ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਟਰੰਪ ਦੀ ਭਾਰਤ ਫੇਰੀ ਤੋਂ ਪਹਿਲਾਂ ਅਮਰੀਕੀ ਸੈਨੇਟਰਾਂ ਨੇ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਦੇ ਮੁੱਦੇ ਚੁੱਕੇ

Posted On February - 14 - 2020

ਵਾਸ਼ਿੰਗਟਨ, 13 ਫਰਵਰੀ
ਰਾਸ਼ਟਰਪਤੀ ਡੋਨਲਡ ਟਰੰਪ ਦੀ ਭਾਰਤ ਫੇਰੀ ਤੋਂ ਪਹਿਲਾਂ ਅਮਰੀਕਾ ਦੇ ਚਾਰ ਸੈਨੇਟਰਾਂ ਨੇ ਦੇਸ਼ ਵਿੱਚ ਧਾਰਮਿਕ ਆਜ਼ਾਦੀ ਅਤੇ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਦਾ ਜਾਇਜ਼ਾ ਲਏ ਜਾਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੈਂਕੜੇ ਕਸ਼ਮੀਰੀ ਅਜੇ ਵੀ ਨਜ਼ਰਬੰਦ ਕੀਤੇ ਹੋਏ ਹਨ।
ਦੋਵਾਂ ਪਾਰਟੀਆਂ ਦੇ ਸੈਨੇਟਰਾਂ ਨੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੂੰ 12 ਫਰਵਰੀ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਭਾਰਤ ਵਲੋਂ ਹੁਣ ਤੱਕ ਕਿਸੇ ਲੋਕਤੰਤਰ ਵਲੋਂ ਸਭ ਤੋਂ ਲੰਬੇ ਸਮੇਂ ਲਈ ਇੰਟਰਨੈੱਟ ਸੇਵਾਵਾਂ ਬੰਦ ਰੱਖੀਆਂ ਗਈਆਂ ਹਨ, ਜਿਸ ਨਾਲ 70 ਲੱਖ ਲੋਕਾਂ ਦੀਆਂ ਮੈਡੀਕਲ ਸੇਵਾਵਾਂ, ਕਾਰੋਬਾਰ ਅਤੇ ਸਿੱਖਿਆ ਪ੍ਰਭਾਵਿਤ ਹੋਏ ਹਨ। ਭਾਰਤ ਨੇ ਕੌਮਾਂਤਰੀ ਭਾਈਚਾਰੇ ਨੂੰ ਸਪੱਸ਼ਟ ਕਿਹਾ ਕਿ ਧਾਰਾ 370 ਭਾਰਤ ਦਾ ਅੰਦਰੂਨੀ ਮਸਲਾ ਹੈ। ਅਧਿਕਾਰੀਆਂ ਅਨੁਸਾਰ ਹੁਣ ਵਾਦੀ ਵਿੱਚ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਪੜਾਅਵਾਰ ਇੰਟਰਨੈੱਟ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਅਮਰੀਕੀ ਕਾਨੂੰਨਸਾਜ਼ਾਂ ਨੇ ਆਪਣੇ ਆਪ ਨੂੰ ‘ਭਾਰਤ ਦੇ ਪੁਰਾਣੇ ਮਿੱਤਰ’ ਦੱਸਦਿਆਂ ਪੱਤਰ ਵਿੱਚ ਲਿਖਿਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਮਗਰੋਂ ਵੀ ਅਜੇ ਤੱਕ ਸਰਕਾਰ ਨੇ ਜ਼ਿਆਦਾਤਰ ਹਿੱਸਿਆਂ ਵਿੱਚ ਇੰਟਰਨੈੱਟ ਨਹੀਂ ਚਲਾਇਆ ਹੈ। ਸੈਂਕੜੇ ਕਸ਼ਮੀਰੀ ‘ਚੌਕਸੀ ਵਜੋਂ ਹਿਰਾਸਤ’ ਵਿੱਚ ਰੱਖੇ ਹੋਏ ਹਨ, ਜਿਨ੍ਹਾਂ ਵਿੱਚ ਅਹਿਮ ਸਿਆਸੀ ਸ਼ਖ਼ਸੀਅਤਾਂ ਵੀ ਸ਼ਾਮਲ ਹਨ।’’ ਇਸ ਪੱਤਰ ’ਤੇ ਦਸਤਖਤ ਕਰਨ ਵਾਲਿਆਂ ਵਿੱਚ ਕ੍ਰਿਸ ਵਾਨ ਹੁਲੇਨ, ਟੌਡ ਯੰਗ, ਰਿਚਰਡ ਜੇ. ਡਰਬਿਨ ਅਤੇ ਲਿੰਡਸੇ ਓ. ਗ੍ਰਾਹਮ ਸ਼ਾਮਲ ਹਨ। ਸੈਨੇਟਰਾਂ ਨੇ ਲਿਖਿਆ, ‘‘ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਕਈ ਮੰਦਭਾਗੇ ਕਦਮ ਚੁੱਕੇ ਹਨ, ਜੋ ਕਿਸੇ ਵਿਸ਼ੇਸ਼ ਧਾਰਮਿਕ ਘੱਟ ਗਿਣਤੀਆਂ ਦੇ ਹੱਕਾਂ ਅਤੇ ਦੇਸ਼ ਦੀ ਧਰਮ-ਨਿਰਪੱਖਤਾ ਲਈ ਖ਼ਤਰਾ ਹਨ। ਇਸ ਵਿੱਚ ਵਿਵਾਦਿਤ ਨਾਗਰਿਕਤਾ ਸੋਧ ਕਾਨੂੰਨ ਨੂੰ ਪਾਸ ਕਰਨਾ ਸ਼ਾਮਲ ਹੈ, ਜਿਸ ਨੂੰ ਭਾਰਤ ਦੀ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ।’’ ਪੱਤਰ ਵਿੱਚ ਸੈਨੇਟਰਾਂ ਨੇ ਪੌਂਪੀਓ ਨੂੰ ਕਈ ਮੁੱਦਿਆਂ ਦਾ ਜਾਇਜ਼ਾ ਲੈਣ ਦੀ ਬੇਨਤੀ ਕੀਤੀ ਹੈ, ਜਿਨ੍ਹਾਂ ਵਿੱਚ ਸਰਕਾਰ ਵਲੋਂ ਸਿਆਸੀ ਮੁਫ਼ਾਦਾਂ ਲਈ ਕਈ ਲੋਕਾਂ ਦੀ ਨਜ਼ਰਬੰਦੀ ਕਰਨਾ, ਜੰਮੂ ਕਸ਼ਮੀਰ ਵਿੱਚ ਸੰਚਾਰ, ਆਉਣ-ਜਾਣ ਅਤੇ ਧਾਰਮਿਕ ਆਜ਼ਾਦੀ ’ਤੇ ਪਾਬੰਦੀਆਂ ਲਾਉਣਾ ਸ਼ਾਮਲ ਹਨ।

-ਪੀਟੀਆਈ

ਭਾਰਤ ਫੇਰੀ ਲਈ ਉਤਸੁਕ ਮਿਲਾਨੀਆ ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੀ ਪਤਨੀ ਮਿਲਾਨੀਆ ਟਰੰਪ ਆਪਣੇ ਪਤੀ ਡੋਨਲਡ ਟਰੰਪ ਨਾਲ ਫਰਵਰੀ ਦੇ ਆਖਰੀ ਹਫ਼ਤੇ ਲਈ ਨਿਰਧਾਰਿਤ ਭਾਰਤ ਦੌਰੇ ਲਈ ਬਹੁਤ ‘ਉਤਸੁਕ’ ਹੈ। ਮਿਲਾਨੀਆ ਟਰੰਪ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਦੀ ਪਤਨੀ ਵਜੋਂ ਉਸ ਦੀ ਪਲੇਠੀ ਭਾਰਤ ਫੇਰੀ ਦੋਵਾਂ ਮੁਲਕਾਂ ਦੇ ਕਰੀਬੀ ਰਿਸ਼ਤਿਆਂ ਦਾ ਜ਼ਸ਼ਨ ਹੈ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤ ਫੇਰੀ ਦੇ ‘ਨਿੱਘੇ ਸੱਦੇ’ ਲਈ ਧੰਨਵਾਦ ਕੀਤਾ।

-ਪੀਟੀਆਈ

ਸ੍ਰੀਨਗਰ ’ਚ ਇੰਟਰਨੈੱਟ ਸੇਵਾਵਾਂ ਵੀਰਵਾਰ ਨੂੰ ਬਹਾਲ ਹੋਣ ਮਗਰੋਂ ਮੋਬਾਈਲ ਫੋਨਾਂ ਦੀ ਵਰਤੋਂ ਕਰਦੇ ਹੋਏ ਪੱਤਰਕਾਰ। -ਫੋਟੋ: ਪੀਟੀਆਈ

ਕਸ਼ਮੀਰ ਵਿਚ ਇੰਟਰਨੈੱਟ ਸੇਵਾਵਾਂ ਮੁੜ ਬਹਾਲ

ਸ੍ਰੀਨਗਰ: ਵੱਖਵਾਦੀ ਆਗੂ ਸੱਯਦ ਅਲੀ ਸ਼ਾਹ ਗਿਲਾਨੀ ਦੀ ਸਿਹਤ ਬਾਰੇ ਅਫ਼ਵਾਹਾਂ ਨੂੰ ਰੋਕਣ ਲਈ ਕਸ਼ਮੀਰ ’ਚ ਬੰਦ ਕੀਤੀ ਗਈ ਮੋਬਾਈਲ ਇੰਟਰਨੈੱਟ ਸੇਵਾ ਅੱਜ ਦੁਪਹਿਰ ਬਾਅਦ ਬਹਾਲ ਕਰ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਇੰਟਰਨੈੱਟ ਸੇਵਾਵਾਂ ਬੁੱਧਵਾਰ ਰਾਤ ਉਸ ਸਮੇਂ ਬੰਦ ਕੀਤੀਆਂ ਗਈਆਂ ਸਨ ਜਦੋਂ ਸੋਸ਼ਲ ਮੀਡੀਆ ਦੀਆਂ ਕੁਝ ਪੋਸਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ 90 ਵਰ੍ਹਿਆਂ ਦੇ ਗਿਲਾਨੀ ਦੀ ਸਿਹਤ ਵਿਗੜ ਗਈ ਹੈ। ਕਸ਼ਮੀਰ ’ਚ ਨਾਜ਼ੁਕ ਥਾਵਾਂ ’ਤੇ ਅਮਨ ਕਾਨੂੰਨ ਬਣਾਈ ਰੱਖਣ ਲਈ ਢੁਕਵੀਂ ਗਿਣਤੀ ’ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਗਿਲਾਨੀ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ।

-ਪੀਟੀਆਈ


Comments Off on ਟਰੰਪ ਦੀ ਭਾਰਤ ਫੇਰੀ ਤੋਂ ਪਹਿਲਾਂ ਅਮਰੀਕੀ ਸੈਨੇਟਰਾਂ ਨੇ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਦੇ ਮੁੱਦੇ ਚੁੱਕੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.