ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਦੋ ਔਰਤਾਂ ਦੀ ਮੌਤ !    ਹਰਿਆਣਾ ਵਿਚ ਕਰੋਨਾ ਨਾਲ ਪਹਿਲੀ ਮੌਤ !    ਹਰਿਆਣਾ ’ਚ ਕਿਸਾਨਾਂ ਦੇ ਕਰਜ਼ੇ ਦੀਆਂ ਕਿਸ਼ਤਾਂ 30 ਜੂਨ ਤਕ ਮੁਲਤਵੀ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    

ਦਿੱਲੀ ਹਿੰਸਾ: ਦੰਗਾਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ

Posted On February - 26 - 2020

ਉੱਤਰ ਪੂਰਬੀ ਦਿੱਲੀ ਵਿੱਚ ਮੰਗਲਵਾਰ ਨੂੰ ਭੜਕੀ ਸੱਜਰੀ ਹਿੰਸਾ ਮਗਰੋਂ ਡਿਊਟੀ ’ਤੇ ਮੁਸਤੈਦ ਸੁਰੱਖਿਆ ਅਮਲੇ ਦੇ ਜਵਾਨ। -ਫੋਟੋ: ਪੀਟੀਆਈ

ਏਜੰਸੀ/ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਫਰਵਰੀ
ਉੱਤਰ-ਪੂਰਬੀ ਦਿੱਲੀ ਵਿੱਚ ਨਵੇਂ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਭੜਕੀ ਫ਼ਿਰਕੂ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਦੋ ਸੌ ਤੋਂ ਵੱਧ ਲੋਕ ਜ਼ਖ਼ਮੀ ਹਨ, ਜਿਨ੍ਹਾਂ ਵਿੱਚ 48 ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਪੁਲੀਸ ਅੱਜ ਵੀ ਦੰਗਾਕਾਰੀਆਂ ਨੂੰ ਡੱਕਣ ਵਿੱਚ ਨਾਕਾਮ ਰਹੀ। ਦੰਗਾਕਾਰੀਆਂ ਨੇ ਦੁਕਾਨਾਂ ਲੁੱਟੀਆਂ ਤੇ ਮਗਰੋਂ ਇਨ੍ਹਾਂ ਨੂੰ ਅੱਗ ਲਾ ਦਿੱਤੀ। ਦਿੱਲੀ ਪੁਲੀਸ ਨੇ ਦੇਰ ਰਾਤ ਉੱਤਰ ਪੂਰਬੀ ਦਿੱਲੀ ਦੇ ਚਾਰ ਖੇਤਰਾਂ- ਭਜਨਪੁਰਾ, ਮੌਜਪੁਰ, ਖੁਰੇਜੀ ਖ਼ਾਸ ਤੇ ਚਾਂਦ ਬਾਗ਼ ਵਿੱਚ ਦੰਗਾਕਾਰੀਆਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ। ਇਹ ਹੁਕਮ, ਗ੍ਰਹਿ ਮੰਤਰਾਲਾ ਵੱਲੋਂ 1985 ਬੈਚ ਦੇ ਆਈਪੀਐੱਸ ਅਧਿਕਾਰੀ ਐੱਸ.ਐੱਨ.ਸ੍ਰੀਵਾਸਤਵਾ ਨੂੰ ਦਿੱਲੀ ਦਾ ਵਿਸ਼ੇਸ਼ ਕਮਿਸ਼ਨਰ (ਅਮਨ ਤੇ ਕਾਨੂੰਨ) ਲਾਏ ਜਾਣ ਤੋਂ ਫੌਰੀ ਮਗਰੋਂ ਕੀਤੇ ਗਏ ਹਨ। ਇਸ ਦੌਰਾਨ ਐਨਐਸਏ ਅਜੀਤ ਡੋਵਾਲ ਨੇ ਰਾਤ 11:15 ਵਜੇ ਸੀਲਮਪੁਰ ’ਚ ਦਿੱਲੀ ਪੁਲੀਸ ਦੇ ਕਮਿਸ਼ਨਰ ਅਮੁੱਲਿਆ ਪਟਨਾਇਕ ਤੇ ਡੀਸੀਪੀ (ਉੱਤਰੀ ਪੂਰਬੀ) ਨਾਲ ਮੀਟਿੰਗ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਉਧਰ ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਬਾਹਰ ਸ਼ਨਿੱਚਰਵਾਰ ਰਾਤ ਤੋਂ ਸ਼ਾਹੀਨ ਬਾ਼ਗ਼ ਦੀ ਤਰਜ਼ ’ਤੇ ਧਰਨਾ ਲਾਈ ਬੈਠੀਆਂ 500 ਦੇ ਕਰੀਬ ਧਰਨਾਕਾਰੀ ਔਰਤਾਂ ਨੇ ਧਰਨਾ ਚੁੱਕ ਦਿੱਤਾ ਹੈ। ਗੁਰੂ ਤੇਗ਼ ਬਹਾਦਰ ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ‘50 ਫ਼ੀਸਦ ਤੋਂ ਵੱਧ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ

ਹਨ।’ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਸਪਤਾਲ ਜਾ ਕੇ ਜ਼ਖ਼ਮੀਆਂ ਦੀ ਖ਼ਬਰਸਾਰ ਲਈ। ਉਨ੍ਹਾਂ ਪ੍ਰੈੱਸ ਕਾਨਫਰੰਸ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਸੋਮਵਾਰ ਨੂੰ ਹੋਈ ਹਿੰਸਾ ’ਚ ਦਿੱਲੀ ਪੁਲੀਸ ਦੇ ਕਾਂਸਟੇਬਲ ਸਣੇ ਪੰਜ ਜਣੇ ਮਾਰੇ ਗਏ ਸਨ।
ਉੱਤਰ-ਪੂਰਬੀ ਦਿੱਲੀ ਵਿਚ ਅੱਜ ਵੀ ਹਿੰਸਾ ਹੋਈ ਤੇ ਸਾੜ-ਫੂਕ ਕਾਰਨ ਕਈ ਥਾਂ ਆਸਮਾਨ ਗੂੜੇ ਧੂੰਏਂ ਦਾ ਗੁਬਾਰ ਚੜ੍ਹਿਆ ਰਿਹਾ। ਭੀੜਾਂ ਬਿਨਾਂ ਰੋਕ-ਟੋਕ ਗਲੀਆਂ ਵਿੱਚ ਘੁੰਮਦੀਆਂ ਰਹੀਆਂ, ਪੱਥਰਬਾਜ਼ੀ ਹੋਈ, ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਸਥਾਨਕ ਲੋਕਾਂ ਨੂੰ ਧਮਕਾਇਆ ਗਿਆ। ਦੰਗਾਕਾਰੀਆਂ ਨੇ ਗੋਕੁਲਪੁਰੀ ਵਿਚ ਦੋ ਫਾਇਰ ਟੈਂਡਰਾਂ ਨੂੰ ਅੱਗ ਲਾ ਦਿੱਤੀ। ਮੌਜਪੁਰ ਦੇ ਬਿਲਕੁਲ ਵਿਚਾਲੇ ਭੀੜ ਨੇ ਅੱਗ ਲਾਉਣ ਦੇ ਨਾਅਰੇ ਲਾ-ਲਾ ਕੇ ਇਕ ਮੋਟਰਸਾਈਕਲ ਫੂਕ ਦਿੱਤਾ। ਉੱਤਰ-ਪੂਰਬੀ ਦਿੱਲੀ ਦੇ ਬਹੁਤੇ ਇਲਾਕਿਆਂ ਦੀਆਂ ਗਲੀਆਂ ਪੱਥਰਾਂ, ਇੱਟਾਂ ਤੇ ਸੜੇ ਟਾਇਰਾਂ ਨਾਲ ਭਰੀਆਂ ਪਈਆਂ ਹਨ ਜੋ ਹਿੰਸਾ ਤੇ ਖ਼ੂਨ-ਖ਼ਰਾਬੇ ਨੂੰ ਬਿਨਾਂ ਕੁਝ ਕਹੇ ਬਿਆਨ ਕਰ ਰਹੀਆਂ ਹਨ। ਜ਼ਖ਼ਮੀਆਂ ਵਿਚ 48 ਤੋਂ ਵੱਧ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਕੌਮੀ ਰਾਜਧਾਨੀ ਨੇ ਅਜਿਹਾ ਦ੍ਰਿਸ਼ ਦਹਾਕਿਆਂ ਤੋਂ ਨਹੀਂ ਦੇਖਿਆ, ਗੁੱਸੇ ਨਾਲ ਭਰੇ-ਪੀਤੇ ਸਮੂਹ ਡਾਂਗਾਂ, ਪੱਥਰਾਂ ਤੇ ਰਾਡਾਂ ਨਾਲ ਮੌਜਪੁਰ ਦੀਆਂ ਸੜਕਾਂ ’ਤੇ ਲੋਕਾਂ ਨੂੰ ਕੁੱਟ ਰਹੇ ਹਨ। ਈ-ਰਿਕਸ਼ਾ ਤੇ ਹੋਰ ਵਾਹਨਾਂ ’ਤੇ ਵੀ ਉਹ ਆਪਣਾ ਗੁੱਸਾ ਕੱਢ ਰਹੇ ਹਨ। ਕਈ ਪੱਤਰਕਾਰਾਂ ਦੀ ਵੀ ਖਿੱਚ-ਧੂਹ ਕੀਤੀ ਗਈ ਹੈ ਤੇ ਵਾਪਸ ਜਾਣ ਲਈ ਕਿਹਾ ਗਿਆ ਹੈ। ਸਕੂਲ ਬੰਦ ਹਨ ਤੇ ਡਰੇ ਹੋਏ ਲੋਕ ਘਰਾਂ ਅੰਦਰ ਰਹਿਣ ਨੂੰ ਹੀ ਆਪਣਾ ਭਲਾ ਸਮਝ ਰਹੇ ਹਨ। ਗਲੀਆਂ ਵਿਚ ਘੁੰਮ ਰਹੀਆਂ ਭੀੜਾਂ ਦੇ ਚਿਹਰਿਆਂ ’ਤੇ ਪਾਬੰਦੀ ਦੇ ਹੁਕਮਾਂ ਦਾ ਵੀ ਕੋਈ ਭੈਅ ਨਜ਼ਰ ਨਹੀਂ ਆ ਰਿਹਾ। ਸੀਏਏ ਪੱਖੀ ਤੇ ਵਿਰੋਧੀਆਂ ਵਿਚਾਲੇ ਟਕਰਾਅ ਜਾਫ਼ਰਾਬਾਦ, ਮੌਜਪੁਰ, ਚਾਂਦਬਾਗ, ਖੁਰੇਜੀ ਖਾਸ ਤੇ ਭਜਨਪੁਰਾ ਇਲਾਕੇ ਵਿਚ ਫੈਲਿਆ ਹੋਇਆ ਹੈ। ਚਾਂਦਬਾਗ ਤੇ ਮੌਜਪੁਰ ਇਲਾਕਿਆਂ ’ਚ ਮੰਗਲਵਾਰ ਨੂੰ ਵੀ ਹਿੰਸਾ ਹੋਈ। ਨੀਮ ਫ਼ੌਜੀ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਪੁਲੀਸ ਨੇ ਅੱਥਰੂ ਗੈਸ ਦੀ ਵੀ ਵਰਤੋਂ ਕੀਤੀ। ਮੌਜਪੁਰ ਵਿਚ ਭੀੜਾਂ ਦੀ ਗਿਣਤੀ ਤਾਇਨਾਤ ਸੁਰੱਖਿਆ ਕਰਮੀਆ ਨਾਲੋਂ ਕਿਤੇ ਵੱਧ ਹੈ। ਅੱਗ ਬੁਝਾਉਂਦਿਆਂ 3 ਫਾਇਰ ਕਰਮੀ ਵੀ ਫੱਟੜ ਹੋਏ ਹਨ। ਪਿਸਤੌਲ ਲਹਿਰਾਉਂਦੇ ਨਜ਼ਰ ਆਏ ਵਿਅਕਤੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਪਰ ਉਸ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ। ਹਾਲੇ ਤੱਕ ਕੋਈ ਗ੍ਰਿਫ਼ਤਾਰੀ ਵੀ ਨਹੀਂ ਹੋਈ ਹੈ। ਦਿੱਲੀ ਪੁਲੀਸ ਨੇ ਅੱਜ ਭਜਨਪੁਰਾ ਤੇ ਖੁਰੇਜੀ ਖਾਸ ਇਲਾਕੇ ’ਚ ਫਲੈਗ ਮਾਰਚ ਕੀਤਾ। ਭਜਨਪੁਰਾ ’ਚ ਅੱਜ ਇਕ ਬੈਟਰੀਆਂ ਦੀ ਦੁਕਾਨ ਨੂੰ ਅੱਗ ਲਾ ਦਿੱਤੀ ਗਈ ਤੇ ਇਨ੍ਹਾਂ ਨੂੰ ਸੜਕ ’ਤੇ ਸੁੱਟ ਦਿੱਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਹਿੰਸਾ ਨਾਲ ਕਿਸੇ ਦਾ ਫ਼ਾਇਦਾ ਨਹੀਂ ਹੋਵੇਗਾ। ਉਹ ਆਪਣੇ ਸਾਥੀ ਮੰਤਰੀਆਂ ਨਾਲ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਪੁੱਜੇ ਤੇ ਪ੍ਰਾਰਥਨਾ ਕੀਤੀ। ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਿਹਤ ਮੰਤਰੀ ਸਤਿੰਦਰ ਜੈਨ ਨਾਲ ਜੀਟੀਬੀ ਹਸਪਤਾਲ ਵੀ ਗਏ ਤੇ ਜ਼ਖ਼ਮੀਆਂ ਨੂੰ ਮਿਲੇ। ਸਿਸੋਦੀਆ ਨੇ ਕਿਹਾ ਕਿ ਜਾਪਦਾ ਹੈ ਕਿ ਸ਼ਹਿਰ ਵਿੱਚ ਘੁੰਮ ਰਹੇ ਦੰਗਾਕਾਰੀ ਦਿੱਲੀ ਦੇ ਨਹੀਂ ਹਨ। ਕੇਜਰੀਵਾਲ ਵੱਲੋਂ ਹਿੰਸਾਗ੍ਰਸਤ ਇਲਾਕਿਆਂ ਦੇ ਵਿਧਾਇਕਾਂ ਤੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਗਈ। ਉਨ੍ਹਾਂ ਮੈਜਿਸਟਰੇਟਾਂ ਨੂੰ ਸ਼ਾਂਤੀ ਮਾਰਚ ਕੱਢਣ ਤੇ ਸ਼ਾਂਤੀ ਬੈਠਕਾਂ ਕਰਨ ਲਈ ਕਿਹਾ ਜਿਨ੍ਹਾਂ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਹੋਣ। ਉਨ੍ਹਾਂ ਪੁਲੀਸ ਦੀ ਹੋਰ ਤਾਇਨਾਤੀ ਤੇ ਦਿੱਲੀ ਦੀਆਂ ਹੱਦਾਂ ਬੰਦ ਕਰਨ ਦੀ ਮੰਗ ਕੀਤੀ। ਦਿੱਲੀ ਹਾਈ ਕੋਰਟ ਨੇ ਹਿੰਸਾ ਦੇ ਮੱਦੇਨਜ਼ਰ ਸੀਬੀਐੱਸਈ ਨੂੰ ਪ੍ਰਭਾਵਿਤ ਇਲਾਕਿਆਂ ’ਚ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਜਾਂ ਪ੍ਰੀਖਿਆ ਕੇਂਦਰ ਤਬਦੀਲ ਕਰਨ ਬਾਰੇ ਜਲਦੀ ਫ਼ੈਸਲਾ ਲੈਣ ਲਈ ਕਿਹਾ ਹੈ। -ਪੀਟੀਆਈ -ਪੀਟੀਆਈ

ਐੱਫਆਈਆਰ ਤੇ ਗ੍ਰਿਫ਼ਤਾਰੀਆਂ ਬਾਰੇ ਪਟੀਸ਼ਨਾਂ ’ਤੇ ਸੁਣਵਾਈ ਅੱਜ
ਦਿੱਲੀ ’ਚ ਹੋਈ ਹਿੰਸਾ ਬਾਰੇ ਆਈਆਂ ਸ਼ਿਕਾਇਤਾਂ ’ਤੇ ਐੱਫਆਈਆਰ ਦਰਜ ਕਰਨ ਸਬੰਧੀ ਪਾਈ ਗਈ ਪਟੀਸ਼ਨ ਨੂੰ ਸੁਣਨ ਲਈ ਸੁਪਰੀਮ ਕੋਰਟ ਨੇ ਹਾਮੀ ਭਰ ਦਿੱਤੀ ਹੈ। ਸਾਬਕਾ ਮੁੱਖ ਚੋਣ ਕਮਿਸ਼ਨਰ ਵਜਾਹਤ ਹਬੀਬੁੱਲ੍ਹਾ ਤੇ ਹੋਰਾਂ ਨੇ ਅਰਜ਼ੀ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਦਿੱਲੀ ਪੁਲੀਸ ਨੂੰ ਐੱਫਆਈਆਰ ਬਾਰੇ ਹਦਾਇਤਾਂ ਦਿੱਤੀਆਂ ਜਾਣ। ਇਸ ’ਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਗਈ ਹੈ। ਜਸਟਿਸ ਐੱਸ.ਕੇ. ਕੌਲ ਤੇ ਕੇ.ਐੱਮ. ਜੋਸਫ਼ ਨੇ ਕਿਹਾ ਕਿ ਸੁਣਵਾਈ ਭਲਕੇ ਕੀਤੀ ਜਾਵੇਗੀ। ਇਸ ਅਰਜ਼ੀ ’ਚ ਸ਼ਾਹੀਨ ਬਾਗ ਵਿਚ ਧਰਨੇ ’ਤੇ ਬੈਠੀਆਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਦਿੱਲੀ ਹਾਈ ਕੋਰਟ ’ਚ ਵੀ ਇਸੇ ਤਰ੍ਹਾਂ ਦੀ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਮਨੁੱਖੀ ਹੱਕਾਂ ਬਾਰੇ ਕਾਰਕੁਨ ਹਰਸ਼ ਮੰਦਰ ਤੇ ਫਾਰਾਹ ਨਕਵੀ ਨੇ ਜ਼ਿੰਮੇਵਾਰਾਂ ਦੀ ਗ੍ਰਿਫ਼ਤਾਰੀ ਲਈ ਹਦਾਇਤਾਂ ਜਾਰੀ ਕਰਨ ਲਈ ਕਿਹਾ ਹੈ। ਇਸ ’ਤੇ ਵੀ ਸੁਣਵਾਈ ਭਲਕੇ ਹੋਵੇਗੀ। -ਪੀਟੀਆਈ

ਬੱਚਿਆਂ ਲਈ ਖਾਣਾ ਲੈਣ ਗਏ ਫ਼ੁਰਕਾਨ ਦੇ ਮਾਰੀ ਗੋਲੀ
ਮ੍ਰਿਤਕਾਂ ’ਚ ਘੌਂਡਾ ਵਾਸੀ ਵਿਨੋਦ ਕੁਮਾਰ, ਜਾਫ਼ਰਾਬਾਦ ਨੇੜਲੇ ਕਰਦਮਪੁਰੀ ਦਾ ਰਹਿਣ ਵਾਲਾ ਮੁਹੰਮਦ ਫ਼ੁਰਕਾਨ ਵੀ ਸ਼ਾਮਲ ਹੈ। ਫ਼ੁਰਕਾਨ ਦੇ ਭਰਾ ਨੇ ਬੇਹੱਦ ਦੁਖ਼ੀ ਮਨ ਨਾਲ ਦੱਸਿਆ ਕਿ ਉਹ ਬੱਚਿਆਂ ਲਈ ਕੁਝ ਖਾਣ ਨੂੰ ਲੈਣ ਗਿਆ ਸੀ। ਉਸ ਦੇ ਕਿਸੇ ਨੇ ਗੋਲੀ ਮਾਰ ਦਿੱਤੀ। ਮੁਹੰਮਦ ਫ਼ੁਰਕਾਨ ਦੇ ਭਰਾ ਨੇ ਹਾਲਾਤ ਖ਼ਰਾਬ ਕਰਨ ਲਈ ਭਾਜਪਾ ਆਗੂ ਕਪਿਲ ਮਿਸ਼ਰਾ ਨੂੰ ਜ਼ਿੰਮੇਵਾਰ ਠਹਿਰਾਇਆ।

ਪੀੜਤਾਂ ਮੁਤਾਬਕ ਹਾਲਾਤ ’84 ਵਰਗੇ ਬਣੇ
ਮੌਜਪੁਰ ਦੇ ਇਕ ਵਾਸੀ ਨੇ ਦੱਸਿਆ ਕਿ ‘ਇਲਾਕੇ ’ਚ ਪੁਲੀਸ ਦੀ ਮੌਜੂਦਗੀ ਨਾਂਹ ਦੇ ਬਰਾਬਰ ਹੈ। ਦੰਗਾਕਾਰੀ ਸ਼ਰੇਆਮ ਨੁਕਸਾਨ ਕਰ ਰਹੇ ਹਨ, ਲੋਕਾਂ ਨੂੰ ਧਮਕਾ ਰਹੇ ਹਨ। ਕਾਨੂੰਨ-ਵਿਵਸਥਾ ਦੀ ਹਾਲਤ ਬੇਹੱਦ ਮਾੜੀ ਹੈ। ਪਰਿਵਾਰਾਂ ਨੂੰ ਬਾਹਰ ਕੱਢਣ ਦੀ ਲੋੜ ਹੈ, ਅਸੀਂ ਆਪਣੇ ਘਰਾਂ ਵਿਚ ਵੀ ਸੁਰੱਖਿਅਤ ਨਹੀਂ ਹਾਂ।’ ਇਕ ਹੋਰ ਨੇ ਕਿਹਾ ਕਿ 35 ਸਾਲਾਂ ਬਾਅਦ ਸ਼ਾਇਦ ਚੁਰਾਸੀ ਦੇ ਸਿੱਖ ਵਿਰੋਧੀ ਦੰਗਿਆਂ ਮਗਰੋਂ ਪਹਿਲੀ ਵਾਰ ਅਜਿਹੀ ਸਥਿਤੀ ਬਣੀ ਹੈ। ਇਸ ਇਲਾਕੇ ’ਚ ਹਮੇਸ਼ਾ ਸ਼ਾਂਤੀ ਰਹੀ ਹੈ।


Comments Off on ਦਿੱਲੀ ਹਿੰਸਾ: ਦੰਗਾਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.