ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਗੁਆਚ ਗਏ ਉਹ ਦਿਨ…

Posted On February - 25 - 2020

ਬਲਦੇਵ ਸਿੰਘ (ਸੜਕਨਾਮਾ)
ਟਰਾਂਸਪੋਰਟ ਭਾਈਚਾਰੇ ਵਿਚ ਅੱਡਿਆਂ ਦੀ ਬੜੀ ਮਹੱਤਤਾ ਹੈ। ਵਿਹਲੇ ਵੇਲੇ ਰੁਕਣ ਲਈ ਡਰਾਈਵਰਾਂ ਨੇ ਇਨ੍ਹਾਂ ਦੀ ਚੋਣ ਲੰਮੇ ਤਜਰਬੇ ਦੀ ਸਮਝ ਬਣਾ ਕੇ ਕੀਤੀ ਹੁੰਦੀ ਹੈ। ਇਨ੍ਹਾਂ ਅੱਡਿਆਂ ਉੱਪਰ ਇਹ ਸਵਾਰੀਆਂ ਉਡੀਕਦੇ ਹਨ। ਥਕੇਵਾਂ ਲਾਹ ਕੇ ਤਰੋਤਾਜ਼ੇ ਹੁੰਦੇ ਹਨ। ਥੰਦੇ ਦੇ ਕੌੜੇ-ਕੁਸੈਲੇ ਵਿਵਹਾਰ ’ਚੋਂ ਬਾਹਰ ਆਉਣ ਲਈ ਇਕ-ਦੂਸਰੇ ਨੂੰ ਛੇੜਦੇ ਹਨ। ਕਈ ਵਾਰ ਤਾਂ ਨੂਰਾ ਕੁਸ਼ਤੀ ਵਾਲਿਆਂ ਵਾਂਗ ਘੁਲਦੇ ਰਾਹ-ਗੁਜ਼ਰਾਂ ਦਾ ਮਨੋਰੰਜਨ ਵੀ ਕਰਦੇ ਹਨ। ਕਲਕੱਤਾ ਮਹਾਂਨਗਰ ਵਿਚ ਅਜਿਹੇ ਅੱਡੇ ਆਮ ਕਰਕੇ ਹੋਟਲਾਂ ਜਾਂ ਢਾਬਿਆਂ ਦੇ ਲਾਗੇ ਹੁੰਦੇ ਹਨ। ਇੱਥੇ ਡਰਾਈਵਰਾਂ ਲਈ ਉਚੇਚੇ ਢੰਗ ਨਾਲ ਬਣਾਈ ਚਾਹ ਨਾਲ ਸਰੀਰ ਦੀ ਸੁਸਤ ਹੋਈ ਬੈਟਰੀ ਚਾਰਜ ਵੀ ਹੋ ਜਾਂਦੀ ਹੈ।
1970-71 ਦੌਰਾਨ ਮੈਂ ਟੈਕਸੀ ਡਰਾਈਵਰ ਸਾਂ। ਘੰਟੇ ਕੁ ਤੋਂ ਕੋਈ ਸਵਾਰੀ ਨਹੀਂ ਸੀ ਮਿਲ ਰਹੀ। ਚਾਹ-ਪਾਣੀ ਪੀਣ ਲਈ ਮੈਂ ਇਕ ਅੱਡੇ ਵੱਲ ਟੈਕਸੀ ਮੋੜ ਲਈ। ਢਾਬੇ ’ਤੇ ਪਹਿਲਾਂ ਹੀ ਛੇ-ਸੱਤ ਟੈਕਸੀਆਂ ਵਾਲੇ ਖੜ੍ਹੇ ਸਨ। ਬਹੁਤਿਆਂ ਦੇ ਅਸਲ ਨਾਮ ਕੋਈ ਨਹੀਂ ਜਾਣਦਾ। ਜੇ ਜਾਣਦਾ ਹੋਵੇ ਵੀ ਤਾਂ ਵੀ ਜਿਹੜਾ ਨਾਮਕਰਨ ਡਰਾਈਵਰ ਭਾਈਚਾਰੇ ਨੇ ਪਾਸ ਕੀਤਾ ਹੁੰਦਾ, ਓਹੀ ਚੱਲਦਾ ਹੈ। ਕੋਈ ਨਾਥੇ ਆਲੀਆ, ਕੋਈ ਮਲਵਈ, ਕੋਈ ਦੁਆਬੀਆ, ਕਿਸੇ ਨੂੰ ਗਿੱਟਲ, ਕਿਸੇ ਨੂੰ ਗੰਢੇ ਖਾਣਾ, ਕਿਸੇ ਬਿਹਾਰੀਏ ਨੂੰ ਚੌਲ ਖਾਣਾ। ਅਜਿਹਾ ਨਾਮ ਜਦੋਂ ਇਕ ਵਾਰ ਸਹਿਜ ਸੁਭਾਅ ਐਲਾਨ ਹੋ ਗਿਆ, ਫੇਰ ਇਸਨੂੰ ਰੱਦ ਕਰਨਾ ਬਹੁਤ ਮੁਸ਼ਕਲ ਹੁੰਦਾ ਸੀ। ਜਦੋਂ ਮੈਂ ਗੱਡੀ ਪਾਰਕ ਕਰਕੇ ਢਾਬੇ ’ਤੇ ਆਇਆ ਤਾਂ ਮਲੋਟ ਵੱਲ ਦਾ ‘ਟਾਂਡੇ’ ਭੰਨ ਆਪਣੀ ਰਮਾਇਣ ਛੇੜੀ ਬੈਠਾ ਸੀ।
‘ਬਾਈ ਜੀ, ਕੱਲ੍ਹ ਜਦੋਂ ਮੈਂ ਲੋਟਸ ਸਿਨਮੇ ਕੋਲ ਸਵਾਰੀ ਉਤਾਰੀ ਤਾਂ ਇਕ ਮੇਮ ਗੇਟ ਖੋਲ੍ਹ ਕੇ ਫੜੱਕ ਦੇਣੇ ਗੱਡੀ ’ਚ ਆ ਬੈਠੀ। ਮੈਨੂੰ ਤਾਂ ਲੱਗਦੈ ਜਵਾਂ ਈ ਪੰਜ-ਸੱਤ ਕਿਲੋ ਦੀ ਹੋਊ। ਚਿੱਟੀ ਐਨੀ, ਜਾਣੀ ਓਹਦੀਆਂ ਰਗਾਂ ’ਚ ਲਹੂ ਦੀ ਥਾਂ ਦੁੱਧ ਵਗਦਾ ਹੋਵੇ। ਲਪਟਾਂ ਮਾਰੇ। ਸਾਰੀ ਗੱਡੀ ਮਹਿਕ ਗੀ ਬਾਈ। ਕਹਿੰਦੀ: ‘ਟੇਟਰ ਰੋਡ’ (ਥੀਏਟਰ ਰੋਡ)।
ਜਦੋਂ ਟੇਟਰ ਰੋਡ ਉਤਾਰੀ, ਮੀਟਰ ’ਚ ਤਾਂ ਸਾਰੇ ਛੇ ਕੁ ਰੁਪਈਏ ਹੋਏ ਸੀ, ਵੀਹਾਂ ਦਾ ਨੋਟ ਸੁਟ ਕੇ ‘ਥੈਂਕੂ ਥੈਂਕੂ’ ਕਰਦੀ ਉਤਰਗੀ। ਸੜਕ ’ਤੇ ਐਂ ਬੁੜ੍ਹਕਦੀ ਜਾਵੇ ਜਿਵੇਂ ਤਿਤਲੀ ਉੱਡਦੀ ਹੁੰਦੀ ਐ। ਆਹ ਬੜੇ ਬਾਜ਼ਾਰ ’ਚ ਤੀਵੀਆਂ ਬੈਠਣਗੀਆਂ, ਦੋ ਕੁਆਂਟਲ ਦੀ ਇਕ ਹੁੰਦੀ ਐ। ਫੇਰ ਦੁਆਨੀ-ਚੁਆਨੀ ਪਿੱਛੇ ਲੜੀ ਜਾਣਗੀਆਂ। ਰੱਬ-ਰੱਬ ਕਰਕੇ ਉਤਾਰੀਦੀਆਂ, ਕਿਤੇ ਟਾਇਰ ਦਾ ਪਟਾਕਾ ਈ ਨਾ ਬੋਲ ਜੇ।’ ਗੱਲ ਕਰਕੇ ਉਸਨੇ ਸੜ੍ਹਾਕਾ ਮਾਰ ਕੇ ਚਾਹ ਦੀ ਲੰਮੀ ਜਿਹੀ ਘੁੱਟ ਭਰੀ।
ਕੋਲ ਬੈਠਾ ਬਠਿੰਡੇ ਵੱਲ ਦਾ ਕਲਹਿਰੀ ਮੋਰ (ਉਹ ਖੱਬੇ ਪਾਸੇ ਝੋਲ ਮਾਰ ਕੇ ਤੁਰਦਾ ਸੀ) ਬੋਲਿਆ ‘ਮੇਰੀ ਤਾਂ ਕੱਲ੍ਹ ਸਵਾਰੀ ਭੱਜਗੀ ਯਾਰ। ਸੜਿਆ ਜਿਹਾ ਬੰਦਾ ਸੀ। ਬੰਗਾਲੀ ਤਾਂ ਨ੍ਹੀਂ ਸੀ ਲੱਗਦਾ। ਕਹਿੰਦਾ ‘ਮੈਟਰੋ ਆਲੀ ਗਲੀ ’ਚ ਗੱਡੀ ਰੋਕੀਂ, ਮੈਂ ਫੁੱਲ ਫੜ ਲਿਆਵਾਂ। ਸਹੁਰਾ ਓਧਰੇ ਈ ਕਿਧਰੇ ਗਲੀਏਂ ਪੈ ਗਿਆ ਜਾਂ ਸਿਨਮਾ ’ਚ ਵੜ ਗਿਆ। ਮੈਂ ਇਕ ਫੁੱਲਾਂ ਵਾਲੇ ਨੂੰ ਪੁੱਛਿਆ, ਉਹ ਅੱਗੋਂ ਪੁੱਠਾ ਈ ਬੋਲਿਆ:
-ਏਥੇ ਅੱਧਾ ਕਲਕੱਤਾ ਫੁੱਲ ਲੈਣ ਆਉਂਦੈ, ਮੈਂ ਕੀਹਦਾ ਕੀਹਦਾ ਐਡਰੈੱਸ ਲਿਖਦਾ ਫਿਰਾਂ?’
‘ਤੂੰ ਵੀ ਜਵਾਂ ਰਾਮ ਗਊ ਐਂ। ਉੱਥੇ ਟੈਕਸੀ ’ਚ ਬੈਠਾ…ਚੱਲ ਛੱਡ, ਮੇਰੇ ਮੂੰਹੋਂ ਪੁੱਠੀ ਜਿਹੀ ਗੱਲ ਨਿਕਲ ਚੱਲੀ ਸੀ। ਪਿਓ ਦੇ ਮਗਰ ਨਹੀਂ ਸੀ ਜਾ ਹੁੰਦਾ?’ ਟਾਂਡੇ ਭੰਨ ਨੇ ‘ਕਲਹਿਰੀ ਮੋਰ’ ਦਾ ਜਿਵੇਂ ਖੰਭ ਖਿੱਚ ਲਿਆ।
‘ਆਹ ਮੋਗੇ ਆਲਾ ਕਿਵੇਂ ਚਾਹ ਪੀਂਦਾ ਵੀ ਐਂ ਮੂੰਹ ਬਣਾਈ ਖੜ੍ਹੈ ਜਿਵੇਂ ਕੜੈਣ ਪੀਤੀ ਹੁੰਦੀ ਹੈ?’ ਇਕ ਪਾਸੇ ਬੈਠਾ ਨਾਈ ਤੋਂ ਖ਼ਤ ਕਢਵਾਉਂਦਾ 1199 ਵਾਲਾ ਮੇਰੇ ਵੱਲ ਤੀਰ ਚਲਾ ਗਿਆ।
‘ਇਹਦੀਆਂ ਅੱਖਾਂ ਦੇ ਖ਼ਤ ਵੀ ਕੱਢਦੀਂ, ਇਸਨੂੰ ਦਿੱਸਦਾ ਨ੍ਹੀਂ ਚੰਗੀ ਤਰ੍ਹਾਂ।’ ਮੈਂ ਮੋੜ ਕੀਤਾ।
‘ਦੋਧੇ ਚੂੰਡਦਾ ਆ ਗਿਐਂ ਕਲਕੱਤੇ, ਤੇਰੇ ਵਸ ਨ੍ਹੀਂ ਮਾਸਟਰਾ?’
ਮੈਂ ਅਜੇ 1199 ਵਾਲੇ ਦੀ ਗੱਲ ਦਾ ਜਵਾਬ ਦੇਣ ਹੀ ਲੱਗਾ ਸੀ, ‘ਕਲਹਿਰੀ ਮੋਰ’ ਬੋਲਿਆ- ‘ਦੁਆਬੀਏ ਮੱਕੀ ਦੇ ਖੇਤਾਂ ’ਚੋਂ ਈ ਨ੍ਹੀਂ ਨਿਕਲਦੇ।’
ਉਦੋਂ ਹੀ ਕੋਲ ਆਣ ਖੜ੍ਹੇ ਚੰਦਾਂ ਵਾਲੇ ਕਾਕੇ ਨੇ ਵਾਰਤਾਲਾਪ ਦੀ ਸੁਰ ਹੀ ਬਦਲ ਦਿੱਤੀ:
‘ਅੱਜ ਗਿਆਰਾਂ ਕੁ ਵਜੇ ਵੀ.ਆਈ.ਪੀ. ਰੋਡ ’ਤੇ ਪਿਆਰੇ ਦੀ ਗੱਡੀ ਖੋਹ ਲਈ ਗੁੰਡਿਆਂ ਨੇ।’
‘ਕਿਹੜੇ ਪਿਆਰੇ ਦੀ?’ ਟਾਂਡੇ ਭੰਨ ਨੇ ਫ਼ਿਕਰ ਨਾਲ ਪੁੱਛਿਆ।
‘ਪਿਆਰਾ ਓਹੀ ਯਾਰ, ਜਾਣਦਾ ਨ੍ਹੀਂ ਤੂੰ, ਢਿੱਡਲਾਂ ਦਾ।’
‘ਅੱਛਾ, ਅੱਛਾ, ਕੌਣ ਸੀਗੇ?’
‘ਐਂ ਕੀ ਪਤਾ ਲੱਗਦੈ, ਮਾਣਕ ਤੱਲਾ ਤੋਂ ਚਾਰ ਜਣੇ ਬੈਠੇ ਸੀ ਟੈਕਸੀ ’ਚ ਆਂਹਦੇ ‘ਸਾਲਟ ਲੇਕ’ ਜਾਣੈ। ਵੀ.ਆਈ. ਰੋਡ ’ਤੇ ਜਾ ਕੇ ਛੁਰਾ ਧੌਣ ’ਤੇ ਲਾ ਕੇ ਕਹਿੰਦੇ, ‘ਜੇਬ ਖਾਲੀ ਕਰਦੇ, ਗੱਡੀ ਸਟਾਰਟ ਰਹਿਣ ਦੇ ਤੇ ਹੇਠਾਂ ਉਤਰ। ਪਿਆਰਾ ਅੜ ਗਿਆ। ਹੱਥੋਪਾਈ ਹੋਈ। ਇਕ ਦੇ ਨੱਕ ’ਤੇ ਉਸਨੇ ਘਸੁੰਨ ਵੀ ਮਾਰਿਆ, ਪਰ ਕਿੱਥੇ ਚਾਰ, ਕਿੱਥੇ ਇਕ। ਕੰਜਰ ਪਿਆਰੇ ਨੂੰ ਜ਼ਖਮੀ ਵੀ ਕਰ ਗਏ ਪੈਸੇ ਵੀ ਲੈ ਗਏ, ਗੱਡੀ ਵੀ ਲੈ ਗਏ।’ ਦੱਸਦਿਆਂ ਕਾਕੇ ਨੇ ਇਉਂ ਉਦਾਸ ਜਿਹਾ ਮੂੰਹ ਬਣਾਇਆ ਜਿਵੇਂ ਉਸਦੀ ਆਪਣੀ ਗੱਡੀ ਖੋਹੀ ਗਈ ਹੋਵੇ। ਸਾਰੇ ਉਦਾਸ ਹੋ ਗਏ।
‘ਆਪਣੇ ਸਾਰਿਆਂ ਨਾਲ ਏਦਾਂ ਈ ਹੋਣੀ ਆ ਭਾਅ। ਪੁਲਸ ਤਾਂ ਇਨ੍ਹਾਂ ਗੁੰਡਿਆਂ ਨਾਲ ਮਿਲੀ ਹੋਈ ਆ। ਰਫੂਜ਼ (ਰਿਫਊਜ਼) ਕਰੋ ਤਾਂ ਕੇਸ ਗੱਡੀ ਪਾਰਕ ਕਰੋ ਤਾਂ ਕੇਸ, ਕਿਸੇ ਸਵਾਰੀ ਨਾਲ ਝਗੜਾ ਹੋ ਗਿਆ ਤਾਂ ਕੇਸ। ਹੁਣ ਗੱਡੀਆਂ ਦੱਸੋ ਅਸੀਂ…।’ ਮੇਰੇ ਮੂੰਹੋਂ ਗੱਲ ਬੜੀ ਗ਼ਲਤ ਨਿਕਲਣ ਲੱਗੀ ਸੀ। ਹੁਣੇ ਹੁਣੇ ਆਇਆ ਸਾਡੀਆਂ ਗੱਲਾਂ ਸੁਣਦਾ ਭਾਊ, ਆਪਣਾ ਗੁੱਸਾ ਝਾੜ ਕੇ ਚਾਹ ਦਾ ਆਰਡਰ ਦੇਣ ਚਲਾ ਗਿਆ।
‘ਚੱਲੀਏ ਹੁਣ ਦਿਹਾੜੀ ਲਾਈਏ। ਮਾਲਕ ਨੂੰ ਵੀ ਦੇਣੇ ਐਂ।’ ਟਾਂਡੇ ਭੰਨ ਬੋਲਿਆ।
‘ਸਰੀਰ ਤਾਂ ਬਣਾਜਾ ਫਿਰ। ਸਾਰਾ ਈ ਖਿੱਲਰਿਆ ਪਿਐ।’ ਕਲਹਿਰੀ ਮੋਰ ਨੇ ਉਬਾਸੀ ਲਈ। ਢਾਬੇ ਉੱਪਰ ਡਰਾਈਵਰ ਆਉਂਦੇ-ਜਾਂਦੇ ਰਹੇ। ਪਰੌਂਠਿਆਂ ਅਤੇ ਚਾਹਾਂ ਦੇ ਆਰਡਰ ਹੁੰਦੇ ਰਹੇ। ਚੰਦਾਂ ਵਾਲਾ ਕਾਕਾ ਵੀ ‘ਗੱਡੀ ਡਰੈਵਰ ਨੂੰ ਫੜਾਉਣੀ ਐ।’ ਆਖ ਕੇ ਚਲਾ ਗਿਆ।
ਮੈਂ ਸੋਚ ਰਿਹਾ ਸਾਂ, ਇਸ ਤਰ੍ਹਾਂ ਮਹਾਂਨਗਰਾਂ ਵਿਚ ਅਸੀਂ ਦਿਹਾੜੀਏ ਬਣ ਕੇ ਰਹਿ ਗਏ ਸਾਂ। ਬੜੀ ਵਾਰ ਮੈਨੂੰ ਮੋਗੇ ਦੇ ਲੇਬਰ ਚੌਕ ਵਿਚ ਖੜ੍ਹੀ ਮਜ਼ਦੂਰਾਂ ਦੀ ਭੀੜ ਯਾਦ ਆਈ ਹੈ। ਇਹੋ ਜਿਹੇ ਢਾਬਿਆਂ ’ਤੇ ਅਫ਼ਵਾਹਾਂ ਦੇ ਖੰਭ ਨਹੀਂ, ਅਫ਼ਵਾਹਾਂ ਦੀਆਂ ਡਾਰਾਂ ਉਡਦੀਆਂ ਹਨ। ਮਹਾਂਨਗਰ ਵਿਚ ਮਨੋਰੰਜਨ ਲਈ ਇਹ ਸਭ ਤੋਂ ਸਸਤਾ ਸ਼ੁਗਲ ਹੈ। ਹੁਣ ਪੰਜਾਬ ਆ ਗਿਆ ਹਾਂ, ਪਰ ਉਹ ਢਾਬੇ, ਉਹ ਹੋਟਲ, ਉਹ ਯਾਰ -ਬੇਲੀ ਬੜੇ ਯਾਦ ਆਉਂਦੇ ਹਨ। ਹਰ ਰੋਜ਼ ਹੀ ਕਦੇ ਗੁਜਰਾਤੀ, ਕਦੇ ਸਿੰਧੀ, ਕਦੇ ਬਿਹਾਰੀ, ਕਦੇ ਵਿਦੇਸ਼ੀ ਹਰ ਤਰ੍ਹਾਂ ਦੇ ਲੋਕਾਂ ਨਾਲ ਵਾਹ ਪੈਂਦਾ ਰਹਿੰਦਾ ਸੀ। ਹੁਣ ਇਹ ਸਾਰਾ ਕੁਝ ਇਕ ਸੁਨਹਿਰੀ ਸੁਪਨੇ ਵਾਂਗ ਦਿਸਦਾ ਹੈ।
ਸੰਪਰਕ: 98147-83069


Comments Off on ਗੁਆਚ ਗਏ ਉਹ ਦਿਨ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.