ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਜਦੋਂ ਮੈਨੂੰ ਪੁਰਸਕਾਰ ਮਿਲਿਆ!

Posted On February - 16 - 2020

ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ
ਵਿਅੰਗ
ਜਦੋਂ ਮੈਨੂੰ ਪੁਰਸਕਾਰ ਮਿਲਿਆ ਤਾਂ ਮੇਰੀ ਚਾਰੇ ਪਾਸੇ ਬੱਲੇ ਬੱਲੇ ਹੋ ਗਈ। ਅਖ਼ਬਾਰਾਂ ਵਿੱਚ ਮੇਰੀਆਂ ਲਿਖਤਾਂ ਤੇ ਜੀਵਨ ਬਾਰੇ ਵੱਡੇ-ਵੱਡੇ ਫੀਚਰ ਛਪੇ। ਕਈ ਦਿਨ ਫੋਨ ਦੀਆਂ ਘੰਟੀਆਂ ਵੱਜਦੀਆਂ ਰਹੀਆਂ। ਸਾਹਿਤ ਸਭਾਵਾਂ ਵਾਲਿਆਂ ਨੇ ਮੈਨੂੰ ਇਹ ਪੁਰਸਕਾਰ ਮਿਲਣ ’ਤੇ ਮੇਰੀ ਸ਼ੋਭਾ ਵਿੱਚ ਮੀਟਿੰਗਾਂ ਤੇ ਸਮਾਗਮ ਰਚਾਏ। ਕਾਲਜਾਂ ਵਿੱਚ ਮੇਰੇ ਰੂਬਰੂ ਪ੍ਰੋਗਰਾਮ ਰੱਖੇ ਗਏ। ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਉੱਤੇ ਮੇਰੀਆਂ ਮੁਲਾਕਾਤਾਂ ਦੇ ਪ੍ਰੋਗਰਾਮ ਚਲਾਏ ਗਏ। ਕਈ ਮਹੀਨੇ ਮੇਰੇ ਮਾਣ ਵਿੱਚ ਵੱਖ-ਵੱਖ ਸ਼ਹਿਰਾਂ ਕਸਬਿਆਂ ਵਿੱਚ ਪ੍ਰੋਗਰਾਮ ਹੁੰਦੇ ਰਹੇ। ਵਧਾਈਆਂ ਦੀ ਧੂੜ ਹੀ ਨਹੀਂ ਉੱਡੀ ਸਗੋਂ ਹਨੇਰੀ ਹੀ ਆ ਗਈ। ਇਸ ਨਾਲ ਮੈਂ ਹਵਾ ਵਿੱਚ ਉੱਡਣ ਲੱਗਿਆ। ਹਵਾ ਵਿੱਚ ਉੱਡਦਾ ਵੀ ਕਿਉਂ ਨਾ, ਮੈਨੂੰ ਸਾਹਿਤ ਦਾ ਸਭ ਤੋਂ ਵੱਡਾ ਪੁਰਸਕਾਰ ਜੋ ਮਿਲਿਆ ਸੀ।
ਇਹ ਪੁਰਸਕਾਰ ਮਿਲਣ ਨਾਲ ਬਹੁਤੇ ਸਮਕਾਲੀ ਮੇਰੇ ਤੋਂ ਖ਼ਾਰ ਖਾਣ ਲੱਗ ਪਏ ਸਨ। ਉਂਜ ਉਹ ਮੂੰਹ ਉੱਤੇ ਪ੍ਰਸ਼ੰਸਾ ਕਰਦੇ, ਪਿੱਠ ਮੋੜਦਿਆਂ ਹੀ ਮੇਰੀਆਂ ਚੁਗਲੀਆਂ ਕਰਨ ਤੇ ਜੜ੍ਹਾਂ ਵੱਢਣ ਲੱਗਦੇ। ਉਹ ਮੇਰੀਆਂ ਲਿਖਤਾਂ ਦੀ ਪੁਣਛਾਣ ਕਰਨ ਲੱਗਦੇ।
ਪੁਰਸਕਾਰ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ। ਉਨ੍ਹਾਂ ਦੀਆਂ ਕਹਾਣੀਆਂ ਜਦੋਂ ਮੇਰੇ ਤੱਕ ਪੁੱਜਦੀਆਂ ਤਾਂ ਮੇਰੀਆਂ ਪੁੜਪੁੜੀਆਂ ਵਿੱਚੋਂ ਸੇਕ ਨਿਕਲਣ ਲੱਗਦਾ। ਮੇਰੀਆਂ ਮੁੱਠੀਆਂ ਮੀਚੀਆਂ ਜਾਂਦੀਆਂ ਤੇ ਅੱਖਾਂ ਲਾਲ ਹੋ ਜਾਂਦੀਆਂ। ਗੁੱਸਾ ਦਿਮਾਗ਼ ਨੂੰ ਚੜ੍ਹਨ ਲੱਗਦਾ, ਪਰ ਗੁੱਸਾ ਮੈਂ ਕਿਸ ਉਪਰ ਕੱਢਾਂ? ਮੈਨੂੰ ਸਮਝ ਨਾ ਲੱਗਦੀ। ਦੂਸਰੇ ਪਲ ਮੈਂ ਆਪਣੇ ਆਪ ਨੂੰ ਆਖਦਾ। ਉਨ੍ਹਾਂ ਉੱਤੇ ਕਾਹਦਾ ਗੁੱਸਾ! ਅਗਲੇ ਕਹਾਣੀਆਂ ਕਿਹੜਾ ਝੂਠੀਆਂ ਬਣਾਉਂਦੇ ਹਨ। ਇਨ੍ਹਾਂ ਵਿੱਚ ਕੁਝ ਨਾ ਕੁਝ ਤਾਂ ਸੱਚ ਹੀ ਹੈ। ਜਦੋਂ ਸੱਚ ਸ਼ਬਦ ਮੇਰੇ ਬੁੱਲ੍ਹਾਂ ਉੱਤੇ ਆਇਆ ਤਾਂ ਮੇਰੀ ‘ਮੈਂ’ ਨੇ ਸਿਰ ਚੁੱਕ ਲਿਆ। ਮੈਂ ਆਪਣੀ ‘ਮੈਂ’ ਅੱਗੇ ਬੌਣਾ ਹੋ ਗਿਆ। ਤੁਸੀਂ ਦੱਸੋ ਕਿ ਬੰਦਾ ਆਪਣੀ ਮੈਂ ਤੋਂ ਕਿੱਥੇ ਭੱਜ ਜਾਵੇਗਾ?
ਹੁਣ ਤੁਸੀਂ ਕਹੋਗੇ ਮੈਂ ਆਪਣੀ ਹੀ ‘ਮੈਂ’ ਦੇ ਅੱਗੇ ਬੌਣਾ ਕਿਉਂ ਹੋ ਗਿਆ? ਅਸਲ ਗੱਲ ਇਹ ਹੈ ਕਿ ਅਸੀਂ ਲੋਕਾਂ ਸਾਹਮਣੇ ਜਿੰਨੇ ਮਰਜ਼ੀ ਵੱਡੇ ਬਣੀ ਜਾਈਏ, ਪਰ ਆਪਣੀ ‘ਮੈਂ’ ਸਾਹਮਣੇ ਅਸੀਂ ਕਦੇ ਵੀ ਵੱਡੇ ਨਹੀਂ ਹੋ ਸਕਦੇ
ਕਿਉਂਕਿ ਉਸ ਨੂੰ ਸਾਡੀਆਂ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਹੈ। ਜਿਵੇਂ ਹਮਾਮ ਵਿੱਚ ਸਭ ਨੰਗੇ ਹੁੰਦੇ ਹਨ। ਉਸੇ ਤਰ੍ਹਾਂ ਅਸੀਂ ਆਪੋ ਆਪਣੀ ‘ਮੈਂ’ ਅੱਗੇ ਨੰਗੇ ਹੁੰਦੇ ਹਾਂ।
ਕਈ ਵਾਰ ਆਪ ਨੂੰ ਹੀ ਆਪਣੇ ‘ਨੰਗ’ ਤੋਂ ਸ਼ਰਮ ਆਉਣ ਲੱਗਦੀ ਹੈ। ਪਰ ਅਸੀਂ ਬੇਸ਼ਰਮ ਬਣੇ, ਆਪਣੀ ‘ਮੈਂ’ ਨੂੰ ਖੂੰਜੇ ਲਾਈ ਰੱਖਦੇ ਹਾਂ। ਜਿਹੜੀ ਚੀਜ਼ ਖੂੰਜੇ ਲੱਗ ਜਾਵੇ, ਜਦੋਂ ਕਦੇ ਉਹ ਬੋਲਦੀ ਹੈ ਤਾਂ ਫਿਰ ਵੱਡਿਆਂ-ਵੱਡਿਆਂ ਦੀ ਗੋਡਣੀ ਲਵਾ ਦਿੰਦੀ ਹੈ। ਫਿਰ ਬੰਦਾ ਉਹੀ ਕੁਝ ਬੋਲਦਾ ਤੇ ਕਰਦਾ ਹੈ ਜੋ ‘ਮੈਂ’ ਕਰਵਾਉਂਦੀ ਹੈ।
ਵਧਾਈਆਂ ਦੀ ਧੂੜ ਅਜੇ ਬੈਠੀ ਨਹੀਂ ਸੀ, ਇੱਕ ਦਿਨ ਮੇਰੀ ‘ਮੈਂ’ ਕਾਲੇ ਨਾਗ ਵਾਂਗ ਮੇਰੀ ਹਿੱਕ ਉੱਤੇ ਫਨ ਤਾਣ ਕੇ ਬੈਠ ਗਈ। ਮੈਂ ਅਜੇ ਬੈੱਡ ਉੱਤੇ ਹੀ ਪਿਆ ਸੀ। ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਹੁਣ ਮੈਂ ਨਾ ਤਾਂ ਝੂਠ ਬੋਲ ਸਕਦਾ ਸੀ ਤੇ ਨਾ ਹੀ ਭੱਜ ਕੇ ਕਿਧਰੇ ਜਾ ਸਕਦਾ ਸੀ। ਤੁਸੀਂ ਘਰ, ਸਮਾਜ ਤੋਂ ਭੱਜ ਕੇ ਦੂਰ ਜਾ ਸਕਦੇ ਹੋ, ਪਰ ਆਪਣੀ ‘ਮੈਂ’ ਕੋਲੋਂ ਕਿਤੇ ਭੱਜ ਨਹੀਂ ਸਕਦੇ।
ਉਹ ਆਖਣ ਲੱਗੀ, ‘‘ਵੱਡਿਆ ਕਵੀਆ! ਬਹੁਤ ਹੋ ਗਈ ਪ੍ਰਸ਼ੰਸਾ, ਬਹੁਤ ਮਿਲ ਗਈਆਂ ਵਧਾਈਆਂ, ਮਾਣ ਸਨਮਾਨ ਵੀ ਬਹੁਤ ਮਿਲ ਗਿਆ। ਪਰ ਜਿਨ੍ਹਾਂ ਦਾ ਤੂੰ ਹੱਕ ਮਾਰਿਆ, ਕਦੇ ਉਨ੍ਹਾਂ ਬਾਰੇ ਵੀ ਸੋਚਿਆ। ਤੂੰ ਕਿਹੜੀ ਕਿਹੜੀ ਜੁਗਾੜਬੰਦੀ ਨਹੀਂ ਵਰਤੀ ਇਹ ਪੁਰਸਕਾਰ ਲੈਣ ਲਈ। ਤੂੰ ਕਹਿੰਨਾ ਕਿ ਮੈਨੂੰ ਇਹ ਪੁਰਸਕਾਰ ਯੋਗਤਾ ਦੇ ਆਧਾਰ ਉੱਤੇ ਮਿਲਿਆ। ਭਲਾ ਦੱਸ ਤੇਰੀ ਯੋਗਤਾ ਕੀ ਹੈ? ਚੰਗਾ ਭਲਾ ‘ਲੋਕ ਕਵੀ’ ਬਣਦਾ ਬਣਦਾ ਤੂੰ ‘ਰਾਜ ਕਵੀ’ ਬਣ ਕੇ ਦਰਬਾਰੀ ਕਵੀ ਬਣ ਗਿਆ ਤੇ ਸੱਤਾ ਦੇ ਸੋਹਿਲੇ ਗਾਉਣ ਲੱਗ ਪਿਆ। ਮੈਂ ਉਦੋਂ ਵੀ ਚੁੱਪ ਰਹੀ। ਪਰ ਹੁਣ ਤਾਂ ਤੂੰ ਹੱਦ ਹੀ ਟੱਪ ਗਿਆ। ਤੈਨੂੰ ਕਿਸੇ ਪੇਂਡੂ ਸਾਹਿਤ ਸਭਾ ਨੇ ਕਦੇ ਸਨਮਾਨਿਤ ਨਹੀਂ ਕੀਤਾ ਤੇ ਤੂੰ ਸਾਹਿਤ ਅਕਾਦਮੀ ਪੁਰਸਕਾਰ ਤੱਕ ਪੁੱਜ ਗਿਆ।’’
ਹਾਲਤ ਮੇਰੀ ਅਜਿਹੇ ਨੇਤਾ ਵਰਗੀ ਹੋ ਗਈ ਜਿਨ੍ਹਾਂ ਨੂੰ ਪਿੰਡ ਕਿਸੇ ਨੇ ਪੰਚ ਨਹੀਂ ਸੀ ਬਣਨ ਦੇਣਾ ਤੇ ਉਹ ਐੱਮ.ਪੀ. ਜਾਂ ਐਮ.ਐਲ.ਏ ਬਣ ਗਏ। ਇਸੇ ਤਰ੍ਹਾਂ ਸਾਡੇ ਨਾਲ ਹੋਈ।
ਉਸ ਦੀਆਂ ਗੱਲਾਂ ਸੁਣ ਕੇ ਸਿਆਲ ਦੇ ਦਿਨਾਂ ਵਿੱਚ ਮੈਨੂੰ ਏਨਾ ਪਸੀਨਾ ਆਇਆ, ਜਿਵੇਂ ਮੈਂ ਬੈੱਡ ਉੱਤੇ ਨਹੀਂ ਸਗੋਂ ਦਰਿਆ ਵਿੱਚ ਸਣੇ ਕੱਪੜੇ ਪਿਆ ਹੋਵਾਂ। ਮੁੜਕੋ ਮੁੜਕੀ ਹੋ ਕੇ ਪਿਆ ਰਿਹਾ। ਹੋਰ ਕਰਦਾ ਵੀ ਕੀ?
ਮੇਰੀ ‘ਮੈਂ’ ਨੇ ਮੈਨੂੰ ਜੋ ਵੀ ਸਵਾਲ ਪੁੱਛੇ, ਮੈਨੂੰ ਉਨ੍ਹਾਂ ਦਾ ਕੋਈ ਜਵਾਬ ਨਾ ਆਵੇ। ਉਂਝ ਜਵਾਬ ਤਾਂ ਮਨ ਵਿੱਚ ਸਨ, ਪਰ ਜ਼ੁਬਾਨ ਸਾਥ ਨਹੀਂ ਸੀ ਦੇ ਰਹੀ। ਹੌਸਲਾ ਇਕੱਠਾ ਕਰ ਕੇ ਬੋਲਣ ਦੀ ਹਿੰਮਤ ਕਰਦਾ, ਪਰ ਮੈਥੋਂ ਕੁਝ ਵੀ ਬੋਲਿਆ ਨਹੀਂ ਸੀ ਜਾਂਦਾ। ਮੈਂ ਬਹੁਤ ਪਰੇਸ਼ਾਨ ਸੀ। ਕਰਾਂ ਤਾਂ ਕੀ ਕਰਾਂ। ਮੇਰੇ ਵਿਚਲਾ ਕਾਮਰੇਡ ਜਾਗ ਪਿਆ ਤੇ ਹਿੰਮਤ ਜਿਹੀ ਇਕੱਠੀ ਕਰਕੇ ਮੈਂ ਕਿਹਾ, ‘‘ਭਲਾ ਹੱਕ ਮੰਗਿਆਂ ਕਦੇ ਮਿਲਦੇ ਹਨ? ਇਹ ਤਾਂ ਖੋਹੇ ਜਾਂਦੇ ਹਨ। ਮੈਂ ਵੀ ਇਹ ਪੁਰਸਕਾਰ ਖੋਹਿਆ ਹੀ ਹੈ। ਜੇ ਮੈਂ ਨਾ ਖੋਂਹਦਾ ਤਾਂ ਮੇਰੇ ਨਾਲੋਂ ਕੋਈ ਹੋਰ ਜ਼ੋਰਾਵਰ ਖੋਹ ਕੇ ਲੈ ਜਾਂਦਾ। ਨਾਲੇ ਕਿੰਨਾਂ ਚਿਰ ਹੋ ਗਿਆ ਹੈ, ਮੈਨੂੰ ਲਿਖਦੇ ਨੂੰ। ਡੇਢ ਦਰਜਨ ਕਿਤਾਬਾਂ ਮੈਂ ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਈਆਂ। ਅੱਧੀ ਦਰਜਨ ਖਰੜੇ ਪਏ ਹਨ। ਇਹ ਕੋਈ ਘੱਟ ਪ੍ਰਾਪਤੀ ਹੈ? ਮੇਰੀਆਂ ਪ੍ਰਾਪਤੀਆਂ ਨੂੰ ਇਹ ਮਾਣ ਮਿਲਣਾ ਚਾਹੀਦਾ ਸੀ, ਪਰ ਅਗਲਿਆਂ ਦਿੱਤਾ ਨਹੀਂ, ਇਸ ਲਈ ਲੈਣਾ ਪਿਆ।’’
‘‘ਅੱਛਾ!! ਤੇਰੀਆਂ ਪ੍ਰਾਪਤੀਆਂ ਨੂੰ ਸਨਮਾਨ ਮਿਲਿਆ ਹੈ?’’ ਉਸ ਨੇ ਮੇਰੀ ਗੱਲ ਵਿਚੇ ਕੱਟਦਿਆਂ ਫਿਰ ਸਵਾਲ ਦਾਗ਼ ਦਿੱਤਾ। ਮੈਂ ਆਪਣੀ ਮੈਂ ਦੇ ਸਾਹਮਣੇ ਪਾਣੀ ਪਾਣੀ ਹੋ ਗਿਆ। ਉਹ ਫਿਰ ਚੀਕੀ, ‘‘ਸੌ ਹੱਥ ਰੱਸਾ ਸਿਰੇ ਤੇ ਗੰਢ। ਤੂੰ ਕਹਾਣੀਆਂ ਨਾ ਪਾ। ਸਿੱਧੀ ਗੱਲ ਦੱਸ। ਤੂੰ ਇਹ ਪੁਰਸਕਾਰ ਲੈਣ ਲਈ ਕੀ ਕੀ ਪਾਪੜ ਨਹੀਂ ਵੇਲੇ। ਲੋਕਾਂ ਦੀਆਂ ਜੁੱਤੀਆਂ ਘਸਦੀਆਂ ਨੇ, ਤੇਰੇ ਤਾਂ… ਕਾਰ ਦੇ ਟਾਇਰ ਹੀ ਘਸੇ ਪਏ ਨੇ। ਨਾਲੇ ਤੇਰੀਆਂ ਮਨ ਨਾਲ ਕੀਤੀਆਂ ਗੱਲਾਂ ਵਾਲੀਆਂ ਰਚਨਾਵਾਂ ਨੇ ਲੋਕਾਂ ਦਾ ਕੀ ਸੰਵਾਰਨਾ ਹੈ? ਨਾਲੇ ਤੈਨੂੰ ਪਤਾ ਹੈ ਕਿ ਇੱਥੇ ਆਮ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ? ਤੂੰ ਇਸ਼ਕ ਦੀਆਂ ਗੱਲਾਂ ਕਰੀ ਜਾ ਰਿਹਾ ਹੈਂ। ਸਾਰਾ ਕਿੱਸਾ ਕਾਵਿ ਤਾਂ ਇਨ੍ਹਾਂ ਨਾਲ ਭਰਿਆ ਪਿਆ ਹੈ, ਤੂੰ ਕੀ ਨਵਾਂ ਚੰਦ ਚਾੜ ਰਿਹਾ ਹੈਂ? ਦੂਜੇ ਪਾਸੇ ਆਮ ਲੋਕਾਂ ਦਾ ਕਚੂੰਮਰ ਨਿਕਲ ਗਿਆ, ਤੂੰ ਪਿਆਰ ਦੀਆਂ ਗੱਲਾਂ ਕਰੀ ਜਾਨੈਂ? ਉਨ੍ਹਾਂ ਲੋਕਾਂ ਬਾਰੇ ਵੀ ਕੁਝ ਲਿਖ ਜਿਨ੍ਹਾਂ ਦੀ ਮਿਹਨਤ ਵਿੱਚੋਂ ਇਹ ਪੁਰਸਕਾਰ ਮਿਲਿਆ। ਪੈਸਾ ਤਾਂ ਲੋਕਾਂ ਦਾ ਹੈ। ਪਰ ਤੂੰ ਕਦੇ ਲੋਕਾਂ ਦੀ ਗੱਲ ਕੀਤੀ ਹੈ? ਇੱਥੇ ਹਰ ਬੰਦਾ ਟੈਕਸ ਅਦਾ ਕਰਦਾ ਹੈ। ਇਨਾਮ ਤਾਂ ਲੋਕ ਦਿੰਦੇ ਹਨ। ਕਦੇ ਲੋਕਾਂ ਨੇ ਤੈਨੂੰ ਪੁਰਸਕਾਰ ਦਿੱਤਾ ਹੈ। ਵੱਡਿਆ ਕਵੀਆ? ਵੱਡਾ ਵਿਦਵਾਨ ਬਣਿਆ ਫਿਰਦੈ!’’ ਇਨ੍ਹਾਂ ਸਵਾਲਾਂ ਦੀ ਝੜੀ ਨੇ ਮੈਨੂੰ ਪਾਣੀ-ਪਾਣੀ ਕਰ ਦਿੱਤਾ।
ਮੈਂ ਸੋਚਣ ਲੱਗਿਆ, ‘ਕੀ ਖੱਟਿਆ ਮੈਂ ਇਹ ਪੁਰਸਕਾਰ ਲੈ ਕੇ?’ ਲੋਕਾਂ ਵਿੱਚ ਤਾਂ ਜ਼ਰੂਰ ਮੈਂ ਸ਼੍ਰੋਮਣੀ ਕਵੀ, ਕੌਮੀ ਤੇ ਰਾਜ ਕਵੀ ਬਣ ਗਿਆ, ਪਰ ਮੇਰੀ ‘ਮੈਂ’ ਦੇ ਸਾਹਮਣੇ ਮੈਂ ਕੁਝ ਵੀ ਨਹੀਂ। ਨਾਲੇ ਸਰਕਾਰੀ ਇਨਾਮ ਲੈਣ ਨਾਲ ਕੋਈ ਵੱਡਾ ਲੇਖਕ ਨਹੀਂ ਬਣ ਜਾਂਦਾ। ਉਹ ਵੱਡਾ ਲੇਖਕ ਤਾਂ ਹੀ ਬਣ ਸਕਦਾ ਹੈ, ਜੇ ਲੋਕ ਉਸ ਨੂੰ ਮਾਨਤਾ ਦੇਣ। ਮੈਨੂੰ ਲੋਕਾਂ ਨੇ ਤਾਂ ਮਾਨਤਾ ਦਿੱਤੀ ਹੀ ਨਹੀਂ। ਲੋਕ ਤਾਂ ਹੀ ਮਾਨਤਾ ਦੇਣਗੇ, ਜੇ ਮੈਂ ਲੋਕਾਂ ਦੀ ਗੱਲ ਕਰਾਂਗਾ। ਮੈਂ ਤਾਂ ਅਜੇ ਪਿਆਰ ਵਿੱਚੋਂ ਹੀ ਬਾਹਰ ਨਹੀਂ ਨਿਕਲਿਆ। ਕਬਰਾਂ ਵਿੱਚ ਲੱਤਾਂ ਆ ਗਈਆਂ, ਅਜੇ ਵੀ ਮੈਨੂੰ ‘ਮਹਿਬੂਬ’ ਦੀ ਉਡੀਕ ਹੈ। ਇਸੇ ਕਰਕੇ ਮੈਂ ਆਪਣੀ ਮਹਿਬੂਬ ਦੀ ਉਡੀਕ ਵਿੱਚ ਲਿਖੀ ਜਾਂਦਾ ਹਾਂ।’’ ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ। ਗੱਲਾਂ ਤਾਂ ਮੈਂ ਕਰਦਾ ਸੀ, ਪਰ ਮੈਂ ਆਪਣੀ ‘ਮੈਂ’ ਸਾਹਮਣੇ ਗੋਡੇ ਟੇਕੀ ਬੈਠਾ ਸੀ।
ਇੱਕ ਵਾਰ ਮਨ ਵਿੱਚ ਆਇਆ ਕਿ ਮੈਂ ਘਰੋਂ ਬਾਹਰ ਨਿਕਲ ਕੇ ਉੱਚੀ ਉੱਚੀ ਰੌਲਾ ਪਾਵਾਂ ਕਿ ਮੈਨੂੰ ਇਹ ਪੁਰਸਕਾਰ ਮਿਲਿਆ ਨਹੀਂ ਸਗੋਂ ਮੈਂ ਇਸ ਨੂੰ ਹਥਿਆਇਆ ਹੈ। ਇਸ ਦੀ ਜਿਊਰੀ ਦੇ ਮੈਂਬਰਾਂ ਨੂੰ ਗੰਢਿਆ ਹੈ। ਉਨ੍ਹਾਂ ਦੀ ‘ਸੇਵਾ’ ਕੀਤੀ ਹੈ। ‘ਸੇਵਾ’ ਵਿੱਚ ਸਭ ਕੁਝ ਪੱਕੇ ਤੋਂ ਕੱਚੇ ਮਾਸ ਤੱਕ ਸ਼ਾਮਿਲ ਸੀ, ਪਰ ਮੈਂ ਇਸ ਪੁਰਸਕਾਰ ਦਾ ਹੱਕਦਾਰ ਨਹੀਂ ਸੀ। ਮੈਂ ਕਿਸੇ ਹੋਰ ਦਾ ਹੱਕ ਮਾਰਿਆ ਹੈ। ਮੈਂ ਦੋਸ਼ੀ ਹਾਂ, ਲੋਕਾਂ ਦਾ ਤੇ ਆਪਣੀ ਜ਼ਮੀਰ ਦਾ।
ਮੈਂ ਸੱਚਮੁੱਚ ਉੱਚੀ ਉੱਚੀ ਚੀਕ ਰਿਹਾ ਸੀ। ਮੇਰੀ ਪਤਨੀ ਮੇਰੇ ਕੋਲ ਕੜਛੀ ਵਿੱਚ ਗੁਗਲ ਲਈ ਖੜੀ। ਘਰ ਵਿਚ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ, ਪਰ ਉਸ ਦੀ ਨਿਗ੍ਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੱਲ ਸੀ।
ਉਹ ਅਰਦਾਸ ਕਰ ਰਹੀ ਸੀ। ਉਹ ਕੀ ਅਰਦਾਸ ਕਰਦੀ ਸੀ? ਉਹ ਕਹਿ ਰਹੀ ਸੀ ‘‘ਇਹੋ ਜਿਹੇ ਪੁਰਸਕਾਰ ਨਾਲੋਂ ਵਾਹਿਗੁਰੂ ਅਸੀਂ ਐਵੇਂ ਹੀ ਚੰਗੇ ਹਾਂ।’’ ਹੁਣ ਮੈਂ ਚੰਗਾ ਬਣਨ ਦੀ ਸੋਚ ਰਿਹਾ ਸੀ ਤਾਂ ਕਿ ਜਿਨ੍ਹਾਂ ਲੋਕਾਂ ਵੱਲ ਮੈਂ ਪਿੱਠ ਮੋੜੀ ਸੀ, ਉਨ੍ਹਾਂ ਵੱਲ ਮੂੰਹ ਕਰ ਸਕਾਂ। ਮੈਨੂੰ ਆਪਣੇ ਆਪ ਤੋਂ ਲਾਹਣਤ ਆਉਣ ਲੱਗੀ। ਮੈਂ ਛੇਤੀ ਦੇਣੇ ਉੱਠਦਾ ਹਾਂ ਤੇ ਪੁਰਸਕਾਰ ਨੂੰ ਚੁੱਕ ਕੇ ਘਰੋਂ ਬਾਹਰ ਵਗਾਹ ਮਾਰਦਾ ਹਾਂ।
ਸੰਪਰਕ: 94643-70823


Comments Off on ਜਦੋਂ ਮੈਨੂੰ ਪੁਰਸਕਾਰ ਮਿਲਿਆ!
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.