ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਦੋ ਔਰਤਾਂ ਦੀ ਮੌਤ !    ਹਰਿਆਣਾ ਵਿਚ ਕਰੋਨਾ ਨਾਲ ਪਹਿਲੀ ਮੌਤ !    ਹਰਿਆਣਾ ’ਚ ਕਿਸਾਨਾਂ ਦੇ ਕਰਜ਼ੇ ਦੀਆਂ ਕਿਸ਼ਤਾਂ 30 ਜੂਨ ਤਕ ਮੁਲਤਵੀ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    

ਕਾਵਿ ਕਿਆਰੀ

Posted On February - 16 - 2020

ਧੀ ਦੇਸ ਪੰਜਾਬ ਦੀ
ਸੁਰਜੀਤ ਜੱਜ
ਮੈਂ ਤੱਤ ਭੜੱਤੀ ਤੁਰ ਪਈ ਕਿਸ ਰਾਹ ’ਤੇ ਮੰਗਣ ਖ਼ੈਰ ਵੇ
ਮੇਰੇ ਹੱਥ ਕਸੂਰੀ ਜੁੱਤੀਆਂ ਤੇ ਕੰਡਿਆਂ ਵਿੰਨ੍ਹੇ ਪੈਰ ਵੇ
ਮੈਂ ਤੁਰਦੀ-ਤੁਰਦੀ ਹੋ ਗਈ, ਹਰ ਪੈਡਿਓਂ ਲੰਮੀ ਵਾਟ ਵੇ
ਔਹ ਬੁਝਦੀ-ਬੁਝਦੀ ਬੁਝ ਗਈ, ਇਕ ਬਾਤਾਂ ਪਾਉਂਦੀ ਲਾਟ ਵੇ
ਹਰ ਖੰਭ ਨੂੰ ਸਹਿੰਸਾ ਜਾਨ ਦਾ, ਅਸੀਂ ਹੋਈਏ ਜਦੋਂ ਉਡਾਰ ਵੇ
ਜਣ-ਜਣ ਸਰਹੱਦਾਂ ਖਾਂਦੀਆਂ ਸਾਨੂੰ ਜਣਨੀ ਸਪਣੀ ਹਾਰ ਵੇ
ਨਾ ਧਰਤੀ ਮਿਲਦੀ ਮਾਂਗਵੀਂ ਨਾ ਅੰਬਰ ਮਿਲੇ ਹੁਦਾਰ ਵੇ
ਜਾ ਨਿੱਤ ਕੰਡਿਆਲੀ ਤਾਰ ਵਿਚ ਫਸਦੀ ਕੂੰਜਾਂ ਦੀ ਡਾਰ ਵੇ

ਇਕ ਚਿੜੀ ਨਿਕਰਮੀ ਰਹਿ ਗਈ ਭਰ ਕੇ ਵੀ ਚੁੰਝੇ ਨੀਰ ਵੇ
ਉਹਦੇ ਮੁੜਨੋਂ ਪਹਿਲਾਂ ਮੁੱਕ ਗਈ, ਉਹਦੀ ਸੜਦੇ ਰੁੱਖ ਸੰਗ ਸੀਰ ਵੇ
ਨਾ ਚੰਨ ਬੁੱਕਲ ਵਿਚ ਸਿਮਟਿਆ ਨਾ ਸੂਰਜ ਹੋਇਆ ਮੋੜ ਵੇ
ਉਹ ਕੌਣ ਨੇ ਭਾਗਾਂ ਵਾਲੜੇ ਜੋ ਤਾਰੇ ਲੈਂਦੇ ਤੋੜ ਵੇ
ਨਾ ਅਸੀਂ ਕਬੂਲ ਝਨਾਬ ਨੂੰ ਨਾ ਥਲ ਨੂੰ ਸਾਡੀ ਲੋੜ ਵੇ
ਅਸਾਂ ਫਿਰ ਵੀ ਵਾਟਾਂ ਝਾਘੀਆਂ ਕਿ ਡਾਚੀਆਂ ਲਈਏ ਮੋੜ ਵੇ
ਸਾਡਾ ਸਾਹ-ਸਤ ਸਮਿਆਂ ਸੂਤਿਆ ਤੇ ਲਏ ਅਕੀਦੇ ਨੋਚ ਵੇ
ਸੌ ਜਰਬਾਂ ਖਾ-ਖਾ ਵਲਗਣਾਂ, ਸਾਡੇ ਪੈਰੀਂ ਬਣੀਆਂ ਮੋਚ ਵੇ

ਜਦ ਚਾਹਤਾਂ ਸਿੰਮਣ ਸੀਨਿਓਂ ਤੇ ਨੈਣੋਂ ਡੁੱਲ੍ਹਦੀ ਲੋਚ ਵੇ
ਤੇਰੇ ਦੇਸੋਂ ਉਗਦੀਆਂ ਸਰਘੀਆਂ ਸਾਡੀ ਆਥਣ ਲੈਂਦੀ ਬੋਚ ਵੇ
ਜੋ ਲਿਖ ਗਈਆਂ ਕਲਜੋਗਣਾਂ ਉਹ ਅੱਖਰ ਦਈਂ ਖਰੋਚ ਵੇ
ਤੂੰ ਨਵੀਆਂ ਲਿਖੀਂ ਇਬਾਰਤਾਂ, ਸਮਿਆਂ ਦੀ ਫੱਟੀ ਪੋਚ ਵੇ
ਤੇਰੀ ਕਿਸੇ ਇਬਾਰਤ ਵਿਚ ਵੀ ਨਾ ਸ਼ਬਦ ਹੋਏ ਸਰਹੱਦ ਵੇ
ਨਾ ਮਿਲਣ ਜ਼ੁਬਾਨਾਂ ਠਾਕੀਆਂ, ਨਾ ਮਿਲੇ ਨਿੱਕਦਾ ਕੱਦ ਵੇ
ਨਾ ਨੈਣ ਮਿਲਣ ਅੰਧਰਾਤੜੇ, ਨਾ ਝੁਕੇ ਸਿਰਾਂ ਦੀ ਛੌਰ ਵੇ
ਜੋ ਆਉਣੀ ਪਰਲੋ ਆ ਰਹੇ ਬਸ ਬਦਲਣ ਹੁਣਵੇਂ ਦੌਰ ਵੇ

ਜਿਨ ਦੌਰਾਂ ਵਿਚ ਚੰਨ ਮੇਰਿਆ, ਤੇਰੀ ਪੁੰਨਿਆ ਹੋਈ ਪਲੀਤ ਵੇ
ਜਿਸ ਘੜੀਏ ਬਰਫ਼ਾਂ ਜੰਮੀਆਂ ਤੇ ਚੁੱਲ੍ਹੇ ਹੋ ਗਏ ਸੀਤ ਵੇ
ਉਸ ਘੜੀਏ ਰਾਵੀ ਰੋ ਪਈ ਤੇ ਹੁਬਕੀਂ ਪਿਆ ਬਿਆਸ ਵੇ
ਸਤਲੁਜ ਸਤਮਾਹਿਆਂ ਹੋ ਗਿਆ, ਜਿਹਲਮ ਤੋਂ ਕਾਹਦੀ ਆਸ ਵੇ
ਜਦ ਆਸਾਂ ਟੁੱਟਣ ਸੋਹਣਿਆਂ, ਤਦ ਉਲਟਾ ਗਿੜੇ ਖਰਾਸ ਵੇ
ਸਾਡੇ ਲੂੰ-ਲੂੰ ਦੇ ਵਿਚ ਰਚ ਗਿਆ, ਅਣਹੋਇਆਂ ਦਾ ਇਤਿਹਾਸ ਵੇ
ਹਰ ਪੰਨੇ ’ਤੇ ਇਤਿਹਾਸ ਦੇ ਉਹ ਪਏ ਤ੍ਰੌਕਣ ਕੂੜ ਵੇ
ਉਹ ਕਾਲ ਸੁਨਹਿਰੀ ਉਨ੍ਹਾਂ ਲਈ ਜਦ ਮੌਤ ਉਡਾਉਂਦੀ ਧੂੜ ਵੇ

ਜਦ ਖੇਤੋਂ ਧੂੜਾਂ ਉਡਦੀਆਂ ਤੱਕ ਫਸਲਾਂ ਹੋਵਣ ਦੰਗ ਵੇ
ਖ਼ੁਦ ਆਪ ਮੁਖਾਲਿਫ ਆਪਣੇ, ਅਸੀਂ ਆਪੇ ਵਿੱਢ ਲਈ ਜੰਗ ਵੇ
ਕਿਉਂ ਹੱਥਲ ਹੋਣਾ ਜਰ ਲਿਆ ਤੱਕ ਮੁੱਠੋਂ ਕਿਰਦੀ ਰੇਤ ਵੇ
ਜੇ ਲਾਸ਼ਾਂ ਹੀ ਸੀ ਉਗਣੀਆਂ, ਅਸਾਂ ਕਾਹਤੋਂ ਵਾਹੇ ਖੇਤ ਵੇ
ਖੇਤਾਂ ਨੂੰ ਵਾੜਾਂ ਖਾ ਗੀਆਂ ਤੇ ਭੋਏ ਨੂੰ ਸਰਹੱਦ ਵੇ
ਬਸ ਪੱਗੋ-ਪੱਗੀ ਪੁਗ ਗਈ, ਸਾਡੀ ਸਿਰਲੱਥਾਂ ਦੀ ਜੱਦ ਵੇ
ਔਹ ਪੱਗਾਂ ਪਹਿਰੇ ਬੈਠੀਆਂ ਸਾਨੂੰ ਭਰਮ ਸਿਰਾਂ ਦੇ ਪੌਣ ਵੇ
ਏਥੇ ਨਾਦਰ ਚੜ੍ਹਦੇ, ਚੜ੍ਹਦਿਓਂ ਤੇ ਲਹਿੰਦਿਓਂ ਆਉਂਦੇ ਰੌਣ ਵੇ

ਸੁਰਜੀਤ ਜੱਜ

ਸਾਨੂੰ ਇੰਝ ਘੁਮਾਉਣ ਫਰੰਗੀਏ, ਜਿਉਂ ਪੌਣ-ਕੁੱਕੜ ਨੂੰ ਪੌਣ ਵੇ
ਜੋ ਗੀਤ ਸੀ ਸੁਪਨੇ ਜੀਣ ਦੇ, ਬਣ ਗਏ ਮਾਤਮੀ ਗੌਣ ਵੇ
ਮੈਂ ਗੀਤਾਂ ਅੰਦਰ ਥੀਵਣਾ, ਤੂੰ ਸਿਰਜ ਸੁਹੰਦੜੇ ਖ਼ਾਬ ਵੇ
ਮੈਂ ਬਹੁਤਾ ਕੁਝ ਨਈਂ ਆਖਣਾ ਬਸ ਇਕੋ ਸੁਣੀਂ ਜਵਾਬ ਵੇ
ਤੂੰ ਸਿੱਧੀ ਵਾਚੀਂ, ਜੱਗ ਜੋ, ਪਿਆ ਪੁੱਠੀ ਪੜ੍ਹੇ ਕਿਤਾਬ ਵੇ
ਮੈਂ ਚਾਹਵਾਂ ਤੇਰੀ ਅੱਖ ਦੀ, ਕੋਈ ਹੱਦ ਨਾ ਝੱਲੇ ਤਾਬ ਵੇ
ਤੂੰ ਮੈਨੂੰ ਕੀਤਾ ਚਾਨਣੀ, ਦੱਸ ਮਾਰੀ ਕਿਹੜੀ ਮੱਲ ਵੇ
ਤੂੰ ਦੋ ਪਲ ਜਗਿਓਂ, ਉਮਰ ਭਰ, ਮੈਂ ਸਹੇ ਨ੍ਹੇਰ ਦੇ ਸੱਲ ਵੇ

ਹਰ ਹੱਦ ਹਯਾਤੀ ਮੰਗਦੀ, ਕੋਈ ਅੱਜ ਮੰਗੇ ਕੋਈ ਕੱਲ੍ਹ ਵੇ
ਮੈਂ ਤੇਰੀਆਂ ਪੈੜਾਂ ਦੱਬੀਆਂ, ਉਨ੍ਹਾਂ ਖਿੱਤੀਆਂ ਦਿੱਤੀਆਂ ਠੱਲ੍ਹ ਵੇ
ਕੀ ਉੱਡਣਾ ਉਸ ਪਤੰਗ ਨੇ, ਜਿਸ ਸੰਗਲ ਸਮਝੇ ਡੋਰ ਵੇ
ਅਸੀਂ ਹੋਰ ਵਿਹਾਜੇ ਮਾਂਦਰੀ ਤੇ ਮਰਜ਼ਾਂ ਹੈਸਨ ਹੋਰ ਵੇ
ਇਕ ਅੱਖੇ ਚਾਵਾਂ ਠਾਹਰ ਲਈ ਤੇ ਦੂਜੀ ਅੱਖੇ ਸੋਗ ਵੇ
ਅਸੀਂ ਅੱਧੋਂ ਚੀਰੇ ਜਿਸਮ ਹਾਂ, ਸਾਡਾ ਜੱਗੋਂ ਵੱਖ ਵਿਜੋਗ ਵੇ
ਮੇਰਾ ਇਕੋ-ਇਕ ਜਵਾਬ ਹੈ ਤੇ ਇਕੋ-ਇਕ ਹੀ ਮੰਗ ਵੇ
ਜੇ ਮੈਂ ਹੀ ਤੇਰੀ ਹੱਦ ਹਾਂ, ਇਹ ਹੱਦ ਉਲੰਘ ਨਿਸੰਗ ਵੇ

ਇਕ-ਅੱਧ ਸੀਨੇ ਵਿਚ ਸਾਂਭ ਲਈਂ, ਸਭ ਚਿਣਗ਼ਾਂ ਹੋਣ ਨਾ ਸੀਤ ਵੇ
ਕੋਈ ਰਾਖ ਤਾਂ ਹੋਵੇ ਜਿਸ ਵਿਚੋਂ, ਕੁਕਨੂਸ ਹੋਏ ਸੁਰਜੀਤ ਵੇ।


Comments Off on ਕਾਵਿ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.