ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕਾਵਿ ਕਿਆਰੀ

Posted On February - 23 - 2020

ਅਮਰ ‘ਸੂਫ਼ੀ’
ਗ਼ਜ਼ਲ
ਬਚਪਨ
ਸਦੇਹਾਂ ਉੱਠ ਖੜ੍ਹਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਕਟੋਰੇ ਚਾਹ ਦੇ ਫੜ੍ਹਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਘਰੋਂ ਚੋਰੀ ਜਿਹੇ ਜਾ ਕੇ, ਪਿੜਾਂ ਵਿੱਚ ਖੇਡਣੇ ਬੰਟੇ,
ਘਰੇ ਡਰ ਡਰ ਕੇ ਵੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਕਦੀ ਐਵੇਂ ਹੀ ਜ਼ਿਦ ਕਰਨੀ, ਮਾਮੂਲੀ ਗੱਲ ਦੇ ਪਿੱਛੇ,
ਬੜਾ ਲੜਦੇ ਝਗੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਖਿਡੌਣੇ ਲੈਣ ਲਈ ਦਾਣੇ ਚੁਰਾਅ ਝੋਲੀ ’ਚ ਭਰ ਲੈਣੇ,
ਲੜਾਂ ਨੂੰ ਘੁੱਟ ਫੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਕਿਸੇ ਦੇ ਪੁੱਟਣੇ ਗੰਨੇ, ਕਿਸੇ ਦੇ ਬੇਰ ਲਾਹ ਲੈਣੇ,
ਮਗਰ ਵੰਡਣ ਤੋਂ ਲੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਜਦੋਂ ਛੱਪੜ ਦੇ ਪਾਣੀ ਵਿਚ ਤਕਾਲੀਂ ਟੁੱਭੀਆਂ ਲਾਉਂਦੇ,
ਤਾਂ ਮਹਿੰ ਦੀ ਪੂਛ ਫੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਸ਼ਰਾਰਤ ਕਰਨ ’ਤੇ ਬਾਪੂ ਨੇ ਦੇਣਾ ਝੰਬ, ਫਿਰ ਮਾਂ ਦੀ,
ਬਗਲ ਦੇ ਵਿਚ ਘੁਸੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਕਦੀ ਲੈਣਾ ਨ ਉੱਚੀ ਸਾਹ, ਨਜ਼ਰ ਦੀ ਘੂਰ ਤੋਂ ਡਰਨਾ,
ਗਲੋਟੇ ਵਾਂਙ ਉੱਧੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਅਜੋਕੇ ਦੌਰ ਦੇ ਬੱਚੇ, ਕਿਵੇਂ ਕਾਰਾਂ ਦੁੜਾਉਂਦੇ ਨੇ,
ਅਸੀਂ ਬੱਸਾਂ ’ਤੇ ਚੜ੍ਹਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਹਨੇਰੀ ਰਾਤ ਦੇ ਵਿਚ ਟਿਮਟਿਮਾਉਂਦੇ ਲੱਗਦੇ ਪਿਆਰੇ,
ਟਟਹਿਣੇ ਭੱਜ ਕੇ ਫੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਸ਼ਰਾਰਤ ਆਪ ਕਰਨੀ ਤੇ ਸਜ਼ਾ ਤੋਂ ਬਚਣ ਲਈ ‘ਸੂਫ਼ੀ’,
ਕਿਸੇ ਸਿਰ ਦੋਸ਼ ਮੜ੍ਹਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।

ਅਮਰ ‘ਸੂਫ਼ੀ’

* * *
ਜਵਾਨੀ
ਜਦੋਂ ਮੋੜਾਂ ’ਤੇ ਖੜ੍ਹਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਨਸ਼ੀਲੇ ਨੈਣ ਪੜ੍ਹਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਜ਼ਰੂਰੀ ਪੜ੍ਹਨ ਵਾਲਾ ਛੱਡ ਦਿੰਦੇ ਸੀ ਬੜਾ ਮੁਸ਼ਕਿਲ,
ਬੜਾ ਕੁਝ ਹੋਰ ਪੜ੍ਹਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਉਦ੍ਹੇ ਦੀਦਾਰ ਦੀ ਖਾਤਰ ਗਲੀ ਵਿਚ ਮਾਰਨੇ ਗੇੜੇ,
ਦੁਪਹਿਰੇ ਕਿੰਞ ਰੜ੍ਹਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਬਹਾਨਾ ਹੋਰ ਹੁੰਦਾ ਸੀ, ਨਿਸ਼ਾਨਾ ਹੋਰ ਸੀ ਹੁੰਦਾ,
ਜਦੋਂ ਮਸਤਕ ਰਗੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਲੁਕੋਅ ਕੇ ਰੱਖਣੇ ਚੋਰੀ, ਲਿਖੇ ਹੋਏ ਉਦ੍ਹੇ ਪੱਤਰ,
ਇਕੱਲੇ ਬਹਿ ਕੇ ਪੜ੍ਹਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਉਦ੍ਹੇ ਮੱਥੇ ਦੀ ਤਿਓੜੀ ਤੇ ਨਿਗ੍ਹਾ ਦੀ ਘੂਰ ਦੇ ਕਰ ਕੇ,
ਸਦਾ ਸੂਲੀ ’ਤੇ ਚੜ੍ਹਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਅਕਾਸ਼ੋਂ ਤੋੜ ਕੇ ਤਾਰੇ, ਉਦ੍ਹੀ ਜ਼ੁਲਫਾਂ ’ਚ ਲਾ ਦਿੰਦੇ,
ਤੇ ਮੱਥੇ ਚੰਨ ਜੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਕਦੀ ਜੇ ਗ਼ੈਰ ਦੇ ਨੇੜੇ ਖੜੋਤਾ ਵੇਖਣਾ ਉਸ ਨੂੰ,
ਬਥੇਰਾ ਖਿਝ ਕੇ ਸੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਅਸਾਡੇ ਪਿਆਰ ਦਾ ਚਰਚਾ ਨ ਐਵੇਂ ਹੋ ਤੁਰੇ ਕਿਧਰੇ,
ਬੜੇ ਹੀ ਰੱਖਦੇ ਪਰਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਕਦੇ ਸਾਂ ਚੁੰਮ ਲੈਂਦੇ ਹੱਥ ਫੜ ਕੇ ਓਸ ਦਾ ਸਹਿਵਨ,
ਮਗਰ ਡਰ ਡਰ ਕੇ ਫੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਬੜਾ ਕੁਝ ਚਿਤਵਦੇ ‘ਸੂਫ਼ੀ’, ਦੁਬਾਰਾ ਮੇਲ ਦੀ ਖਾਤਰ,
ਬਹਾਨੇ ਢੇਰ ਘੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਸੰਪਰਕ: 98555-43660

ਨਵਜੀਤ ਜੌਹਲ
ਮੁਮਕਿਨ ਹੈ
ਮੁਮਕਿਨ ਹੈ
ਹਾਂ, ਸ਼ਾਇਦ ਮੁਮਕਿਨ ਹੈ!
ਲਗਦਾ ਹੈ ਜੇ ਹਾਲਾਤ ਇੰਜ ਹੀ ਰਹੇ
ਮੁਮਕਿਨ ਹੈ, ਬਹੁਤ ਮੁਮਕਿਨ ਹੈ!!

ਮੁਮਕਿਨ ਹੈ ਕਿ ਜਿਹੜਾ ਹੱਥ
ਪਿਛਲੀ ਵਾਰ ਲਾਈਨ ’ਚ ਲੱਗ ਕੇ
ਉਂਗਲੀ ਕਾਲੀ ਕਰਵਾ ਆਇਆ ਸੀ
ਉਸਦਾ ਬਟਨ ਤੋਂ ਵਿਸ਼ਵਾਸ ਹੀ ਉਠ ਜਾਏ
ਤੇ ਉਹ ਮੁੱਕਾ ਬਣ
ਹਵਾ ’ਚ ਲਹਿਰਾ ਜਾਏ।
ਮੁਮਕਿਨ ਹੈ!

ਮੁਮਕਿਨ ਹੈ ਕਿ ਹੁਣ ਉਹ ਪੈਰ
ਜੋ ਕਿਸੇ ਡਰ ਕਰਕੇ
ਦਹਿਲੀਜ਼ ’ਤੇ ਰੁਕ ਜਾਂਦੇ ਰਹੇ
ਉਨ੍ਹਾਂ ਹਜ਼ਾਰਾਂ ਕਦਮਾਂ ’ਚ ਮਿਲ ਜਾਵਣ
ਜਿਨ੍ਹਾਂ ਕੋਲ ਤੁਰਨ ਤੋਂ ਬਿਨਾ
ਹੁਣ ਕੋਈ ਚਾਰਾ ਹੀ ਨਹੀਂ।
ਮੁਮਕਿਨ ਹੈ!

ਮੁਮਕਿਨ ਹੈ ਕਿ
ਵਰ੍ਹਿਆਂ ਤੋਂ ਸੰਘ ’ਚ ਫਸੀ ਚੀਖ਼
ਲਲਕਾਰ ਬਣ ਕੇ ਬੁੱਲ੍ਹਾਂ ’ਤੇ ਆ ਜਾਏ
ਤੇ ਬੋਲ਼ੇ ਕੰਨਾਂ ਲਈ ਵੰਗਾਰ ਬਣ ਜਾਏ
ਮੁਮਕਿਨ ਹੈ!

ਮੁਮਕਿਨ ਹੈ ਕਿ ਸੁਤ-ਉਨੀਂਦਰੀਆਂ ਅੱਖਾਂ
ਜ਼ੁਲਮ ਦੇਖਣ ਤੋਂ ਵੀ ਇਨਕਾਰੀ ਹੋ ਜਾਵਣ
ਤੇ ਅਤਿ ਖ਼ੌਫ਼ਨਾਕ ਚਿਹਰਿਆਂ ਤੋਂ
ਵੀ ਖ਼ੌਫ਼ ਨਾ ਖਾਵਣ!
ਮੁਮਕਿਨ ਹੈ!

ਮੁਮਕਿਨ ਹੈ ਕਿ ਆਜ਼ਾਦ ਪਰਿੰਦਿਆਂ ਨੂੰ
ਪਿੰਜਰਿਆਂ ’ਚ ਬੰਦ ਕਰਨ ਦੀ ਖੇਡ
ਸ਼ਿਕਾਰੀਆਂ ਨੂੰ ਰਾਸ ਨਾ ਆਏ
ਤੇ ਇਨ੍ਹਾਂ ਪੰਛੀਆਂ ਦੀ ਪਰਵਾਜ਼
ਕਿਸੇ ਕਲਪਨਾ ਤੋਂ ਵੀ ਦੂਰ ਚਲੀ ਜਾਏ।
ਮੁਮਕਿਨ ਹੈ!

ਹਾਂ ਸ਼ਾਇਦ, ਮੁਮਕਿਨ ਹੈ!
ਲਗਦਾ ਹੈ ਜੇ ਹਾਲਾਤ ਨਾ ਬਦਲੇ
ਮੁਮਕਿਨ ਹੈ
ਬਹੁਤ ਮੁਮਕਿਨ ਹੈ!!
ਸੰਪਰਕ: 98155-51478


Comments Off on ਕਾਵਿ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.