ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਖਾ ਲਈ ਨਸ਼ਿਆਂ ਨੇ…

Posted On February - 22 - 2020

ਸੁਖਦੇਵ ਮਾਦਪੁਰੀ

ਪੰਜਾਬ ਦੇ ਪਿੰਡਾਂ ਵਿਚ ਆਮ ਤੌਰ ’ਤੇ ਸ਼ਰਾਬ ਨੂੰ ਦਾਰੂ ਆਖਦੇ ਹਨ। ਦਾਰੂ ਫ਼ਾਰਸੀ ਦਾ ਸ਼ਬਦ ਹੈ ਜੋ ਦਵਾ ਦਾਰੂ, ਦਵਾਈ-ਬੂਟੀ ਅਤੇ ਔਸ਼ਧੀ ਲਈ ਵਰਤਿਆ ਜਾਂਦਾ ਹੈ।
ਤਿੰਨ ਚਾਰ ਦਹਾਕੇ ਪਹਿਲਾਂ ਪੰਜਾਬ ਦੇ ਲੋਕ ਜੀਵਨ ਵਿਚ ਸ਼ਰਾਬ ਦੀ ਵਰਤੋਂ ਬਹੁਤ ਘੱਟ ਹੁੰਦੀ ਸੀ। ਸ਼ਰਾਬ ਪੀਣ ਦੇ ਸ਼ੌਕੀਨ ਆਮ ਤੌਰ ’ਤੇ ਮੇਲਿਆਂ ਮਸਾਹਵਿਆਂ, ਲੋਹੜੀ, ਦੀਵਾਲੀ ਤੇ ਵਿਸਾਖੀ ਨੂੰ ਮੁੰਡੇ ਦੇ ਜਨਮ ਦੀ ਖ਼ੁਸ਼ੀ ’ਚ ਅਤੇ ਵਿਆਹ ਦੇ ਮੌਕੇ ’ਤੇ ਥੋੜ੍ਹੀ ਮਾਤਰਾ ਵਿਚ ਪੀ ਕੇ ਮੌਜ਼ ਮਸਤੀ ਕਰਦੇ ਸਨ। ਹਾੜ੍ਹੀ ਵੱਢਣ ਸਮੇਂ ਕਿਸਾਨ ਥਕੇਵਾਂ ਲਾਹੁਣ ਲਈ ਆਥਣੇ ਦਾਰੂ ਦਾ ਇਕ ਅਧ ਹਾੜਾ ਲਾ ਲੈਂਦੇ ਸਨ। ਪਿੰਡਾਂ ਵਿਚ ਦੇਸੀ ਸ਼ਰਾਬ ਦੇ ਠੇਕੇ ਨਾਂਮਾਤਰ ਹੀ ਹੁੰਦੇ ਸਨ। ਸ਼ਰਾਬ ਆਮ ਕਰਕੇ ਘਰ ਦੀ ਕੱਢੀ ਹੋਈ ‘ਰੂੜੀ ਮਾਰਕਾ’ ਪੀਣ ਦਾ ਰਿਵਾਜ ਸੀ। ਜਦੋਂ ਕਦੀ ਕਿਸੇ ਦੇ ਘਰ ਕੋਈ ਪ੍ਰਾਹੁਣਾ ਆਉਣਾ ਤਾਂ ਉਸਦੀ ਸੇਵਾ ਵੀ ਦਾਰੂ ਪਿਲਾ ਕੇ ਕੀਤੀ ਜਾਂਦੀ ਸੀ। ਦਾਰੂ ਪੀਣ ਦੇ ਸਬੰਧ ਵਿਚ ਕਈ ਵਰਜਣਾਂ/ਮਨਾਹੀਆਂ ਵੀ ਸਨ। ਪਿਉ-ਪੁੱਤ, ਸਹੁਰਾ-ਜੁਆਈ ਕੱਠੇ ਬੈਠ ਕੇ ਨਹੀਂ ਸੀ ਪੀਂਦੇ। ਔਰਤਾਂ ਅਤੇ ਬੱਚਿਆਂ ਨੂੰ ਸ਼ਰਾਬ ਪੀਣ ਦੀ ਮਨਾਹੀ ਸੀ। ਕੁੜੀ ਦੇ ਵਿਆਹ ’ਤੇ ਜਨੇਤੀਆਂ ਨੂੰ ਕੁੜੀ ਵਾਲੀ ਧਿਰ ਵੱਲੋਂ ਸ਼ਰਾਬ ਨਹੀਂ ਸੀ ਪਿਆਈ ਜਾਂਦੀ। ਇਨ੍ਹਾਂ ਵਰਜਣਾਂ ਦੇ ਹੁੰਦੇ ਹੋਏ ਵੀ ਸ਼ਰਾਬ ਅਤੇ ਹੋਰ ਨਸ਼ੇ ਲੁਕਵੇਂ ਰੂਪ ਵਿਚ ਪੰਜਾਬ ਦੇ ਸਮਾਜਿਕ ਜੀਵਨ ਵਿਚ ਪ੍ਰਵੇਸ਼ ਕਰਕੇ ਪੰਜਾਬੀਆਂ ਦੀ ਆਰਥਿਕਤਾ ਤੇ ਪਰਿਵਾਰਕ ਜੀਵਨ ਨੂੰ ਪ੍ਰਭਾਵਿਤ ਕਰਦੇ ਰਹੇ ਹਨ। ਅਜੋਕੇ ਸਮੇਂ ਵਿਚ ਤਾਂ ਨਸ਼ਿਆਂ ਦੀ ਹੋੜ ਨੇ ਪੰਜਾਬ ਦੀ ਜੁਆਨੀ ਨੂੰ ਕਿਸੇ ਪਾਸੇ ਜੋਗੀ ਵੀ ਨਹੀਂ ਰਹਿਣ ਦਿੱਤਾ।
ਲੋਕ ਗੀਤ ਜਨ ਸਾਧਾਰਨ ਦੇ ਹਾਵਾਂ-ਭਾਵਾਂ, ਗ਼ਮੀਆਂ-ਖ਼ੁਸ਼ੀਆਂ, ਉਮੰਗਾਂ ਅਤੇ ਉਦਗਾਰਾਂ ਦੀ ਤਰਜ਼ਮਾਨੀ ਹੀ ਨਹੀਂ ਕਰਦੇ ਬਲਕਿ ਉਨ੍ਹਾਂ ਦੇ ਜੀਵਨ ਵਿਚ ਵਾਪਰਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਰਤਾਰਿਆਂ ਦੀ ਗਾਥਾਂ ਨੂੰ ਵੀ ਬਿਆਨ ਕਰਦੇ ਹਨ। ਲੋਕ ਗੀਤ ਜ਼ੋਰੀਂ ਨਹੀਂ ਰਚੇ ਜਾਂਦੇ, ਇਹ ਤਾਂ ਉਹ ਆਬਸ਼ਾਰਾਂ ਹਨ ਜੋ ਆਪ ਮੁਹਾਰੇ ਹੀ ਵਹਿ ਤੁਰਦੀਆਂ ਹਨ।
ਪੰਜਾਬ ਦੀਆਂ ਮੁਟਿਆਰਾਂ ਨੇ ਸ਼ਰਾਬੀ, ਨਸ਼ੇਈ ਅਤੇ ਵੈਲੀ ਪਤੀਆਂ ਹੱਥੋਂ ਜਿਹੜਾ ਸੰਤਾਪ ਭੋਗਿਆ ਹੈ, ਉਸ ਸੰਤਾਪ ਦੀ ਗਾਥਾ ਨੂੰ ਉਨ੍ਹਾਂ ਨੇ ਵੇਦਨਾਤਮਕ ਸੁਰ ਵਾਲੇ ਅਨੇਕਾਂ ਲੋਕ ਗੀਤਾਂ ਰਾਹੀਂ ਬਿਆਨ ਕੀਤਾ ਹੈ। ਮੌਜ਼ ਮਸਤੀ ’ਚ ਝੂਮਦੇ, ਬਾਘੀਆਂ ਪਾਉਂਦੇ, ਬੱਕਰੇ ਬੁਲਾਉਂਦੇ, ਲੜਾਈਆਂ ਲੜਦੇ ਤੇ ਨੱਚਦੇ ਗਾਉਂਦੇ ਗੱਭਰੂਆਂ ਦੇ ਦ੍ਰਿਸ਼ ਵੀ ਇਨ੍ਹਾਂ ਵਿਚ ਮੌਜੂਦ ਹਨ। ਕੋਈ ਗੱਭਰੂ ਦਾਰੂ ਪੀ ਕੇ

ਸੁਖਦੇਵ ਮਾਦਪੁਰੀ

ਲਲਕਾਰੇ ਮਾਰਦਾ ਹੋਇਆ ਆਪਣੀ ਪਛਾਣ ਦਰਸਾਉਂਦਾ ਹੈ:
ਜੇ ਜੱਟੀਏ ਮੇਰਾ ਪਿੰਡ ਨੀਂ ਜਾਣਦੀ
ਪਿੰਡ ਨਾਨੋਵਾਲ ਕਕਰਾਲਾ
ਜੇ ਜੱਟੀਏ ਮੇਰਾ ਘਰ ਨੀਂ ਜਾਣਦੀ
ਖੂਹ ਤੇ ਦਿਸੇ ਚੁਬਾਰਾ
ਜੇ ਜੱਟੀਏ ਮੇਰਾ ਖੂਹ ਨੀਂ ਜਾਣਦੀ
ਖੂਹ ਆ ਤੂਤਾਂ ਵਾਲਾ
ਜੇ ਜੱਟੀਏ ਮੇਰਾ ਨਾਉਂ ਨੀਂ ਜਾਣਦੀ
ਨਾਉਂ ਮੇਰਾ ਦਰਬਾਰਾ
ਦਾਰੂ ਪੀਂਦੇ ਦਾ
ਸੁਣ ਜੱਟੀਏ ਲਲਕਾਰਾ
ਸ਼ਰਾਬ ਦੀ ਮਸਤੀ ’ਚ ਮੇਲਿਆਂ ਮਸਾਹਵਿਆਂ ’ਤੇ ਕੀਤੀਆਂ ਖਰਮਸਤੀਆਂ ਤੇ ਲੜਾਈਆਂ ਭੜਾਈਆਂ ਦਾ ਜ਼ਿਕਰ ਕਈ ਗੀਤਾਂ ’ਚ ਆਇਆ ਹੈ। ਜਿਹੜੇ ਗੱਭਰੂ ਸ਼ਰਾਬ ਪੀਣ ਦੀ ਆਦਤ ਦੇ ਸ਼ਿਕਾਰ ਹੋ ਜਾਂਦੇ ਹਨ, ਉਹ ਕਾਸੇ ਜੋਗੇ ਨਹੀਂ ਰਹਿੰਦੇ। ਉਨ੍ਹਾਂ ਦੀ ਜਵਾਨੀ ਉਨ੍ਹਾਂ ਦਾ ਸਾਥ ਨਹੀਂ ਦਿੰਦੀ। ਜਦੋਂ ਕਦੇ ਅਜਿਹੇ ਨਿੱਤ ਦੇ ਸ਼ਰਾਬੀ ਬੰਦੇ ਦਾ ਵਿਆਹ ਮੁਕਲਾਵਾ ਹੋ ਜਾਵੇ ਤਾਂ ਪੰਜਾਬ ਦੀ ਲੋਕ ਆਤਮਾ ਉਸ ਨਾਲ ਵਿਆਹੀ ਨਾਜ਼ੁਕ ਜਿਹੀ ਨਾਰ ਦੀ ਹੋਣੀ ’ਤੇ ਹੰਝੂ ਕੇਰਦੀ ਹੈ:
ਸੁਖਾਨੰਦ ਦੇ ਦੋ ਮੁੰਡੇ ਸੁਣੀਂਦੇ
ਬਹੁਤੀ ਪੀਂਦੇ ਦਾਰੂ
ਘੋੜੀ ਮਗਰ ਬਛੇਰੀ ਸੋਂਹਦੀ
ਬੋਤੀ ਮਗਰ ਬਤਾਰੂ
ਕਣਕਾਂ ਰੋਜ਼ ਦੀਆਂ
ਛੋਲੇ ਬੀਜ ਲੈ ਮਾਰੂ
ਏਸ ਪਟੋਲ੍ਹੇ ਨੂੰ
ਕੀ ਮੁਕਲਾਵਾ ਤਾਰੂ
ਕਈ ਵਾਰ ਮਾਪੇ ਜਾਣਦੇ ਹੋਵੇ ਵੀ ਵੱਡੇ ਘਰ ਦੇ ਲਾਲਚ ਵਿਚ ਆ ਕੇ ਆਪਣੀ ਮਲੂਕ ਜਿਹੀ ਧੀ ਨੂੰ ਕਿਸੇ ਸ਼ਰਾਬੀ ਦੇ ਲੜ ਲਾ ਦਿੰਦੇ ਹਨ। ਉਨ੍ਹਾਂ ਦੀ ਸੋਚਣੀ ਹਾਂ ਪੱਖੀ ਹੁੰਦੀ ਹੈ। ਉਹ ਸਮਝਦੇ ਹਨ ਕਿ ਵਿਆਹ ਤੋਂ ਬਾਅਦ ਜ਼ਿੰਮੇਵਾਰੀ ਪੈਣ ’ਤੇ ਮੁੰਡਾ ਆਪੇ ਸੁਧਰ ਜਾਵੇਗਾ, ਪਰ ਸੁਧਰਨ ਦੀ ਥਾਂ ਧੀ ਨੂੰ ਜਿਹੋ ਜਿਹਾ ਜੀਵਨ ਬਣਾਉਣਾ ਪੈਂਦਾ ਹੈ, ਉਸ ਬਾਰੇ ਉਹ ਗਿੱਧੇ ਦੇ ਪਿੜ ਵਿਚ ਆਪਣੇ ਮਾਪਿਆਂ ਨੂੰ ਉਲਾਂਭਾ ਦਿੰਦੀ ਹੈ:
ਸੁਣ ਵੇ ਤਾਇਆ
ਸੁਣ ਵੇ ਚਾਚਾ
ਸੁਣ ਵੇ ਬਾਬਲ ਲੋਭੀ
ਦਾਰੂ ਪੀਣੇ ਨੂੰ
ਮੈਂ ਕੂੰਜ ਕਿਉਂ ਡੋਬੀ
ਮਾਪਿਆਂ ਆਪਣਾ ਫਰਜ਼ ਪੂਰਾ ਕਰ ਦਿੱਤਾ, ਕੁੜੀ ਵਿਆਹ ਦਿੱਤੀ, ਅੱਗੇ ਕੁੜੀ ਦੇ ਭਾਗ। ਪਰ ਕੂੰਜ ਕੁਰਲਾਉਂਦੀ ਰਹਿੰਦੀ ਹੈ। ਆਪਣੇ ਸ਼ਰਾਬੀ ਪਤੀ ਅੱਗੇ ਵਾਸਤੇ ਪਾਉਂਦੀ ਹੈ। ਦਾਰੂ ਦਾ ਪਿਆਲਾ ਭੰਨਣ ਦੀ ਕੋਸ਼ਿਸ਼ ਕਰਦੀ ਹੈ, ਪਰ ਅੱਗੋਂ ਛੱਡਣ ਦਾ ਡਰ ਅਤੇ ਮਜਬੂਰੀਆਂ:
ਦਾਰੂ ਪੀਤਿਆਂ ਸਿੰਘਾ ਤੈਨੂੰ ਕੀ ਵਡਿਆਈ
ਭਲਾ ਜੀ ਤੇਰੇ ਮੁਖ ਪਰ ਜਰਦੀ ਆਈ
ਦਾਰੂ ਪੀਤਿਆਂ ਨਾਜੋ ਸਭ ਵਡਿਆਈ
ਭਲਾ ਨੀਂ ਮੇਰੇ ਨੈਣਾਂ ਦੀ ਜੋਤ ਸਵਾਈ
ਭੰਨਾਂ ਪਿਆਲਾ, ਭੰਨ ਟੁਕੜੇ ਜੀ ਕਰਦਾਂ
ਭਲਾ ਜੀ ਤੇਰੀ ਦਾਰੂ ਦੀ ਅਲਖ ਮੁਕਾਈ
ਤੈਨੂੰ ਵੀ ਛੋਡਾਂ ਨਾਜੋ ਹੋਰ ਵਿਆਹਾਂ
ਭਲਾ ਨੀਂ ਜਿਹੜੀ ਭਰੇ ਪਿਆਲਾ ਦਾਰੂ ਦਾ
ਮੈਨੂੰ ਨਾ ਛੋਡੀ ਸਿੰਘਾਂ ਹੋਰ ਨਾ ਵਿਆਹੀ
ਭਲਾ ਜੀ ਤੇਰੇ ਪਿਆਲੇ ਦੀ ਜੜਤ ਜੜਾਈ
ਔਰਤ ਦੇ ਦਰਦ ਨੂੰ ਭਲਾ ਕੌਣ ਮਹਿਸੂਸੇ, ਖਰਬੇ ਪਤੀ ਅਗਲੀ ਨੂੰ ਬਾਹੋਂ ਫੜਕੇ ਦਰੋਂ ਬਾਹਰ ਕਰ ਦਿੰਦੇ ਹਨ:
ਘਰ ਛੱਡਦੇ ਕਮਜਾਤੇ
ਮੇਰੇ ਸ਼ਰਾਬੀ ਦਾ
ਉਹ ਆਪਣੀ ਸੱਸ ਅੱਗੇ ਸ਼ਰਾਬੀ ਪਤੀ ਦੇ ਦੁੱਖੜੇ ਰੋਂਦੀ ਹੈ ਤੇ ਸਮਝਾਉਣ ਲਈ ਤਰਲੇ ਪਾਉਂਦੀ ਹੈ:
ਸਮਝਾ ਲੈ ਬੁੜ੍ਹੀਏ ਆਪਣੇ ਪੁੱਤ ਨੂੰ
ਨਿੱਤ ਠੇਕੇ ਇਹ ਜਾਂਦਾ
ਭਰ ਭਰ ਪੀ ਜੀਵੇ ਜਾਮ ਪਿਆਲੇ
ਫੀਮ ਬੁਰਕੀਏਂ ਖਾਂਦਾ
ਘਰ ਦੀ ਸ਼ੱਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਂਦਾ
ਲੱਗਿਆ ਇਸ਼ਕ ਬੁਰਾ
ਬਿਨ ਪੌੜੀ ਚੜ੍ਹ ਜਾਂਦਾ
ਇਕ ਕਿਸਾਨ ਕੋਲ ਓਨੀ ਕੁ ਜ਼ਮੀਨ ਮਸੀਂ ਹੁੰਦੀ ਹੈ, ਜਿਸਦੀ ਆਮਦਨ ਨਾਲ ਘਰ ਦਾ ਗੁਜ਼ਾਰਾ ਤੌਰ ਸਕੇ। ਫ਼ਸਲ ਨਾਲ ਤਾਂ ਕਈ ਵਾਰੀ ਮਾਮਲੇ ਹੀ ਤੁਰਦੇ ਹਨ। ਸ਼ਰਾਬੀ ਜੱਟ ਦੀ ਨਿਗਾਹ ਰੁਪਏ ਖ਼ਤਮ ਹੋਣ ’ਤੇ ਆਪਣੀ ਵਹੁਟੀ ਦੇ ਗਹਿਣਿਆਂ ’ਤੇ ਆ ਟਿਕਦੀ ਹੈ। ਉਹ ਆਪਣਾ ਦੁੱਖ ਆਪਣੀ ਮਾਂ ਅੱਗੇ ਫੋਲਦੀ ਹੈ:
ਸੱਗੀ ਮੰਗਦਾ ਮਾਏਂ
ਫੁਲ ਮੰਗਦਾ ਨਾਲੇ
ਨਾਲੇ ਮੰਗ ਦਾ ਮਾਏਂ
ਅਧੀਅਲ ਸ਼ਰਾਬ ਦਾ
ਸੱਗੀ ਦੇ ਦੇ ਧੀਏ
ਫੁਲ ਦੇ ਦੇ ਨਾਲੇ
ਮੱਥੇ ਮਾਰ ਧੀਏ ਠੇਕੇਦਾਰ ਦੇ
ਸ਼ਰਾਬ ਦੀਆਂ ਪਿਆਲੀਆ ਜਿੱਥੇ ਜ਼ਮੀਨ ਜਾਇਦਾਦ ਨੂੰ ਡਕਾਰ ਜਾਂਦੀਆਂ ਹਨ, ਉੱਥੇ ਆਪਣੇ ਪਰਿਵਾਰ ਨੂੰ ਵੀ ਰੋਲ ਕੇ ਰੱਖ ਦਿੰਦੀਆਂ ਹਨ, ਔਰਤ ਦੇ ਅੰਦਰਲਾ ਵੀ ਹਾਰ ਜਾਂਦਾ ਹੈ, ਸਤਿਆ ਸੂਤੀ ਜਾਂਦੀ ਹੈ:
ਕੀਹਦੇ ਹੌਸਲੇ ਲੰਬਾ ਤੰਦ ਪਾਵਾਂ
ਪੁੱਤ ਤੇਰਾ ਵੈਲੀ ਸੱਸੀਏ
ਆਖਰ ਅਜਿਹੇ ਸ਼ਰਾਬੀ ਪਤੀ ਦੀ ਪਤਨੀ ਆਪਣੇ ਐਬੀ ਪਤੀ ਤੋਂ ਛੁਟਕਾਰਾ ਪਾਉਣ ਲਈ ਮਜਬੂਰ ਹੋ ਜਾਂਦੀ ਹੈ। ਕਿੰਨੀ ਕਸਕ ਹੈ ਇਨ੍ਹਾਂ ਬੋਲਾਂ ਵਿਚ:
ਕਦੇ ਨਾ ਪਹਿਨੇ ਤੇਰੇ ਸੂਹੇ ਵੇ ਸੋਸਨੀ
ਕਦੇ ਨਾ ਪਹਿਨੇ ਤਿੰਨੇ ਕੱਪੜੇ
ਵੇ ਮੈਂ ਕਿੱਕਣ ਵਸਾਂ
ਖਾਂਦਾ ਨਿੱਤ ਬੱਕਰੇ
ਉਹ ਸ਼ਰਾਬੀ ਪਤੀ ਨੂੰ ਸਮਝਾਉਂਦੀ ਵੀ ਹੈ:
ਛੱਡਦੇ ਵੈਲਦਾਰੀਆਂ
ਨਹੀਂ ਲੰਘਣੇ ਘਰਾਂ ਦੇ ਲਾਂਘੇ
ਸ਼ਰਾਬ ਦੀ ਪਿਆਲੀ ਕੇਵਲ ਵਸਦੇ ਰਸਦੇ ਘਰ ਦਾ ਹੀ ਉਜਾੜਾ ਨਹੀਂ ਕਰਦੀ, ਬਲਕਿ ਸ਼ਰਾਬੀ ਦੇ ਸਰੀਰ ਨੂੰ ਵੀ ਗ਼ਾਲ ਦਿੰਦੀ ਹੈ:
ਖਾ ਲੀ ਨਸ਼ਿਆਂ ਨੇ
ਚੰਦਨ ਵਾਰੀ ਦੇਹੀ
ਕੋਈ ਵੀ ਮੁਟਿਆਰ ਇਹ ਨਹੀਂ ਚਾਹੁੰਦੀ ਕਿ ਉਸਦਾ ਗੱਭਰੂ ਨਿਕੰਮਾ, ਸ਼ਰਾਬੀ ਤੇ ਐਬੀ ਹੋਵੇ। ਇਸ ਲਈ ਉਹ ਬਾਂਕੀ ਮੁਟਿਆਰ ਸ਼ਰਾਬੀ ਗੱਭਰੂ ਦੇ ਹੱਥ ਆਪਣੇ ਰਾਂਗਲੇ ਲੜ ਨੂੰ ਛੂਹਣ ਨਹੀਂ ਦਿੰਦੀ:
ਬੀਬਾ ਵੇ ਬਾਗ਼ ਲਵਾਨੀਆਂ ਪੰਜ ਬੂਟੇ
ਹੁਣ ਦੇ ਗੱਭਰੂ ਸਭ ਝੂਠੇ
ਛੋਡ ਸ਼ਰਾਬੀਆ ਲੜ ਮੇਰਾ
ਅਸਾਂ ਨਾ ਦੇਖਿਆ ਘਰ ਤੇਰਾ
ਨੈਣਾਂ ਦੇ ਮਾਮਲੇ ਘੇਰੀਆਂ ਵੇ
ਬਾਗ਼ ਵੇ ਲਵਾਨੀਆਂ ਪੰਜ ਦਾਣਾ
ਐਸ ਜਹਾਨੋਂ ਕੀ ਲੈ ਜਾਣਾ
ਛੋਡ ਸ਼ਰਾਬੀਆ ਲੜ ਮੇਰਾ
ਅਸੀਂ ਨਾ ਜਾਣਦੇ ਘਰ ਤੇਰਾ
ਨੈਣਾਂ ਦੇ ਮਾਮਲੇ ਘੇਰੀਆਂ ਵੇ
ਇਨ੍ਹਾਂ ਮਾਰੂ ਨਸ਼ਿਆਂ ਦਾ ਸਾਡੇ ਲੋਕ ਜੀਵਨ ’ਤੇ ਕਿੰਨਾ ਭੈੜਾ ਅਸਰ ਹੈ। ਮੁਹੱਬਤ ਦਾ ਨਸ਼ਾ ਹੀ ਇਕ ਅਜਿਹਾ ਨਸ਼ਾ ਹੈ ਜਿਸ ਨਾਲ ਸਭ ਤੋਂ ਜ਼ਿਆਦਾ ਸਰੂਰ ਆਉਂਦਾ ਹੈ। ਕਿੰਨੇ ਭਾਗਾਂ ਵਾਲੇ ਹਨ ਉਹ ਜਿਊੜੇ ਜਿਹੜੇ ਇਕ ਦੂਜੇ ਲਈ ਮੁਹੱਬਤ ਦਾ ਨਸ਼ਾ ਬਣ ਜਾਣ ਲਈ ਉਤਾਵਲੇ ਹਨ:
ਦੁੱਧ ਬਣ ਜਾਨੀ ਆਂ
ਮਲਾਈ ਬਣ ਜਾਨੀ ਆਂ
ਗਟਾ ਗਟ ਪੀ ਲੈ ਵੇ
ਸ਼ਰਾਬ ਬਣ ਜਾਨੀ ਆਂ
ਇਸ਼ਕ ਨਾਲ ਰੱਤੇ ਸਰੀਰ ਬਿਨਾਂ ਪੀਤਿਆਂ ਹੀ ਖੀਵੇ ਰਹਿੰਦੇ ਹਨ:
ਹੁਸਨ ਚਿਰਾਗ ਜਿਨ੍ਹਾਂ ਦੇ ਦੀਦੇ
ਉਹ ਕਿਉਂ ਬਾਲਣ ਦੀਵੇ
ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ
ਉਹ ਬਿਨਾਂ ਸ਼ਰਾਬੋਂ ਖੀਵੇ।

ਸੰਪਰਕ: 94630-34472


Comments Off on ਖਾ ਲਈ ਨਸ਼ਿਆਂ ਨੇ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.