਟਿਕ-ਟਿਕਾਅ ਜਿਹਾ ਹੋ ਗਿਆ ਤਾਂ ਉਹ ਕੁੜੀ ਨੂੰ ਲੈ ਜਾਵੇਗੀ। ਬੰਤ ਠੀਕ ਹੋ ਗਿਆ ਤਾਂ ਪ੍ਰਾਈਵੇਟ ਪੜ੍ਹਾਈ ਕਰਵਾ ਲਵੇਗੀ, ਨਹੀਂ ਤਾਂ ਚਾਰ ਲਾਵਾਂ ਦੇ ਕੇ ਸਹੁਰੀਂ ਤੋਰ ਦੇਵੇਗੀ। ਵੱਡੀ ਉਮੀਦ ਨਾਲ ਪਵਿੱਤਰ ਘਰ ਪਰਤ ਆਈ।
* * *
ਬੰਤ ਘਰ ਵਿੱਚ ਚਿੜਚਿੜਾ ਅਤੇ ਬਾਹਰ ਵਧੇਰੇ ਕਰਕੇ ਚੁੱਪ ਜਿਹਾ ਹੀ ਹੋ ਗਿਆ ਸੀ। ਉਹਨੂੰ ਆਪਣੀ ਅਣਖ ਉੱਤੇ ਮਾਣ ਹੋਇਆ ਕਰਦਾ ਸੀ। ‘‘ਕੋਈ ਉਂਗਲ ਨ੍ਹੀਂ ਕਰ ਸਕਦਾ ਸਰਦਾਰ ਵੱਲ।’’ ਨਸ਼ੇ ਦੀ ਲੋਰ ਵਿੱਚ ਕੁੰਢੀਆਂ ਮੁੱਛਾਂ ’ਤੇ ਹੱਥ ਫੇਰਦਾ ਉਹ ਅਕਸਰ ਕਿਹਾ ਕਰਦਾ ਸੀ। ਪਰ ਕੁੜੀ ਨੇ ਉਹਦੀ ਮੁੱਛ ਨੀਵੀਂ ਕਰ ਦਿੱਤੀ, ਅਣਖ ਮਿੱਟੀ ’ਚ ਰੋਲ਼ ਦਿੱਤੀ ਸੀ। ਉਹਨੂੰ ਲੱਗਦਾ ਰਹਿੰਦਾ ਸੀ ਕਿ ਹਰ ਕੋਈ ਉਹਦੇ ਤੋਂ ਉਹਦੀ ਕੁੜੀ ਬਾਰੇ ਹੀ ਕੋਈ ਚੰਗੀ-ਮਾੜੀ ਗੱਲ ਸੁਣਨੀ ਚਾਹੁੰਦਾ ਹੈ। ਜਾਂ ਫਿਰ ਥਾਣੇ ਵਿਚ ਜਾਂ ਆਪਣੇ ਗਲੀ ਮੁਹੱਲੇ ਕਿਤੇ ਵੀ ਦੋ ਬੰਦਿਆਂ ਨੂੰ ਗੱਲਾਂ ਕਰਦਿਆਂ ਦੇਖਦਾ ਤਾਂ ਉਹਨੂੰ ਜਾਪਦਾ ਜਿਵੇਂ ਕਹਿ ਰਹੇ ਹੋਣ, ‘‘ਕੁੜੀ ਮੁੰਡਿਆਂ ਨਾਲ ਹੋਟਲ ’ਚੋਂ ਫੜੀ ਗਈ, ਪਰ ਇਹਦੀ ਮੜਕ ਨ੍ਹੀਂ ਗਈ…।’’ ਬਸ ਮਨ ’ਚ ਇਸ ਤਰ੍ਹਾਂ ਦੇ ਬੇਚੈਨ ਕਰਨ ਵਾਲੇ ਖ਼ਿਆਲ ਹੀ ਖੌਰੂ ਪਾਉਂਦੇ ਰਹਿੰਦੇ ਸਨ। ਉਹ ਆਪਣੀ ਇਸ ਬੇਚੈਨੀ ਤੋਂ ਮੁਕਤੀ ਚਾਹੁੰਦਾ ਸੀ। ਬੇਚੈਨੀ ਤੋਂ ਅੱਕਿਆ ਉਹ ਸੋਚਦਾ, ‘ਇਹ ਵੀ ਕੋਈ ਜਿਉਣਾ ਹੈ, ਇਹਦੇ ਨਾਲੋਂ ਤਾਂ ਮੌਤ ਚੰਗੀ।’ ਪਰ ਕੀਹਦੀ ਮੌਤ? ਇਸ ਸਵਾਲ ਨੇ ਉਹਦੇ ਅੰਦਰ ਦੁਬਿਧਾ ਪੈਦਾ ਕਰ ਦਿੱਤੀ। ਕਸ਼ਮਕਸ਼ ਪੈਦਾ ਕਰ ਦਿੱਤੀ। ਦਲੀਲਾਂ ਦੀ ਲੰਮੀ ਲੜੀ ਏਥੇ ਆ ਕੇ ਹੀ ਮੁੱਕਦੀ, ‘ਮੈਂ ਕਿਉਂ ਮਰਾਂ? ਮੇਰਾ ਕੀ ਕਸੂਰ? ਸਾਰਾ ਕਾਰਾ ਤਾਂ ਕੁੜੀ ਨੇ ਕੀਤੈ।’ ਦੋਵਾਂ ਵਿਚੋਂ ਕਿਸ ਦਾ ਮਰਨਾ ਬਣਦਾ ਹੈ ਤੇ ਕਿਸ ਦਾ ਜਿਉਣ ਦਾ ‘ਹੱਕ’। ਇਸ ਗੱਲ ਦਾ ਫ਼ੈਸਲਾ ਉਹਨੇ ਮਨ ਹੀ ਮਨ ਕਰ ਲਿਆ ਸੀ। ਉਹਨੂੰ ਪੂਰਾ ਭਰੋਸਾ ਸੀ ਕਿ ਉਹ ਜੋ ਕੁਝ ਵੀ ਕਰੇਗਾ ਉਹੀ ਨਿਆਂ ਹੋਵੇਗਾ।
ਪਵਿੱਤਰ ਖ਼ੁਸ਼ ਹੋਈ। ਉਹ ਦੇਖ ਰਹੀ ਸੀ ਉਹਦਾ ਪਤੀ ਬਦਲ ਰਿਹਾ ਹੈ, ਪਹਿਲਾਂ ਨਾਲੋਂ ਬਹੁਤ ਘੱਟ ਤਣਾਓ ਵਿੱਚ ਹੈ। ‘ਹਰ ਕੋਈ ਬਦਲ ਜਾਂਦਾ ਹੈ। ਹਰ ਕੋਈ ਸਮੇਂ ਦੇ ਨਾਲ ਬਦਲ ਸਕਦਾ ਹੈ। ਬੰਤ ਦਾ ਬਦਲ ਜਾਣਾ ਵੀ ਕੋਈ ਅਲੋਕਾਰੀ ਗੱਲ ਨਹੀਂ।’ ਪਵਿੱਤਰ ਨੇ ਸੋਚਿਆ। ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਅਦਾ ਕੀਤਾ, ਪਿੰਕੀ ਨੂੰ ਨਾਨਕੇ ਘਰੋਂ ਲਿਆਉਣ ਦਾ ਫ਼ੈਸਲਾ ਕਰ ਲਿਆ, ਪਰ ਇਹ ਗੱਲ ਉਹਨੇ ਬੰਤ ਨੂੰ ਨਾ ਦੱਸੀ। ਇਕ-ਦੋ ਦਿਨ ਬੰਤ ਦਾ ਬਦਲਿਆ ਮਿਜ਼ਾਜ ਉਹ ਦੇਖਦੀ ਰਹੀ ਤੇ ਫਿਰ ਤੀਜੇ ਦਿਨ ਉਹ ਬੰਤ ਦੇ ਡਿਊਟੀ ਤੋਂ ਪਰਤਣ ਤੋਂ ਪਹਿਲਾਂ-ਪਹਿਲਾਂ ਪਿੰਕੀ ਨੂੰ ਲੈ ਕੇ ਘਰ ਆ ਗਈ। ਰਾਤੀਂ ਬੰਤ ਘਰ ਮੁੜਿਆ। ਰੋਟੀ ਖਾਧੀ ਸੌਂ ਗਿਆ। ਸਵੇਰੇ ਸੂਰਜ ਚੜ੍ਹਣ ਤੋਂ ਪਹਿਲਾਂ-ਪਹਿਲਾਂ ਬੰਤ ਨੇ ਮਨ ’ਚ ਧਾਰਿਆ ਹੋਇਆ ‘ਨਿਆਂ’ ਕਰ ਦਿੱਤਾ ਸੀ। ਭਾਈਚਾਰੇ ਨੂੰ ਪਵਿੱਤਰ ਦੇ ਦੁਹੱਥੜ ਨੇ ਭਾਣਾ ਵਰਤਣ ਦੀ ਸੂਚਨਾ ਦੇ ਦਿੱਤੀ। ਇੱਕ-ਇੱਕ ਕਰਕੇ ਸਭ ਇਕੱਠੇ ਹੋਏ ਤੇ ਲਾਸ਼ ਬਣੀ ਪਿੰਕੀ ਦੀ ਮਿੱਟੀ ਸਮੇਟਣ ਦਾ ਆਹਰ ਕਰਨ ਲੱਗੇ।
ਸੰਪਰਕ: 98785-31166


Comments Off on ਨਿਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.