ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਜਮਹੂਰੀਅਤ ਦੀ ਨਵੀਂ ਇਬਾਰਤ ਲਿਖ ਰਿਹਾ ਅੰਦੋਲਨ

Posted On February - 18 - 2020

ਹਮੀਰ ਸਿੰਘ
ਦਿੱਲੀ ਸਥਿਤ ਸ਼ਾਹੀਨ ਬਾਗ਼ ਕੌਮੀ ਨਾਗਰਿਕਤਾ ਸੋਧ ਕਾਨੂੰਨ, ਪ੍ਰਸਤਾਵਿਤ ਰਾਸ਼ਟਰੀ ਜਨ ਸੰਖਿਆ ਰਜਿਸਟਰ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਖਿਲਾਫ਼ ਵਿਰੋਧ ਦਾ ਚਿੰਨ੍ਹ ਬਣ ਚੁੱਕਾ ਹੈ। ਇਸਨੇ ਦੇਸ਼ ਹੀ ਨਹੀਂ ਦੁਨੀਆਂ ਭਰ ਵਿਚ ਭਾਰਤੀ ਮਾਮਲਿਆਂ ਵਿਚ ਦਿਲਚਸਪੀ ਲੈਣ ਵਾਲਿਆਂ ਨੂੰ ਆਕਰਸ਼ਿਤ ਕੀਤਾ ਹੈ। ਲਗਭਗ ਦੋ ਮਹੀਨਿਆਂ ਤੋਂ ਵੀ ਲੰਬੇ ਸਮੇਂ ਤੋਂ ਸਿਰਜੇ ਜਾ ਰਹੇ ਇਸ ਇਤਿਹਾਸ ਦਾ ਗਵਾਹ ਬਣਨ ਲਈ ਇਸ ਸ਼ੁੱਕਰਵਾਰ ਰਾਤ ਨੂੰ ਜਸੋਲਾ-ਸ਼ਾਹੀਨ ਬਾਗ਼ ਮੈਟਰੋ ਸਟੇਸ਼ਨ ਤੋਂ ਬਾਹਰ ਕਦਮ ਰੱਖੇ ਹੀ ਸਨ ਕਿ ਇਕ ਆਟੋ ਰਿਕਸ਼ਾ ਕੋਲ ਆ ਕੇ ਰੁਕ ਗਿਆ, ‘ਧਰਨੇ ਵਾਲੀ ਜਗ੍ਹਾ ਜਾਨਾ ਹੈ, ਆਓ ਬੈਠੀਏ।’ ਕਿੰਨੇ ਪੈਸੇ ਪੁੱਛੇ ਜਾਣ ’ਤੇ ਉਸਨੇ ਸੁਭਾਵਿਕ ਹੀ ਕਿਹਾ, ‘ਆਪ ਮਹਿਮਾਨ ਹੋ ਕੋਈ ਪੈਸਾ ਨਹੀਂ।’
ਬਾਜ਼ਾਰ ਵਿਚ ਚਾਹ ਦੀ ਦੁਕਾਨ ਉੱਤੇ ਬੈਠੇ ਤਾਂ ਮਾਲਕ ਨੇ ਨਾ ਕੇਵਲ ਮੁਸਲਿਮ-ਸਿੱਖ ਧਰਮ, ਪੰਜਾਬ ਅਤੇ ਦੇਸ਼ ਦੀ ਸਿਆਸਤ ਬਾਰੇ ਗੱਲਬਾਤ ਕਰਨ ਵਿਚ ਰੁਚੀ ਲਈ, ਪਰ ਚਾਹ ਦੇ ਪੈਸੇ ਦੇਣ ਸਮੇਂ ਉਸਦਾ ਜਵਾਬ ਲਾਜਵਾਬ ਕਰ ਗਿਆ। ‘ਇਹ ਦੁਕਾਨ ਆਪ ਕੀ ਹੀ ਤੋ ਹੈ।’ ਇਹ ਅਤੇ ਅਜਿਹੀਆਂ ਹੋਰ ਕਈ ਘਟਨਾਵਾਂ ਇਹ ਸਾਬਤ ਕਰਦੀਆਂ ਹਨ ਕਿ ਕੋਈ ਜਾਣ ਨਹੀਂ ਪਛਾਣ ਨਹੀਂ, ਮੰਡੀ ਤੰਤਰ ਦੇ ਦੌਰ ਵਿਚ ਪੈਸਾ ਹੀ ਸਭ ਕੁਝ ਸਮਝ ਲੈਣ ਵਾਲੀ ਦੁਨੀਆਂ ਅੰਦਰ ਮੁਹੱਬਤ ਦਾ ਸੁਪਨਾ ਮਰਿਆ ਨਹੀਂ ਹੈ। ਸਾਂਝਾ ਭਵਿੱਖ ਅਤੇ ਹੋਂਦ ਦੇ ਖ਼ਤਰੇ ਵਿਅਕਤੀਆਂ ਅੰਦਰ ਇਨਸਾਨੀਅਤ ਦੇ ਗੁੰਮ ਹੋ ਰਹੇ ਗੁਣਾਂ ਨੂੰ ਮੁੜ ਸੁਰਜੀਤ ਕਰਨ ਦੀ ਸਮਰੱਥਾ ਰੱਖਦੇ ਹਨ। ਮਾਮੂਲੀ ਝਗੜੇ, ਹੰਕਾਰ, ਨਿੱਜਪ੍ਰਸਤੀ ਵਰਗੀਆਂ ਅਲਾਮਤਾਂ ਕੇਵਲ ਨਸੀਹਤਾਂ ਨਾਲ ਨਹੀਂ ਬਲਕਿ ਜੀਵਨ ਜਾਂਚ ਦੀ ਕਸਵੱਟੀ ਇਨ੍ਹਾਂ ਤੋਂ ਖਹਿੜਾ ਛੁਡਵਾਉਣ ਵਿਚ ਸਹਾਈ ਹੁੰਦੀ ਹੈ।
ਖ਼ੁਦ ਸ਼ਾਹੀਨ ਬਾਗ਼ ਦੇ ਅੰਦੋਲਨਕਾਰੀਆਂ ਨੇ ਵੀ ਸ਼ਾਇਦ ਜ਼ਿੰਦਗੀ ਦੇ ਖ਼ੂਬਸੂਰਤ ਮਾਅਨਿਆਂ ਨੂੰ ਅੰਜ਼ਾਮ ਦੇਣਾ ਹੁਣ ਹੀ ਸ਼ੁਰੂ ਕੀਤਾ ਹੈ। ਮਿਸਾਲ ਵਜੋਂ ਸ਼ਾਹੀਨ ਬਾਗ਼ ਵਿਚ ਇਕ ਸਕੂਲ ਸ਼ੁਰੂ ਹੋਇਆ ਹੈ ਜਿੱਥੇ ਕਿਸੇ ਵੀ ਜਗ੍ਹਾ ਸਕੂਲ ਨਾ ਜਾ ਸਕਣ ਵਾਲੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਈ ਔਰਤ ਅਧਿਆਪਕਾਂ ਕਰ ਰਹੀਆਂ ਹਨ। ਅੰਦੋਲਨ ਦੀ ਸ਼ੁਰੂਆਤ ਤੋਂ ਕੁਝ ਦਿਨ ਬਾਅਦ ਸ਼ੁਰੂ ਹੋਏ ਇਸ ਸਕੂਲ ਵਿਚ ਪਹਿਲੇ ਦਿਨ 16 ਤੇ ਹੁਣ 75 ਬੱਚੇ ਪੜ੍ਹਨ ਆਉਂਦੇ ਹਨ। ਇਸਨੇ ਸਮਾਜ ਤੋਂ ਪਿੱਛੇ ਰਹਿ ਗਏ ਹਰ ਇਨਸਾਨ ਨੂੰ ਨਾਲ ਲੈ ਕੇ ਚੱਲਣ ਦੀ ਗਵਾਹੀ ਦੇਣੀ ਸ਼ੁਰੂ ਕਰ ਦਿੱਤੀ ਹੈ। ਸਵਿੱਤਰੀ ਬਾਈ ਫੂਲੇ ਅਤੇ ਫਾਤਿਮਾ ਬੇਗ਼ਮ ਦੇ ਨਾਮ ਉੱਤੇ ਖੋਲ੍ਹੀ ਲਾਇਬ੍ਰੇਰੀ, ਜਾਮੀਆ ਮਿਲੀਆ ਇਸਲਾਮੀਆ ਅਤੇ ਹੋਰ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਬਿਖੇਰੇ ਜਾ ਰਹੇ ਕਲਾ ਦੇ ਰੰਗਾਂ ਨੇ ਸਮੁੱਚੇ ਧਰਨਾ ਸਥਾਨ ਨੂੰ ਇਕ ਵਿਆਪਕ ਵਿੱਦਿਅਕ ਸੰਸਥਾ ਵਿਚ ਤਬਦੀਲ ਕਰ ਦਿੱਤਾ ਹੈ ਜਿੱਥੇ ਇਕ ਵਿਸ਼ਾ ਨਹੀਂ ਬਲਕਿ ਜੀਵਨ ਦੀ ਪੜ੍ਹਾਈ ਹੁੰਦੀ ਹੈ। ਭਾਰਤੀ ਸੰਵਿਧਾਨ ਕਦੇ ਰਾਜਨੀਤੀ ਸ਼ਾਸਤਰ ਜਾਂ ਵਕਾਲਤ ਕਰਨ ਵਾਲੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਤਕ ਮਹਿਦੂਦ ਸੀ, ਅੱਜ ਵੱਡੇ ਪੋਸਟਰਾਂ ਉੱਤੇ ਲਿਖੀ ਪ੍ਰਸਤਾਵਨਾ ਦੀ ਇਬਾਰਤ ਅਤੇ ਗਲੀ ਮੁਹੱਲਿਆਂ ਅੰਦਰ ਵੀ ਸੰਵਿਧਾਨ ਦੀ ਕਲਾਸ ਲੱਗਦੀ ਹੈ। ਇਹ ਅਲੱਗ ਗੱਲ ਹੈ ਕਿ ਮੌਜੂਦਾ ਸੰਵਿਧਾਨ ਨਾਲ ਪੂਰੀ ਤਰ੍ਹਾਂ ਕਈਆਂ ਦਾ ਇਤਫ਼ਾਕ ਨਹੀਂ, ਪਰ ਹਾਲਾਤ ਦੇ ਮੱਦੇਨਜ਼ਰ ਸਾਂਝ ਦੀ ਲੋੜ ਨੂੰ ਉਹ ਵੀ ਮਹਿਸੂਸ ਕਰ ਰਹੇ ਹਨ।
ਸ਼ਾਹੀਨ ਬਾਗ਼ ਇਕ ਬਹੁਪੱਖੀ ਨਿਵੇਕਲੇ ਅੰਦੋਲਨ ਦਾ ਪ੍ਰਤੀਕ ਹੈ। ਇਹ ਨਾ ਕੇਵਲ ਬਣੀਆਂ ਬਣਾਈਆਂ ਤਨਜ਼ੀਮਾਂ ਜਾਂ ਜਥੇਬੰਦੀਆਂ ਦੇ ਸਖ਼ਤ ਅਨੁਸ਼ਾਸਨ ਵਿਚ ਬੱਝੇ ਅੰਦੋਲਨ ਵਾਂਗ ਹੈ ਅਤੇ ਨਾ ਹੀ ਟਿਊਨੀਸ਼ੀਆ ਅਤੇ ਮਿਸਰ ਦੇ ਤਹਿਰੀਰ ਚੌਕ ਵਰਗਾ ਸੋਸ਼ਲ ਮੀਡੀਆ ਰਾਹੀਂ ਬਿਨਾਂ ਕਿਸੇ ਚਿਹਰੇ ਤੇ ਅਗਵਾਈ ਵਿਹੁਣਾ ਅੰਦੋਲਨ ਹੈ। ਇਸ ਅੰਦੋਲਨ ਅੰਦਰ ਸਮੂਹਿਕ ਲੀਡਰਸ਼ਿਪ ਦਾ ਖਾਸਾ ਉਭਾਰ ਰਿਹਾ ਹੈ। ਹਰ ਫ਼ੈਸਲੇ ਉੱਤੇ ਲੰਬਾ ਸੰਵਾਦ ਅਤੇ ਹਰ ਇਕ ਦੀ ਰਾਇ ਨੂੰ ਤਵੱਜੋ ਦਿੱਤੀ ਜਾਂਦੀ ਹੈ। ਕਈ ਵੱਡੇ ਫ਼ੈਸਲੇ ਇਸਦੀ ਸਾਹਦੀ ਭਰਦੇ ਹਨ। ਮਿਸਾਲ ਦੇ ਤੌਰ ਉੱਤੇ ਦਿੱਲੀ ਦੀਆਂ ਵੋਟਾਂ ਦੀ ਗਿਣਤੀ ਵਾਲੇ ਦਿਨ ਇਹ ਫ਼ੈਸਲਾ ਲੈਣਾ ਕਿ ਧਰਨੇ ਵਾਲੀ ਜਗ੍ਹਾ ਉੱਤੇ ਕੋਈ ਜਸ਼ਨ ਨਹੀਂ ਹੋਵੇਗਾ ਅਤੇ ਉਸ ਦਿਨ ਨਾ ਕੇਵਲ ਸਟੇਜ ਬੰਦ ਰਹੇਗੀ ਬਲਕਿ ਕੋਈ ਕਿਸੇ ਮੀਡੀਆ ਨਾਲ ਗੱਲ ਵੀ ਨਹੀਂ ਕਰੇਗਾ। ਇਹ ਅੰਦੋਲਨ ਵੋਟਾਂ ਵਰਗੇ ਸਭ ਤੋਂ ਸਰਗਰਮ ਅਤੇ ਉਤੇਜਿਤ ਮੁੱਦੇ ਦੇ ਬਾਵਜੂਦ ਸਿਆਸੀ ਤੌਰ ਉੱਤੇ ਕਿਸੇ ਵੀ ਇਕ ਧਿਰ ਨਾਲ ਜੁੜਨ ਤੋਂ ਸਫਲਤਾ ਪੂਰਵਕ ਦੂਰ ਰਹਿ ਰਿਹਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਕ ਟੀਵੀ ਚੈਨਲ ਰਾਹੀਂ ਗੱਲਬਾਤ ਦਾ ਸੱਦਾ ਦੇਣ ਦਾ ਜਵਾਬ ਵੀ ਲਾਜਵਾਬ ਹੈ। ਗ੍ਰਹਿ ਮੰਤਰੀ ਨੇ ਜਿਸ ਤਰ੍ਹਾਂ ਦਾ ਸੱਦਾ ਦਿੱਤਾ, ਉਸਦਾ ਜਵਾਬ ਵੀ ਉਹੋ ਜਿਹਾ ਹੀ ਦਿੱਤਾ ਗਿਆ। ਉਸਨੇ ਕਿਸੇ ਨੁਮਾਇੰਦੇ ਨੂੰ ਭੇਜ ਕੇ ਜਾਂ ਅੰਦੋਲਨ ਦੇ ਆਗੂਆਂ ਨਾਲ ਗੱਲ ਕਰਨ ਦਾ ਕੋਈ ਨਿਰਧਾਰਤ ਤਰੀਕਾ ਨਹੀਂ ਅਪਣਾਇਆ ਬਲਕਿ ਇੰਨਾ ਹੀ ਕਿਹਾ ਕਿ ਜਿਸਨੂੰ ਵੀ ਕੌਮੀ ਨਾਗਰਿਕਤਾ ਸੋਧ ਕਾਨੂੰਨ ਤੋਂ ਸਮੱਸਿਆ ਹੈ, ਉਹ ਮਿਲ ਸਕਦਾ ਹੈ। ਸ਼ਾਹੀਨ ਬਾਗ਼ ਨੇ ਜਵਾਬ ਦਿੱਤਾ ਕਿ ਸਾਰੇ ਦੇਸ਼ ਨੂੰ ਇਸ ਕਾਨੂੰਨ ਨਾਲ ਸਮੱਸਿਆ ਹੈ, ਇਸ ਲਈ ਪੈਦਲ ਰੂਪ ਵਿਚ ਸਾਰੇ ਲੋਕ ਹੀ ਅਮਿਤ ਸ਼ਾਹ ਨੂੰ ਮਿਲਣ ਜਾਣਗੇ। ਪੁਲੀਸ ਵੱਲੋਂ ਨਾ ਜਾਣ ਦੇਣ ਦਾ ਅਨੁਮਾਨ ਸਭ ਨੂੰ ਪਹਿਲਾਂ ਹੀ ਸੀ।
ਮਾਈਕ ਲੜਕੀਆਂ ਦੇ ਹੱਥ ਹੈ ਅਤੇ ਕਿਸੇ ਨੂੰ ਵੀ ਆਪਣੀ ਗੱਲ ਕਹਿਣ ਦੀ ਇਜਾਜ਼ਤ ਹੈ। ਦੇਸ਼ ਭਰ ਤੋਂ ਜਥੇਬੰਦੀਆਂ, ਆਗੂ, ਬੁੱਧੀਜੀਵੀ ਅਤੇ ਹੋਰ ਲੋਕ ਸ਼ਾਹੀਨ ਬਾਗ਼ ਆ ਕੇ ਆਪਣੀ ਗੱਲ ਕਹਿ ਰਹੇ ਹਨ। ਸ਼ਾਹੀਨ ਬਾਗ਼ ਦੀ ਖ਼ਾਮੋਸ਼ੀ ਦੀ ਦਹਾੜ ਦੁਨੀਆਂ ਭਰ ਵਿਚ ਸੁਣਾਈ ਦੇ ਰਹੀ ਹੈ। ਪੂਰਾ ਪੰਡਾਲ ਟਿਕਟਕੀ ਲਗਾ ਕੇ ਸੁਣਦਾ ਅਤੇ ਲਗਾਤਾਰ ਤਾੜੀਆਂ ਦੇ ਰੂਪ ਵਿਚ ਹੁੰਗਾਰਾ ਭਰਦਾ ਦਿਖਾਈ ਦਿੰਦਾ ਹੈ। ਸਟੇਜ ਉੱਤੇ ਸ਼ਾਹੀਨ ਬਾਗ਼ ਦੀ ਤਰਫ਼ੋਂ ਕੋਈ ਨਹੀਂ ਬੈਠਦਾ, ਸਟੇਜ ਸਕੱਤਰ ਵੀ ਸਟੇਜ ਤੋਂ ਹੇਠਾਂ ਰਹਿ ਕੇ ਨਾਮ ਬੋਲਦੀ ਹੈ ਅਤੇ ਬੋਲਣ ਵਾਲਾ ਆਗੂ ਸਟੇਜ ਉੱਤੇ ਹੁੰਦਾ ਜਾਂ ਫਿਰ ਨਾਅਰੇ ਲਗਾਉਣ ਸਮੇਂ ਅਤੇ ਮਾਹੌਲ ਗਰਮਾਉਣ ਸਮੇਂ ਕੋਈ ਗਰੁੱਪ ਸਟੇਜ ਉੱਤੇ ਚੜ੍ਹਦਾ ਹੈ। ਅੰਦੋਲਨ ਦੀ ਵਿਲੱਖਣਤਾ ਹੈ ਕਿ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਔਰਤ ਤਕ ਸਭ ਨੂੰ ਆਪਣੇ ਮਕਸਦ ਬਾਰੇ ਬੜਾ ਸਪੱਸ਼ਟ ਹੈ।
ਦਾਦੀਆਂ ਦੀ ਅਗਵਾਈ ਵਜੋਂ ਦੇਖਿਆ ਜਾ ਰਿਹਾ ਇਹ ਅੰਦੋਲਨ ਔਰਤਾਂ ਦੀ ਅਗਵਾਈ ਵਾਲਾ ਨਿਵੇਕਲਾ ਅੰਦੋਲਨ ਉਸ ਅਖਾਣ ਨੂੰ ਪੂਰਾ ਕਰ ਰਿਹਾ ਹੈ ਕਿ ਜੇਕਰ ਔਰਤ ਪੜ੍ਹ ਜਾਵੇ ਤਾਂ ਪੂਰਾ ਪਰਿਵਾਰ ਪੜ੍ਹ ਜਾਂਦਾ ਹੈ। ਔਰਤਾਂ ਦੀ ਉਂਗਲ ਫੜੀਂ ਆਉਂਦੇ ਬੱਚੇ ਇਸ ਅੰਦੋਲਨ ਤੋਂ ਇਨਸਾਨੀਅਤ ਦਾ ਸਬਕ ਸਿੱਖ ਰਹੇ ਹਨ। ਪੰਜਾਬੀਆਂ ਖ਼ਾਸ ਤੌਰ ਉੱਤੇ ਸਿੱਖਾਂ ਨੂੰ ਹਮਦਰਦ ਦੇ ਰੂਪ ਵਿਚ ਦੇਖ ਕੇ ਬੱਚੇ ਸਤਿ ਸ੍ਰੀ ਅਕਾਲ ਬੁਲਾ ਕੇ ਹੱਥ ਮਿਲਾਉਣ ਆਉਂਦੇ ਹਨ ਤਾਂ ਲੰਬੇ ਸਮੇਂ ਤੋਂ ਦੋ ਭਾਈਚਾਰਿਆਂ ਵਿਚ ਇਕ ਦੂਸਰੇ ਬਾਰੇ ਘੱਟ ਜਾਣਕਾਰੀ ਦੀ ਦੀਵਾਰ ਡਿੱਗਦੀ ਨਜ਼ਰ ਆਉਂਦੀ ਹੈ। ਉਨ੍ਹਾਂ ਦੀਆਂ ਮਾਵਾਂ ਬੱਚਿਆਂ ਨੂੰ ਸਰਦਾਰਾਂ ਨਾਲ ਖੜ੍ਹਾ ਕੇ ਫੋਟੋਆਂ ਖਿੱਚਦੀਆਂ ਹਨ। ਹੋਂਦ ਨੂੰ ਖ਼ਤਰੇ ਸਮੇਂ ਹਾਅ ਦੇ ਨਾਅਰੇ ਦਾ ਕੀ ਅਸਰ ਹੁੰਦਾ ਹੈ, ਇਹ ਮਾਲੇਰਕੋਟਲਾ ਦੇ ਨਵਾਬ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਲਈ ਮਾਰੇ ਨਾਅਰੇ ਤੋਂ ਪਿੱਛੋਂ ਦੇ ਵਰਤਾਰੇ ਤੋਂ ਵੱਧ ਕੌਣ ਜਾਣ ਸਕਦਾ ਹੈ? 1947 ਦੇ ਕਤਲੇਆਮ ਸਮੇਂ ਵੀ ਮਾਲੇਰਕੋਟਲਾ ਦੇ ਖੇਤਰ ਵਿਚ ਵੜਦਿਆਂ ਇਨਸਾਨੀਅਤ ਤੋਂ ਭੈਅ ਖਾਂਦੀ ਹੈਵਾਨੀਅਤ ਵਾਪਸ ਮੁੜ ਜਾਂਦੀ ਰਹੀ ਹੈ।
ਇਹ ਅੰਦੋਲਨ ਸੰਵਿਧਾਨ ਦੇ ਨਾਲ ਨਾਲ ਡਾ. ਅੰਬੇਦਕਰ, ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਸਮੇਤ ਬਹੁਤ ਸਾਰੇ ਆਗੂਆਂ ਦੀਆਂ ਤਸਵੀਰਾਂ ਨਾਲ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਇਕਜੁੱਟਤਾ ਦਾ ਸੰਦੇਸ਼ ਦੇ ਰਿਹਾ ਹੈ। ਨਿੱਜੀ ਗੱਲਬਾਤ ਵਿਚ ਇਹ ਬਹੁਤਿਆਂ ਨੂੰ ਸਪੱਸ਼ਟ ਹੈ ਕਿ ਤਾਕਤਾਂ ਦੇ ਕੇਂਦਰੀਕਰਨ ਵੱਲ ਵਧਦਾ ਮਾਹੌਲ ਦੇਸ਼ ਲਈ ਖ਼ਾਸ ਤੌਰ ਉੱਤੇ ਘੱਟ ਗਿਣਤੀਆਂ ਲਈ ਖ਼ਤਰਨਾਕ ਹੈ। ਇਕ ਟੈਕਸ, ਇਕ ਚੋਣ, ਇਕ ਭਾਸ਼ਾ, ਇਕ ਸੱਭਿਆਚਾਰ, ਇਕ ਪਹਿਰਾਵਾ, ਇਕੋ ਜਿਹਾ ਖਾਣਾ ਆਦਿ ਦੇ ਰੂਪ ਵਿਚ ਪ੍ਰਚਾਰਿਆ ਸਿਧਾਂਤ ਵੰਨ ਸੁਵੰਨੇ ਖ਼ੂਬਸੂਰਤ ਗੁਲਦਸਤੇ ਦੇ ਸਿਧਾਂਤ ਨਾਲ ਟਕਰਾਅ ਰਿਹਾ ਹੈ। ਇਹ ਅੰਦੋਲਨ ਕੀ ਰੁਖ਼ ਲਵੇਗਾ ਚਾਹੇ ਵਿਸ਼ਵਾਸ ਨਾਲ ਕੋਈ ਨਹੀਂ ਕਹਿ ਸਕਦਾ, ਪਰ ਇਸ ਵਿਚੋਂ ਨਿਕਲ ਰਹੀ ਸਿਆਸੀ ਧਾਰਾ ਏਕਾਧਿਕਾਰਵਾਦ ਦੇ ਖਿਲਾਫ਼ ਅਤੇ ਦੇਸ਼ ਨੂੰ ਸਹੀ ਰੂਪ ਵਿਚ ਸੰਘੀ ਢਾਂਚੇ ਵੱਲ ਤੋਰਨ ਅਤੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿਚ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਵੱਲ ਸੰਕੇਤ ਜ਼ਰੂਰ ਕਰਦੀ ਹੈ।
ਇਹ ਕੇਵਲ ਸਿਆਸੀ ਪੱਖੋਂ ਹੀ ਨਹੀਂ ਸਮਾਜਿਕ ਤਬਦੀਲੀ ਵੱਲ ਵੀ ਲੈ ਜਾ ਰਿਹਾ ਹੈ ਕਿਉਂਕਿ ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਦੀ ਅਗਵਾਈ ਵਾਲੇ ਅੰਦੋਲਨ ਨੂੰ ਸਵੀਕਾਰਨਾ ਸਮਾਜਿਕ ਇਨਕਲਾਬ ਤੋਂ ਘੱਟ ਨਹੀਂ ਹੈ। ਇਹ ਆਉਣ ਵਾਲੀਆਂ ਜਥੇਬੰਦੀਆਂ, ਪਾਰਟੀਆਂ ਅਤੇ ਹੋਰ ਤਨਜ਼ੀਮਾਂ ਦਾ ਮਿਜ਼ਾਜ ਅਤੇ ਢਾਂਚਾ ਤਬਦੀਲ ਕਰਨ ਦਾ ਆਧਾਰ ਬਣ ਸਕਦਾ ਹੈ। ਲੰਬੇ ਸਮੇਂ ਬਾਅਦ ਇਹ ਘੱਟ ਗਿਣਤੀਆਂ, ਦਲਿਤਾਂ, ਕਬਾਇਲੀਆਂ ਅਤੇ ਹੋਰਾਂ ਇਨਸਾਫ਼ ਪਸੰਦ ਲੋਕਾਂ ਨੂੰ ਨੇੜੇ ਲਿਆ ਕੇ ਸਾਂਝਾ ਮਕਸਦ ਦੇਣ ਦਾ ਆਧਾਰ ਵੀ ਬਣ ਰਿਹਾ ਹੈ। ਇਸ ਅੰਦੋਲਨ ਵਿਚੋਂ ਵਿਚਾਰਧਾਰਾ ਵਿਹੀਣ ਸਿਆਸਤ ਅਤੇ ਵਿਚਾਰਧਾਰਾਵਾਂ ਦੇ ਕੱਟੜਵਾਦ ਦੋਵਾਂ ਤੋਂ ਅਲੱਗ ਤਰ੍ਹਾਂ ਦੇ ਸਮਾਜ ਸਿਰਜਣ ਦੇ ਸੁਪਨੇ ਦੀ ਝਲਕ ਦਿਖਾਈ ਦਿੰਦੀ ਹੈ।


Comments Off on ਜਮਹੂਰੀਅਤ ਦੀ ਨਵੀਂ ਇਬਾਰਤ ਲਿਖ ਰਿਹਾ ਅੰਦੋਲਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.