ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਦੋ ਔਰਤਾਂ ਦੀ ਮੌਤ !    ਹਰਿਆਣਾ ਵਿਚ ਕਰੋਨਾ ਨਾਲ ਪਹਿਲੀ ਮੌਤ !    ਹਰਿਆਣਾ ’ਚ ਕਿਸਾਨਾਂ ਦੇ ਕਰਜ਼ੇ ਦੀਆਂ ਕਿਸ਼ਤਾਂ 30 ਜੂਨ ਤਕ ਮੁਲਤਵੀ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    

ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ

Posted On February - 27 - 2020

ਅਮਰਬੀਰ ਸਿੰਘ ਚੀਮਾ

ਗੱਲ ਉਮਰ ਦੇ ਉਸ ਦੌਰ ਦੀ ਹੈ ਜਦੋਂ ਸੋਚ ’ਤੇ ਜੋਸ਼ ਹਾਵੀ ਹੁੰਦੈ। ਅੱਲ੍ਹੜ ਜਵਾਨੀ ਦੇ ਉਹ ਦਿਨ, ਜਦੋਂ ਬੰਦਾ ਬੇਧੜਕ, ਬੇਪਰਵਾਹ, ਬੇਖੌਫ਼ ਹੋ ਕੇ ਕਈ ਤਰਾਂ ਦੇ ਪੁੱਠੇ-ਸਿੱਧੇ ਕੰਮ ਕਰਦੈ। ਅੱਲ੍ਹੜ ਜਵਾਨੀ ਦੀ ਉਮਰ ਕੱਚੇ ਕੱਚ ਵਰਗੀ ਹੀ ਤਾਂ ਹੁੰਦੀ ਹੈ, ਜੇ ਇਕ ਵਾਰ ਡੋਰ ਟੁੱਟ ਗਈ ਤਾਂ ਮੁੜ ਕਦੇ ਨਹੀਂ ਜੁੜਦੀ। ਇਸ ਉਮਰੇ ਜਿਹੜੇ ਕੰਮਾਂ ਦੀ ਮਨਾਹੀ ਹੁੰਦੀ ਹੈ, ਉਹੀ ਕੰਮ ਕਰਨ ਨੂੰ ਦਿਲ ਲੋਚਦੈ। ਜਾਣੇ-ਅਣਜਾਣੇ ਜਾਂ ਗਾਹੇ-ਬਗਾਹੇ ਅਜਿਹੇ ਕਈ ਪੁੱਠੇ-ਸਿੱਧੇ ਕੰਮ ਕੀਤੇ ਪਰ ਕੱਚੀ ਉਮਰ ਦੇ ਬਾਵਜੂਦ ਘਰਦਿਆਂ ਨੂੰ ਉਲਾਂਭਾ ਦਿਵਾਉਣ ਵਾਲਾ ਕੋਈ ਕੰਮ ਨਹੀਂ ਕੀਤਾ। ਸ਼ਾਇਦ ਇਸੇ ਲਈ ਰੱਬ ਸਾਡੀਆਂ ਗਲਤੀਆਂ ਨੂੰ ਦਰਕਿਨਾਰ ਕਰ ਸਾਨੂੰ ਹਰ ਵਾਰ ਨਵੀਂ ਜ਼ਿੰਦਗੀ ਬਖਸ਼ਦਾ ਰਿਹਾ।
ਸਾਡੇ ਪਿੰਡ ਦੇ ਬਾਹਰਵਾਰ ਇਕ ਪਹੀ ਹੁੰਦੀ ਸੀ, ਅਸੀਂ ਦੋ ਦੋਸਤਾਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਚੇਤਕ ਸਕੂਟਰ ਲੈ ਕੇ ਉਥੇ ਚਲੇ ਜਾਣਾ। ਉਸ ਪਹੀ ‘ਤੇ ਇਕ ਉੱਚਾ ਜਿਹਾ ਸਪੀਡ-ਬਰੇਕਰ ਹੁੰਦਾ ਸੀ, ਜਿਸ ਦੇ ਦੋਹੀਂ ਪਾਸਿਆਂ ਤੋਂ ਵਾਰੀ-ਵਾਰੀ ਆਪਣੇ ਸਕੂਟਰ ਭਜਾ ਕੇ ਲਿਆਉਣੇ। ਸਪੀਡ-ਬਰੇਕਰ ਆਉਣ ’ਤੇ ਤੇਜ਼ ਹੋਣ ਕਾਰਨ ਸਕੂਟਰ 3-4 ਫੁੱਟ ਹਵਾ ‘ਚ ਉੱਛਲਣਾ ਤੇ ਉੱਪਰ ਹਵਾ ‘ਚ ਹੀ ਸਕੂਟਰ ਦੀ ਬਰੇਕ ਦੱਬ ਕੇ ਰੱਖਣੀ। ਕੁਝ ਸਕਿੰਟਾਂ ਬਾਅਦ ਜਦੋਂ ਸਕੂਟਰ ਧਰਤੀ ‘ਤੇ ਲੱਗਣਾ ਤਾਂ ਬਰੇਕ ਦੱਬੀ ਹੋਣ ਕਾਰਨ ਸਕੂਟਰ ਘੁੰਮ ਜਾਂਦਾ ਤੇ ਸਾਰੀ ਪਹੀ ’ਚ ਮਿੱਟੀ ਹੀ ਮਿੱਟੀ ਉੱਡਦੀ ਨਜ਼ਰ ਆਉਂਦੀ। ਦੁਪਹਿਰ ਵੇਲੇ ਘੰਟਾ-ਘੰਟਾ ਇਹੀ ਕੁਝ ਚੱਲਣਾ। ਖੇਤਾਂ ’ਚ ਕੰਮ ਕਰਦੇ ਕਿਸਾਨ ਕੰਮ ਛੱਡ ਸਾਨੂੰ ਦੇਖਦੇ ਤੇ ਕਈ ਗਾਲਾਂ ਵੀ ਕੱਢਦੇ ਕਿ ਇਨ੍ਹਾਂ ਨੂੰ ਮੌਤ ’ਵਾਜਾਂ ਮਾਰਦੀ ਹੈ, ਪਰ ਸਾਨੂੰ ਕੋਈ ਫਰਕ ਨਾ ਪੈਂਦਾ।
ਜਦੋਂ ਲੋਕਾਂ ਕੋਲ ਟਾਵੀਂਆਂ-ਟਾਵੀਂਆਂ ਕਾਰਾਂ ਹੋਣ ਲੱਗੀਆਂ ਤਾਂ ਇਕ ਦਿਨ ਪਿਤਾ ਜੀ ਦਾ ਕੋਈ ਜਾਣਕਾਰ ਆਪਣੀ ਮਰੂਤੀ ਕਾਰ ‘ਚ ਸਾਡੇ ਘਰ ਆਇਆ। ਉਨ੍ਹਾਂ ਨੂੰ ਚਾਹ-ਪਾਣੀ ਦੇਣ ਲੱਗਿਆਂ ਮੇਜ਼ ‘ਤੇ ਪਈ ਕਾਰ ਦੀ ਚਾਬੀ ਚੁੱਕ ਕੇ ਬਾਹਰ ਆ ਗਿਆ, ਜਿਥੇ ਪਹਿਲਾਂ ਹੀ ਇਕ ਬੇਲੀ ਤਿਆਰ ਖੜ੍ਹਾ ਸੀ, ਜੋ ਕਾਰ ਚਲਾਉਣੀ ਜਾਣਦਾ ਸੀ। ਕਾਰ ਸਿੱਖਣ ਦੇ ਚਾਅ ‘ਚ ਦੋਵੇਂ ਜਣੇ ਗੇੜੀ ਲਾਉਣ ਚਲੇ ਗਏ। ਅੱਗੇ ਇੱਕ ਪਿੰਡ ਦੇ ਕੱਚੇ ਰਸਤੇ ‘ਚ ਕਾਰ ਗਾਰੇ ‘ਚ ਫਸ ਗਈ, ਮਸਾਂ ਧੱਕਾ-ਧੁੱਕਾ ਲਗਾ ਕੇ ਕਢਾਈ ਤੇ ਨੇੜਲੇ ਖੇਤਾਂ ‘ਚ ਚੱਲਦੀ ਮੋਟਰ ਤੋਂ ਧੋ ਕੇ ਘਰ ਆਏ ਤਾਂ ਪਿਤਾ ਜੀ ਤੇ ਉਹ ਸੱਜਣ ਗੇਟ ’ਤੇ ਹੀ ਸਾਨੂੰ ਉਡੀਕ ਰਹੇ ਸਨ। ਉਹ ਸੱਜਣ ਤਾਂ ਕਾਰ ਦੀ ਚਾਬੀ ਫੜ ਕੇ ਚਲਾ ਗਿਆ, ਦੋਸਤ ਵੀ ਖਿਸਕ ਗਿਆ। ਪਿੱਛੋਂ ਪਿਤਾ ਜੀ ਨੇ ਚੰਗੀ ਭੁਗਤ ਸੰਵਾਰੀ, ਪਰ ਇੰਝ ਕਾਰ ਚਲਾਉਣੀ ਸਿੱਖ ਗਿਆ।
ਬਿਦਰ (ਕਰਨਾਟਕ) ਵਿਚਲੇ ਕਾਲਜ ‘ਚ ਰੇਲਗੱਡੀ ਵਿਚ ਅਉਣ-ਜਾਣ ਸਮੇਂ ਰਸਤੇ ‘ਚ ਜਿੰਨੇ ਵੀ ਸਟੇਸ਼ਨ ਆਉਣੇ, ਉਥੇ ਉਤਰਨਾ ਹੀ ਉਤਰਨਾ। ਨਾਗਪੁਰ ਵਿਖੇ ਗੱਡੀ 20-25 ਮਿੰਟ ਰੁਕਦੀ ਸੀ। ਉਥੇ ਕਈ ਮੁੰਡੇ ਹਰ ਵਾਰ ਉਤਰਕੇ ਸਟੇਸ਼ਨ ਦੇ ਬਾਹਰੋਂ ਸ਼ਰਾਬ ਜਾਂ ਬੀਅਰ ਫੜ ਲਿਆਉਂਦੇ ਸੀ। ਕਈ ਵਾਰ ਗੱਡੀ ਆਪਣੇ ਸਮੇਂ ‘ਤੇ ਚੱਲ ਪੈਂਦੀ ਤਾਂ ਉਹ ਖੱਜਲ-ਖੁਆਰ ਹੁੰਦੇ ਪਿੱਛੋਂ ਕਿਸੇ ਹੋਰ ਗੱਡੀ ‘ਚ ਅਉਂਦੇ। ਸਾਰੇ ਮੁੰਡੇ ਦਿੱਲੀ ਸਟੇਸ਼ਨ ‘ਤੇ ਇਕੱਠੇ ਹੋ ਜਾਂਦੇ। ਉਥੋਂ ਗੱਡੀ ਚੱਲਣ ‘ਚ 3-4 ਘੰਟਿਆਂ ਦਾ ਸਮਾਂ ਹੁੰਦਾ ਸੀ, ਇਸ ਲਈ ਕਿਸੇ ਸਾਊ ਜਿਹੇ ਮੁੰਡੇ ਨੂੰ ਸਾਮਾਨ ਕੋਲ ਖੜ੍ਹਾ ਕੇ ਬਾਕੀਆਂ ਨੇ ਬਾਹਰ ਘੁੰਮਣ ਚਲੇ ਜਾਣਾ ਤੇ ਗੱਡੀ ਚੱਲਣ ਮੌਕੇ ਹੀ ਵਾਪਸ ਮੁੜਨਾ। ਇੱਕ ਵਾਰੀ ਬਿਦਰ ਕਾਲਜ ‘ਚ ਵਿਦਿਆਰਥੀਆਂ ਨੇ ਕਿਸੇ ਗੱਲੋਂ ਹੜਤਾਲ ਕਰ ਦਿੱਤੀ ਤੇ ਪ੍ਰਿੰਸੀਪਲ ਦਫ਼ਤਰ ਸਾਹਮਣੇ ‘ਪ੍ਰਿੰਸੀਪਲ ਮੁਰਦਾਬਾਦ’ ਦੇ ਨਾਅਰੇ ਲਗਾਉਣ ਲੱਗੇ। ਕੁਝ ਦੇਰ ਬਾਅਦ ਪ੍ਰਿੰਸੀਪਲ ਵੀ ਬਾਹਰ ਆ ਕੇ ਖੜ੍ਹੇ ਹੋ ਗਏ। ਉਨ੍ਹਾਂ ਨੂੰ ਸਾਹਮਣੇ ਦੇਖ ਕੇ ਸਾਰੇ ਮੁੰਡੇ ਹੌਲੀ-ਹੌਲੀ ਖਿਸਕ ਗਏ। ਮੋਹਰੀ ਮੁੰਡੇ ਦੀ ਸਰ ਵੱਲ ਪਿੱਠ ਸੀ, ਇਸ ਲਈ ਉਸ ਨੂੰ ਪ੍ਰਿੰਸੀਪਲ ਦੇ ਆਉਣ ਬਾਬਤ ਪਤਾ ਨਹੀਂ ਲੱਗਿਆ ਤੇ ਉਹ ਇਕੱਲਾ ਹੀ ਨਾਅਰੇ ਲਗਾਉਂਦਾ ਰਿਹਾ। ਆਖ਼ਰ ਪ੍ਰਿੰਸੀਪਲ ਸਰ ਉਸ ਦਾ ਹੱਥ ਫੜ ਖਿੱਚਦੇ ਹੋਏ ਆਪਣੇ ਦਫਤਰ ‘ਚ ਲੈ ਗਏ। ਅੰਦਰ ਉਸ ਨਾਲ ਕੀ ਬੀਤੀ, ਇਹ ਅੱਜ ਤੱਕ ਕੋਈ ਨਹੀਂ ਜਾਣਦਾ ਪਰ ਉਸ ਤੋਂ ਬਾਅਦ ਕਾਲਜ ‘ਚ ਕਦੇ ਹੜਤਾਲ ਨਹੀਂ ਹੋਈ।
ਬਿਦਰ ਗੁਰਦੁਆਰੇ ਹਰ ਰੋਜ਼ ਸੰਗਤ ਨੂੰ ਇਤਹਿਾਸ ਸੁਣਾਇਆ ਜਾਂਦੈ। ਇਸ ਮੌਕੇ ਕੁਝ ਸੀਨੀਅਰ ਮੁੰਡਿਆਂ ਨੇ ਗੁਰਦੁਆਰੇ ਚਲੇ ਜਾਣਾ। ਇੱਕ ਨੂੰ ਗਾਉਣ ਦਾ ਸ਼ੌਕ ਸੀ। ਮੈਨੂੰ ਯਾਦ ਹੈ ਕਿ ਉਸ ਨੇ ਸਮਾਂ ਲੈ ਕੇ ‘ਪੱਤਾ-ਪੱਤਾ ਸਿੰਘਾਂ ਦਾ ਵੈਰੀ’ ਗੀਤ ਗਾਉਣ ਲੱਗ ਜਾਣਾ ਤੇ ਵਿਚੋਂ ਕਿਸੇ ਮੁੰਡੇ ਨੇ ਉਸ ਨੂੰ ਕੁਝ ਰੁਪਏ ਇਨਾਮ ਦੇਣਾ, ਜਿਸ ਦੀ ਦੇਖਾ-ਦੇਖੀ ਹੋਰ ਲੋਕਾਂ ਨੇ ਵੀ ਆਪਣੀ ਸਮਰੱਥਾ ਅਨੁਸਾਰ ਪੈਸੇ ਦੇ ਦੇਣੇ। ਉਨ੍ਹਾਂ ਪੈਸਿਆਂ ਨਾਲ ਸਾਰਿਆਂ ਨੇ ਪਾਰਟੀ ਕਰ ਲੈਣੀ। ਉਧਰੋਂ ਬਾਬਾ ਉਨ੍ਹਾਂ ਤੋਂ ਵੀ ਵੱਧ ਸਕੀਮੀ, 5-7 ਦਿਨਾਂ ਬਾਅਦ ਬਾਬੇ ਨੇ ਸਮਾਂ ਦੇਣ ਦੇ ਨਾਲ ਹੀ ਕਹਿ ਦਿੱਤਾ ਕਿ ਇਹ ਮੁੰਡਾ ਬਹੁਤ ਸੋਹਣਾ ਗਾਉਂਦੈ, ਇਸ ਨੂੰ ਜੋ ਵੀ ਮਾਇਆ ਇਨਾਮ ਦੇ ਰੂਪ ‘ਚ ਮਿਲਦੀ ਹੈ, ਇਹ ਗੋਲਕ ‘ਚ ਹੀ ਪਾ ਦਿੰਦੈ। ਬਸ, ਉਸ ਤੋਂ ਬਾਅਦ ਨਹੀਂ ਉਥੇ ਗਾਇਆ ‘ਪੱਤਾ-ਪੱਤਾ ਸਿੰਘਾਂ ਦਾ ਵੈਰੀ’।
ਦਸਹਿਰੇ-ਦੀਵਾਲੀ ਮੌਕੇ ਬਿਦਰ ਮਹੀਨੇ ਕੁ ਦੀਆਂ ਛੁੱਟੀਆਂ ਹੁੰਦੀਆਂ ਸਨ। ਪੰਜਾਬ ਆ ਕੇ ਇਥੋਂ ਵਾਲੇ 4-5 ਦੋਸਤਾਂ ਨਾਲ ਚਨਾਰਥਲ ਦਸਹਿਰਾ ਦੇਖਣ ਚਲੇ ਗਏ। ਮੇਲੇ ਤੋਂ ਬਾਅਦ ਉਸੇ ਪਿੰਡ ਰਹਿੰਦੇ ਇੱਕ ਹੋਰ ਦੋਸਤ ਦੇ ਘਰ ਚਲੇ ਗਏ। ਅਸਲ ‘ਚ ਉਹ ਮੁੰਡਾ ਸਾਡੇ ਇੱਕ ਬੇਲੀ ਦਾ ਮਾਮਾ ਸੀ ਪਰ ਹਮਉਮਰ ਹੋਣ ਕਾਰਨ ਹੈ ਦੋਸਤ ਹੀ ਸੀ। ਉਥੇ ਬੈਠਿਆਂ-ਬੈਠਿਆਂ ਗੱਲਾਂ ਕਰਦਿਆਂ ਕਿਸੇ ਨੇ ਕਿਹਾ ਯਾਰ ਸ਼ਿਮਲਾ ਨਹੀਂ ਦੇਖਿਆ ਕਦੇ, ਬਸ ਸ਼ਿਮਲੇ ਜਾਣ ਦੀ ਸਲਾਹ ਬਣ ਗਈ। ਫੇਰ ਕਹਿੰਦੇ ਯਾਰ ਉਥੇ ਠੰਢ ਹੋਵੇਗੀ, ਕੱਪੜੇ ਤਾਂ ਹੈ ਨਹੀਂ ਤੇ ਨਾ ਹੀ ਬਹੁਤੇ ਪੈਸੇ। ਮਾਮੇ ਨੇ ਆਪਣੀ ਅਲਮਾਰੀ ਖੋਲ੍ਹ ਕੇ ਕੋਟੀਆਂ-ਸਵਾਟਰਾਂ ਨਾਲ ਮੇਰੀ ਮਰੂਤੀ ਕਾਰ ਦੀ ਡਿੱਗੀ ਭਰ ਦਿੱਤੀ। ਕਹਿੰਦਾ, ‘ਪੈਸੇ ਵੀ ਹੈਗੇ ਮੇਰੇ ਕੋਲ, ਬਾਅਦ ’ਚ ਮੈਨੂੰ ਹਿੱਸੇ ਦੇ ਹਿਸਾਬ ਨਾਲ ਦੇ ਦਿਓ।’ ਸਹਿਮਤੀ ਬਣ ਗਈ ਤੇ ਸਰਹਿੰਦ ਘਰ ਆ ਗਏ ਪਰ ਘਰ ਦੇ ਮੰਨਣ ਨਾ। ਫੇਰ ਉਹੀ ਮਾਮਾ ਹੀ ਕੰਮ ਆਇਆ। ਘਰੇ ਕਿਹਾ ਕਿ ਇਕ ਦੋਸਤ ਦੇ ਮਾਮਾ ਜੀ ਵੀ ਸਾਡੇ ਨਾਲ ਜਾ ਰਹੇ ਹਨ, ਤਾਂ ਘਰਦਿਆਂ ਨੂੰ ਤਸੱਲੀ ਹੋਈ ਕਿ ਕੋਈ ਸਿਆਣਾ ਬੰਦਾ ਨਾਲ ਜਾ ਰਿਹੈ। ਕਾਲਕਾ-ਪਿੰਜੌਰ ਪਹੁੰਚਦਿਆਂ ਰਾਤ ਦੇ 11 ਵੱਜ ਗਏ। ਤੜਕੇ ਕਰੀਬ 3 ਵਜੇ ਪਹੁੰਚ ਕੇ ਪਹਿਲੀ ਵਾਰੀ ਸ਼ਿਮਲਾ ਦੇਖਿਆ। ਵੀਹ ਸਾਲ ਹੋ ਗਏ ਪਰ ਕਿਸੇ ਨੇ ਮਾਮੇ ਨੂੰ ਖਰਚੇ ਦੇ ਪੈਸੇ ਨਹੀਂ ਦਿੇੱਤੇ ਤੇ ਨਾ ਹੀ ਕਦੇ ਮਾਮੇ ਨੇ ਮੰਗੇ।
ਇੱਕ ਵਾਰੀ ਬਿਦਰ ਦੀਵਾਲੀ ਮਨਾਉਣ ਦਾ ਸਬੱਬ ਬਣਿਆ। ਹੋਸਟਲ ਦੇ ਬਾਹਰ 4 ਢਾਬੇ ਹੁੰਦੇ ਸਨ। ਦੀਵਾਲੀ ਵਾਲੀ ਰਾਤ ਢਾਬੇ ਵਾਲਿਆਂ ਲਕਸ਼ਮੀ ਪੂਜਾ ਕੀਤੀ ਤੇ ਰਾਤ ਨੂੰ ਦੁਕਾਨਾਂ ਖੁੱਲ੍ਹੀਆਂ ਛੱਡ ਕੇ ਘਰੇ ਚਲੇ ਗਏ। ਲਕਸ਼ਮੀ ਦਾ ਪਤਾ ਨਹੀਂ ਆਈ ਕਿ ਨਹੀਂ, ਪਰ ਅਸੀਂ ਉਸ ਰਾਤ ਰਸਗੁੱਲੇ, ਗੁਲਾਬ-ਜਾਮਣਾਂ ਖਾ-ਖਾ ਕੇ ਆਪਣੇ ਢਿੱਡ ਅਫਰਾ ਲਏ। ਏਦਾਂ ਹੀ ਪੰਜਾਬ ਵਾਪਸੀ ਸਮੇਂ ਤੜਕੇ 5 ਕੁ ਵਜੇ ਆਗਰਾ ਸਟੇਸ਼ਨ ਆਉਂਦਾ ਸੀ, ਜਿਥੋਂ ਯਾਤਰੀ ਅੱਧ-ਸੁੱਤੇ ਜਿਹੇ ਹੀ ਪੇਠਾ ਖਰੀਦ ਕੇ ਆਪਣੇ ਬੈਗਾਂ ਕੋਲ ਹੀ ਰੱਖ ਕੇ ਫਿਰ ਸੌਂ ਜਾਂਦੇ। ਅਸੀਂ ਨਾਲ ਦੀ ਨਾਲ ਉਹ ਪੇਠਾ ਚਟਰ ਕਰ ਕੇ ਆਪ ਵੀ ਸੌਂ ਜਾਂਦੇ।
ਇੱਕ ਵਾਰੀ ਗਰਮੀ ਦੀਆਂ ਛੁੱਟੀਆਂ ’ਚ ਦੋਸਤਾਂ ਨਾਲ ਨੇੜਲੇ ਕਸਬੇ ਬੱਸੀ ਪਠਾਣਾਂ ਵਿਖੇ ਬੈਠੇ ਸੀ। ਅਚਾਨਕ ਕਿਸੇ ਨੇ ਕਿਹਾ ਕਿ ਇਸ ਵਾਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਚੱਲੀਏ। ਬਸ ਸਵੇਰੇ ਹੀ ਜਾਣ ਦੀ ਸਲਾਹ ਬਣਾ ਲਈ। ਘਰ ਇਹ ਦੱਸਿਆ ਕਿ ਇੱਕ ਦੋਸਤ ਦੀ ਭੈਣ ਦੇ ਦਿਓਰ ਦਾ ਵਿਆਹ ਹੈ ਅੰਬਾਲੇ। ਉਥੇ 3-4 ਦਿਨ ਪਹਿਲਾਂ ਜਾਣੈ ਵਿਆਹ ਦਾ ਕੰਮਕਾਰ ਕਰਵਾਉਣ। ਅਸੀਂ ਪੰਜ ਦੋਸਤਾਂ ਨੇ ਤਿੰਨ ਸਕੂਟਰਾਂ ’ਤੇ ਦੂਜੇ ਦਿਨ ਤੜਕੇ ਹੀ ਕੈਮਰਾ, ਵਾਕਮੈਨ ਲੈ ਕੇ ਹੇਮਕੁੰਟ ਸਾਹਿਬ ਨੂੰ ਚਾਲੇ ਪਾ ਦਿੱਤੇ। ਨਾ ਸਕੂਟਰ ਚੱਜ ਨਾਲ ਚਲਾਉਣੇ ਆਉਂਦੇ ਸੀ, ਨਾ ਪਤਾ ਸੀ ਕਿ ਕਿੰਨੇ ਕਿੱਲੋਮੀਟਰ ਹੈ, ਕਿੰਨੇ ਪੈਸੇ ਚਾਹੀਦੇ ਹਨ ਤੇ ਕਿੰਨਾ ਤੇਲ ਲੱਗੇਗਾ। ਇੱਕ-ਦੂਜੇ ਸਕੂਟਰ ਨੂੰ ਟੋਚਨ ਲਾ ਕੇ ਜਾਂਦੇ ਰਹੇ ਤਾਂ ਕਿ ਪੈਟਰੋਲ ਦੀ ਕੁਝ ਬੱਚਤ ਹੋ ਸਕੇ। ਹਰਿਦੁਆਰ ਪਹੁੰਚ ਕੇ ਗੰਗਾ ਕਿਨਾਰੇ ਫੋਟੋਆਂ ਖਿੱਚਦਿਆਂ ਨੂੰ ਸ਼ਾਮ ਪੈ ਗਈ। ਸਾਨੂੰ ਭੁਲੇਖਾ ਸੀ ਕਿ ਹੇਮਕੁੰਟ ਸਾਹਿਬ ਇਥੋਂ 30 ਕੁ ਕਿੱਲੋਮੀਟਰ ਹੀ ਹੈ, ਸੋ ਆਰਾਮ ਨਾਲ ਚੱਲਾਂਗੇ। ਕਿਸੇ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਰਿਸ਼ੀਕੇਸ਼ ਤੋਂ 300 ਕਿੱਲੋਮੀਟਰ ਦਾ ਪਹਾੜੀ ਸਫਰ ਤੈਅ ਕਰ ਕੇ ਆਉਂਦੈ ਹੇਮਕੁੰਟ ਸਾਹਿਬ। ਉਦੋਂ ਨਾ ਏਟੀਐਮ ਸਨ, ਨਾ ਮੋਬਾਈਲ ਫੋਨ। ਸੋ ਬਜਟ ਘੱਟ ਹੋਣ ਕਾਰਨ ਦੂਜੇ ਦਿਨ ਇੱਕ ਸਕੂਟਰ ਰਿਸ਼ੀਕੇਸ਼ ਖੜ੍ਹਾ ਦਿਤਾ ਅਤੇ ਪੰਜਾਂ ਨੇ 2 ਸਕੂਟਰਾਂ ’ਤੇ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ। ਰਾਹ ‘ਚ ਕਈ ਦੁਰਘਟਨਾਗ੍ਰਸਤ ਗੱਡੀਆਂ ਖੜ੍ਹੀਆਂ ਦੇਖੀਆਂ ਪਰ ਸਬਕ ਲੈਣ ਦੀ ਬਜਾਏ ਉਨ੍ਹਾਂ ਟੁੱਟੀਆਂ ਗੱਡੀਆਂ ਉੱਪਰ ਚੜ੍ਹ-ਚੜ੍ਹ ਕੇ ਫੋਟੋਆਂ ਖਿਚਾਵਾਉਂਦੇ ਰਹੇ। ਜਦੋਂ 7-8 ਦਿਨਾਂ ਬਾਅਦ ਵਾਪਸ ਆ ਕੇ ਘਰਦਿਆਂ ਨੂੰ ਹੇਮਕੁੰਟ ਸਾਹਿਬ ਬਾਰੇ ਦੱਸਿਆ ਤਾਂ ਸਾਡੇ ਨਾਲ ਜੋ ਹੋਇਆ ਉਹ ਦੱਸਿਆ ਨਹੀਂ ਜਾ ਸਕਦਾ।
ਇੱਕ ਦੋਸਤ ਦੇ ਮੰਗਣੇ ਦੀ ਪਾਰਟੀ ’ਚ ਅਸੀਂ 10-15 ਦੋਸਤ ਫੋਟੋਗ੍ਰਾਫਰ ਨੂੰ ਨਾਲ ਲੈ ਕੇ ਫਲੋਟਿੰਗ ਰੈਸਤਰਾਂ ਚਲੇ ਗਏ। ਖਾ-ਪੀ ਕੇ ਫੋਟੋਆਂ ਖਿੱਚਵਾਉਂਦੇ ਤੇ ਮੂਵੀ ਬਣਾਉਂਦੇ-ਬਣਾਉਂਦੇ ਫਲੋਟਿੰਗ ਵਾਲੀ ਰੇਲਿੰਗ ਟੱਪ ਕੇ ਉਨ੍ਹਾਂ ਸਿਲੰਡਰਾਂ ‘ਤੇ ਖੜ੍ਹੇ ਹੋਏ ਜਿਨ੍ਹਾਂ ‘ਤੇ ਸਾਰਾ ਰੈਸਤਰਾਂ ਤੈਰਦਾ ਹੈ। ਸ਼ਾਇਦ ਇਹ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ, ਜਦੋਂ ਮੌਤ ਸਾਥੋਂ ਸਿਰਫ 2-3 ਫੁੱਟ ਦੂਰ ਸੀ। ਉੱਪਰੋਂ ਕਿਸੇ ਨੂੰ ਤੈਰਨਾ ਵੀ ਨਹੀਂ ਸੀ ਆਉਂਦਾ ਤੇ ਹੇਠਾਂ ਠਾਠਾਂ ਮਾਰਦਾ ਭਾਖੜਾ ਨਹਿਰ ਦਾ ਪਾਣੀ। ਹੁਣ ਜਦੋਂ ਵੀ ਉਥੋਂ ਲੰਘੀਦਾ ਹੈ ਜਾਂ ਜਾਈਦਾ ਹੈ ਤਾਂ ਇਹ ਦ੍ਰਿਸ਼ ਸੋਚ ਕੇ ਸੱਚੀਂ ਰੂਹ ਕੰਬ ਜਾਂਦੀ ਹੈ।
ਇਹ ਕੁਝ ਨਿੱਜੀ ਤੇ ਕੁਝ ਨੇੜਲੇ ਯਾਰਾਂ-ਦੋਸਤਾਂ ਦੇ ਖ਼ਤਰਨਾਕ ਤਜਰਬੇ ਸਾਂਝੇ ਕਰਨ ਦਾ ਮਕਸਦ ਇਹੀ ਹੈ ਕਿ ਹਮੇਸ਼ਾ ਜੋਸ਼ ਦੇ ਨਾਲ ਹੋਸ਼ ਵੀ ਕਾਇਮ ਰੱਖਣਾ ਚਾਹੀਦਾ ਹੈ। ਅਸੀਂ ਇਸ ਨੂੰ ਰੱਬ ਦੀ ਸੁਵੱਲੀ ਨਜ਼ਰ ਜਾਂ ਮਿਹਰ ਹੀ ਮੰਨ ਸਕਦੇ ਹਾਂ ਪਰ ਇਹ ਮਿਹਰ ਕਈ ਵਾਰੀ ਸਾਰਿਆਂ ਨੂੰ ਨਹੀਂ ਮਿਲਦੀ। ਅੱਜ ਉਮਰ ਦੇ 40ਵਿਆਂ ‘ਚ ਜਾ ਕੇ ਇਨ੍ਹਾਂ ਗੱਲਾਂ ਬਾਰੇ ਸੋਚਣ ‘ਤੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਹੁਣ ਅਜਿਹੇ ਕੰਮਾਂ ਤੋਂ ਤੌਬਾ ਕਰ ਕੇ ਅਜੋਕੇ ਨੌਜਵਾਨਾਂ ਨੂੰ ਕੁਝ ਵੀ ਅਜਿਹਾ ਨਾ ਕਰਨ ਦੀ ਬੇਨਤੀ ਕਰਦੇ ਹਾਂ। ਕਈ ਤਾਂ 900 ਚੂਹਿਆਂ ਵਾਲੀ ਮਿਸਾਲ ਦੇਣਗੇ ਪਰ ਇਹ ਵੀ ਸੱਚਾਈ ਹੈ ਕਿ ਇਹ ਅਣਮੋਲ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ। ਸ਼ਰਾਰਤਾਂ ਵੀ ਕਰੋ, ਕਿਉਂਕਿ ਸ਼ਰਾਰਤਾਂ ਦੀ ਉਮਰ ਵੀ ਤਾਂ ਇਹੀ ਹੈ ਪਰ ਧਿਆਨ ਨਾਲ। ਕਿਉਂਕਿ ਤੁਹਾਡੇ ਨਾਲ ਤੁਹਾਡੇ ਮਾਪੇ, ਯਾਰ-ਦੋਸਤ ਤੇ ਰਿਸ਼ਤੇਦਾਰ ਵੀ ਜੁੜੇ ਹਨ। ਅੱਲ੍ਹੜ ਉਮਰੇ ਤੁਰ ਗਈ ਔਲਾਦ ਦਾ ਵਿਛੋੜਾ ਮਾਪਿਆਂ ਲਈ ਅਸਹਿ ਹੁੰਦਾ ਹੈ।

*ਪੁਲੀਸ ਲਾਈਨ ਰੋਡ, ਸਰਹਿੰਦ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।
ਸੰਪਰਕ: 98889-40211


Comments Off on ਜਵਾਨੀ ਦੇ ਅਵੱਲੇ ਜੋਸ਼ ’ਚ ਹੋਸ਼ ਰੱਖਣਾ ਵੀ ਜ਼ਰੂਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.