ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਗੰਗਸਰ ਜੈਤੋ ਦਾ ਮੋਰਚਾ

Posted On February - 19 - 2020

ਦਿਲਜੀਤ ਸਿੰਘ ਬੇਦੀ

ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਜਿਉਂਦਿਆਂ ਗੁਣਾਤਮਕ ਸਮਾਜ ਦੀ ਸਿਰਜਣਾ ਦਾ ਉਪਦੇਸ਼ ਕੀਤਾ। ਇਸ ਉਪਦੇਸ਼ ’ਤੇ ਚੱਲਦਿਆਂ ਸਿੱਖਾਂ ਨੇ ਗੁਰਮਤਿ ਰਹਿਣੀ ਅਨੁਸਾਰ ਹੱਕ-ਸੱਚ ਅਤੇ ਅਣਖ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ। ਬੇਸ਼ੱਕ ਸਿੱਖਾਂ ਨੂੰ ਹੱਕ-ਸੱਚ ਦੀ ਰਖਵਾਲੀ ਲਈ ਅਨੇਕਾਂ ਕੁਰਬਾਨੀਆਂ ਵੀ ਦੇਣੀਆਂ ਪਈਆਂ। ਸਿੱਖਾਂ ਦੇ ਇਸ ਮਾਰਗ ਵਿਚ ਅਨੇਕਾਂ ਉਤਰਾਅ-ਚੜ੍ਹਾਅ ਆਏ ਅਤੇ ਅਨੇਕਾਂ ਵਾਰ ਸਿੱਖ ਵਿਚਾਰਧਾਰਾ ਨੂੰ ਦਬਾਉਣ ਅਤੇ ਖਤਮ ਕਰਨ ਦੇ ਯਤਨ ਹੁੰਦੇ ਰਹੇ ਪਰ ਗੁਰੂ ਦੇ ਅਣਖੀ ਸਿੱਖ ਆਪਣੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ-ਦਰਸ਼ਨ ’ਤੇ ਚੱਲਦੇ ਹੋਏ ਸੰਘਰਸ਼ਸ਼ੀਲ ਰਹੇ। ਸਿੱਖ ਇਤਿਹਾਸ ਦੇ ਅਨੇਕਾਂ ਸਾਕੇ, ਘੱਲੂਘਾਰੇ ਅਤੇ ਮੋਰਚੇ ਇਸੇ ਸੰਦਰਭ ਵਿਚ ਵੇਖੇ ਜਾ ਸਕਦੇ ਹਨ। ਇਸ ਲੇਖ ਵਿੱਚ ਅਸੀਂ ਗੰਗਸਰ ਜੈਤੋ ਦੇ ਮੋਰਚੇ ਦੀ ਗੱਲ ਕਰਾਂਗੇ।
‘ਮੋਰਚੇ’ ਦਾ ਕੋਸ਼ਗਤ ਅਰਥ ਭਾਵੇਂ ਕੁਝ ਵੀ ਹੋਵੇ ਪਰ ਸਿੱਖ ਧਰਮ ਨਾਲ ਜੁੜ ਕੇ ਇਸ ਸ਼ਬਦ ਨੇ ਆਪਣੇ ਅਰਥ ਤੇ ਵਿਆਖਿਆ ਆਪ ਪੇਸ਼ ਕੀਤੀ ਹੈ। ਸਿੱਖਾਂ ਵਲੋਂ ਸਮੇਂ-ਸਮੇਂ ’ਤੇ ਲਗਾਏ ਗਏ ‘ਮੋਰਚੇ’ ਸਪੱਸ਼ਟ ਕਰਦੇ ਹਨ ਕਿ ਜਦੋਂ-ਜਦੋਂ ਵੀ ਸਿੱਖਾਂ ਦੀ ਅਣਖ ਨੂੰ ਦੁਸ਼ਮਣ ਵੱਲੋਂ ਵੰਗਾਰਿਆ ਗਿਆ ਤਾਂ ਸਿੱਖਾਂ ਨੇ ਮੋਰਚੇ ਲਗਾ ਕੇ ਉਸ ਨੂੰ ਕਰਾਰਾ ਜਵਾਬ ਦਿੱਤਾ। ਗੁਰਧਾਮਾਂ ਦੀ ਆਜ਼ਾਦੀ ਲਈ ਵਿੱਢੇ ਸੰਘਰਸ਼ ਅਤੇ ਸਿੱਖ ਧਰਮ ਦੀ ਹੋਂਦ ਹਸਤੀ ਦਾ ਸਬੰਧ ਸਿੱਧੇ ਰੂਪ ਵਿਚ ਮੋਰਚਿਆਂ ਨਾਲ ਜੁੜਿਆ ਹੋਇਆ ਹੈ। ਸਿੱਖ ਇਤਿਹਾਸ ਅੰਦਰ ਅਨੇਕਾਂ ਮੋਰਚਿਆਂ ਦੀ ਗਾਥਾ ਦਰਜ ਹੈ, ਜਿਨ੍ਹਾਂ ਵਿਚ ‘ਜੈਤੋ ਦਾ ਮੋਰਚਾ’ ਵੀ ਇੱਕ ਹੈ।
ਭਾਵੇਂ ਜੈਤੋ ਦਾ ਮੋਰਚਾ ਗੁਰਦੁਆਰਾ ਗੰਗਸਰ ਵਿਚ ਅਰੰਭ ਕਰਵਾਏ ਗਏ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ‘ਖੰਡਿਤ’ ਹੋਣ ਕਾਰਨ ਸਿੱਖਾਂ ਅੰਦਰ ਫੈਲੇ ਰੋਸ ਵਜੋਂ ਲਾਇਆ ਗਿਆ ਸੀ, ਪਰ ਇਸ ਦਾ ਅਸਲ ਪਿਛੋਕੜ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਜਬਰੀ ਲਾਹੇ ਜਾਣਾ ਸੀ। ਕਸਬਾ ਜੈਤੋ ਆਜ਼ਾਦੀ ਤੋਂ ਪਹਿਲਾਂ ਨਾਭਾ ਰਿਆਸਤ ਦਾ ਹਿੱਸਾ ਸੀ। ਅੰਗਰੇਜ਼ ਸਰਕਾਰ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਆਪਣੀ ਤਾਜਪੋਸ਼ੀ ਸਮੇਂ ਸਿੱਖ ਰੀਤੀ-ਰਿਵਾਜ ਅਪਨਾਉਣ ਕਰਕੇ ਬਾਗ਼ੀ ਸਮਝਣ ਲੱਗ ਪਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1921 ਦੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸਿੱਖ ਸੰਗਤ ਨੂੰ ਸਿਰ ’ਤੇ ਕਾਲੀਆਂ ਦਸਤਾਰਾਂ ਅਤੇ ਦੁਪੱਟੇ ਸਜਾ ਕੇ ਥਾਂ-ਥਾਂ ਦੀਵਾਨ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾਏ ਜਾਣ ਦੀ ਅਪੀਲ ਕੀਤੀ। ਮਹਾਰਾਜਾ ਰਿਪੁਦਮਨ ਸਿੰਘ ਨੇ ਵੀ ਇਸ ਅਪੀਲ ’ਤੇ ਅਮਲ ਕੀਤਾ।
ਅੰਗਰੇਜ਼ ਸਰਕਾਰ ਪਹਿਲਾਂ ਹੀ ਮਹਾਰਾਜੇ ਦੇ ਵਿਰੁੱਧ ਸੀ। ਨਾਭਾ ਅਤੇ ਪਟਿਆਲਾ ਰਿਆਸਤ ਦੇ ਅਕਸਰ ਝਗੜੇ ਚੱਲਦੇ ਰਹਿੰਦੇ ਸਨ। ਅੰਗਰੇਜ਼ ਹਾਕਮਾਂ ਨੇ ਨਾਭਾ ਅਤੇ ਪਟਿਆਲਾ ਦੇ ਰਾਜਿਆਂ ਕੋਲੋਂ ਫੈਸਲਾ ਕਰਨ ਦੇ ਹੱਕ ਪ੍ਰਾਪਤ ਕਰ ਲਏ, ਜਿਸ ’ਤੇ ਚੱਲਦਿਆਂ ਅੰਗਰੇਜ਼ ਸਰਕਾਰ ਨੇ ਮਹਾਰਾਜਾ ਨਾਭਾ ਖ਼ਿਲਾਫ਼ ਫੈਸਲਾ ਕਰਵਾ ਲਿਆ। ਇਸ ਤਰ੍ਹਾਂ ਅੰਗਰੇਜ਼ ਸਰਕਾਰ ਨੇ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਲਾਹ ਦਿੱਤਾ। ਸਿੱਖ ਪੰਥ ਅੰਦਰ ਸਰਕਾਰ ਦੀ ਇਸ ਕਾਰਵਾਈ ਨਾਲ ਭਾਰੀ ਰੋਸ ਫੈਲ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 5 ਅਗਸਤ ਨੂੰ ਇਕੱਤਰਤਾ ਹੋਈ, ਜਿਸ ਵਿਚ 9 ਸਤੰਬਰ ਨੂੰ ਸਭ ਥਾਵਾਂ ’ਤੇ ‘ਨਾਭਾ ਦਿਵਸ’ ਮਨਾਉਣ ਦਾ ਫ਼ੈਸਲਾ ਹੋਇਆ। ਇਲਾਕੇ ਦੀ ਸੰਗਤ ਵੱਲੋਂ ਗੁਰਦੁਆਰਾ ਗੰਗਸਰ ਸਾਹਿਬ, ਜੈਤੋ ਵਿੱਚ 25, 26 ਅਤੇ 27 ਅਗਸਤ 1923 ਨੂੰ ਦੀਵਾਨ ਸਜਾ ਕੇ ਮਹਾਰਾਜੇ ਦੀ ਬਹਾਲੀ ਲਈ ਮਤੇ ਪਾਸ ਕੀਤੇ ਗਏ।

ਦਿਲਜੀਤ ਸਿੰਘ ਬੇਦੀ

ਓਧਰ 14 ਸਤੰਬਰ 1923 ਈ: ਨੂੰ ਸਿੰਘਾਂ ਵੱਲੋਂ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿੱਚ ਅਖੰਡ ਪਾਠ ਆਰੰਭ ਕੀਤਾ ਗਿਆ। ਸਰਕਾਰ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਤੇ ਅਖੰਡ ਪਾਠ ਕਰ ਰਹੇ ਸਿੰਘ ਨੂੰ ਚੁੱਕ ਲਿਆ। ਇਸ ਤਰ੍ਹਾਂ ਅਖੰਡ ਪਾਠ ਸਾਹਿਬ ਦੇ ਖੰਡਤ ਹੋਣ ਨਾਲ ਸਿੱਖਾਂ ਵਿਚ ਰੋਸ ਦੀ ਲਹਿਰ ਫੈਲ ਗਈ। ਸਿੱਖ ਪੰਥ ਨੇ ਰਿਆਸਤੀ ਕਰਮਚਾਰੀਆਂ ਵੱਲੋਂ ਕੀਤੀ ਗਈ ਇਸ ਹਰਕਤ ਨੂੰ ਇਕ ਬਜ਼ਰ ਅਪਰਾਦ ਕਰਾਰ ਦਿੱਤਾ। ਇਸ ਕਾਰੇ ਦੇ ਰੋਸ ਵਜੋਂ ਅਤੇ ਗੁਰਦੁਆਰੇ ਵਿੱਚ ਅਖੰਡ ਪਾਠ ਆਰੰਭ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਜ਼ਾਨਾ 25-25 ਸਿੰਘਾਂ ਦਾ ਜਥਾ ਜੈਤੋ ਭੇਜਣ ਦਾ ਫੈਸਲਾ ਕੀਤਾ। ਪਹਿਲਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੈਦਲ ਰਵਾਨਾ ਹੋਇਆ। ਇਸ ਜਥੇ ਨੇ ਤੁਰਨ ਤੋਂ ਪਹਿਲਾਂ ਹੀ ਸ਼ਾਂਤਮਈ ਰਹਿਣ ਦਾ ਪ੍ਰਣ ਲਿਆ ਹੋਇਆ ਸੀ। ਜਥਾ ਵੱਖ-ਵੱਖ ਥਾਈਂ ਪੜਾਅ ਕਰਦਾ ਹੋਇਆ ਜੈਤੋ ਪਹੁੰਚਿਆ, ਪਰ ਗੁਰਦੁਆਰੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਜਥੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤਰ੍ਹਾਂ 25-25 ਸਿੰਘਾਂ ਦੇ ਜਥੇ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਾਂਤਮਈ ਰਵਾਨਾ ਹੁੰਦੇ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ।
ਸਰਕਾਰ ਨੇ 13 ਅਕਤੂਬਰ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਦਿੱਤਾ ਅਤੇ ਮੁਖੀ ਸਿੱਖਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ। 13-14 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਗ੍ਰਿਫ਼ਤਾਰੀਆਂ ਦੀ ਚਰਚਾ ਸਮੁੱਚੇ ਦੇਸ਼ ਵਿੱਚ ਫੈਲ ਗਈ। ਇਸ ਕਾਰਵਾਈ ਨਾਲ ਅੰਗਰੇਜ਼ ਸਰਕਾਰ ਵਿਰੁੱਧ ਰੋਸ ਹੋਰ ਤਿੱਖਾ ਹੋਇਆ। ਹੁਣ 500-500 ਸਿੰਘਾਂ ਦੇ ਜਥੇ ਭੇਜੇ ਜਾਣ ਦਾ ਫੈਸਲਾ ਕੀਤਾ ਗਿਆ। 9 ਫਰਵਰੀ 1924 ਨੂੰ ਬਸੰਤ ਪੰਚਮੀ ਵਾਲੇ ਦਿਨ ਪੰਜ ਸੌ ਨਿਰਮਲੇ ਸਿੰਘਾਂ ਦਾ ਪਹਿਲਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੈਤੋ ਵਿਚ ਖੰਡਤ ਹੋਏ ਅਖੰਡ ਪਾਠ ਨੂੰ ਮੁੜ ਆਰੰਭ ਕਰਨ ਲਈ ਅਰਦਾਸਾ ਸੋਧ ਕੇ ਅਸਮਾਨ ਗੁੰਜਾਊ ਨਾਅਰਿਆਂ, ਵਾਜਿਆਂ-ਗਾਜਿਆਂ ਨਾਲ ਤੁਰਿਆ। ਇਸ ਮੌਕੇ ਜਥੇਦਾਰ ਵੱਲੋਂ ਸੰਦੇਸ਼ ਪੜ੍ਹਿਆ ਗਿਆ। ਜਿਸ ਦੀਆਂ ਕੁਝ ਸਤਰਾਂ ਇਹ ਸਨ:
ਸੁਣੋ ਖਾਲਸਾ ਜੀ ! ਸਾਡੇ ਕੂਚ ਡੇਰੇ,
ਅਸੀਂ ਆਖਰੀ ਫਤੇ ਬੁਲਾ ਚੱਲੇ।
ਪਾਓ ਬੀ ਤੇ ਸਾਂਭ ਕੇ ਫਸਲ ਵੱਢੋ,
ਅਸੀਂ ਡੋਲ੍ਹ ਕੇ ਰਤ ਪਿਆ ਚੱਲੇ।
ਚੌਕੀਦਾਰ ਦੇ ਵਾਂਗ ਅਵਾਜ਼ ਦੇ ਕੇ,
ਧੌਂਸੇ ਕੂਚ ਦੇ ਕੇ ਵਜਾ ਚੱਲੇ।
ਤੁਸਾਂ ਆਪਣੀ ਅਕਲ ਦਾ ਕੰਮ ਕਰਨਾ,
ਅਸੀਂ ਆਪਣੀ ਤੋੜ ਨਿਭਾ ਚੱਲੇ।
ਬੇੜਾ ਜ਼ੁਲਮ ਦਾ ਅੰਤ ਨੂੰ ਗਰਕ ਹੋਸੀ,
ਹੰਝੂ ਖੂਨ ਦੇ ਅਸੀਂ ਵਹਾ ਚੱਲੇ।
ਪੰਥ ਗੁਰੂ ਦਾ ਆਪ ਦਸਮੇਸ਼ ਰਾਖਾ,
ਕੰਡੇ ਹੂੰਝ ਕੇ ਕਰ ਸਫਾ ਚੱਲੇ।
ਅੰਗ-ਸਾਕ ਕਬੀਲੜਾ ਬਾਲ-ਬੱਚਾ,
ਬਾਂਹ ਤੁਸਾਂ ਦੇ ਹੱਥ ਫੜਾ ਚੱਲੇ।
ਨਦੀ ਨਾਂਵ ਸੰਜੋਗ ਦੇ ਹੋਣ ਮੇਲੇ,
‘ਸਤਿ ਸ੍ਰੀ ਅਕਾਲ’ ਗਜਾ ਚੱਲੇ।
ਪੁਸਤਕ ‘ਜੈਤੋ ਮੋਰਚੇ ਦੇ ਅੱਖੀਂ ਡਿੱਠੇ ਹਾਲ’ (ਪ੍ਰਕਾਸ਼ਕ: ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਨੁਸਾਰ ਇਸ ਸ਼ਹੀਦੀ ਜਥੇ ਵਿਚ ਹਿੱਸਾ ਲੈਣ ਵਾਲੇ ਸਿੰਘਾਂ ਨੂੰ ਜਥੇ ਦੇ ਮੁਖੀ ਜਥੇਦਾਰ ਊਧਮ ਸਿੰਘ ਵਰਪਾਲ ਨੇ ਤੁਰਨ ਤੋਂ ਪਹਿਲਾਂ ਜੋ ਅਰਦਾਸ ਕੀਤੀ, ਉਸ ਦਾ ਇੱਕ-ਇੱਕ ਸ਼ਬਦ ਹਲੂਣਾ ਸੀ, ਪ੍ਰੇਰਨਾ ਸੀ, ਸ਼ਕਤੀ ਸੀ। ਇਸ ਪ੍ਰਣ ਰੂਪੀ ਅਰਦਾਸ ਦੇ ਸ਼ਬਦ ਹਨ, ‘‘ਪਿਆਰੇ ਪਿਤਾ ਕਲਗੀਧਰ ਸਤਿਗੁਰੂ ਅਸੀਂ ਆਪ ਜੀ ਦੇ ਬੱਚੇ ਆਪਣੀਆਂ ਜਿੰਦੜੀਆਂ ਆਪ ਜੀ ਨੂੰ ਅਰਪਨ ਕਰਦੇ ਹਾਂ। ਪੰਥ ਦੀ ਇੱਜ਼ਤ ਤੇ ਵਡਿਆਈ ਆਪ ਦੇ ਹੱਥ ਹੈ। ਬਹਾਦਰ ਤੇ ਸੰਤ ਆਤਮਾ ਵੀਰੋ! ਤੁਹਾਨੂੰ ਬੜੀ ਬੇਰਹਿਮੀ ਨਾਲ ਡਾਂਗਾਂ ਮਾਰੀਆਂ ਜਾਣਗੀਆਂ, ਤੁਸੀਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰੇ ਜਾਉਗੇ। ਤੁਹਾਨੂੰ ਕਾਲ ਕੋਠੜੀਆਂ ਵਿਚ ਸੁੱਟਿਆ ਜਾਵੇਗਾ। ਨਹਾਇਤ ਜ਼ਾਲਮਾਨਾ ਤੇ ਵਹਿਸ਼ੀਆਨਾ ਹਰ ਪ੍ਰਕਾਰ ਦੇ ਕਸ਼ਟਾਂ ਦੁਆਰਾ ਤੁਹਾਡੀ ਧਾਰਮਿਕ ਦ੍ਰਿੜਤਾ ਦੀ ਪ੍ਰੀਖਿਆ ਲਈ ਜਾਵੇਗੀ। ਆਪ ਨੂੰ ਹਰ ਹਾਲਤ ਵਿਚ ਪੂਰਨ ਸ਼ਾਂਤਮਈ ਰਹਿਣਾ ਹੋਵੇਗਾ। ਆਪ ਦਾ ਕੇਵਲ ਮੰਤਵ ਗੁਰਦੁਆਰਾ ਗੰਗਸਰ ਦੀ ਯਾਤਰਾ ਕਰਨ ਤੇ ਅਖੰਡ ਪਾਠ ਨੂੰ ਨਵੇਂ ਸਿਰਿਓਂ ਆਰੰਭ ਕਰਨਾ ਹੈ। ਅਕਾਲ ਤਖ਼ਤ ਸਾਹਿਬ ਤੋਂ ਤੁਰਨ ਦੇ ਸਮੇਂ ਤੋਂ ਲੈ ਕੇ ਰਸਤੇ ਵਿਚ ਤੇ ਅਖ਼ੀਰ ਦਮ ਤਕ ਸਤਿਗੁਰਾਂ ਦੀ ਜ਼ਿੰਦਗੀ ਬਖਸ਼ਣ ਵਾਲੀ ਬਾਣੀ ਦੁਆਰਾ ਆਪਣੇ ਸਰੀਰ, ਮਨ ਤੇ ਆਤਮਾ ਨੂੰ ਤ੍ਰਿਪਤ ਕਰਦੇ ਰਹਿਣਾ। ਮਨ, ਬਚਨ ਅਤੇ ਕਰਮ ਕਰਕੇ ਕਿਸੇ ਵੀ ਪੁਰਸ਼ ਦਾ ਬੁਰਾ ਨਾ ਚਾਹੁਣਾ।’’
ਰਸਤੇ ਵਿਚ ਵੱਖ-ਵੱਖ ਥਾਵਾਂ ’ਤੇ ਪੜਾਅ ਕਰਦਾ ਹੋਇਆ ਇਹ ਜਥਾ 20 ਫਰਵਰੀ 1924 ਨੂੰ ਫ਼ਰੀਦਕੋਟ ਦੇ ਪਿੰਡ ਬਰਗਾੜੀ ਪੁੱਜ ਗਿਆ। 21 ਫਰਵਰੀ ਨੂੰ ਜਥਾ ਇਥੋਂ ਜੈਤੋ ਵੱਲ ਰਵਾਨਾ ਹੋਇਆ। ਜਥੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਸੀ, ਜਿਸ ਵਿਚ ਨੌਜਵਾਨ, ਬਜ਼ੁਰਗ, ਬੀਬੀਆਂ ਅਤੇ ਬੱਚੇ ਸ਼ਾਮਲ ਸਨ। ਨਾਭਾ ਰਾਜ ਦੀ ਹੱਦ ਅੰਦਰ ਦਾਖਲ ਹੋਣ ’ਤੇ ਜਥੇ ਨੂੰ ਰੋਕ ਲਿਆ ਗਿਆ। ਗੁਰਦੁਆਰਾ ਗੰਗਸਰ ਸਾਹਿਬ ਨੂੰ ਜਾਣ ਵਾਲੇ ਰਸਤੇ ’ਤੇ ਤਾਰਾਂ ਲੱਗੀਆਂ ਹੋਈਆਂ ਸਨ ਅਤੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਸਨ। ਇਵੇਂ ਲੱਗ ਰਿਹਾ ਸੀ ਜਿਵੇਂ ਜੰਗੀ ਤਿਆਰੀ ਕੀਤੀ ਹੋਵੇ। ਜਥਾ ਜਦ ਟਿੱਬੀ ਸਾਹਿਬ ਵੱਲ ਵਧ ਰਿਹਾ ਸੀ ਤਾਂ ਅੰਗਰੇਜ਼ ਅਫ਼ਸਰ ਵਿਲਸਨ ਜਾਨਸਟਨ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਤਿੰਨਾਂ ਪਾਸਿਓਂ ਸੰਗਤ ’ਤੇ ਗੋਲੀ ਚਲਾਈ ਗਈ। ਜਥਾ ਗੋਲੀਆਂ ਦੇ ਮੀਂਹ ਵਿਚ ਗੁਰਦੁਆਰਾ ਟਿੱਬੀ ਸਾਹਿਬ ਪੁੱਜ ਗਿਆ। ਜਥੇ ਦੇ ਸੈਂਕੜੇ ਸਿੰਘ ਅਤੇ ਨਾਲ ਜਾ ਰਹੀ ਸੰਗਤ ਵੱਡੀ ਗਿਣਤੀ ਵਿਚ ਸ਼ਹੀਦ ਅਤੇ ਜ਼ਖਮੀ ਹੋ ਚੁੱਕੀ ਸੀ। ਜਥੇ ਦੇ ਬਚੇ ਹੋਏ ਸਿੰਘ ਗੁਰਦੁਆਰਾ ਟਿੱਬੀ ਸਾਹਿਬ ਤੋਂ ਗੁਰਦੁਆਰਾ ਗੰਗਸਰ ਸਾਹਿਬ ਵੱਲ ਨੂੰ ਵਧਣ ਲੱਗੇ, ਪਰ ਘੋੜ-ਸਵਾਰ ਫ਼ੌਜੀ ਦਸਤਿਆਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਬਚੀ ਹੋਈ ਸੰਗਤ ਅਤੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜੈਤੋ ਵਿਚ ਵਾਪਰੇ ਇਸ ਦੁਖਦਾਈ ਘਟਨਾ ਦੀ ਖ਼ਬਰ ਚਾਰੇ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ। ਜੈਤੋ ਦੇ ਮੋਰਚੇ ਦੌਰਾਨ ਵਾਪਰੀ ਇਸ ਭਿਆਨਕ ਘਟਨਾ ਨੇ ਸਿੱਖਾਂ ਦੇ ਮਨਾਂ ਵਿਚ ਜੋਸ਼ ਹੋਰ ਪ੍ਰਚੰਡ ਕਰ ਦਿੱਤਾ।
ਇਸ ਤੋਂ ਬਾਅਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 500-500 ਸਿੰਘਾਂ ਦੇ ਜਥੇ ਜਾਂਦੇ ਰਹੇ। ਜਥੇ ਭੇਜਣ ਦਾ ਸਿਲਸਲਾ ਉਦੋਂ ਤੱਕ ਚੱਲਦਾ ਰਿਹਾ, ਜਦੋਂ ਤਕ ਅੰਗਰੇਜ਼ ਸਰਕਾਰ ਨੇ ਸਿੰਘਾਂ ਨੂੰ ਅਖੰਡ ਪਾਠ ਸਾਹਿਬ ਸ਼ੁਰੂ ਕਰਨ ਦੀ ਇਜਾਜ਼ਤ ਨਾ ਦੇ ਦਿੱਤੀ। ਅੰਤ 21 ਜੁਲਾਈ 1925 ਈ: ਨੂੰ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ। ਇਸ ਤਰ੍ਹਾਂ ਸਰਕਾਰ ਨੂੰ ਸਿੰਘਾਂ ਦੇ ਜਜ਼ਬੇ ਅਗੇ ਝੁਕਣਾ ਪਿਆ ਅਤੇ ਖਾਲਸੇ ਦੀ ਜਿੱਤ ਹੋਈ।
ਸੰਪਰਕ: 98148-98570


Comments Off on ਗੰਗਸਰ ਜੈਤੋ ਦਾ ਮੋਰਚਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.