ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਵੇਲਾ

Posted On February - 15 - 2020

ਡਾ. ਰਣਜੀਤ ਸਿੰਘ
ਪੰਜਾਬ ਵਿਚ ਸਬਜ਼ੀਆਂ ਹੇਠ ਬਹੁਤ ਘਟ ਰਕਬਾ ਹੈ। ਇਹ ਮਸਾਂ 270 ਹਜ਼ਾਰ ਹੈਕਟੇਅਰ ਹੈ ਜਿਸ ਵਿਚੋਂ ਅੱਧਾ ਰਕਬਾ ਕੇਵਲ ਆਲੂਆਂ ਅਤੇ ਮਟਰਾਂ ਹੇਠ ਹੀ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਬਹੁਤ ਘੱਟ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਜੇ ਮੰਡੀ ਲਈ ਨਹੀਂ ਤਾਂ ਘੱਟੋ-ਘੱਟ ਘਰ ਦੀ ਲੋੜ ਪੂਰੀ ਕਰਨ ਲਈ ਸਬਜ਼ੀਆਂ ਦੀ ਕਾਸ਼ਤ ਜ਼ਰੂਰ ਕੀਤੀ ਜਾਵੇ। ਸਬਜ਼ੀਆਂ ਵਿੱਚ ਬਹੁਤ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ ਜਿਹੜੇ ਸਰੀਰ ਦੀ ਤੰਦਰੁਸਤੀ ਲਈ ਜ਼ਰੂਰੀ ਹਨ। ਪਰ ਇਹ ਖ਼ੁਰਾਕੀ ਤੱਤ ਜ਼ਹਿਰਾਂ ਰਹਿਤ ਤੇ ਤਾਜ਼ੀਆਂ ਸਬਜ਼ੀਆਂ ਤੋਂ ਹੀ ਪ੍ਰਾਪਤ ਹੋ ਸਕਦੇ ਹਨ। ਗਰਮੀਆਂ ਦੀਆਂ ਸਬਜ਼ੀਆਂ ਦਾ ਇਹ ਫ਼ਾਇਦਾ ਹੈ ਕਿ ਇਕ ਵਾਰ ਲਗਾਈਆਂ ਵੇਲਾਂ ਕਈ ਮਹੀਨੇ ਸਬਜ਼ੀ ਦਿੰਦੀਆਂ ਰਹਿੰਦੀਆਂ ਹਨ।
ਖਰਬੂਜ਼ਾ ਅਤੇ ਤਰਬੂਜ਼ ਗਰਮੀਆਂ ਦੇ ਤੋਹਫ਼ੇ ਹਨ। ਇਨ੍ਹਾਂ ਦੀ ਕੁੱਝ ਰਕਬੇ ਵਿੱਚ ਕਾਸ਼ਤ ਜ਼ਰੂਰ ਕੀਤੀ ਜਾਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖਰਬੂਜ਼ੇ ਦੀਆਂ ਵਧੀਆ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਕਿਸਮਾਂ ਦੇ ਖਰਬੂਜ਼ੇ ਬਹੁਤ ਮਿੱਠੇ ਤੇ ਸੁਆਦੀ ਹੋਣ ਕਰ ਕੇ ਮੰਡੀ ਵਿੱਚ ਹੱਥੋ-ਹੱਥ ਵਿਕ ਜਾਂਦੇ ਹਨ।
ਐੱਮ ਐੱਚ-51, ਐਮ ਐੱਚ-27, ਪੰਜਾਬ ਹਾਈਬ੍ਰਿਡ, ਪੰਜਾਬ ਸੁਨਹਿਰੀ ਤੇ ਹਰਾ ਮੱਧੂ ਖਰਬੂਜ਼ੇ ਦੀਆਂ ਉੱਨਤ ਕਿਸਮਾਂ ਹਨ। ਇਨ੍ਹਾਂ ਦੀ ਬਿਜਾਈ ਖੇਲਾਂ ਬਣਾ ਕੇ ਕਰਨੀ ਚਾਹੀਦੀ ਹੈ। ਖਰਬੂਜ਼ੇ ਲਈ ਖੇਲਾਂ ਵਿਚਕਾਰ ਤਿੰਨ ਮੀਟਰ ਫ਼ਾਸਲਾ ਰੱਖਿਆ ਜਾਵੇ ਪਰ ਹਰਾ ਮਧੂ ਲਈ ਇਹ ਫ਼ਾਸਲਾ ਚਾਰ ਮੀਟਰ ਕਰ ਦੇਣਾ ਚਾਹੀਦਾ ਹੈ। ਜੇ ਚੋਕੇ ਨਾਲ ਬੀਜ ਬੀਜੇ ਜਾਣ ਤਾਂ ਇਕ ਏਕੜ ਲਈ ਕੇਵਲ 400 ਗ੍ਰਾਮ ਬੀਜ ਚਾਹੀਦਾ ਹੈ ਅਤੇ ਤਰਬੂਜ਼ ਲਈ ਢਾਈ ਮੀਟਰ ਫ਼ਾਸਲਾ ਰੱਖਿਆ ਜਾਵੇ। ਤਰਬੂਜ਼ ਦਾ ਇੱਕ ਏਕੜ ਲਈ 1ੌ ਕਿਲੋ ਬੀਜ ਚਾਹੀਦਾ ਹੈ। ਸ਼ੂਗਰ ਬੇਬੀ ਤਰਬੂਜ਼ ਦੀ ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਖੇਤ ਤਿਆਰ ਕਰਦੇ ਸਮੇਂ ਘੱਟੋ-ਘੱਟ 10 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਤੋਂ ਇਲਾਵਾ ਬਿਜਾਈ ਸਮੇਂ 35 ਕਿਲੋ ਯੂਰੀਆ 155 ਕਿਲੋ ਸੁਪਰਫਾਸਫੇਟ ਅਤੇ 25 ਕਿਲੋ ਪੋਟਾਸ਼ ਪਾਈ ਜਾਵੇ। ਇਨ੍ਹਾਂ ਦੀ ਅਗੇਤੀ ਬਿਜਾਈ ਕੀਤੀ ਜਾਵੇ ਤਾਂ ਜੋ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪੂਰਾ ਫ਼ਲ ਤੋੜਿਆ ਜਾ ਸਕੇ । ਬਿਜਾਈ ਹਮੇਸ਼ਾਂ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿੱਚ ਹੀ ਕਰੋ।
ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਕਰੇਲਾ ਅਤੇ ਘੀਆ ਤੋਰੀ ਪ੍ਰਮੁੱਖ ਹਨ। ਪੰਜਾਬ ਚੱਪਣ ਕੱਦੂ-1, ਚੱਪਣ ਕੱਦੂ ਦੀ, ਪੀ ਬੀ ਐੱਚ-1, ਪੀ.ਏ.ਯੂ. ਮਗਜ ਕੱਦੂ, ਪੀਪੀਐੱਚ-2 ਅਤੇ ਪੰਜਾਬ ਸਮਰਾਟ ਹਲਵਾ ਕੱਦੂ ਦੀਆਂ ਪੰਜਾਬ ਬਰਕਤ, ਪੰਜਾਬ ਬਹਾਰ, ਪੰਜਾਬ ਲੌਂਗ ਤੇ ਪੰਜਾਬ ਕੋਮਲ ਘੀਆ ਕੱਦੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਪੰਜਾਬ ਕਰੇਲੀ-1, ਪੰਜਾਬ-14, ਕਰੇਲੇ ਦੀਆਂ, ਪੰਜਾਬ ਝਾੜ ਕਰੇਲਾ-1 ਝਾੜ ਕਰੇਲੇ ਦੀ, ਪੰਜਾਬ ਕਾਲੀ ਤੋਰੀ-9 ਤੇ ਪੂਸਾ ਚਿਕਨੀ ਘੀਆ ਤੋਰੀ ਦੀਆਂ ਕਿਸਮਾਂ ਹਨ। ਸਾਰੀਆਂ ਸਬਜ਼ੀਆਂ ਲਈ ਦੋ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ ਪਰ ਹਲਵਾ ਕੱਦੂ ਲਈ ਇੱਕ ਕਿਲੋ ਬੀਜ ਹੀ ਕਾਫ਼ੀ ਹੈ। ਕਰੇਲਾ ਅਤੇ ਚੱਪਣ ਕੱਦੂ ਲਈ 1ੌ ਮੀਟਰ ਚੌੜੀਆਂ, ਘੀਆ ਕੱਦੂ ਲਈ ਦੋ ਮੀਟਰ, ਹਲਵਾ ਕੱਦੂ ਅਤੇ ਘੀਆ ਤੋਰੀ ਲਈ ਤਿੰਨ ਮੀਟਰ ਚੌੜੀਆਂ ਕਿਆਰੀਆਂ ਬਣਾਵੋ। ਕਿਆਰੀਆਂ ਦੇ ਦੋਵੇਂ ਪਾਸੇ ਬੀਜ ਬੀਜੇ ਜਾਣ ਤੇ ਇੱਕ ਥਾਂ ਦੋ ਬੀਜ ਬੀਜੋ। ਖੇਤ ਵਿੱਚ ਰੂੜੀ ਪਾਉਣੀ ਜ਼ਰੂਰੀ ਹੈ। ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀਆਂ ਸਿਫ਼ਾਰਸਾਂ ਅਨੁਸਾਰ ਹੀ ਕਰਨੀ ਚਾਹੀਦੀ ਹੈ।
ਤਰ ਅਤੇ ਖੀਰਾ ਦੋ ਹੋਰ ਵੇਲਾਂ ਵਾਲੀਆਂ ਸਬਜ਼ੀਆਂ ਹਨ ਪਰ ਇਨ੍ਹਾਂ ਦੀ ਵਰਤੋਂ ਸਲਾਦ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਪੰਜਾਬ ਲੌਂਗ ਮੈਲਨ-1 ਤਰ ਦੀ ਅਤੇ ਪੰਜਾਬ ਨਵੀਨ ਤੇ ਪੰਜਾਬ ਖੀਰਾ-1 ਖੀਰੇ ਦੀਆਂ ਉੱਨਤ ਕਿਸਮਾਂ ਹਨ। ਇੱਕ ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਕਾਫ਼ੀ ਹੈ। ਇਨ੍ਹਾਂ ਦੀ ਬਿਜਾਈ ਲਈ 2ੌ ਮੀਟਰ ਚੌੜੀਆਂ ਕਿਆਰੀਆਂ ਬਣਾਵੋ। ਬਿਜਾਈ ਅਤੇ ਖਾਦਾਂ ਦੀ ਵਰਤੋਂ ਦੂਜੀਆਂ ਸਬਜ਼ੀਆਂ ਵਾਂਗ ਹੀ ਕੀਤੀ ਜਾਵੇ। ਟਿੰਡਾ ਇੱਕ ਹੋਰ ਵੇਲਾਂ ਵਾਲੀ ਗਰਮੀਆਂ ਦੀ ਮੁੱਖ ਸਬਜ਼ੀ ਹੈ। ਟਿੰਡਾ 48 ਅਤੇ ਪੰਜਾਬ ਟਿੰਡਾ-1 ਇਸ ਦੀਆਂ ਉੱਨਤ ਕਿਸਮਾਂ ਹਨ। ਇਕ ਏਕੜ ਲਈ 1ੌ ਕਿਲੋ ਬੀਜ ਚਾਹੀਦਾ ਹੈ। ਇਸੇ ਲੜੀ ਵਿੱਚ ਪੇਠਾ ਇੱਕ ਹੋਰ ਸਬਜ਼ੀ ਹੈ। ਇਸ ਦੀ ਵਰਤੋਂ ਮਠਿਆਈ ਅਤੇ ਵੜੀਆਂ ਬਣਾਉਣ ਲਈ ਕੀਤੀ ਜਾਂਦੀ ਹੈ। ਪੀ.ਏ.ਜੀ-3 ਉੱਨਤ ਕਿਸਮ ਹੈ। ਇਸ ਤੋਂ ਕੋਈ 120 ਕੁਇੰਟਲ ਪੇਠੇ ਪ੍ਰਤੀ ਏਕੜ ਪ੍ਰਾਪਤ ਹੋ ਜਾਂਦੇ ਹਨ। ਇੱਕ ਏਕੜ ਲਈ ਦੋ ਕਿਲੋ ਬੀਜ ਵਰਤੋ ਜਿਸ ਦੀ ਬਿਜਾਈ ਤਿੰਨ ਮੀਟਰ ਫ਼ਾਸਲੇ ’ਤੇ ਬਣਾਈਆਂ ਖੇਲਾਂ ਦੇ ਦੋਵੇਂ ਪਾਸੇ ਕਰੋ। ਇਕ ਥਾਂ ਦੋ ਬੀਜ ਬੀਜੋ।
ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨੀ ਜ਼ਰੂਰੀ ਹੈ। ਖੇਤ ਵਿੱਚ ਰੋਜ਼ ਗੇੜਾ ਜ਼ਰੂਰ ਮਾਰਿਆ ਜਾਵੇ ਜੇ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਸ਼ੁਰੂ ਵਿੱਚ ਹੀ ਇਨ੍ਹਾਂ ਨੂੰ ਕਾਬੂ ਕਰੋ। ਸਬਜ਼ੀਆਂ ਉੱਤੇ ਜ਼ਹਿਰਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਜੇ ਲੋੜ ਪਵੇ ਤਾਂ ਕੇਵਲ ਸਿਫ਼ਾਰਸ਼ ਕੀਤੀ ਜ਼ਹਿਰ ਅਤੇ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਹੀ ਵਰਤੋਂ ਕੀਤੀ ਜਾਵੇ। ਜ਼ਹਿਰਾਂ ਦੀ ਵਰਤੋਂ ਪਿਛੋਂ ਉਨੇ ਦਿਨ ਸਬਜ਼ੀ ਨਾ ਤੋੜੀ ਜਾਵੇ ਜਿੰਨੇ ਦਿਨਾਂ ਦੀ ਹਿਦਾਇਤ ਕੀਤੀ ਗਈ ਹੋਵੇ।
ਇਨ੍ਹਾਂ ਦਿਨਾਂ ਵਿੱਚ ਗੰਨੇ ਦੀ ਕਟਾਈ ਜ਼ੋਰਾਂ ’ਤੇ ਹੈ ਖੰਡ ਮਿਲਾਂ ਦੇ ਦੇਰੀ ਨਾਲ ਚਾਲੂ ਹੋਣ ਕਰ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸਾਫ਼-ਸੁਥਰੇ ਗੰਨੇ ਮਿੱਲਾਂ ’ਤੇ ਲੈ ਕੇ ਜਾਵੋ। ਜੇ ਵਿਕਰੀ ਵਿਚ ਕੋਈ ਦਿੱਕਤ ਆ ਰਹੀ ਹੈ ਤਾਂ ਇਸ ਦਾ ਗੁੜ ਤੇ ਸ਼ੱਕਰ ਬਣਾ ਕੇ ਵੀ ਵੇਚੇ ਜਾ ਸਕਦੇ ਹਨ। ਕੁਝ ਕਿਸਾਨਾਂ ਵੱਲੋਂ ਗੁੜ ਨੂੰ ਖ਼ੁਸ਼ਕ ਮੇਵੇ ਪਾ ਕੇ ਮਿਠਾਈ ਦੇ ਰੂਪ ਵਿੱਚ ਡੱਬੇ ਬੰਦ ਕਰ ਕੇ ਮਾਰਕਫੈੱਡ ਰਾਹੀਂ ਵੀ ਵੇਚਿਆ ਜਾ ਰਿਹਾ ਹੈ ਤੇ ਵੱਧ ਪੈਸੇ ਕਮਾ ਰਹੇ ਹਨ। ਜਿਹੜੀ ਫ਼ਸਲ ਦਾ ਮੋਢਾ ਰੱਖਣਾ ਹੈ, ਉਸ ਨੂੰ ਧਰਤੀ ਦੇ ਨਾਲੋਂ ਕੱਟੋ। ਪਿੱਛੋਂ ਪਾਣੀ ਲਗਾ ਦੇਵੋ। ਜੇ ਕਮਾਦ ਨੂੰ ਕੋਈ ਬਿਮਾਰੀ ਲੱਗੀ ਹੋਈ ਹੈ ਤਾਂ ਉਸ ਦਾ ਮੋਢਾ ਨਾ ਰੱਖਿਆ ਜਾਵੇ। ਕਮਾਦ ਦੀ ਨਵੀਂ ਬਿਜਾਈ ਦਾ ਸਮਾਂ ਵੀ ਆ ਗਿਆ ਹੈ। ਲੋੜ ਅਨੁਸਾਰ ਬੀਜ ਦਾ ਪ੍ਰਬੰਧ ਕਰ ਲਵੋ। ਜੇ ਵੱਧ ਰਕਬੇ ਵਿਚ ਬਿਜਾਈ ਕਰਨੀ ਹੈ ਤਾਂ ਕੁਝ ਅਗੇਤੀਆਂ ਅਤੇ ਕੁਝ ਪਿਛੇਤੀਆਂ ਕਿਸਮਾਂ ਬੀਜੋ। ਸੀ.ਓ.ਪੀ.ਬੀ.-92, ਸੀ.ਓ.-118, ਸੀ.ਓ.ਜੇ.-85 ਅਤੇ ਸੀ.ਓ.ਜੇ.-64 ਅਗੇਤੀਆਂ ਕਿਸਮਾਂ ਹਨ। ਸੀ.ਓ.ਪੀ.ਬੀ.-93, ਸੀ.ਓ.ਪੀ.ਬੀ.-94, ਸੀ.ਓ. 238, ਸੀ.ਓ.ਪੀ.ਬੀ.91 ਅਤੇ ਸੀ.ਓ.ਜੇ. 88 ਮੁੱਖ ਸਮੇਂ ਦੀਆਂ ਕਿਸਮਾਂ ਹਨ। ਬੀਜ ਹਮੇਸ਼ਾ ਰੋਗ ਰਹਿਤ ਨਰੋਆ ਅਤੇ ਸਿਫ਼ਾਰਸ਼ ਕੀਤੀ ਕਿਸਮ ਦਾ ਹੀ ਬੀਜਿਆ ਜਾਵੇ। ਇਕ ਏਕੜ ਲਈ ਤਿੰਨ ਅੱਖਾਂ ਵਾਲੀਆਂ ਕੋਈ 20 ਹਜ਼ਾਰ ਪੱਛੀਆਂ ਚਾਹੀਦੀਆਂ ਹਨ।

ਡਾ. ਰਣਜੀਤ ਸਿੰਘ

ਅਰਬੀ ਦੀ ਬਿਜਾਈ ਬਹੁਤ ਘੱਟ ਕਿਸਾਨ ਕਰਦੇ ਹਨ। ਜੇ ਇਸ ਦੀ ਬਿਜਾਈ ਕਰਨੀ ਹੈ ਤਾਂ ਇਸੇ ਹਫ਼ਤੇ ਪੂਰੀ ਕਰ ਲਵੋ। ਪੰਜਾਬ ਵਿੱਚ ਕਾਸ਼ਤ ਲਈ ‘ਪੰਜਾਬ ਅਰਬੀ-1’ ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਇੱਕ ਏਕੜ ਵਿਚੋਂ ਕੋਈ 90 ਕੁਇੰਟਲ ਅਰਬੀ ਪ੍ਰਾਪਤ ਹੋ ਜਾਂਦੀ ਹੈ। ਅਰਬੀ ਦੀ ਬਿਜਾਈ ਇਸ ਦੀਆਂ ਗੰਢੀਆਂ ਨਾਲ ਕੀਤੀ ਜਾਂਦੀ ਹੈ। ਇਕ ਏਕੜ ਲਈ ਕੋਈ 3ੌ ਕੁਇੰਟਲ ਰੋਗ ਰਹਿਤ, ਨਰੋਈਆਂ ਤੇ ਦਰਮਿਆਨੇ ਆਕਾਰ ਦੀਆਂ ਗੰਢੀਆਂ ਦੀ ਲੋੜ ਪੈਂਦੀ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 60 ਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਬਿਜਾਈ ਪਿੱਛੋਂ ਪਾਣੀ ਦੇਵੋ। ਜਦੋਂ ਤੱਕ ਗੰਢੀਆਂ ਉੱਗ ਨਾ ਪੈਣ ਖੇਤ ਨੂੰ ਗਿੱਲਾ ਰੱਖਿਆ ਜਾਵੇ। ਖੇਤ ਤਿਆਰ ਕਰਦੇ ਸਮੇਂ ਘੱਟੋ-ਘੱਟ 10 ਟਨ ਰੂੜੀ ਪਾਈ ਜਾਵੇ। ਬਿਜਾਈ ਸਮੇਂ 45 ਕਿਲੋ ਯੂਰੀਆ, 125 ਕਿਲੋ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ। ਮਹੀਨੇ ਪਿੱਛੋਂ ਗੋਡੀ ਕਰੋ ਤੇ 45 ਕਿਲੋ ਯੂਰੀਆ ਹੋਰ ਪਾ ਕੇ ਮਿੱਟੀ ਚਾੜ੍ਹ ਦੇਵੋ। ਇਹ ਫ਼ਸਲ ਤਿਆਰ ਹੋਣ ਨੂੰ ਕੋਈ ਛੇ ਮਹੀਨੇ ਲੈਂਦੀ ਹੈ। ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਅਤੇ ਫ਼ਲਦਾਰ ਬੂਟੇ ਲਗਾਉਣ ਵਿੱਚ ਹੋਰ ਦੇਰ ਨਹੀਂ ਕਰਨੀ ਚਾਹੀਦੀ।


Comments Off on ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਵੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.