ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਕੈਨੇਡਾ ਵਿਚ ਮਿਨੀ ਪੰਜਾਬ

Posted On February - 16 - 2020

ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਬਣਿਆ ਐਮਰਜੈਂਸੀ ਵਾਰਡ।

ਪੰਜਾਬੀਆਂ ਦੀਆਂ ਪੈਡ਼ਾਂ- 1

ਪੰਜਾਬੀ ਦਾ ਸਿਰਮੌਰ ਨਾਟਕਕਾਰ ਆਤਮਜੀਤ ਉੱਚੇ ਦਰਜੇ ਦਾ ਗਲਪਕਾਰ ਵੀ ਹੈ। ‘ਪੰਜਾਬੀ ਟ੍ਰਿਬਿਊਨ’ ਵਿਚ ਉਸ ਦਾ ਵਿਸ਼ੇਸ਼ ਕਾਲਮ ‘ਪੰਜਾਬੀਆਂ ਦੀਆਂ ਪੈੜਾਂ’ ਬੜੇ ਮਾਣ ਨਾਲ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਇਹ ਕਾਲਮ ਹਰ ਮਹੀਨੇ ਦੇ ਪਹਿਲੇ ਅਤੇ ਤੀਜੇ ਐਤਵਾਰ ਪ੍ਰਕਾਸ਼ਿਤ ਕੀਤਾ ਜਾਵੇਗਾ।

ਟੋਰਾਂਟੋ ਵਿਚ ਮੇਰੇ ਕਈ ਪਿਆਰੇ ਸ਼ਾਗਿਰਦਾਂ ਦਾ ਵਾਸਾ ਹੈ, ਵਿਨੀਪੈੱਗ ਵਿਚ ਮੇਰੀ ਧੀ ਅਤੇ ਸ਼ਿਕਾਗੋ ਵਿਚ ਮੇਰਾ ਪੁੱਤਰ ਰਹਿੰਦਾ ਹੈ। ਮੈਂ ਇਨ੍ਹਾਂ ਸ਼ਹਿਰਾਂ ਦੀ ਕਈ ਸਾਲਾਂ ਤੋਂ ਲਗਾਤਾਰ ਯਾਤਰਾ ਕਰ ਰਿਹਾ ਹਾਂ। ਜਦੋਂ 1994 ਵਿਚ ਪਹਿਲੀ ਵਾਰ ਕੈਨੇਡਾ ਗਿਆ ਸੀ ਤਾਂ ਸੋਚਦਾ ਸਾਂ ਕਿ ਮੈਨੂੰ ਕਿਸੇ ਕਿਸਮ ਦਾ ਸਫ਼ਰਨਾਮਾ ਲਿਖਣ ਦੀ ਜ਼ਰੂਰਤ ਨਹੀਂ। ਜੇ ਲਿਖ ਸਕਾਂ ਤਾਂ ਨਾਟਕ ਲਿਖਣਾ ਚਾਹੀਦਾ ਹੈ। ਨਤੀਜੇ ਵਜੋਂ ਸੰਨ 1996 ਵਿਚ ਕੈਲਗਰੀ ਅਤੇ ਐਡਮੰਟਨ ਦੇ ਕਲਾਕਾਰਾਂ ਨੂੰ ਲੈ ਕੇ ਆਪਣਾ ਪ੍ਰਸਿੱਧ ਨਾਟਕ ‘ਕੈਮਲੂਪਸ ਦੀਆਂ ਮੱਛੀਆਂ’ ਮੁਲਕ ਭਰ ਦੇ ਸ਼ਹਿਰਾਂ ਵਿਚ ਖੇਡਿਆ ਜਿਸਦਾ ਕਾਫ਼ੀ ਚਰਚਾ ਹੋਇਆ। ਇਸ ਨਾਟਕ ਦਾ ਇਕ ਕਲਾਕਾਰ ਅਮਰਜੀਤ ਸੋਹੀ ਬਾਅਦ ਵਿਚ ਕੈਨੇਡਾ ਦੀ ਫੈਡਰਲ ਸਰਕਾਰ ਦਾ ਕੈਬਨਿਟ ਮੰਤਰੀ ਵੀ ਬਣਿਆ। ਇਸ ਗੇੜੀ ਤੋਂ ਬਾਅਦ 8-10 ਵਾਰ ਉੱਤਰੀ ਅਮਰੀਕਾ ਦੇ ਦੋ ਦੇਸ਼ਾਂ, ਕੈਨੇਡਾ ਅਤੇ ਅਮਰੀਕਾ ਵਿਚ ਜਾਣ ਦਾ ਮੌਕਾ ਮਿਲਿਆ ਜਿਸ ਦੌਰਾਨ ਮੈਂ ਆਪਣੇ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ ਅਤੇ ਉੱਥੋਂ ਦੇ ਨਾਟਕਾਂ ਤੇ ਜੀਵਨ ਨੂੰ ਵੀ ਦੇਖਿਆ। ਅੱਜ ਮੈਨੂੰ ਲੱਗਦਾ ਹੈ ਕਿ ਮੈਂ ਉੱਥੋਂ ਦੇ ਸਭਿਆਚਾਰਕ ਅਤੇ ਕਲਾ ਨਾਲ ਜੁੜੇ ਆਪਣੇ ਕੁਝ ਅਨੁਭਵਾਂ ਨੂੰ ਪਾਠਕਾਂ ਨਾਲ ਸਾਂਝਾ ਕਰ ਸਕਦਾ ਹਾਂ। ਇਸ ਲੇਖ ਲੜੀ ਦਾ ਮਕਸਦ ਉੱਥੋਂ ਦੇ ਵਰਤਾਰਿਆਂ ਨਾਲ ਸਾਂਝ ਪੁਆਉਣੀ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈਣਾ ਹੈ।
ਟੋਰਾਂਟੋ ਗਰੇਟਰ ਏਰੀਆ ਵਿੱਚ ਅਨੇਕਾਂ ਨਿੱਕੇ-ਵੱਡੇ ਸ਼ਹਿਰ ਹਨ ਜਿੱਥੇ ਵੱਡੀ ਗਿਣਤੀ ਵਿਚ ਪੰਜਾਬੀਆਂ ਦਾ ਵਾਸਾ ਹੈ ਜਿਵੇਂ ਰੈਕਸਡੇਲ, ਸਕਾਰਬਰੋ ਆਦਿ। ਬਰੈਂਪਟਨ ਤਾਂ ਹੈ ਹੀ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਸਿੱਖਾਂ ਦਾ ਗੜ੍ਹ। ਹੁਣ ਉਸ ਤੋਂ ਅਗਲਾ ਸ਼ਹਿਰ ਕੈਲੇਡਨ ਵੀ ਸਾਡੇ ਲੋਕਾਂ ਨੇ ਮੱਲਣਾ ਸ਼ੁਰੂ ਕਰ ਦਿੱਤਾ ਹੈ। ਜਿੱਧਰ ਇਕ ਭਾਈਚਾਰਾ ਵੱਸਣ ਲੱਗਦਾ ਹੈ ਬਾਕੀ ਵੀ ਉਸ ਪਾਸੇ ਤੁਰਨਾ ਸ਼ੁਰੂ ਹੋ ਜਾਂਦੇ ਹਨ। ਬਹੁਤ ਘੱਟ ਐਸੇ ਇਲਾਕੇ ਹਨ ਜਿੱਥੇ ਹਰ ਕਿਸਮ ਦੀ ਸਾਂਝੀ ਵੱਸੋਂ ਹੋਵੇ ਤੇ ਉਸ ਦਾ ਕੋਈ ਸਾਂਝਾ ਕਿਰਦਾਰ ਵੀ ਦਿੱਸੇ। ਕਈ ਵਰ੍ਹੇ ਪਹਿਲਾਂ ਗਰੇਟਰ ਟੋਰਾਂਟੋ ਏਰੀਆ ਦੇ ਸ਼ਹਿਰ ਮਿਸੀਸਾਗਾ ਦੇ ਕੁਝ ਇਲਾਕਿਆਂ ਵਿਚ ਪੰਜਾਬੀਆਂ ਦੀ ਵੱਡੀ ਗਿਣਤੀ ਸੀ। ਪਰ ਹੁਣ ਜਦੋਂ ਉਨ੍ਹਾਂ ਇਲਾਕਿਆਂ ਵਿਚ ਪਾਕਿਸਤਾਨੀ ਲੋਕਾਂ ਦੀ ਆਮਦ ਵਧ ਗਈ ਹੈ ਤਾਂ ਹਿੰਦੋਸਤਾਨੀ ਪੰਜਾਬੀਆਂ ਨੇ ਉੱਥੋਂ ਪਲਾਇਣ ਕਰ ਲਿਆ ਹੈ। ਜਿੱਥੇ ਸਾਡੇ ਪੰਜਾਬੀਆਂ ਦੀ ਬਹੁ-ਗਿਣਤੀ ਹੋਣ ਲੱਗਦੀ ਹੈ ਉੱਥੋਂ ਚੀਨੇ ਜਾਂ ਗੋਰੇ ਹੋਰ ਪਾਸੇ ਚਲੇ ਜਾਂਦੇ ਹਨ। ਇਸ ਨੂੰ ਲਾਜ਼ਮੀ ਤੌਰ ’ਤੇ ਨਾਂਹਪੱਖੀ ਵਰਤਾਰਾ ਨਹੀਂ ਸਮਝਣਾ ਚਾਹੀਦਾ। ਹਰ ਕਿਸਮ ਦੇ ਲੋਕਾਂ ਦੀਆਂ ਵੱਖਰੀਆਂ ਲੋੜਾਂ ਅਤੇ ਸਭਿਆਚਾਰਕ ਦਬਾਅ ਹਨ ਜਿਸ ਕਰਕੇ ਉਨ੍ਹਾਂ ਦਾ ਇਕੱਠੇ ਹੋਣਾ ਸਾਰਥਕ ਵੀ ਹੈ। ਘਰੇਲੂ ਵਸਤਾਂ ਦੀ ਪੂਰਤੀ ਦੇ ਸਟੋਰ ਤੁਹਾਡੀਆਂ ਸਭਿਆਚਾਰਕ ਅਤੇ ਖਾਣ-ਪੀਣ ਦੀਆਂ ਵਿਸ਼ੇਸ਼ ਲੋੜਾਂ ਦਾ

ਸਿੱਖ ਸੇਵਾ ਸੋਸਾਇਟੀ ਦੀ ਅਦਭੁੱਤ ਸੇਵਾ।

ਖ਼ਿਆਲ ਰੱਖਦੇ ਹਨ। ਨਹੀਂ ਤਾਂ ਨੇੜਿਉਂ-ਤੇੜਿਉਂ ਰਸੋਈ ਦੇ ਮਸਾਲੇ ਲੱਭਣੇ ਵੀ ਮੁਸ਼ਕਲ ਹੋ ਜਾਣਗੇ। ਭਾਰਤੀ ਰੈਸਤੋਰਾਂ ਉੱਥੇ ਹੀ ਖੁੱਲ੍ਹਣਗੇ ਜਿੱਥੇ ਉਨ੍ਹਾਂ ਦੀ ਭਰਪੂਰ ਵੱਸੋਂ ਹੋਵੇਗੀ। ਸਕੂਲਾਂ ਵਿੱਚ ਪੜ੍ਹਨ ਵਾਲੇ ਹੋਰ ਬੱਚੇ ਜੇ ਆਪਣੇ ਸਭਿਆਚਾਰ ਵਿੱਚੋਂ ਹੋਣ ਤਾਂ ਮਾਪਿਆਂ ਦੇ ਮਨ ਵਿਚ ਸੁਰੱਖਿਆ ਦੀ ਭਾਵਨਾ ਬਣੀ ਰਹਿੰਦੀ ਹੈ।
ਇਨ੍ਹਾਂ ਵਰਤਾਰਿਆਂ ਦੇ ਅਪਵਾਦ ਵੀ ਹਨ। ਬਹੁਤੇ ਅਮੀਰ ਆਦਮੀ ਆਪਣੇ ਭਾਈਚਾਰੇ ਦੇ ਗ਼ਰੀਬਾਂ ਵਿਚ ਰਹਿਣ ਦੀ ਬਜਾਇ ਦੂਜੇ ਅਮੀਰਾਂ ਦਾ ਸਾਥ ਭਾਲਦੇ ਹਨ। ਬਹੁਤ ਜ਼ਿਆਦਾ ਪੜ੍ਹੇ-ਲਿਖੇ ਲੋਕਾਂ ਵਿੱਚ ਵੀ ਅਜਿਹੀ ਰੁਚੀ ਦੇਖੀ ਜਾ ਸਕਦੀ ਹੈ। ਪਿੰਡਾਂ ਦੇ ਖੁੱਲ੍ਹੇ ਮਾਹੌਲ ਵਿੱਚੋਂ ਗਏ ਲੋਕ ਜਦੋਂ ਚੰਗੀ ਰੋਟੀ ਖਾਣ ਲੱਗ ਜਾਂਦੇ ਹਨ ਤਾਂ ਦੁਰੇਡੀਆਂ ਥਾਵਾਂ ’ਤੇ ਵੱਡੀਆਂ ਪ੍ਰਾਪਰਟੀਆਂ ਖ਼ਰੀਦ ਕੇ ਮਹਿਲਾਂ ਵਰਗੇ ਘਰਾਂ ਵਿਚ ਵੀ ਰਹਿੰਦੇ ਹਨ; ਉਨ੍ਹਾਂ ’ਚੋਂ ਕਈ ਫ਼ਾਰਮ ਹਾਊਸ ਹਨ। ਕੁਝ ਕੰਮਾਂ-ਕਾਜਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਹਨ। ਗਰੇਟਰ ਏਰੀਆ ਦੇ ਸ਼ਹਿਰਾਂ ਵਿਚ ਮੰਗ ਵਧਣ ਦੇ ਨਾਲ ਕਿਰਾਏ ਅਤੇ ਮਕਾਨਾਂ ਦੀਆਂ ਕੀਮਤਾਂ ਵਿਚ ਢੇਰ ਸਾਰਾ ਵਾਧਾ ਹੋ ਗਿਆ ਹੈ। ਨਤੀਜੇ ਵਜੋਂ ਸੌ-ਸਵਾ ਸੌ ਕਿਲੋਮੀਟਰ ਦੇ ਅੰਦਰ ਪੈਂਦੇ ਹੋਰ ਨਿੱਕੇ-ਨਿੱਕੇ ਸ਼ਹਿਰਾਂ ਵਿਚ ਵੀ ਪੰਜਾਬੀਆਂ ਦੀ ਗਿਣਤੀ ਬਹੁਤ ਵਧ ਗਈ ਹੈ ਜਿਵੇਂ ਕਿਚਨਰ, ਨਿਆਗਰਾ, ਹੈਮਿਲਟਨ, ਵਾਟਰਲੂ, ਗੁਲਫ਼, ਕੈਂਬਰਿਜ ਆਦਿਕ। ਤੇਜ਼ੀ ਨਾਲ ਦੌੜਦੇ ਹਾਈਵੇਅ ਲੋਕਾਂ ਨੂੰ ਉਨ੍ਹਾਂ ਦੇ ਕੰਮਾਂ ਉੱਤੇ ਥੋੜ੍ਹੇ ਵਕਤ ਵਿਚ ਪਹੁੰਚਣ ’ਚ ਮਦਦ ਕਰਦੇ ਹਨ।
ਟੋਰਾਂਟੋ ਵਿਚ ਸਿੱਖਾਂ ਦੀ ਵੱਡੀ ਗਿਣਤੀ ਹੋਣ ਕਾਰਨ ਉੱਥੇ ਬਹੁਤ ਸਾਰੇ ਗੁਰਦੁਆਰੇ ਹਨ। ਇਸ ਦੇ ਨਾਲ-ਨਾਲ ਇਹ ਵੀ ਸੱਚ ਹੈ ਕਿ ਕਈ ਵਾਰ ਸਾਡੇ ਧਰਮ-ਸਥਾਨ ਆਪਣੇ ਲੋਕਾਂ ਦੀ ਅੰਦਰਲੀ ਰਾਜਨੀਤੀ ਨੂੰ ਚਮਕਾਉਣ ਦਾ ਅਤੇ ਉਨ੍ਹਾਂ ਦੇ ਸਵਾਰਥਾਂ ਦਾ ਵੀ ਕੇਂਦਰ ਬਣ ਜਾਂਦੇ ਹਨ। ਇਸੇ ਲਈ ਮੇਨਸਟਰੀਮ ਰਾਜਨੀਤੀ ਨੂੰ ਵੀ ਇਨ੍ਹਾਂ ਦੀ ਲੋੜ ਹੈ ਕਿਉਂਕਿ ਉਨ੍ਹਾਂ ਦੀਆਂ ਵੋਟਾਂ ਵਾਸਤੇ ਵੀ ਇੱਥੇ ਹੀ ਆਧਾਰ ਤਿਆਰ ਹੁੰਦਾ ਹੈ। ਪਰ ਵਿਦੇਸ਼ ਵਿਚ ਧਰਮ-ਅਸਥਾਨਾਂ ਦਾ ਕਈ ਕਿਸਮ ਦਾ ਆਸਰਾ ਵੀ ਹੁੰਦਾ ਹੈ। ਇਹ ਸਥਾਨ ਭਗਤੀ-ਭਾਵ ਦੇ ਨਾਲ-ਨਾਲ ਸਭਿਆਚਾਰਕ ਮੇਲ-ਮਿਲਾਪ ਲਈ, ਬੱਚਿਆਂ ਵਾਸਤੇ ਆਪਣੇ

ਆਤਮਜੀਤ

ਇਤਿਹਾਸ ਅਤੇ ਬੋਲੀ ਦੀ ਸਿੱਖਿਆ ਦੇ ਕੇਂਦਰ ਵਜੋਂ, ਪੰਜਾਬੀ ਖੇਡਾਂ ਵਾਸਤੇ ਆਪਣੀ ਵੱਸੋਂ ਨੂੰ ਮੁੱਢਲਾ ਆਧਾਰ ਦੇਣ ਲਈ, ਕਮਿਊਨਟੀ ਵਿਚ ਵਾਪਰਦੀਆਂ ਚੰਗੀਆਂ-ਮੰਦੀਆਂ ਗੱਲਾਂ ਉੱਤੇ ਵਿਚਾਰ-ਵਟਾਂਦਰੇ ਲਈ ਅਤੇ ਸਥਾਨਕ ਸਮਾਜਿਕ ਤੇ ਰਾਜਸੀ ਵਰਤਾਰਿਆਂ ਨੂੰ ਸਮਝਣ-ਸਮਝਾਉਣ ਦਾ ਕੰਮ ਵੀ ਕਰਦੇ ਹਨ। ਟੋਰਾਂਟੋ ਵਿਚ ਇਕ ਦਰਜਨ ਤੋਂ ਵੱਧ ਵੱਡੇ ਗੁਰਦੁਆਰੇ ਹਨ। ਦਸ ਕੁ ਸਾਲ ਪਹਿਲਾਂ ਬਣੇ ਗੋਰ ਰੋਡ ਗੁਰਦੁਆਰਾ ਦੀ ਇਮਾਰਤ ਬਿਲਕੁਲ ਸਾਡੇ ਮੁਲਕ ਦੇ ਗੁਰਦੁਆਰਿਆਂ ਵਾਂਗ ਹੈ ਜਦੋਂਕਿ ਬਾਕੀ ਗੁਰੂ-ਘਰਾਂ ਦੀ ਇਮਾਰਤ ਪੱਛਮੀ ਅਤੇ ਭਾਰਤੀ ਇਮਾਰਤਕਾਰੀ ਦਾ ਮਿਲਾਪ ਜਾਪਦੀ ਹੈ।
ਖਾਲਸਾ ਡਰਾਈਵ ’ਤੇ ਸਥਿਤ ਡਿਕਸੀ ਗੁਰੂ-ਘਰ (ਓਂਟੇਰੀਓ ਖਾਲਸਾ ਦਰਬਾਰ) ਓਂਟੇਰੀਓ ਰਾਜ ਦਾ ਵੱਡਾ ਗੁਰਦੁਆਰਾ ਹੈ ਜਿੱਥੇ ਪ੍ਰਬੰਧਕਾਂ ਦੀ ਚੋਣ ਵੀ ਹੁੰਦੀ ਹੈ। 40 ਏਕੜ ਜ਼ਮੀਨ ਦੇ ਮਾਲਕ ਇਸ ਗੁਰੂ-ਘਰ ਦੀ ਆਪਣੀ ਸ਼ਾਨ ਹੈ ਜਿਸ ਦੀ ਬਿਲਡਿੰਗ ਵਿਚ ਇਕੋ ਸਮੇਂ ਪੰਜ ਹਾਲ ਬਣਾਏ ਜਾ ਸਕਦੇ ਹਨ। ਇਉਂ ਇੱਕੋ ਵੇਲੇ ਕਈ ਅਖੰਡ ਪਾਠ ਧਰੇ ਜਾਂਦੇ ਹਨ। ਪੰਜਾਬ ਤੋਂ ਗਏ ਬਹੁਤ ਸਾਰੇ ਰਾਗੀ ਜਥੇ ਗੁਰੂ-ਘਰ ਦੇ ਅੰਦਰ ਹੀ ਠਹਿਰਦੇ ਹਨ ਅਤੇ ਵਾਰੀ ਸਿਰ ਉਨ੍ਹਾਂ ਨੂੰ ਕੀਰਤਨ ਕਰਨ ਦਾ ਮੌਕਾ ਮਿਲਦਾ ਹੈ। ਪਸੰਦ ਦੇ ਰਾਗੀਆਂ ਨੂੰ ਲੋਕ ਘਰਾਂ ਵਿਚ ਵੀ ਲੈ ਜਾਂਦੇ ਹਨ। ਹਰਿਮੰਦਰ ਸਾਹਿਬ ਤੋਂ ਬਾਅਦ ਇਹ ਸ਼ਾਇਦ ਦੁਨੀਆਂ ਦਾ ਇੱਕੋ ਇੱਕ ਗੁਰਦੁਆਰਾ ਹੈ ਜਿੱਥੇ ਸਵੇਰੇ ਚਾਰ ਵਜੇ ਤੋਂ ਰਾਤ ਦਸ ਵਜੇ ਤੱਕ ਗੁਰਬਾਣੀ ਕੀਰਤਨ ਹੁੰਦਾ ਹੈ ਅਤੇ ਨਿਰੰਤਰ ਲੰਗਰ ਵਰਤਦਾ ਹੈ। ਡਿਕਸੀ ਗੁਰੂ-ਘਰ ਵਿਚ ਕਈ ਵਾਰ ਆਪਸੀ ਵੈਰ-ਵਿਰੋਧ ਵੀ ਹੁੰਦਾ ਹੈ ਅਤੇ ਮਾਮਲੇ ਕਚਹਿਰੀਆਂ ਤੱਕ ਵੀ ਪਹੁੰਚਦੇ ਹਨ। 1984 ਦੀਆਂ ਪੰਜਾਬ ਦੀਆਂ ਦੁਖਦਾਈ ਘਟਨਾਵਾਂ ਤੋਂ ਬਾਅਦ ਸੁਭਾਵਿਕ ਤੌਰ ’ਤੇ ਲੋਕਾਂ ਵਿਚ ਭਾਰਤ ਸਰਕਾਰ ਅਤੇ ਖ਼ਾਸ ਕਰਕੇ ਕਾਂਗਰਸ ਵਿਰੁੱਧ ਗੁੱਸਾ ਬਰਕਰਾਰ ਹੈ। ਇਸ ਦਾ ਮਤਲਬ ਇਹ ਨਹੀਂ ਕਿ ਲੋਕ ਭਾਜਪਾ ਜਾਂ ਅਕਾਲੀ ਸਰਕਾਰ ਤੋਂ ਖ਼ੁਸ਼ ਹਨ। ਅੱਜ ਵੀ ਲਗਪਗ ਹਰੇਕ ਗੁਰਦੁਆਰੇ ਵਿਚ ਖ਼ਾਲਿਸਤਾਨ-ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ। ਇਸੇ ਕਰਕੇ ਭਾਰਤ ਤੋਂ ਜਾਣ ਵਾਲੇ ਬਹੁਤ ਸਾਰੇ ਰਾਜਸੀ ਨੇਤਾਵਾਂ ਨੂੰ ਇਨ੍ਹਾਂ ਗੁਰਦੁਆਰਿਆਂ ਵਿਚ ਬੋਲਣ ਦੀ ਆਗਿਆ ਵੀ ਨਹੀਂ ਮਿਲਦੀ। ਗੁਰਦੁਆਰੇ ਤੋਂ ਇਲਾਵਾ ਹੋਰ ਕਿਸੇ ਥਾਂ ’ਤੇ ਏਨੀ ਵੱਡੀ ਸੰਗਤ ਨੂੰ ਸੰਬੋਧਨ ਕਰਨਾ ਸੰਭਵ ਨਹੀਂ। ਜੇ ਕੋਈ ਅਜਿਹਾ ਯਤਨ ਕਰਦਾ ਹੈ ਤਾਂ ਇਸ ਨੂੰ ਗੁਰੂ-ਘਰ ਦੇ ਵਿਰੋਧ ਵਜੋਂ ਵੀ ਲਿਆ ਜਾ ਸਕਦਾ ਹੈ।
ਅੱਜਕੱਲ੍ਹ ਟੋਰਾਂਟੋ ਵਿਚ ਪੰਜਾਬੀ ਰੰਗਮੰਚ ਚੜ੍ਹਦੀ ਕਲਾ ਵਿਚ ਹੈ। ਬਹੁਤ ਸਾਰੇ ਨਾਟਕਾਂ ਦੀ ਰੀਹਰਸਲ ਵੀ ਗੁਰਦੁਆਰਿਆਂ ਵੱਲੋਂ ਉੱਥੇ ਬਣੇ ਛੋਟੇ-ਛੋਟੇ ਹਾਲਾਂ ਵਿਚ ਹੁੰਦੀ ਰਹੀ ਹੈ। ਉਂਜ ਕੈਲੇਫੋਰਨੀਆ ਵਿਚ ਤਿਆਰ ਕੀਤੇ ਨਾਟਕ ‘ਗਦਰ ਐਕਸਪ੍ਰੈੱਸ’ ਦੀਆਂ ਰੀਹਰਸਲਾਂ ਮੈਂ ਉੱਥੋਂ ਦੇ ਇਕ ਮੰਦਿਰ ਵਿਚ ਕੀਤੀਆਂ ਸਨ। ਮੇਰਾ ਇਕ ਅਨੁਭਵ ਬੜਾ ਵਿਲੱਖਣ ਹੈ। ਮੈਨੂੰ 1999 ਵਿਚ ਗੁਰੂ ਗੋਬਿੰਦ ਸਿੰਘ ਦੀ ਜਨਮ ਸ਼ਤਾਬਦੀ ਦੇ ਸੰਬੰਧ ਵਿਚ ਡਾਕਟਰ ਗੁਰਦਿਆਲ ਸਿੰਘ ਫੁੱਲ ਦਾ ਨਾਟਕ ‘ਸਭਿ ਕਿਛੁ ਹੋਤ ਉਪਾਇ’ ਤਿਆਰ ਕਰਨ ਲਈ ਸੱਦਿਆ ਗਿਆ ਸੀ। ਜਿਸ ਗੁਰੂ-ਘਰ ਵਿਚ ਅਸੀਂ ਰੀਹਰਸਲਾਂ ਕਰ ਰਹੇ ਸੀ ਕੁਝ ਦਿਨਾਂ ਬਾਅਦ ਸਾਨੂੰ ਉੱਥੋਂ ਛੱਡ ਕੇ ਜਾਣ ਦਾ ਹੁਕਮ ਹੋਇਆ। ਗੁਰਦੁਆਰਾ ਪ੍ਰਬੰਧਕਾਂ ਨੂੰ ਇਤਰਾਜ਼ ਸੀ ਕਿ ਸਾਡੀ ਟੀਮ ਵਿਚ ਕੁਝ ਲੋਕ ਕਾਮਰੇਡ ਸਨ, ਕੁਝ ਨਿਰੰਕਾਰੀ ਤੇ ਕੁਝ ਦਾਰੂ ਪੀਣ ਵਾਲੇ। ਸਵਾਲ ਇਹ ਹੈ ਕਿ ਕੀ ਉਹ ਉੱਥੇ ਆਪਣੀ ਕਾਮਰੇਡੀ ਦਿਖਾ ਰਹੇ ਸਨ ਜਾਂ ਦਾਰੂ ਪੀ ਰਹੇ ਸਨ? ਉਂਜ ਵੀ ਭਾਈਚਾਰੇ ਦੇ ਸਾਰੇ ਵਿਆਹ ਗੁਰੂ-ਘਰਾਂ ਵਿਚ ਹੁੰਦੇ ਹਨ। ਚੰਗੀ ਗੱਲ ਇਹ ਹੈ ਕਿ ਫ਼ੇਰਿਆਂ ਵਾਲੇ ਦਿਨ ਮੈਰਿਜ ਪੈਲੇਸ ਦਾ ਲੰਚ ਨਹੀਂ ਕੀਤਾ ਜਾਂਦਾ ਬਲਕਿ ਗੁਰਦੁਆਰੇ ਵਿਚ ਲੰਗਰ ਛਕਾਇਆ ਜਾਂਦਾ ਹੈ ਜਿਹੜੀ ਬੜੀ ਸਿਹਤਮੰਦ ਪਿਰਤ ਹੈ। ਪਰ ਮੈਂ ਸੋਚਦਾ ਹਾਂ ਕਿ ਪ੍ਰਬੰਧਕਾਂ ਕੋਲ ਅਜਿਹਾ ਕੀ ਤਰੀਕਾ ਸੀ ਜਿਸ ਨਾਲ ਉਹ ਵਿਆਹ ਵਿਚ ਆਇਆਂ ਦਾ ਟੈੱਸਟ ਕਰ ਸਕਦੇ ਹੋਣ ਕਿ ਉਹ ਕੈਸੇ ਹਨ? ਮੈਨੂੰ ਇਸ ਘਟਨਾ ’ਤੇ ਸਦਾ ਅਫ਼ਸੋਸ ਰਹੇਗਾ। ਪਰ ਇਹ ਵੀ ਸੱਚ ਹੈ ਕਿ ਇਸ ਨਾਟਕ ਦੀਆਂ ਬਾਕੀ ਰੀਹਰਸਲਾਂ ਸ਼੍ਰੋਮਣੀ ਸਿੱਖ ਸੰਗਤ ਨਾਂ ਦੇ ਗੁਰੂ-ਘਰ ਵਿਚ ਹੋਈਆਂ।
ਟੋਰਾਂਟੋ ਤੋਂ ਅਨੇਕਾਂ ਪੰਜਾਬੀ ਚੋਣ ਲੜ ਕੇ ਓਂਟੇਰੀਉ ਰਾਜ ਅਤੇ ਕੈਨੇਡਾ ਦੇ ਕੇਂਦਰ ਦੀ ਪਾਰਲੀਮੈਂਟ ਵਿਚ ਅਕਸਰ ਪ੍ਰਤੀਨਿਧਤਾ ਕਰਦੇ ਹਨ। ਇਸ ਵੇਲੇ ਕੈਨੇਡਾ ਦੀ ਪਾਰਲੀਮੈਂਟ ਵਿਚ 20 ਪੰਜਾਬੀ ਐੱਮ.ਪੀ. ਹਨ ਅਤੇ ਚਾਰ ਮੰਤਰੀ ਹਨ। ਕੈਨੇਡਾ ਦੀ ਪਾਰਲੀਮੈਂਟ ਦੇ ਅੰਦਰ ਹਰ ਸਾਲ ਵਿਸਾਖੀ ਸਮੇਂ ਅਖੰਡ ਪਾਠ ਤੇ ਕੀਰਤਨ ਹੁੰਦਾ ਹੈ। ਬਹੁ-ਸਭਿਆਚਾਰ ਦੀ ਇਸ ਤੋਂ ਵੱਡੀ ਮਿਸਾਲ ਕੀ ਹੋਵੇਗੀ ਕਿ ਪ੍ਰਧਾਨ ਮੰਤਰੀ ਟਰੂਡੋ ਕਈ ਵਾਰ ਬਿਨਾਂ ਦੱਸੇ-ਪੁੱਛੇ ਔਟਵਾ ਦੇ ਗੁਰੂ-ਘਰ ਵਿਚ ਮੱਥਾ ਟੇਕਣ ਚਲਾ ਜਾਂਦਾ ਹੈ? ਸਾਡੇ ਲੋਕਾਂ ਨੇ ਉੱਥੋਂ ਦੀ ਟਰਾਂਸਪੋਰਟ, ਵਪਾਰ, ਮੋਟਲ, ਰੀਐਲਟਿੰਗ, ਫਾਈਨਾਂਸ਼ਲ, ਲੀਗਲ, ਬੀਮਾ ਸੇਵਾਵਾਂ ਆਦਿ ਖੇਤਰਾਂ ਵਿਚ ਸਤਿਕਾਰਯੋਗ ਥਾਂ ਬਣਾਇਆ ਹੈ। ਸਾਰੇ ਕੈਨੇਡਾ ਦੀ ਅੱਧੀ ਤੋਂ ਵੱਧ ਟ੍ਰਕਿੰਗ ਪੰਜਾਬੀਆਂ ਦੇ ਹੱਥ ਵਿਚ ਹੈ। ਜਿੰਨਾ ਕੈਨੇਡਾ ਨੇ ਪੰਜਾਬੀਆਂ ਨੂੰ ਅਪਣਾਇਆ ਹੈ, ਸ਼ਾਇਦ ਕਿਸੇ ਵੀ ਹੋਰ ਮੁਲਕ ਨੇ ਨਹੀਂ ਅਪਣਾਇਆ। ਇਸੇ ਲਈ ਸਾਡੇ ਲੋਕਾਂ ਨੇ ਸਮਾਜ ਸੇਵਾ ਵਿਚ ਵੀ ਮਿਸਾਲੀ ਯੋਗਦਾਨ ਪਾਇਆ ਹੈ। ਇੰਗਲੈਂਡ ਦੀ ਵਿਸ਼ਵ ਪ੍ਰਸਿੱਧ ਸੰਸਥਾ ਖਾਲਸਾ ਏਡ ਨੇ ਦੁਨੀਆਂ ਭਰ ਵਿਚ ਜ਼ਿਕਰਯੋਗ ਕੰਮ ਕੀਤਾ ਹੈ। 1999 ਤੋਂ ਉਹ ਸਾਰੀਆਂ ਮਨੁੱਖੀ ਬਿਪਤਾਵਾਂ ਦੌਰਾਨ ਆਪਣੀ ਸੇਵਾ ਕਰ ਰਹੇ ਹਨ। ਟਰਕੀ, ਕਾਂਗੋ, ਅਫ਼ਗਾਨਿਸਤਾਨ, ਇੰਡੋਨੇਸ਼ੀਆ, ਸੀਰੀਆ, ਕੀਨੀਆ, ਫਿਲੀਪੀਨਜ਼ ਇੰਗਲੈਂਡ ਅਤੇ ਬੰਗਲਾਦੇਸ਼ ਵਰਗੇ ਮੁਲਕਾਂ ਵਿਚ ਜਦੋਂ ਵੀ ਮਨੁੱਖ ਉੱਤੇ ਬਿਪਤਾ ਪਈ ਇਸ ਸੰਸਥਾ ਨੇ ਇਤਿਹਾਸਕ ਕੰਮ ਕੀਤਾ। ਮੇਰੇ ਇਕ ਜਾਣਕਾਰ ਅਨੁਸਾਰ ਟੋਰਾਂਟੋ ਦੇ ਲੋਕਾਂ ਨੇ ਇਸ ਪੁੰਨ ਵਾਸਤੇ ਖੁੱਲ੍ਹ ਕੇ ਦਾਨ ਦਿੱਤਾ। ਟੋਰਾਂਟੋ ਦੇ ਪੰਜਾਬੀਆਂ ਨੇ ਵਿਲੀਅਮ ਓਸਲਰ ਹਸਪਤਾਲ, ਬਰੈਂਪਟਨ ਵਿਚ 10-12 ਸਾਲ ਪਹਿਲਾਂ ਕਈ ਮਿਲੀਅਨ ਡਾਲਰ ਦੀ ਸਹਾਇਤਾ ਦੇ ਕੇ ‘ਗੁਰੂ ਨਾਨਕ’ ਦੇ ਨਾਂ ’ਤੇ ਹਸਪਤਾਲ ਦਾ ਇਕ ਵਿੰਗ ਬਣਵਾਇਆ ਜਿਸ ਨੂੰ ਗੁਰੂ ਨਾਨਕ ਐਮਰਜੈਂਸੀ ਸਰਵਿਸ ਡਿਪਾਰਟਮੈਂਟ ਦਾ ਨਾਂ ਦਿੱਤਾ ਗਿਆ। ਇਕੱਲੇ ਹਰਪ੍ਰੀਤ ਸੇਠੀ ਨੇ ਪੰਜ ਲੱਖ ਡਾਲਰ ਭੇਟ ਕੀਤੇ। ਇਸੇ ਤਰ੍ਹਾਂ ਕੁਝ ਸਾਲ ਪਹਿਲਾਂ ਕਰੈਡਿਟ ਵੈਲੀ ਹਸਪਤਾਲ ਵਿਚ ਵੀ ਵਿਚ ਸਿੱਖ/ਪੰਜਾਬੀ ਭਾਈਚਾਰੇ ਵੱਲੋਂ ਦਿੱਤੇ ਗਏ ਦਾਨ ਨਾਲ ‘ਗੁਰੂ ਨਾਨਕ ਵਾਰਡ’ ਬਣਿਆ ਹੈ। ਪਿਛਲੇ ਅਨੇਕਾਂ ਸਾਲਾਂ ਤੋਂ ਜਸਵਿੰਦਰ ਖੋਸਾ ਦੀ ਅਗਵਾਈ ਵਿਚ ਹਰ ਐਤਵਾਰ ਲੰਗਰ ਪਕਾ ਕੇ ਉੱਥੋਂ ਦੇ ਐਬੋਰਿਜਨਲ ਲੋਕਾਂ (ਆਦਿ-ਵਾਸੀਆਂ) ਵਿਚ ਵਰਤਾਇਆ ਜਾ ਰਿਹਾ ਹੈ। ਇਕ ਹੋਰ ਮਾਅਰਕੇ ਦਾ ਕੰਮ ‘ਸੇਵਾ ਫ਼ੂਡ ਬੈਂਕ’ ਦੀ ਸਥਾਪਨਾ ਹੈ ਜਿਸ ਵਿਚ ਪਿਛਲੇ ਕੁਝ ਸਮੇਂ ਤੋਂ ਲੋਕਾਂ ਨੇ 12 ਲੱਖ ਡਾਲਰ ਦਾਨ ਦੇ ਰੂਪ ਵਿਚ ਦਿੱਤੇ। ਇੱਥੋਂ ਕੋਈ ਵੀ ਲੋੜਵੰਦ ਆਪਣੇ ਪਰਿਵਾਰ ਵਾਸਤੇ ਸੁੱਕੀ ਰਸਦ ਲੈ ਜਾ ਸਕਦਾ ਹੈ। ਹਰ ਹਫ਼ਤੇ ਲਗਪਗ 500 ਤੋਂ 1000 ਪਰਿਵਾਰ ਇਸ ਦਾ ਲਾਭ ਲੈ ਰਹੇ ਹਨ। ਕਮਾਲ ਦੀ ਗੱਲ ਇਹ ਹੈ ਇੱਥੋਂ ਰਸਦ ਲੈ ਕੇ ਜਾਣ ਵਾਲਿਆਂ ਵਿਚ ਕੋਈ ਵਿਰਲਾ-ਟਾਂਵਾਂ ਹੀ ਪੰਜਾਬੀ ਹੁੰਦਾ ਹੈ। ਹੁਣ ਉਨ੍ਹਾਂ ਨੇ ਗ਼ੈਰ-ਪੰਜਾਬੀਆਂ ਨੂੰ ਪੰਜਾਬੀ ਖਾਣਾ ਬਣਾਉਣ ਦੀ ਜਾਚ ਵੀ ਸਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇੱਥੋਂ ਗਏ ਵਿਦਿਆਰਥੀ ਪਹਿਲਾਂ ਵਾਂਗ ਹੁਣ ਵੀ ਗੁਰੂ-ਘਰਾਂ ਵਿਚ ਜਾ ਕੇ ਲੰਗਰ ਛਕਦੇ ਹਨ। ਸੇਵਾ-ਭਾਵ ਵਜੋਂ ਅੱਜਕੱਲ੍ਹ ਦੁਪਹਿਰ ਦੇ ਖਾਣੇ ਦਾ ਟਿਫ਼ਨ ਵੀ ਪੈਕ ਕਰਕੇ ਦਿੱਤਾ ਜਾਂਦਾ ਹੈ। ਇਨ੍ਹਾਂ ਪੰਜਾਬੀਆਂ ਨੇ ਗੁਰੂ ਸਾਹਿਬਾਨ ਦੇ ਮਿਸ਼ਨ ’ਤੇ ਸਹੀ ਢੰਗ ਨਾਲ ਚੱਲ ਕੇ ਸਾਡਾ ਸਭ ਦਾ ਸਿਰ ਉੱਚਾ ਕੀਤਾ ਹੈ।
ਪੰਜਾਬੀਆਂ ਨੇ ਹਰੇਕ ਖੇਤਰ ਵਿਚ ਭਰਪੂਰ ਤਰੱਕੀ ਕੀਤੀ ਹੈ। ਸਾਡੀ ਕਮਿਊਨਿਟੀ ਵਿਚ ਬਹੁਤ ਚੜ੍ਹਦੀ ਕਲਾ ਹੈ। ਪਰ ਤੇਜ਼ੀ ਨਾਲ ਦੌੜ ਰਹੇ ਇਸ ਸ਼ਹਿਰ ਵਿਚ ਆਰਾਮ ਨਹੀਂ ਹੈ; ਬੇਚੈਨੀ ਹੈ। ਆਮ ਬੰਦਾ ਬੇਚੈਨ ਹੈ ਕਿਉਂਕਿ ਉਸ ਨੇ ਆਪਣਾ ਕੰਮ-ਧੰਦਾ ਬਚਾ ਕੇ ਰੱਖਣਾ ਹੈ। ਜੇ ਉਸ ਦੀਆਂ ਦਿਹਾੜੀਆਂ ਨਹੀਂ ਲੱਗਣਗੀਆਂ ਤਾਂ ਉਹ ਚੰਗੀ ਰੋਟੀ ਨਹੀਂ ਖਾ ਸਕੇਗਾ। ਸਾਦੀ ਰੋਟੀ ਤਾਂ ਇੰਡੀਆ ਵੀ ਦੇਂਦਾ ਸੀ। ਆਮ ਬੰਦਾ ਪੜ੍ਹ-ਲਿਖ ਕੇ ਜਾਵੇ ਤਾਂ ਉਸ ਨੂੰ ਆਪਣੀ ਯੋਗਤਾ ਦੇ ਹਾਣ ਦਾ ਕੰਮ ਨਹੀਂ ਮਿਲਦਾ। ਕਿਸੇ ਨੂੰ ਲੀਗਲ ਮਾਈਗ੍ਰੈਂਟ ਹੋਣ ਦਾ ਫ਼ਿਕਰ ਹੈ, ਕੋਈ ਪਰਿਵਾਰ ਨੂੰ ਲਿਆਉਣਾ ਚਾਹੁੰਦਾ ਹੈ। ਘਰਾਂ ਦੀਆਂ ਕਿਸ਼ਤਾਂ ਤਾਰਨ ਦਾ ਵੀ ਵੱਡਾ ਬੋਝ ਹੈ। ਕਈ ਕਾਰਨਾਂ ਕਰਕੇ ਚੰਗੇ-ਭਲੇ ਚਲਦੇ ਬਿਜ਼ਨਸ ਦੇਖਦੇ-ਦੇਖਦੇ ਤਬਾਹ ਹੋ ਜਾਂਦੇ ਹਨ। ਹੱਸਦੇ-ਖੇਡਦੇ, ਪੁਸ਼ਤਾਂ ਤੋਂ ਵੱਡੇ ਘਰਾਂ ਵਿਚ ਵੱਸਦੇ ਤੇ ਅਮੀਰੀ ਭੋਗਦੇ ਲੋਕਾਂ ਦੇ ਮਨਾਂ ਅੰਦਰ ਵੱਖਰੇ ਸਹਿਮ ਹਨ ਜਿਨ੍ਹਾਂ ਨੂੰ ਸਵੀਕਾਰ ਕਰਨਾ ਵੀ ਮੁਸ਼ਕਲ ਹੈ। ਇਸ ਡਰ ਨੂੰ ਮੰਨਣਾ ਉਸ ਫ਼ੈਸਲੇ ਦੀ ਹਾਰ ਹੈ ਜਿਸ ਕਰਕੇ ਅਸੀਂ ਉੱਥੇ ਗਏ ਸੀ। ਉਨ੍ਹਾਂ ਨੂੰ ਔਲਾਦ ਦੇ ਬੇਕਾਬੂ ਹੋ ਜਾਣ ਦਾ ਫ਼ਿਕਰ ਹੈ। ਚਿੰਤਾ ਹੈ ਕਿ ਕੁੜੀ ਪਰਾਈ ਨਸਲ ਦਾ ਮੁੰਡਾ ਨਾ ਲੱਭ ਲਵੇ। ਪਰੇਸ਼ਾਨੀ ਹੈ ਕਿ ਮੁੰਡਾ ਗ਼ਲਤ ਰਾਹ ’ਤੇ ਨਾ ਤੁਰ ਪਵੇ। ਸ਼ੱਕ ਹੈ ਕਿ ਬੀਵੀ/ਖਾਵੰਦ ਕਿਸੇ ਬਾਹਰਲੇ ਰਿਲੇਸ਼ਨਸ਼ਿਪ ਵਿਚ ਤਾਂ ਨਹੀਂ। ਇਹ ਸਾਰੇ ਫ਼ਿਕਰ ਹਿੰਦੋਸਤਾਨ ਵਿਚ ਵੀ ਹਨ ਪਰ ਏਥੇ ਉਨ੍ਹਾਂ ਦੀ ਸ਼ਕਲ ਬਦਲ ਜਾਂਦੀ ਹੈ। ਦੋਹਾਂ ਥਾਵਾਂ ’ਤੇ ਦੌੜ ਹੈ ਪਰ ਭਾਰਤ ਵਿਚ ਜ਼ਿਆਦਾ ਦੌੜ ਆਪਣੇ ਆਪ ਨੂੰ ਅੱਗੇ ਲੈ ਜਾਣ ਦੀ ਹੈ ਜਦੋਂਕਿ ਉੱਥੇ ਦੌੜ ਦੂਜੇ ਤੋਂ ਵੀ ਅੱਗੇ ਜਾਣ ਦੀ ਹੈ। ਗੱਡੀਆਂ, ਕਾਰਾਂ ਅਤੇ ਵਿਆਹਾਂ ਦੇ ਪੱਧਰ ਨੂੰ ਲਗਾਤਾਰ ਵਧਾਉਂਦੇ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਹੈ। ਏਥੇ ਅਸੀਂ ਸੰਭਲਣ ਲਈ ਸੰਘਰਸ਼ ਕਰਦੇ ਹਾਂ, ਪਰ ਠੇਡਾ ਲੱਗ ਜਾਂਦਾ ਹੈ। ਉੱਥੇ ਆਦਰਸ਼ ਭਾਲਣ ਜਾਂਦੇ ਹਾਂ ਅਤੇ ਫ੍ਰਸਟਰੇਸ਼ਨ ਵਿਚ ਖ਼ੁਦ ਟੱਕਰਾਂ ਮਾਰਨ ਲੱਗਦੇ ਹਾਂ। ਇੱਥੇ ਤਕਲੀਫ਼ ਹੈ ਕਿ ਸਾਡੇ ਕੋਲ ਸਾਧਨ ਨਹੀਂ ਹਨ। ਉੱਥੇ ਦੁੱਖ ਹੈ ਕਿ ਸਾਧਨ ਤਾਂ ਹਨ, ਪਰ ਅਸੀਂ ਸਹੀ ਤਰ੍ਹਾਂ ਵਰਤ ਨਹੀਂ ਸਕੇ। ਦਰਅਸਲ, ਮਨੁੱਖੀ ਵਰਤਾਰਾ ਬੜਾ ਗੁੰਝਲਦਾਰ ਹੈ!
ਸੰਪਰਕ: 98760-18501
(ਲੇਖਕ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਉੱਤਰੀ ਅਮਰੀਕਾ ਦੇ ਸ਼ਹਿਰਾਂ ਟੋਰਾਂਟੋ, ਵਿਨੀਪੈੱਗ ਅਤੇ ਸ਼ਿਕਾਗੋ ਵਿਚ ਜਾ ਕੇ ਰਹਿੰਦਾ ਹੈ। ਇਸ ਲੇਖ ਲੜੀ ਵਿਚ ਉਹ ਪੰਜਾਬੀ ਪਾਠਕਾਂ ਨੂੰ ਮੁੱਖ ਤੌਰ ’ਤੇ ਪੰਜਾਬ ਅਤੇ ਹਿੰਦੋਸਤਾਨ ਦੇ ਹਵਾਲੇ ਨਾਲ ਉੱਥੋਂ ਦੇ ਸਭਿਆਚਾਰਕ-ਕਲਾਤਮਕ ਲੈਂਡਸਕੇਪ ਦੇ ਕੁਝ ਖੂੰਜੇ ਦਿਖਾਉਣਾ ਚਾਹੁੰਦਾ ਹੈ।)


Comments Off on ਕੈਨੇਡਾ ਵਿਚ ਮਿਨੀ ਪੰਜਾਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.