ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਕਿਸਾਨਾਂ ਨੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ

Posted On February - 14 - 2020

ਬਠਿੰਡਾ ਵਿੱਚ ਕੇਂਦਰੀ ਬਜਟ ਦੀਆਂ ਕਾਪੀਆਂ ਸਾੜਦੇ ਹੋਏ ਕਿਸਾਨ। -ਫੋਟੋ: ਪਵਨ ਸ਼ਰਮਾ

ਸੁਖਜੀਤ ਮਾਨ
ਬਠਿੰਡਾ, 13 ਫਰਵਰੀ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਜਟ ਨੂੰ ਭਾਵੇਂ ਕਈ ਦਿਨ ਹੋ ਗਏ ਹਨ ਪਰ ਵੱਖ ਵੱਖ ਜਥੇਬੰਦੀਆਂ ਵੱਲੋਂ ਲੋਕ ਪੱਖੀ ਬਜਟ ਨਾ ਕਹਿ ਕੇ ਇਸ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਇੱਥੇ ਕਿਰਤੀ ਕਿਸਾਨ ਯੂਨੀਅਨ ਸਮੇਤ ਜਥੇਬੰਦੀਆਂ ਵੱਲੋਂ ਵੀ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਮਰਜੀਤ ਹਨੀ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ ਪੰਜਾਬ ਭਰ ਦੇ ਵਿੱਚ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਬਜਟ ਵਿੱਚ ਕੋਈ ਰਾਹਤ ਨਾ ਦੇਣ ਦੇ ਰੋਸ ਵਜੋਂ ਬਜਟ ਦੀਆਂ ਕਾਪੀਆਂ ਸਾੜਨ ਦਾ ਐਲਾਨ ਕੀਤਾ ਗਿਆ ਸੀ ਜਿਸ ਤਹਿਤ ਅੱਜ ਇੱਥੇ ਵੀ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ।
ਬਰਨਾਲਾ (ਪਰਸ਼ੋਤਮ ਬੱਲੀ): ਅੱਜ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਨੇ ਡੀਸੀ ਦਫ਼ਤਰ ਬਰਨਾਲਾ ਅੱਗੇ ਕੇਂਦਰੀ ਵਿੱਤ ਮੰਤਰੀ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਕਿਸਾਨ ਵਿਰੋਧੀ ਬੱਜਟ ਦੀਆਂ ਕਾਪੀਆਂ ਸਾੜ ਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਮੋਹਣ ਸਿੰਘ ਰੂੜੇਕੇ, ਉਜਾਗਰ ਸਿੰਘ ਬੀਹਲਾ, ਨਿਰੰਜਣ ਸਿੰਘ ਠੀਕਰੀਵਾਲ, ਗੁਰਬਖਸ਼ ਸਿੰਘ ਬਰਨਾਲਾ ਤੇ ਪਵਿੱਤਰ ਸਿੰਘ ਲਾਲੀ ਨੇ ਸੰਬੋਧਨ ਕੀਤਾ।

ਬਰਨਾਲਾ ਦੇ ਡੀਸੀ ਕੰਪਲੈਕਸ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਬਲਾਕ ਫੂਲ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ।
ਗੁਰੂਹਰਸਹਾਏ (ਅਸ਼ੋਕ ਸੀਕਰੀ): ਅੱਜ ਤਹਿਸੀਲ ਵਿੱਚ ਕਿਸਾਨਾਂ ਨੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਇਹ ਬਜਟ ਕਿਸਾਨ ਵਿਰੋਧੀ ਹੈ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਆਗੂ ਮਾਸਟਰ ਦੇਸ ਰਾਜ, ਬਲਾਕ ਆਗੂ ਮਲਕ ਦੱਤਾ, ਵੀਰ ਦਵਿੰਦਰ ਸ਼ਰੀਹ ਵਾਲਾ ਬਰਾੜ, ਸੁਖਜੀਤ ਸ਼ਰੀਹ ਵਾਲਾ, ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਚਰਨਜੀਤ ਸ਼ਾਗਾਂ ਰਾਏ ਹਾਜ਼ਰ ਸਨ।
ਜਲਾਲਾਬਾਦ (ਮਲਕੀਤ ਸਿੰਘ ਟੋਨੀ ਛਾਬੜਾ): ਭਾਰਤੀ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਚੱਲ ਰਹੀ ਕਿਸਾਨ ਸਭਾ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਢੰਡੀਆਂ, ਕ੍ਰਿਸ਼ਨ ਧਰਮੂਵਾਲਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਖ਼ਿਲਾਫ਼ ਨਵੇਂ ਬੱਸ ਅੱਡੇ ’ਤੇ ਪ੍ਰਦਰਸ਼ਨ ਕੀਤਾ ।
ਸਾਦਿਕ (ਗੁਰਪ੍ਰੀਤ ਸਿੰਘ): ਕਿਰਤੀ ਕਿਸਾਨ ਯੂਨੀਅਨ ਵੱਲੋਂ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਬਲਾਕ ਆਗੂ ਜਸਕਰਨ ਸਿੰਘ ਸੰਗਰਾਹੂਰ ਨੇ ਸੰਬੋਧਨ ਕੀਤਾ।

ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਮੰਗ

ਜੈਤੋ (ਸ਼ਗਨ ਕਟਾਰੀਆ): ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਕੇਂਦਰੀ ਬਜਟ ਨੂੰ ਕਿਸਾਨ ਵਿਰੋਧੀ ਗਰਦਾਨਦਿਆਂ ਅੱਜ ਇਥੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਦੇ ਵਿਹੜੇ ’ਚ ਐੱਸਡੀਐੱਮ ਦਫ਼ਤਰ ਅੱਗੇ ਬਜਟ ਦੀਆਂ ਕਾਪੀਆਂ ਸਾੜੀਆਂ। ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ’ਤੇ ਇਹ ਵਿਖਾਵਾ ਬਲਾਕ ਜੈਤੋ ਦੇ ਪ੍ਰਧਾਨ ਬਲਵਿੰਦਰ ਰੋੜੀਕਪੂਰਾ ਅਤੇ ਕਰਮਜੀਤ ਚੈਨਾ ਦੀ ਅਗਵਾਈ ਹੇਠ ਹੋਇਆ। ਜ਼ਿਲ੍ਹੇ ਦੇ ਮੀਤ ਪ੍ਰਧਾਨ ਧਰਮ ਪਾਲ ਸਿੰਘ ਤੇ ਪ੍ਰਗਟ ਰੋੜੀਕਪੂਰਾ ਨੇ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਪਰਾਲੀ ਨਾਲ ਸਬੰਧਿਤ ਮਾਮਲਿਆਂ ਨੂੰ ਰੱਦ ਕੀਤੇ ਜਾਣ ਤੋਂ ਇਲਾਵਾ ਕਿਸਾਨੀ ਕਰਜ਼ੇ ਪੂਰੇ-ਸੂਰੇ ਯਕਮੁਸ਼ਤ ਰੱਦ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨ ਮੌਕੇ ਬੇਅੰਤ ਰਾਮੂੰਵਾਲਾ, ਜਸਵੰਤ ਪੱਪੂ, ਲਾਭ ਰੋੜੀਕਪੂਰਾ, ਜੋਗਿੰਦਰ ਮਲੂਕਾ, ਬਲਰਾਜ ਬਹਿਬਲ, ਅੰਗਰੇਜ਼ ਗੁਲਾਬਗੜ੍ਹ, ਮਹਿੰਦਰ ਰੋੜੀਕਪੂਰਾ, ਗੋਰਾ ਜੈਤੋ, ਬੂਟਾ ਸ਼ੈਰੀ, ਸੁਰਜੀਤ ਗੁਲਾਬਗੜ੍ਹ, ਸ਼ੇਰ ਸਿੰਘ ਜਵੰਦਾ, ਚਾਨਣ ਨੰਬਰਦਾਰ, ਭੋਲਾ ਸਿੰਘ ਅਤੇ ਸੇਵਕ ਰੋੜੀਕਪੂਰਾ ਹਾਜ਼ਰ ਸਨ।

ਕਾਰਪੋਰੇਟਾਂ ਨੂੰ ਵੱਡੇ-ਵੱਡੇ ਗੱਫੇ ਦਿੱਤੇ: ਕਿਸਾਨ ਆਗੂ

ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਜ਼ਿਲ੍ਹਾ ਸਕੱਤਰੇਤ ਅੱਗੇ ਅ ਕਿਰਤੀ ਕਿਸਾਨ ਵੱਲੋਂ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਇਹ ਬਜਟ ਵੀ ਪਿਛਲੇ ਬਜਟਾਂ ਵਾਂਗੂੰ ਕਾਰਪੋਰੇਟ ਪੱਖੀ ਹੈ ਅਤੇ ਇਸ ਬਜਟ ਵਿੱਚ ਵੀ ਕਿਸਾਨਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਏ ਕਿ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਵਾਅਦੇ ਕੀਤੇ ਸਨ ਪਰ ਇਸ ਬਜਟ ਵਿੱਚ ਵੀ ਕਿਸਾਨ ਪੱਖੀ ਕੁਝ ਨਹੀਂ ਹੈ ਅਤੇ ਕਾਰਪੋਰੇਟਾਂ ਨੂੰ ਵੱਡੇ-ਵੱਡੇ ਗੱਫੇ ਦਿੱਤੇ ਗਏ ਹਨ ਅਮੀਰਾਂ ਨੂੰ ਹੋਰ ਅਮੀਰ ਕੀਤਾ ਗਿਆ ਹੈ। ਢਾਈ ਘੰਟੇ ਭਾਸ਼ਨ ਦੇਣ ਵਾਲੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਇੱਕ ਵੀ ਸ਼ਬਦ ਕਿਸਾਨਾਂ ਦੇ ਪੱਖ ਵਿੱਚ ਨਹੀਂ ਬੋਲਿਆ।

1990 ਮਗਰੋਂ ਕੇਂਦਰ ’ਤੇ ਕਿਸਾਨਾਂ ਨੂੰ ਵਿਸਾਰਨ ਦੇ ਦੋਸ਼

ਮਾਨਸਾ ਵਿੱਚ ਕੇਂਦਰੀ ਬਜਟ ਦੀਆਂ ਕਾਪੀਆਂ ਫੂਕਦੇ ਹੋਏ ਕਿਸਾਨ। -ਫੋਟੋ: ਸੁਰੇਸ਼

ਮਾਨਸਾ (ਜੋਗਿੰਦਰ ਸਿੰਘ ਮਾਨ): ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਅੱਜ ਇਥੇ ਕੇਂਦਰੀ ਬਜਟ ਦੀਆਂ ਕਾਪੀਆਂ ਜ਼ਿਲ੍ਹਾ ਕਚਹਿਰੀ ਵਿੱਚ ਸਾੜੀਆਂ ਗਈਆਂ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਵੈਸੇ ਤਾਂ 1990 ਤੋਂ ਬਾਅਦ ਹੀ ਹਰ ਸਾਲ ਕੇਂਦਰੀ ਬਜਟ ਲੋਕ ਵਿਰੋਧੀ ਪੇਸ਼ ਹੁੰਦਾ ਰਿਹਾ ਹੈ ਪਰ ਜਦੋਂ ਦੀ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ, ਪਿਛਲੇ 6 ਸਾਲਾਂ ਤੋਂ ਬਜਟ ਵਿੱਚ ਸਿੱਖਿਆ, ਸਿਹਤ ਲਈ ਪੈਸਾ ਲਗਾਤਾਰ ਘਟਾਇਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮਨਰੇਗਾ ਦੀ ਰਾਸ਼ੀ ਕਿਸਾਨਾਂ ਨੂੰ ਸਬਸੀਡੀਆਂ ਦੇਣ ਲਈ,ਰਾਸ਼ੀ ਫ਼ਸਲਾਂ ਖ਼ਰੀਦਣ ਵਾਸਤੇ ਐਫ਼.ਸੀ.ਆਈ ਅਤੇ ਹੋਰ ਏਜੰਸੀਆਂ ਲਈ ਰਾਸ਼ੀ ਬਹੁਤ ਥੋੜ੍ਹੀ ਰੱਖੀ ਹੈ, ਜਿਸ ਕਰਕੇ ਕਿਸਾਨਾਂ ਨੂੰ ਖਦਸ਼ਾ ਹੈ ਕਿ ਸਰਕਾਰ ਫ਼ਸਲਾਂ ਦੀ ਖਰੀਦ ਤੋਂ ਵੀ ਭੱਜਣਾ ਚਾਹੁੰਦੀ ਹੈ ਅਤੇ ਮਨਰੇਗਾ ਦਾ ਕੰਮ ਵੀ ਬੰਦ ਕਰਨਾ ਚਾਹੁੰਦੀ ਹੈ।


Comments Off on ਕਿਸਾਨਾਂ ਨੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.