ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਜ਼ਿੰਦਗੀ ਨੂੰ ਮਾਣੋ, ਬਤੀਤ ਨਾ ਕਰੋ

Posted On February - 15 - 2020

ਕੈਲਾਸ਼ ਚੰਦਰ ਸ਼ਰਮਾ
ਹਰ ਵਿਅਕਤੀ ਜ਼ਿੰਦਗੀ ਨੂੰ ਆਪੋ-ਆਪਣੇ ਨਜ਼ਰੀਏ ਨਾਲ ਵੇਖਦਾ ਹੈ। ਕੋਈ ਸਮਝਦਾ ਹੈ ਕਿ ਜ਼ਿੰਦਗੀ ਇਕ ਖੇਡ ਹੈ ਅਤੇ ਕੋਈ ਇਸਨੂੰ ਪਰਮਾਤਮਾ ਵੱਲੋਂ ਮਿਲਿਆ ਤੋਹਫ਼ਾ ਮੰਨਦਾ ਹੈ। ਕਿਸੇ ਦੀ ਨਜ਼ਰ ਵਿਚ ਇਹ ਜੀਵਨ ਯਾਤਰਾ ਹੈ, ਜਿਸ ਵਿਚ ਗ਼ਮ, ਖੇੜੇ ਅਨੁਭਵ, ਕਲਪਨਾ, ਲੋਭ, ਲਾਲਚ ਖ਼ੁਦਗਰਜ਼ੀ, ਨਫ਼ਰਤ ਅਤੇ ਪਿਆਰ ਆਦਿ ਜਜ਼ਬਾਤਾਂ ਦਾ ਕਾਫ਼ਲਾ ਨਿਰਵਿਘਨ ਚੱਲਦਾ ਰਹਿੰਦਾ ਹੈ। ਜਿਸ ਨਜ਼ਰੀਏ ਨਾਲ ਅਸੀਂ ਜੀਵਨ ਨੂੰ ਵੇਖਦੇ ਹਾਂ, ਉਸੇ ਤਰ੍ਹਾਂ ਦਾ ਇਹ ਮਹਿਸੂਸ ਹੋਣ ਲੱਗਦਾ ਹੈ। ਰੋ ਕੇ ਜਿਊਣ ਨਾਲ ਜ਼ਿੰਦਗੀ ਦੁਖਦਾਈ ਪਲਾਂ ਦੀ ਇਕ ਲੰਮੀ ਮਾਲਾ ਲੱਗਦੀ ਹੈ, ਪਰ ਹੱਸ ਕੇ ਜਿਊਣ ਨਾਲ ਇਹ ਕਦੋਂ ਪੁੂਰੀ ਹੋ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਅਜੋਕਾ ਮਨੁੱਖ ਗਿਆਨ ਦੇ ਸਾਗਰ ਵਿਚ ਡੁੱਬ ਕੇ ਵੀ ਹਨੇਰੇ ਵਿਚ ਹੀ ਗੋਤੇ ਖਾਈ ਜਾ ਰਿਹਾ ਹੈ। ਉਹ ਸਿਰਫ਼ ਦੌੜ ਰਿਹਾ ਹੈ ਕਦੇ ਸਫਲਤਾ ਪਿੱਛੇ, ਕਦੇ ਦੂਸਰਿਆਂ ਪਿੱਛੇ ਅਤੇ ਕਦੇ ਆਪਣੀਆਂ ਲਾਲਸਾਵਾਂ ਪਿੱਛੇ। ਇਸ ਤਰ੍ਹਾਂ ਉਹ ਜੀਵਨ ਦੇ ਅਸਲੀ ਮਕਸਦ ਤੋਂ ਭਟਕ ਰਿਹਾ ਹੈ। ਉਹ ਜ਼ਿੰਦਗੀ ਜੀਅ ਤਾਂ ਰਿਹਾ ਹੈ, ਪਰ ਇਸਨੂੰ ਮਾਣ ਨਹੀਂ ਰਿਹਾ। ਜ਼ਿੰਦਗੀ ਸਾਡੇ ਅਨੁਸਾਰ ਹੀ ਚੱਲੇ ਇਹ ਕਦੇ ਨਹੀਂ ਹੋ ਸਕਦਾ, ਪਰ ਕੁਝ ਹੱਦ ਤਕ ਜ਼ਿੰਦਗੀ ਨੂੰ ਮਾਣਨਾ ਸਾਡੇ ’ਤੇ ਵੀ ਨਿਰਭਰ ਕਰਦਾ ਹੈ।
ਜ਼ਿੰਦਗੀ ਦਾ ਆਨੰਦ ਮਾਣਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ-ਆਪ ਤੋਂ ਜਾਣੂ ਹੋਈਏ। ਜ਼ਿੰਦਗੀ ਨੂੰ ਓਹੀ ਮਾਣ ਸਕਦੇ ਹਨ ਜੋ ਆਪਣੇ ਜਨਮ ਅਤੇ ਮੌਤ ਵਿਚਲੇ ਸਮੇਂ ਨੂੰ ਭਰਪੂਰ ਹਾਸੇ ਅਤੇ ਪ੍ਰੇਮ ਨਾਲ ਭਰ ਦੇਣ ਕਿਉਂਕਿ ਪ੍ਰੇਮ ਅਤੇ ਹੱਸਣਾ ਅਜਿਹੀਆਂ ਭਾਵਨਾਵਾਂ ਹਨ ਜੋ ਵਿਅਕਤੀ ਨੂੰ ਅੰਦਰੂਨੀ ਤੌਰ ’ਤੇ ਖ਼ੁਸ਼ਹਾਲ ਹੋਣ ਵੱਲ ਇਸ਼ਾਰਾ ਕਰਦੀਆਂ ਹਨ। ਜ਼ਿੰਦਗੀ ਵਿਚ ਬੁਰੇ ਹਾਲਾਤ ਨੂੰ ਪਾਰ ਕਰਨ ਤੋਂ ਬਿਨਾਂ ਕੋਈ ਵੀ ਮਨੁੱਖ ਜ਼ਿੰਦਗੀ ਦੀਆਂ ਉੱਚਾਈਆਂ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਜ਼ਿੰਦਗੀ ਵਿਚ ਆਈਆਂ ਮੁਸ਼ਕਲਾਂ ਬਾਰੇ ਜ਼ਿਆਦਾ ਨਾ ਸੋਚੋ ਬਲਕਿ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਤਿਆਰ ਰਹੋ।
ਲਾਪਰਵਾਹੀ ਨਹੀਂ ਬੇਫ਼ਿਕਰੀ ਜ਼ਿੰਦਗੀ ਦਾ ਖ਼ੂਬਸੂਰਤ ਗਹਿਣਾ ਹੈ। ਜ਼ਿੰਦਗੀ ਵਿਚ ਸੁੱਖ ਵੀ ਬਹੁਤ ਹਨ ਅਤੇ ਪਰੇਸ਼ਾਨੀਆਂ ਵੀ ਬਹੁਤ ਹਨ। ਲਾਭ ਵੀ ਹਨ ਅਤੇ ਹਾਨੀਆਂ ਵੀ। ਇਹ ਕਦੇ ਨਾ ਸੋਚੋ ਕਿ ਪਰਮਾਤਮਾ ਨੇ ਗ਼ਮ ਸਾਡੀ ਹੀ ਝੋਲੀ ਵਿਚ ਪਾਏ ਹਨ ਬਲਕਿ ਇਹ ਵੀ ਯਾਦ ਰੱਖੋ ਕਿ ਪਰਮਾਤਮਾ ਦੀਆਂ ਮਿਹਰਬਾਨੀਆਂ ਵੀ ਸਾਡੇ ’ਤੇ ਬਹੁਤ ਹਨ। ਇਹ ਮੁਮਕਿਨ ਨਹੀਂ ਕਿ ਜ਼ਿੰਦਗੀ ਹਰ ਵਕਤ ਸਾਡੇ ’ਤੇ ਮਿਹਰਬਾਨ ਹੀ ਰਹੇ, ਜ਼ਿੰਦਗੀ ਦੇ ਕੁਝ ਪਲ ਸਾਨੂੰ ਤਜਰਬਾ ਵੀ ਸਿਖਾਉਂਦੇ ਹਨ। ਜ਼ਿੰਦਗੀ ਦਾ ਆਨੰਦ ਲੈਣ ਲਈ ਦੋ ਸ਼ਕਤੀਆਂ ਦੀ ਜ਼ਰੂਰਤ ਹੁੰਦੀ ਹੈ। ਇਕ ਸਹਿਣਸ਼ਕਤੀ ਅਤੇ ਦੂਜੀ ਸਮਝ-ਸ਼ਕਤੀ। ਜਿਸ ਵਿਅਕਤੀ ਕੋਲ ਇਹ ਦੋਵੇਂ ਸ਼ਕਤੀਆਂ ਭਰਪੂਰ ਹਨ, ਉਸਨੂੰ ਜ਼ਿੰਦਗੀ ਮਾਣਨ ਤੋਂ ਕੋਈ ਨਹੀਂ ਰੋਕ ਸਕਦਾ। ਜੋ ਕੁਝ ਵੀ ਜ਼ਿੰਦਗੀ ਵਿਚ ਤੁਹਾਡੀ ਮਰਜ਼ੀ ਨਾਲ ਨਹੀਂ ਹੋ ਰਿਹਾ, ਉਹ ਪਰਮਾਤਮਾ ਦੀ ਮਰਜ਼ੀ ਦਾ ਹੋ ਰਿਹਾ ਹੈ ਹੁੰਦਾ ਹੈ ਅਤੇ ਜੋ ਵੀ ਪਰਮਾਤਮਾ ਦੀ ਮਰਜ਼ੀ ਨਾਲ ਹੋਵੇ ਉਹ ਕਦੇ ਗ਼ਲਤ ਨਹੀਂ ਹੁੰਦਾ। ਇਸ ਲਈ ਕਦੇ ਵੀ ਨਿਰਾਸ਼ ਨਾ ਹੋਵੇ ਅਤੇ ਜ਼ਿੰਦਗੀ ਦੇ ਰੰਗ ਕਦੇ ਵੀ ਫਿੱਕੇ ਨਾ ਪੈਣ ਦਿਓ। ਕਹਿੰਦੇ ਹਨ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ ਹੈ, ਭਾਵ ਜ਼ਿੰਦਗੀ ਕੱਟਣੀ ਨਹੀਂ ਸਗੋਂ ਮਾਣਨੀ ਚਾਹੀਦੀ ਹੈ। ਜ਼ਿਆਦਾਤਰ ਲੋਕ ਮੋਹ-ਮਾਇਆ ਵਿਚ ਫਸ ਕੇ ਜੀਵਨ ਦਾ ਆਨੰਦ ਮਾਣਨ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜ਼ਿੰਦਗੀ ਦੀਆਂ ਖ਼ੁਸ਼ੀਆਂ-ਖੇੜੇ ਐਵੇਂ ਨਹੀਂ, ਸਗੋਂ ਛੋਟੀਆਂ-ਛੋਟੀਆਂ ਚੀਜ਼ਾਂ ਵਿਚੋਂ ਲੱਭੇ ਜਾ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ, ਕੁਝ ਨਜ਼ਰਅੰਦਾਜ਼ ਕਰ ਕੇ ਅਤੇ ਕੁਝ ਭੁੱਲ-ਭੁਲਾ ਕੇ। ਆਪਣੇ ਸੁਪਨਿਆਂ ਨੂੰ ਕਦੇ ਵੀ ਮਰਨ ਨਾ ਦਿਓ। ਇਨ੍ਹਾਂ ਦੀ ਪੂਰਤੀ ਲਈ ਇਕਾਗਰਤਾ ਨਾਲ ਯਤਨ ਕਰਦੇ ਰਹੋ, ਨਹੀਂ ਤਾਂ ਜ਼ਿੰਦਗੀ ਵਿਚ ਪਛਤਾਵੇ ਦੀਆਂ ਸੂਲਾਂ ਚੁੱਭਦੀਆਂ ਰਹਿਣਗੀਆਂ।

ਕੈਲਾਸ਼ ਚੰਦਰ ਸ਼ਰਮਾ

ਇਹ ਤੈਅ ਕਰਨ ਵਿਚ ਵਕਤ ਨਾ ਲਗਾਓ ਕਿ ਤੁਸੀਂ ਕੀ ਕਰਨਾ ਹੈ, ਨਹੀਂ ਤਾਂ ਵਕਤ ਤੈਅ ਕਰ ਲੈਂਦਾ ਹੈ ਕਿ ਉਸਨੇ ਕੀ ਕਰਨਾ ਹੈ। ਕਿਸੇ ਕੋਲੋਂ ਬਦਲਾ ਲੈਣ ’ਚ ਹੀ ਆਪਣਾ ਸਮਾਂ ਨਾ ਗੁਆਓ। ਜਿਨ੍ਹਾਂ ਲੋਕਾਂ ਨੇ ਤੁਹਾਡਾ ਦਿਲ ਦੁਖਾਇਆ ਹੈ, ਉਹ ਆਪਣੇ ਕਰਮਾਂ ਨਾਲ ਹੀ ਇਸਦਾ ਜਵਾਬ ਪ੍ਰਾਪਤ ਕਰ ਲੈਣਗੇ। ਨੇਤਰ ਕੇਵਲ ਦ੍ਰਿਸ਼ਟੀ ਪ੍ਰਦਾਨ ਕਰਦੇ ਹਨ। ਅਸੀਂ ਕਿੱਥੇ ਕੀ ਅਤੇ ਕਿਸ ਨਜ਼ਰੀਏ ਨਾਲ ਵੇਖਦੇ ਹਾਂ ਇਹ ਸਾਡੇ ਮਨ ਦੀ ਭਾਵਨਾ ’ਤੇ ਨਿਰਭਰ ਕਰਦਾ ਹੈ। ਇਸ ਭਾਵਨਾ ਨੂੰ ਸਾਕਾਰਾਤਮਕ ਰੱਖੋ। ਜ਼ਿੰਦਗੀ ਨੂੰ ਹੱਸ ਅਤੇ ਮਿਲ-ਜੁਲ ਕੇ ਗੁਜ਼ਾਰੋ, ਪਤਾ ਨਹੀਂ ਕਿੰਨੀ ਕੁ ਬਚੀ ਹੈ। ਜਿੱਥੇ ਨਾਰਾਜ਼ਗੀ ਦੀ ਕੋਈ ਕਦਰ ਨਾ ਹੋਵੇ, ਉੱਥੇ ਨਾਰਾਜ਼ ਹੋਣਾ ਛੱਡ ਦਿਓ। ਕੋਈ ਵੀ ਕਾਰਨ ਹੋਵੇ, ਕੋਈ ਵੀ ਗੱਲ ਹੋਵੇ, ਨਾ ਕਦੇ ਚਿੜੋ ਅਤੇ ਨਾ ਹੀ ਗੁੱਸਾ ਕਰੋ। ਜ਼ੋਰ-ਜ਼ੋਰ ਨਾਲ ਨਾ ਬੋਲੋ ਅਤੇ ਮਨ ਨੂੰ ਸ਼ਾਂਤ ਰੱਖਦੇ ਹੋਏ ਵਿਚਾਰ ਕਰੋ ਅਤੇ ਫ਼ੈਸਲੇ ਲਓ। ਆਵਾਜ਼ ਨਾਲ ਗਿਲ੍ਹੇ ਨਹੀਂ ਮਿਟਦੇ ਬਲਕਿ ਇਹ ਬੁੱਧੀ ਨਾਲ ਮਿਟਦੇ ਹਨ। ਤਕਲੀਫ਼ ਸਿਰਫ਼ ਆਪ ਨੂੰ ਹੀ ਹੋਵੇਗੀ। ਜੇਕਰ ਮਨ ਨੂੰ ਸ਼ਾਂਤ ਰੱਖੋਗੇ ਤਾਂ ਸੁੱਖ ਵੀ ਤੁਹਾਨੂੰ ਹੀ ਮਿਲੇਗਾ। ਜੇ ਤੁਸੀਂ ਸਹੀ ਹੋ ਤਾਂ ਕੁਝ ਵੀ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੋ। ਕੇਵਲ ਸਹੀ ਬਣੇ ਰਹੋ। ਗਵਾਹੀ ਵਕਤ ਖ਼ੁਦ ਦੇਵੇਗਾ। ਈਰਖਾ ਨਾ ਰੱਖੋ ਬਲਕਿ ਸਭ ਦੇ ਮਨ ਵਿਚ ਖ਼ੁਸ਼ੀਆਂ ਦੇ ਦੀਵੇ ਬਾਲੋ। ਜੀਵਨ ਵਿਚ ਜਿਸ ਵਿਅਕਤੀ ਕੋਲ ਸ਼ਿਕਾਇਤਾਂ ਸਭ ਤੋਂ ਘੱਟ ਹੋਣ, ਉਹੀ ਆਪਣੀ ਜ਼ਿੰਦਗੀ ਨੂੰ ਮਾਣ ਸਕਦਾ ਹੈ। ਕਿਸੇ ਸਿਆਣੇ ਨੇ ਸੱਚ ਹੀ ਕਿਹਾ ਹੈ:
ਸ਼ਿਕਾਇਤ ਕੀ ਆਦਤ ਸਬ ਖੋ ਗਈ ਹੈ,
ਖਾਮੋਸ਼ੀਓ ਕੀ ਆਦਤ ਸਬ ਹੋ ਗਈ ਹੈ,
ਨਾ ਸ਼ਿਕਵਾ ਰਹਾ ਨਾ ਸ਼ਿਕਾਇਤ ਕਿਸੀ ਸੇ,
ਯਹ ਜ਼ਿੰਦਗੀ ਸਬ ਖੁਸ਼ੀਓ ਕੀ ਹੋ ਗਈ ਹੈ।
ਇਕ ਆਨੰਦਮਈ ਜ਼ਿੰਦਗੀ ਬਤੀਤ ਕਰਨ ਵਾਲੇ ਵਿਅਕਤੀ ਨੇ ਆਪਣੇ ਆਨੰਦ ਦਾ ਭੇਦ ਦੱਸਿਆ ਕਿ ਉਸਨੇ ਆਪਣੀ ਜ਼ਿੰਦਗੀ ਦੀ ਗੱਡੀ ਦੇ ਉਹ ਸਾਈਡ ਗਲਾਸ ਹੀ ਹਟਾ ਦਿੱਤੇ ਹਨ, ਜਿਸ ਵਿਚੋਂ ਪਿੱਛੇ ਛੁੱਟ ਗਏ ਰਸਤੇ ’ਤੇ ਬੁਰਾਈ ਕਰਦੇ ਲੋਕ ਨਜ਼ਰ ਆਉਂਦੇ ਸਨ।
ਲੰਮਾ ਧਾਗਾ ਅਤੇ ਲੰਮੀ ਜ਼ੁਬਾਨ ਸਦਾ ਉਲਝ ਜਾਂਦੇ ਹਨ, ਇਸ ਲਈ ਜੀਵਨ ਦੀ ਯਾਤਰਾ ਕਰਦੇ ਸਮੇਂ ਧਾਗੇ ਅਤੇ ਜ਼ੁਬਾਨ ਨੂੰ ਸਮੇਟ ਕੇ ਰੱਖੋ। ਜ਼ਿੰਦਗੀ ਵਿਚ ਹੱਥ ਘੁੱਟ ਕੇ ਖ਼ਰਚ ਕਰੋ, ਨਹੀਂ ਤਾਂ ਇਹੀ ਹੱਥ ਦੂਸਰਿਆਂ ਅੱਗੇ ਮੰਗਣ ਲਾ ਦਿੰਦੇ ਹਨ। ਹਰ ਗੱਲ ਦਿਲ ’ਤੇ ਲਾਓਗੇ ਤਾਂ ਰੋਂਦੇ ਰਹਿ ਜਾਓਗੇ। ਜੋ ਜਿਹੋ-ਜਿਹਾ ਹੈ ਉਸ ਨਾਲ ਉਸੇ ਤਰ੍ਹਾਂ ਦਾ ਬਣਨਾ ਸਿੱਖੋ। ਜ਼ਿੰਦਗੀ ਜਲਦੀ-ਜਲਦੀ ਖ਼ਤਮ ਹੋ ਰਹੀ ਹੈ, ਇਸ ਲਈ ਇਸਨੂੰ ਮਾਣਨ ਲਈ ਹੱਸੋ, ਪਿਆਰ ਕਰੋ ਅਤੇ ਨਵੀਆਂ-ਨਵੀਂਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰੋ। ਮੁਆਫ਼ ਕਰੋ, ਭੁੱਲ ਜਾਓ ਅਤੇ ਗਿਲ੍ਹੇ-ਸ਼ਿਕਵੇ ਨਾ ਰੱਖੋ।
ਸੰਪਰਕ: 98774-66607


Comments Off on ਜ਼ਿੰਦਗੀ ਨੂੰ ਮਾਣੋ, ਬਤੀਤ ਨਾ ਕਰੋ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.