ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਦੋ ਔਰਤਾਂ ਦੀ ਮੌਤ !    ਹਰਿਆਣਾ ਵਿਚ ਕਰੋਨਾ ਨਾਲ ਪਹਿਲੀ ਮੌਤ !    ਹਰਿਆਣਾ ’ਚ ਕਿਸਾਨਾਂ ਦੇ ਕਰਜ਼ੇ ਦੀਆਂ ਕਿਸ਼ਤਾਂ 30 ਜੂਨ ਤਕ ਮੁਲਤਵੀ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    

ਜੱਲ੍ਹਿਆਂ ਵਾਲਾ ਬਾਗ਼ ਤੋਂ ਸ਼ਾਹੀਨ ਬਾਗ਼

Posted On February - 18 - 2020

ਅਮੋਲਕ ਸਿੰਘ
ਸਾਡੇ ਮੁਲਕ ਦੇ ਆਜ਼ਾਦੀ ਸੰਗਰਾਮ ਨੂੰ ਨਵਾਂ, ਇਨਕਲਾਬੀ ਅਤੇ ਇਤਿਹਾਸਕ ਮੋੜ ਦੇਣ ਦੀ ਅਮਿਟ ਭੂਮਿਕਾ ਅਦਾ ਕਰਨ ਵਾਲੇ ਜੱਲ੍ਹਿਆਂ ਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਅਮਰ ਕਹਾਣੀ ਹੋਰਨਾਂ ਸਮੇਤ ਮੁਸਲਮਾਨ ਭਾਈਚਾਰੇ ਦੇ ਲਹੂ ਸੰਗ ਲਿਖੀ ਗਈ ਹੈ। ਬਾਗ਼ ਦੀ ਇਤਿਹਾਸਕ ਗਾਥਾ ਬੋਲਦੀ ਹੈ ਕਿ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੇ ਗਲਵੱਕੜੀਆਂ ਪਾ ਕੇ ਸੀਨੇ ’ਚ ਗੋਲੀਆਂ ਖਾਧੀਆਂ।
ਨੌਜਵਾਨ ਭਾਰਤ ਸਭਾ ਦੇ ਇਤਿਹਾਸ ਨੇ ਨਵੀਂ ਇਨਕਲਾਬੀ ਪੁਲਾਂਘ ਭਰੀ। ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਦੇ ਲਾ-ਮਿਸਾਲ ਸਫ਼ਰ ਦੀਆਂ ਪੈੜਾਂ ਜੱਲ੍ਹਿਆਂ ਵਾਲਾ ਬਾਗ਼ ਦੀ ਲਹੂ ਰੱਤੀ ਮਿੱਟੀ ਨਾਲ ਜੁੜੀਆਂ ਹਨ। ਕਿਸਾਨ ਲਹਿਰਾਂ ਦੀ ਤੰਦ ਵੀ ਇਸ ਬਾਗ਼ ਦੀ ਗਵਾਹੀ ਭਰਦੀ ਹੈ। ‘ਬੰਦੇ ਮਾਤਰਮ ਤੋਂ ਇਨਕਲਾਬ-ਜ਼ਿੰਦਾਬਾਦ’ ਤਕ ਦੇ ਸਿਫ਼ਤੀ ਪਲਟੇ ਦਾ ਇਤਿਹਾਸ, ਬਾਗ਼ ਦੇ ਕਣ-ਕਣ ਵਿਚੋਂ ਗੂੰਜਦਾ ਹੈ।
ਅੰਗਰੇਜ਼ੀ ਹਕੂਮਤ ਨੇ ਜਿਸ ਭਾਈਚਾਰਕ ਸਾਂਝ ਦੀ ਜੋਟੀ ਭੰਨਣ ਲਈ ਹਰ ਹਰਬਾ ਵਰਤਿਆ। ਉਹੀ ਚਾਲੇ ਦੇਸੀ ਹਾਕਮਾਂ ਨੇ ਫੜ ਰੱਖੇ ਹਨ, ਪਰ ਇਹ ਲਹੂ ਹੈ ਜੋ ਕਦੇ ਝੂਠੇ ਨਗ਼ਮੇ ਨਹੀਂ ਗਾਉਂਦਾ। ਅੱਜ ਜੱਲ੍ਹਿਆਂ ਵਾਲਾ ਬਾਗ਼ ਦੀ ਮਿੱਟੀ, ਗੋਲੀਆਂ ਦੇ ਨਿਸ਼ਾਨ, ਸ਼ਹੀਦੀ ਖੂਹ, ਹਿੰਦੂ, ਮੁਸਲਿਮ, ਸਿੱਖ ਭਾਈਚਾਰੇ ਦੀ ਸਾਂਝੀ ਵਿਰਾਸਤ, ਸਾਂਝੀ ਸ਼ਹਾਦਤ, ਸਾਂਝੀ ਇਤਿਹਾਸਕ ਯਾਦਗਾਰ ਤੋਂ ਵੀ ਹਾਕਮਾਂ ਨੂੰ ਭੈਅ ਆਉਂਦਾ ਹੈ। ਇਸ ਕਰਕੇ ਬਾਗ਼ ਦੁਆਲੇ ਵਾੜ ਗੱਡ ਕੇ 15 ਅਪਰੈਲ 2020 ਤਕ ਜਨਤਕ ਦਾਖਲੇ ’ਤੇ ਪਾਬੰਦੀ ਲਾ ਕੇ ਆਪਣੇ ਮਨਸੂਬੇ ਨੇਪਰੇ ਚਾੜ੍ਹਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੀ ਲੋਕਾਂ ਦੀ ਇਤਿਹਾਸਕ ਧਰੋਹਰ ਬਾਰੇ ਲੋਕਾਂ ਨੂੰ ਜਲ੍ਹਿਆਂ ਵਾਲਾ ਬਾਗ਼ ਅੰਦਰ ਦਾਖਲੇ ’ਤੇ ਮੜ੍ਹੀ ਪਾਬੰਦੀ ਹਟਣ ’ਤੇ ਹੀ ਪਤਾ ਲੱਗੇਗਾ ਕਿ ਬਾਗ਼ ਦੀ ਇਤਿਹਾਸਕਤਾ ਨੂੰ ਕਿਵੇਂ ਹਕੂਮਤੀ ਰੰਗ ’ਚ ਰੰਗਿਆ ਜਾ ਰਿਹਾ ਹੈ। ਇਸ ਇਤਿਹਾਸਕ ਯਾਦਗਾਰ ਨੂੰ ਲੋਕ ਮਨਾਂ ਤੋਂ ਮੇਟਣ ਲਈ ਸੈਰਗਾਹ ’ਚ ਤਬਦੀਲ ਕੀਤਾ ਜਾ ਰਿਹਾ ਹੈ।
ਹੁਣ ਜੱਲ੍ਹਿਆਂ ਵਾਲਾ ਬਾਗ਼ ਸ਼ਾਹੀਨ ਬਾਗ਼ ’ਚ ਪੁੱਜ ਗਿਆ ਹੈ। ਇਹ ਬਾਗ਼, ਫਿਰਕੂ ਹਾਕਮਾਂ ਦੇ ਕਾਲਜੇ ਹੌਲ ਪਾਉਂਦਾ ਹੈ। ਜੱਲ੍ਹਿਆਂ ਵਾਲਾ ਬਾਗ਼ ਤੋਂ ਚੱਲੇ ਜੱਥੇ ਸ਼ਾਹੀਨ ਬਾਗ਼ ਦੀ ਬੁੱਕਲ ਵਿਚ ਜਾ ਵੜਨ, ਇਹ ਫਿਰਕੂ ਜ਼ਹਿਰ ਦੇ ਵਣਜਾਰਿਆਂ ਨੂੰ ਫੁੱਟੀ ਅੱਖ ਨਹੀਂ ਭਾਉਂਦਾ। ਜੱਲ੍ਹਿਆਂ ਵਾਲਾ ਬਾਗ਼ ਸਮੇਂ ਰੌਲਟ ਐਕਟ ਵਰਗੇ ਕਾਲੇ ਕਾਨੂੰਨ ਮੜ੍ਹੇ ਗਏ। ਹੁਣ ਵੀ ਸ਼ਾਹੀਨ ਬਾਗ਼ ਨਾਲ ਜੁੜਨ ਤੋਂ ਰੋਕਣ, ਕਾਲੇ ਕਾਨੂੰਨਾਂ ਨੂੰ ਮੰਨਣ ਤੋਂ ਨਾਬਰ ਲੋਕਾਂ ਨੂੰ ਖੌਫ਼ਜਦਾ ਕਰਨ ਲਈ ਐੱਨ.ਐੱਸ.ਏ. ਵਰਗੇ ਕਾਲੇ ਕਾਨੂੰਨ ਮੜ੍ਹੇ ਗਏ। ਜਿਸ ਤਹਿਤ ਨਾ ਵਕੀਲ, ਨਾ ਦਲੀਲ, ਨਾ ਅਪੀਲ ਦਾ ਬੁਲਡੋਜ਼ਰ ਚਾੜ੍ਹ ਕੇ ਜ਼ੁਬਾਨਬੰਦੀ ਦੇ ਫੁਰਮਾਨ ਠੋਕੇ ਗਏ। ਡਿਟੈਂਸ਼ਨ ਸੈਂਟਰਾਂ ਦੀ ਹੋਂਦ ਤੋਂ ਮੁੱਕਰਨ ਅਤੇ ਨਾਲ ਦੀ ਨਾਲ ਇਨ੍ਹਾਂ ਦਾ ਡਰਾਵਾ ਦੇਣ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। 1919 ਤੋਂ 2019 ਅਤੇ 2020, ਸੌ ਸਾਲ ਬਾਅਦ ਜੱਲ੍ਹਿਆਂ ਵਾਲਾ ਬਾਗ਼ ਤੋਂ ਸ਼ਾਹੀਨ ਬਾਗ਼ ਤਕ ਸਿਰ ਜੋੜ ਕੇ ਆਵਾਜ਼ ਉਠਾਉਂਦੇ, ਮਿਲਕੇ ਜਿਉਣ ਮਰਨ ਦੇ ਨਾਅਰੇ ਲਾਉਂਦੇ ਇਸ ਨਵੇਂ ਸਿਰਜੇ ਜਾ ਰਹੇ ਇਤਿਹਾਸ ਨੇ ਉਸ ਸਵੇਰ ਦਾ ਮੁੱਖੜਾ ਨਿਹਾਰਨਾ ਹੈ ਜਿਸਦੀ ਗੂੰਜ ਚੁਫ਼ੇਰੇ ਸੁਣਾਈ ਦੇਣ ਲੱਗੀ ਹੈ:
ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ
ਵੋ ਦਿਨ ਕਿ ਜਿਸਕਾ ਵਾਅਦਾ ਹੈ
ਮੋਦੀ-ਸ਼ਾਹ ਲਾਣੇ ਦੀ ਅਗਵਾਈ ’ਚ ਫਿਰਕੂ ਝੱਖੜ ਝੁਲਾ ਰਹੀ ਭਾਜਪਾ ਹਕੂਮਤ ਨੇ ਕਦੇ ਰੱਤ ਪੀਣੇ ਘਰਾਣਿਆਂ ਦਾ ਕਬਜ਼ਾ ਕਰਾਉਣ ਲਈ ਆਦਿਵਾਸੀ ਲੋਕਾਂ ’ਤੇ, ਜੰਗਲ, ਜਲ, ਜ਼ਮੀਨ ’ਤੇ ਹੱਲਾ ਬੋਲਿਆ। ਆਦਿਵਾਸੀਆਂ ਦੇ ਸੈਂਕੜੇ ਪਿੰਡ ਅੱਗ ’ਚ ਸਾੜ ਕੇ ਰਾਖ਼ ਕਰ ਦਿੱਤੇ। ਭੁੱਖਾਂ, ਦੁੱਖਾਂ ਦੇ ਭੰਨੇ ਆਦਿਵਾਸੀਆਂ ਦੀ ਆਬਰੂ ਨਾਲ ਖਿਲਵਾੜ ਕੀਤਾ। ਆਦਿਵਾਸੀਆਂ ਦੀ ਬਾਂਹ ਫੜਨ ਵਾਲਿਆਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਦਾ ਡਰਾਮਾ ਰਚ ਕੇ ਕਤਲ ਕੀਤਾ ਗਿਆ। ਜੰਗਲ ਦੀ ਹਕੀਕੀ ਕਹਾਣੀ ਨੂੰ ਜੰਗਲ ਰਾਜ ਦੇ ਪਰਦੇ ਓਹਲੇ ਢਕਣ ਦਾ ਯਤਨ ਕੀਤਾ ਗਿਆ। ਜੰਗਲ ਚੁੱਪ ਨਹੀਂ ਹੋਇਆ। ਜੰਗਲ, ਜੰਗਲ ਦੇ ਲੋਕਾਂ ਦੀ ਮੁਕਤੀ ਦਾ ਗੀਤ ਗਾਉਂਦਾ ਰਹੇਗਾ।
ਦਲਿਤ ਵਰਗ ਦੀ ਅੰਗੜਾਈ ਭੰਨਣ ਲਈ ਦਰੱਖਤਾਂ ਨਾਲ ਬੰਨ੍ਹ ਕੇ ਕੁਟਾਪਾ ਚਾੜ੍ਹਨ, ਵੀਡੀਓ ਵਾਇਰਲ ਕਰਕੇ ਦਹਿਸ਼ਤਜ਼ਦਾ ਕਰਨ ਅਤੇ ਮਨੂੰਵਾਦੀ ਪਰੰਪਰਾ ਦਾ ਜੂੜ ਪਾ ਕੇ ਰੱਖਣ ਲਈ ਕੀ ਕੀ ਨਹੀਂ ਕੀਤਾ ਗਿਆ। ਭੀਮਾ ਕੋਰੇ ਗਾਓ ਵਰਗੇ ਕਾਂਡ ਰਚ ਕੇ, ਗਊਮਾਤਾ, ਭਾਰਤ ਮਾਤਾ ਦੇ ਜੈਕਾਰੇ ਛੱਡ ਕੇ ਉਲਟਾ ਮੁਲਕ ਭਰ ਦੇ ਰੋਸ਼ਨ ਦਿਮਾਗ਼ ਬੁੱਧੀਜੀਵੀਆਂ ਉੱਪਰ ਝੂਠੇ ਕੇਸ ਮੜ੍ਹੇ ਅਤੇ ਦਲਿਤਾਂ ਦੀ ਆਵਾਜ਼ ਦਬਾਈ ਗਈ। ਪਰ ਦਲਿਤ ਮੈਦਾਨ ’ਚ ਨਿੱਤਰੇ। ਚੁੱਪ ਰਹਿਣ ਦੀ ਬਜਾਏ ਉਹ ਹੋਰ ਵੀ ਬੁਲੰਦ ਆਵਾਜ਼ ਨਾਲ ਗਰਜ਼ੇ।
ਮੁਸਲਿਮ ਭਾਈਚਾਰੇ ਨੂੰ ਕਦੇ ਮਾਸ ਰੱਖਣ, ਕਦੇ ਲਵ-ਜਹਾਦ, ਕਦੇ ਭੀੜ ਤੰਤਰ ਆਦਿ ਰਾਹੀਂ ਜ਼ਲੀਲ ਕਰਨ, ਉਜਾੜਨ, ਜਾਨੋ ਮਾਰਨ ਦੇ ਭੱੱਠ ’ਚ ਸੁੱਟਿਆ ਗਿਆ। ਮੁਸਲਿਮ ਭਾਈਚਾਰੇ ਨੂੰ ‘ਪਾਕੀ’, ‘ਗੱਦਾਰ’ ਆਦਿ ਆਖ ਕੇ ‘ਗੋਲੀ ਮਾਰੋ… ਕੋ’ ਵਰਗੇ ਐਲਾਨ ਕੀਤੇ ਗਏ। ਗੋਲੀਆਂ ਦਾਗ਼ੀਆਂ, ਲਾਇਬ੍ਰੇਰੀਆਂ, ਹੋਸਟਲਾਂ ਉੱਪਰ ਵਿਦੇਸ਼ੀ ਧਾੜਵੀਆਂ ਵਾਂਗ ਚੜ੍ਹਾਈ ਕੀਤੀ ਗਈ।
ਭਾਜਪਾ ਹਾਕਮ ਹੋਰ ਵੀ ਭੂਤਰ ਗਏ ਜਦੋਂ ਉਨ੍ਹਾਂ ਨੇ ਕਸ਼ਮੀਰ ਨੂੰ ਕਈ ਮਹੀਨਿਆਂ ਤੋਂ ਜੇਲ੍ਹ ’ਚ ਤਬਦੀਲ ਕਰ ਦਿੱਤਾ। ਕਰਫ਼ਿਊ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰਕੇ, ਹਰ ਕਸ਼ਮੀਰੀ ਦੇ ਸਿਰ ’ਤੇ ਬੰਦੂਕਧਾਰੀ ਫ਼ੌਜੀ ਖੜ੍ਹਾ ਕਰਕੇ, ਉਨ੍ਹਾਂ ਦੇ ਸਾਹ ਸੂਤਣ ਦਾ ਯਤਨ ਕੀਤਾ ਗਿਆ। ਹਾਕਮਾਂ ਨੂੰ ਲੱਗਾ ਕਿ ਮੁਲਕ ਨੂੰ ਕਸ਼ਮੀਰ ਅਤੇ ਪੁਲਵਾਮਾ ਵਰਗੇ ਮੁੱਦਿਆਂ ਉੱਪਰ ਅੰਧ ਵਿਸ਼ਵਾਸ ਦੀ ਮਿੱਠੀ ਜ਼ਹਿਰ ਦੇ ਪਿਆਲਿਆਂ ਨਾਲ ਮਦਹੋਸ਼ ਕਰਕੇ ਆਪਣੇ ਰਾਜ ਭਾਗ ਦੇ ਪਾਵੇ ਮਜ਼ਬੂਤ ਕੀਤੇ ਜਾ ਸਕਦੇ ਹਨ।

ਅਮੋਲਕ ਸਿੰਘ

ਇਸ ਹੰਕਾਰ ਦੀ ਘੁਮੇਰ ਵਿਚ ਹੀ ਆਪਣੇ ਚਿਰਾਂ ਦੇ ਤਹਿਸ਼ੁਦਾ ਏਜੰਡੇ ਨੂੰ ਨੇਪਰੇ ਚਾੜ੍ਹ ਕੇ ਹਿੰਦੂ ਰਾਸ਼ਟਰ ਬਣਾਉਣ ਲਈ ਸੀਏਏ, ਐੱਨਆਰਸੀ, ਐੱਨਪੀਆਰ ਦੇ ਕਾਲੇ ਕਾਨੂੰਨਾਂ ਦੀ ਵਾੜ ਗੱਡਣ ਦੇ ਚੱਕਵੇਂ ਪੈਰੀਂ ਚੱਲਣ ਦਾ ਭਰਮ ਪਾਲਿਆ ਗਿਆ। ਇਸਨੇ ਹਾਕਮਾਂ ਦੀ ਸਾਰੀ ਗਿਣਤੀ ਮਿਣਤੀ ਪੁੱਠੀ ਪਾ ਦਿੱਤੀ। ਜੇਐੱਨਯੂ, ਜਾਮੀਆ ਮਿਲੀਆ ਇਸਲਾਮੀਆ, ਸ਼ਾਹੀਨ ਬਾਗ਼ ਆਦਿ ਥਾਵਾਂ ਨੂੰ ਲਹੂ ’ਚ ਡਬਾਉਣ ਅਤੇ ਲੋਕਾਂ ਵਿਚ ਇਨ੍ਹਾਂ ਦਾ ਹੁਲੀਆ ਵਿਗਾੜ ਕੇ ਲੋਕਾਂ ਨੂੰ ਹੀ ਲੋਕਾਂ ਨਾਲ ਲੜਾਉਣ ਲਈ ਕਾਫ਼ੀ ਕੁਝ ਕੀਤਾ ਗਿਆ। ਚੁਣੌਤੀ ਭਰੀਆਂ ਹਾਲਤਾਂ ਨਾਲ ਮੱਥਾ ਲਾਉਣ ਲਈ ਯੂਨੀਵਰਸਿਟੀ ਗੇਟਾਂ, ਥਾਣਿਆਂ, ਸੜਕਾਂ ਉੱਪਰ ਲੋਕ ਹੜ੍ਹ ਬਣ ਕੇ ਨਿੱਕਲੇ। ਅਜਿਹੇ ਕੁਝ ਯਤਨਾਂ ਖਿਲਾਫ਼ ਵਿਦਿਆਰਥੀਆਂ, ਔਰਤਾਂ ਦਾ ਅਗਲੀ ਕਤਾਰ ’ਚ ਪੈਰ ਜਮਾ ਕੇ ਸੰਗਰਾਮ ਦਾ ਪਰਚਮ ਚੁੱਕਣਾ, ਮਹੀਨਿਆਂ ਬੱਧੀ ਦਮ ਰੱਖ ਕੇ ਬਹੁਤ ਹੀ ਸੂਝ-ਬੂਝ ਨਾਲ ਜੱਦੋ ਜਹਿਦ ਕਰਨਾ, ਬੱਚਾ-ਬੱਚਾ ਸੰਘਰਸ਼ ਦੇ ਮੈਦਾਨ ’ਚ ਝੋਕ ਦੇਣਾ; ਆਪਣੇ ਆਪ ’ਚ ਨਵੇਂ ਇਤਿਹਾਸ ਦੇ ਵਰਕੇ ਲਿਖਣਾ ਹੈ। ਸ਼ਾਹੀਨ ਬਾਗ਼ ਦਾ ਸੰਗਰਾਮ ਇਸਦੀ ਚੋਟੀ ਦੀ ਉਤਸ਼ਾਹਜਨਕ ਮਿਸਾਲ ਹੈ।
ਫਿਰਕੂ ਹਾਕਮਾਂ ਨੇ ਬਲ ਅਤੇ ਛਲ ਦੇ ਸਾਰੇ ਹਥਿਆਰ ਸ਼ਰ੍ਹੇਆਮ ਵਰਤੇ ਤਾਂ ਜੋ ਮੁਸਲਮਾਨ ਭਾਈਚਾਰੇ ਨੂੰ ਨਿਖੇੜ ਕੇ ਚੋਣਵੇਂ ਨਿਸ਼ਾਨੇ ਦੀ ਮਾਰ ਹੇਠ ਲਿਆਂਦਾ ਜਾਵੇ। ਇਹ ਚਾਲਾਂ ਫੇਲ੍ਹ ਕਰਨ ਲਈ ਬੁੱਧੀਜੀਵੀਆਂ, ਲੇਖਕਾਂ, ਰੰਗ ਕਰਮੀਆਂ, ਨਾਮਵਰ ਫ਼ਿਲਮੀ ਹਸਤੀਆਂ, ਸਾਹਿਤਕਾਰਾਂ, ਕਵੀਆਂ, ਚਿੱਤਰਕਾਰਾਂ, ਆਲੋਚਕਾਂ ਅਤੇ ਸੰਸਾਰ ਪ੍ਰਸਿੱਧ ਵਿਦਵਾਨਾਂ ਨੇ ਧੜੱਲੇ ਨਾਲ ਆਵਾਜ਼ ਉਠਾਈ। ਮੁਸਲਿਮ ਔਰਤਾਂ ਬੁਰਕੇ ਲਾਹ ਕੇ ਹਾਕਮਾਂ ਦੀਆਂ ਫਿਰਕੂ ਯੋਜਨਾਵਾਂ ਦੇ ਬੁਰਕੇ ਲੰਗਾਰ ਕਰਨ ਲੱਗੀਆਂ। ਦਿੱਲੀ ਦਾ ਸ਼ਾਹੀਨ ਬਾਗ਼ ਇਕ ਵਾਰ ਫੇਰ ਜੱਲ੍ਹਿਆਂ ਵਾਲਾ ਬਾਗ਼ ਦਾ ਇਤਿਹਾਸਕ ਦ੍ਰਿਸ਼ ਪੇਸ਼ ਕਰਨ ਲੱਗਾ। ਥਾਂ-ਥਾਂ ਸ਼ਾਹੀਨ ਬਾਗ਼ ਉੱਗਣ ਲੱਗੇ। ਕਲਮਾਂ, ਬੁਰਸ਼, ਡਫ਼ਲੀਆਂ, ਦਾਤੀਆਂ, ਹਥੌੜੇ ਸਭ ਮਿਲ ਕੇ ਸਾਂਝੀਵਾਲਤਾ ਦਾ ਸਮੂਹ ਗਾਇਨ ਗਾਉਣ ਲੱਗੇ।
ਹਕੂਮਤੀ ਦਰਬਾਰ, ਅਜਿਹੇ ਸਿਆਸੀ ਪੱਤੇ ਵਰਤ ਕੇ ਲੋਕਾਂ ਉੱਪਰ ਨਿੱਤ ਨਵੇਂ ਆਰਥਿਕ ਬੋਝ ਦੀਆਂ ਪੰਡਾਂ ਲੱਦ ਰਿਹਾ ਹੈ। ਕਰਜ਼ੇ, ਖ਼ੁਦਕੁਸ਼ੀਆਂ, ਨਸ਼ੇ, ਬੇਰੁਜ਼ਗਾਰੀ, ਮਹਿੰਗਾਈ, ਨਿੱਜੀਕਰਨ, ਸਿੱਖਿਆ, ਸਿਹਤ ਵਰਗੇ ਅਨੇਕਾਂ ਲੋਕ ਮਸਲਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਲਿਜਾਣ ਦੀਆਂ ਸ਼ੈਤਾਨੀਆਂ ਕਰਦਾ ਹੈ। ਜਾਗਦੀ ਲੋਕ ਲਹਿਰ, ਸਭਨਾਂ ਬਹੁ-ਧਾਰੀ ਹੱਲਿਆਂ ਦਾ ਟਾਕਰਾ ਕਰਦੀ ਹੋਈ ਹੋਰ ਵੀ ਚੇਤਨ ਅਤੇ ਮਜ਼ਬੂਤ ਹੋਣ ਦੇ ਰਾਹ ’ਤੇ ਅਗਲੇਰੇ ਕਦਮ ਵਧਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਔਰਤਾਂ, ਤਰਕਸ਼ੀਲ, ਜਮਹੂਰੀ, ਸਾਹਿਤਕ/ਸੱਭਿਆਚਾਰਕ ਕਾਮੇ ਧੜੱਲੇ ਨਾਲ ਅੱਗੇ ਆਏ। ਧਰਨੇ, ਮਾਰਚ, ਲੰਗਰ ਵਿਚ ਸਾਂਝੀਵਾਲਤਾ ਦਾ ਦਰਿਆ ਬਣ ਕੇ ਵਗਣਾ ਦਰਸਾਉਂਦਾ ਹੈ ਕਿ ਜੱਲ੍ਹਿਆਂ ਵਾਲਾ ਬਾਗ਼ ਅਤੇ ਸ਼ਾਹੀਨ ਬਾਗ਼ ਦੀ ਮਿੱਟੀ ਦੀ ਸਾਂਝ ਵਿਚੋਂ ਨਵੇਂ ਫੁੱਲ ਖਿੜਨਗੇ।
ਸੰਪਰਕ: 94170-76735


Comments Off on ਜੱਲ੍ਹਿਆਂ ਵਾਲਾ ਬਾਗ਼ ਤੋਂ ਸ਼ਾਹੀਨ ਬਾਗ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.