ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ

Posted On February - 26 - 2020

ਜਸਵੀਰ ਸਿੰਘ

ਖਡੂਰ ਸਾਹਿਬ ਇਤਿਹਾਸਕ ਮਹੱਤਵ ਵਾਲਾ ਕਸਬਾ ਹੈ। ਉਂਝ ਤਾਂ ਹਰ ਪਿੰਡ, ਸ਼ਹਿਰ ਅਤੇ ਕਸਬੇ ਦਾ ਆਪਣਾ ਇਤਿਹਾਸ ਹੁੰਦਾ ਹੈ ਪਰ ਜਿਨ੍ਹਾਂ ਸ਼ਹਿਰਾਂ, ਪਿੰਡਾਂ ਜਾਂ ਕਸਬਿਆਂ ਨਾਲ ਕਿਸੇ ਮਹਾਨ ਸ਼ਖ਼ਸੀਅਤ ਦਾ ਨਾਂ ਜੁੜ ਜਾਵੇ, ਉਨ੍ਹਾਂ ਦੀ ਹੋਂਦ ਹਸਤੀ ਹੋਰ ਗੂੜ੍ਹੀ ਹੋ ਜਾਂਦੀ ਹੈ। ਇਸ ਦ੍ਰਿਸ਼ਟੀ ਤੋਂ ਕਸਬਾ ਖਡੂਰ ਸਾਹਿਬ ਭਾਗਾਂ ਵਾਲਾ ਹੈ। ਖਡੂਰ ਸਾਹਿਬ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਪਤ ਹੈ। ਗੁਰੂ ਅੰਗਦ ਦੇਵ ਅਤੇ ਗੁਰੂ ਅਮਰਦਾਸ ਨੇ ਇਥੇ ਨਿਸ਼ਕਾਮ ਸੇਵਾ ਦੇ ਵੱਖ ਵੱਖ ਕਾਰਜ ਆਰੰਭੇ। ਸੇਵਾ ਦੀ ਇਹ ਨਿਸ਼ਕਾਮ ਭਾਵਨਾ ਬਾਅਦ ਵਿਚ ਸੰਤ-ਮਾਹਾਂਪੁਰਸ਼ਾਂ ਦੇ ਸਮੇਂ ਕਾਰਸੇਵਾ ਵਜੋਂ ਰੁਪਾਂਤਰਿਤ ਹੁੰਦੀ ਰਹੀ। ਇਤਿਹਾਸਕ ਤੱਥਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜਕਾਲ ਦੌਰਾਨ ਬਹੁਤ ਸਾਰੇ ਗੁਰਧਾਮਾਂ ਦੀ ਕਾਰਸੇਵਾ ਕਰਵਾਈ। ਸਿੱਖ ਰਾਜਕਾਲ ਦੇ ਜਾਣ ਤੋਂ ਬਾਅਦ ਇਤਿਹਾਸਕ ਧਾਰਮਿਕ ਸਥਾਨਾਂ ਦੀ ਹਾਲਤ ਇਕ ਵਾਰ ਫਿਰ ਮੰਦੀ ਹੋ ਗਈ। ਇਸ ਨੂੰ ਸੁਧਾਰਨ ਲਈ ਸੇਵਾ ਪੰਥੀ ਮਹਾਂਪੁਰਖਾਂ ਬਾਬਾ ਗੁਰਮੁਖ ਸਿੰਘ ਅਤੇ ਬਾਬਾ ਸਾਧੂ ਸਿੰਘ ਨੇ ਮੁੜ ਹੰਭਲਾ ਮਾਰਿਆ। ਦੋਵਾਂ ਮਹਾਂਪੁਰਖਾਂ ਨੇ ਬਾਬਾ ਬੀਰਮ ਦਾਸ ਅਤੇ ਬਾਬਾ ਸ਼ਾਮ ਸਿੰਘ ਅੰਮ੍ਰਿਤਸਰ ਵਾਲਿਆਂ ਦੀ ਪ੍ਰੇਰਣਾ ਸਦਕਾ ਸ੍ਰੀ ਸੰਤੋਖਸਰ ਸਰੋਵਰ ਦੀ ਕਾਰਸੇਵਾ ਤੋਂ ਆਧੁਨਿਕ ਕਾਰਸੇਵਾ ਦਾ ਆਰੰਭ ਕੀਤਾ ਅਤੇ ਬਾਅਦ ਵਿਚ ਕਾਰਸੇਵਾ ਦਾ ਇਹ ਕਾਰਜ ਸਮੁੱਚੇ ਇਤਿਹਾਸਕ ਗੁਰਧਾਮਾਂ ਤੱਕ ਫੈਲ ਗਿਆ। ਖਡੂਰ ਸਾਹਿਬ ਦੀ ਸੰਗਤ ਦੀ ਬੇਨਤੀ ’ਤੇ ਬਾਬਾ ਗੁਰਮੁਖ ਸਿੰਘ ਅਤੇ ਬਾਬਾ ਸਾਧੂ ਸਿੰਘ ਵੱਲੋਂ ਇਥੋਂ ਦੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਕਾਰਸੇਵਾ 1932-33 ਵਿੱਚ ਸ਼ੁਰੂ ਕੀਤੀ ਗਈ। ਬਾਬਾ ਗੁਰਮੁਖ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਝੰਡਾ ਸਿੰਘ, ਬਾਬਾ ਉੱਤਮ ਸਿੰਘ ਅਤੇ ਫਿਰ ਬਾਬਾ ਸੇਵਾ ਸਿੰਘ ਨੇ ਕਾਰਸੇਵਾ ਦਾ ਕਾਰਜ ਅੱਗੇ ਤੋਰਿਆ। ਗੁਰਧਾਮਾਂ ਦੀ ਕਾਰਸੇਵਾ ਦੇ ਇਸ ਕਾਰਜ ਦੇ ਨਾਲ ਨਾਲ ਬਾਬਾ ਉੱਤਮ ਸਿੰਘ ਵੇਲੇ 1969 ਵਿਚ ਵਿੱਦਿਅਕ ਸੰਸਥਾਵਾਂ ਦੇ ਨਿਰਮਾਣ ਅਤੇ ਇਨ੍ਹਾਂ ਨੂੰ ਯੋਗ ਢੰਗ ਨਾਲ ਚਲਾਉਣ ਦਾ ਕਾਰਜ ਵੀ ਹੱਥ ਲਿਆ ਗਿਆ। ਗੁਰੂ ਨਾਨਕ ਦੇਵ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ 1969 ਵਿਚ ਬਾਬਾ ਉੱਤਮ ਸਿੰਘ ਹੁਰਾਂ ਨੇ ਖਡੂਰ ਸਾਹਿਬ ਵਿਚ ਗੁਰੂ ਅੰਗਦ ਦੇਵ ਕਾਲਜ ਦੀ ਸਥਾਪਨਾ ਕੀਤੀ। ਇਸ ਤੋਂ ਪਿੱਛੋਂ ਬਾਬਾ ਉੱਤਮ ਸਿੰਘ ਹੁਰਾਂ ਨੇ ਇਸ ਇਤਿਹਾਸਕ ਕਸਬੇ ਵਿਚ 1984 ਵਿਚ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਕੀਤੀ, ਜਿਸ ਨੂੰ ਹੁਣ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸਕੂਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 1987 ਵਿਚ ਕਾਰਸੇਵਾ ਖਡੂਰ ਸਾਹਿਬ ਵੱਲੋਂ ਬਾਬਾ ਉੱਤਮ ਸਿੰਘ ਦੀ ਅਗਵਾਈ ਵਿਚ ਕਸਬਾ ਕਰਤਾਰਪੁਰ ਵਿੱਚ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਖੋਲ੍ਹਿਆ ਗਿਆ। 2004 ਵਿਚ ਗੁਰੂ ਅੰਗਦ ਦੇਵ ਦੇ ਪ੍ਰਕਾਸ਼ ਪੁਰਬ ਨਾਲ ਸਬੰਧਤ ਸ਼ਤਾਬਦੀ ਸਮਾਗਮ ਨੂੰ ਧਿਆਨ ਵਿਚ ਰੱਖਦਿਆਂ ਵਾਤਾਵਰਨ ਅਤੇ ਵਿਦਿਅਕ ਖੇਤਰ ਵਿਚ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਗਈਆਂ। ਇਨ੍ਹਾਂ ਯੋਜਨਾਵਾਂ ਤਹਿਤ ਬਣਨ ਵਾਲੀਆਂ ਸੰਸਥਾਵਾਂ ਨੂੰ ਸਹੀ ਤਰਤੀਬ ਦੇਣ ਲਈ ਨਿਸ਼ਾਨ-ਏ-ਸਿੱਖੀ ਟਰੱਸਟ ਦੀ ਸਥਾਪਨਾ ਕੀਤੀ ਗਈ। ਇਸੇ ਸਾਲ 8 ਮੰਜ਼ਿਲਾ ਨਿਸ਼ਾਨ-ਏ-ਸਿੱਖੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ 2011 ਵਿਚ ਇਮਾਰਤ ਦੀ ਉਸਾਰੀ ਦਾ ਕਾਰਜ ਆਰੰਭ ਹੋਇਆ। ਇਸ ਇਮਾਰਤ ਦੀ ਬੇਸਮੈਂਟ ਵਿਚ ਮਲਟੀਮੀਡੀਆ ਆਡੀਟੋਰੀਅਮ ਬਣਾਇਆ ਗਿਆ ਹੈ ਅਤੇ ਪਹਿਲੀ ਮੰਜ਼ਿਲ ’ਤੇ ਪ੍ਰਸ਼ਾਸਕੀ ਵਿਭਾਗ ਦੇ ਦਫਤਰ ਹਨ। ਦੂਜੀ ਮੰਜ਼ਿਲ ’ਤੇ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਅਤੇ ਅਗਲੀਆਂ ਮੰਜ਼ਿਲਾਂ ’ਤੇ ਇੰਸਟੀਚਿਊਟ ਆਫ ਸਾਇੰਸ ਸਟੱਡੀਜ਼, ਇੰਸਟੀਚਿਊਟ ਆਫ ਕੈਰੀਅਰ ਐਂਡ ਕੋਰਸਿਜ਼ ਅਤੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟਰੇਨਿੰਗ (ਐੱਨਡੀਏ) ਆਦਿ ਸਥਾਪਿਤ ਹਨ। ਇਨ੍ਹਾਂ ਪ੍ਰਾਜੈਕਟਾਂ ਤਹਿਤ ਹੀ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸੀਨੀਅਰ ਸਕੈਂਡਰੀ ਸਕੂਲ ਦੀ ਸਥਾਪਨਾ ਕੀਤੀ ਗਈ। ਇਹ ਸਕੂਲ ਵੀ ਮਿਆਰੀ ਸਿੱਖਿਆ ਦੇ ਮਾਮਲੇ ਵਿਚ ਨਵੇਂ ਦਿਸਹੱਦੇ ਸਥਾਪਤ ਕਰ ਰਿਹਾ ਹੈ। ਉਪਰੋਕਤ ਤੋਂ ਇਲਾਵਾ ਬਾਬਾ ਸੇਵਾ ਸਿੰਘ ਦੀ ਅਗਵਾਈ ਵਿਚ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ (ਬੀ.ਐੱਡ) ਦੀ ਸਥਾਪਨਾ ਕੀਤੀ ਗਈ। ਇਸ ਸੰਸਥਾ ਵੱਲੋਂ ਬੀ.ਐੱਡ ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅਤੇ ਡੀਐੱਲਡੀ ਦੀ ਡਿਗਰੀ ਨੈਸ਼ਨਲ ਕੌਂਸਲ ਆਫ ਟੀਚਰ ਐਜੂਕੇਸ਼ਨ ਜੈਪੁਰ ਤੋਂ ਕਰਵਾਈ ਜਾ ਰਹੀ ਹੈ।
ਪੰਜਾਬ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਪਿੰਡ ਗੁਰਸੌਂਹਦੀ ਵਿੱਚ ਸਾਲ 2000 ਵਿਚ ਇਥੇ ਵਸਦੇ ਸਿੱਖ ਬੱਚਿਆਂ ਦੇ ਪਰਿਵਾਰਾਂ ਨੂੰ ਧਿਆਨ ਵਿਚ ਰੱਖ ਕੇ ਖੋਲ੍ਹੀ ਗਈ ਢਾਈ ਏਕੜ ਵਿਚ ਫੈਲੀ ਇਹ ਅਕੈਡਮੀ ਦਸਵੀਂ ਕਲਾਸ ਤੱਕ ਵਿਦਿਆ ਪ੍ਰਦਾਨ ਕਰਦੀ ਹੈ। ਮੱਧ ਪ੍ਰਦੇਸ਼ ਦੇ ਹੀ ਜ਼ਿਲ੍ਹਾ ਭਿੰਡ ਦੇ ਬੂਟੀ ਕੂਹੀਆਂ ਵਿੱਚ ਵੀ ਕਾਰਸੇਵਾ ਖਡੂਰ ਸਾਹਿਬ ਵਲੋਂ ਸਕੂਲ ਖੋਲ੍ਹਿਆ ਗਿਆ ਹੈ। ਇਸੇ ਤਰ੍ਹਾਂ ਰਾਜਸਥਾਨ ਦੇ ਸ਼ੋਅਪੁਰ ਵਿਚ ਸੀਨੀਅਰ ਸਕੈਂਡਰੀ ਸਕੂਲ ਦੀ ਸਥਾਪਨਾ ਕੀਤੀ ਗਈ। 2004 ਵਿਚ ਪਿੰਡ ਮੋਹਣਾ ਜ਼ਿਲ੍ਹਾ ਗਵਾਲੀਅਰ ਵਿਚ ਕਾਰਸੇਵਾ, ਖਡੂਰ ਸਾਹਿਬ ਵੱਲੋਂ ਵਿਦਿਅਕ ਅਕੈਡਮੀ ਦੀ ਸਥਾਪਨਾ ਕੀਤੀ ਗਈ। ਇਹ ਅਕੈਡਮੀ ਮੈਟਰਿਕ ਤੱਕ ਹੈ।

ਜਸਵੀਰ ਸਿੰਘ

ਗੁਰੂ ਸਾਹਿਬ ਵਲੋਂ ਆਰੰਭੀ ਗਈ ਮੱਲ ਅਖਾੜਿਆਂ ਦੀ ਭਾਵਨਾ ਨੂੰ ਧਿਆਨ ’ਚ ਰੱਖਦਿਆਂ ਤੇ ਬੱਚਿਆਂ ਦੀ ਸਿਹਤ ਦੀ ਮਜ਼ਬੂਤੀ ਲਈ ਸਾਲ 2006 ’ਚ ਸੰਤ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਦੀ ਸਥਾਪਨਾ ਕੀਤੀ ਗਈ। ਇਸ ਅਕੈਡਮੀ ’ਚ ਅੰਡਰ-14 ਤੋਂ ਅੰਡਰ-18 ਤੱਕ ਚਾਰ ਟੀਮਾਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ।
ਵਾਤਾਵਰਨ ਦੇ ਖੇਤਰ ਵਿਚ ਯੋਗਦਾਨ: ਸੰਨ 2004 ਵਿੱਚ ਗੁਰੂ ਅੰਗਦ ਦੇਵ ਦੇ 500 ਸਾਲਾ ਸ਼ਤਾਬਦੀ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਲਗਭਗ ਪੰਜ ਸਾਲ ਪਹਿਲਾਂ 1999 ਤੋਂ ਕਾਰ ਸੇਵਾ ਵੱਲੋਂ ਪੰਜ ਕਾਰਜ ਉਲੀਕੇ ਗਏ, ਜਿਨ੍ਹਾਂ ਵਿੱਚ ਵਾਤਾਵਰਨ ਸਬੰਧੀ ਯੋਜਨਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਇਸ ਪ੍ਰਾਜੈਕਟ ਤਹਿਤ ਖਡੂਰ ਸਾਹਿਬ ਨੂੰ ਆਉਂਦੀਆਂ ਸਾਰੀਆਂ ਸੜਕਾਂ, ਤਰਨ ਤਾਰਨ ਸਾਹਿਬ ਤੋਂ ਖਡੂਰ ਸਾਹਿਬ ਰੋਡ, ਖਿਲਚੀਆਂ ਤੋਂ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ, ਵੈਰੋਵਾਲ ਤੋਂ ਖਡੂਰ ਸਾਹਿਬ, ਜੰਡਿਆਲਾ ਤੋਂ ਖਡੂਰ ਸਾਹਿਬ, ਰਈਆ ਤੋਂ ਖਡੂਰ ਸਾਹਿਬ ਅਤੇ ਤਰਨ ਤਾਰਨ ਸਾਹਿਬ ਤੋਂ ਖਡੂਰ ਸਾਹਿਬ (ਵਾਇਆ ਵੇਂਈਪੂਈਂ) ਸੜਕਾਂ ਦੇ ਕਿਨਾਰਿਆਂ ’ਤੇ ਬੂਟੇ ਲਗਾਏ ਗਏ। ਪਿੰਡਾਂ ਦੀਆਂ ਜਨਤਕ ਥਾਵਾਂ; ਜਿਵੇਂ ਹਸਪਤਾਲਾਂ, ਸ਼ਮਸ਼ਾਨ ਘਾਟ, ਸਕੂਲਾਂ ਅਤੇ ਕਾਲਜਾਂ ਆਦਿ ਵਿੱਚ ਬੋਹੜ, ਪਿੱਪਲ, ਨਿੰਮ, ਟਾਹਲੀ, ਅਰਜਨ, ਤੁਣ, ਤੂਤ, ਧਰੇਕ, ਮਹਾਗਣੀ, ਸੁਖਚੈਨਾ, ਅਮਲਤਾਸ, ਕਚਨਾਰ, ਗੁਲਮੋਹਰ, ਚੰਪਾ, ਅੰਬ, ਜਾਮੁਨ, ਅਮਰੂਦ, ਬਿਲ, ਬਹੇੜਾ, ਆਂਵਲਾ, ਤੁਲਸੀ ਆਦਿ ਬੂਟੇ ਲਾਏ ਗਏ। ਬੂਟਿਆਂ ਨੂੰ ਤਿਆਰ ਕਰਨ ਲਈ ਕਾਰਸੇਵਾ ਖਡੂਰ ਸਾਹਿਬ ਵੱਲੋਂ ਦੋ ਨਰਸਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਇੱਕ ਨਰਸਰੀ ਖਡੂਰ ਸਾਹਿਬ ਅਤੇ ਦੂਜੀ ਨਰਸਰੀ ਗਵਾਲੀਅਰ (ਮੱਧ-ਪ੍ਰਦੇਸ਼) ਵਿੱਚ ਹੈ। ਕਾਰਸੇਵਾ ਖਡੂਰ ਸਾਹਿਬ ਵੱਲੋਂ ਗੁਰਦੁਆਰਾ ਤਪਿਆਣਾ ਸਾਹਿਬ, ਖਡੂਰ ਸਾਹਿਬ ਦੇ ਨਜ਼ਦੀਕ ਬਾਗ ਬਾਬਾ ਸਾਧੂ ਸਿੰਘ ਲਗਾਇਆ ਗਿਆ ਹੈ, ਜਿਸ ਵਿੱਚ 36 ਪ੍ਰਕਾਰ ਦੇ ਫਲ ਤਿਆਰ ਹੁੰਦੇ ਹਨ। ਇਸ ਬਾਗ ਦੇ ਫ਼ਲ ਲੰਗਰ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਏ ਜਾਂਦੇ ਹਨ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਖਡੂਰ ਸਾਹਿਬ ਦੇ ਨਜ਼ਦੀਕ ਪਿੰਡ ਮੰਡਾਲਾ ਵਿੱਚ ਜੈਵਿਕ (ਆਰਗੈਨਿਕ) ਖੇਤੀ ਆਰੰਭ ਕੀਤੀ ਗਈ ਹੈ।
ਗੁਰੂ ਸਾਹਿਬਾਨ ਦੇ ਨਾਂ ’ਤੇ 10 ਪਾਰਕਾਂ ਦੀ ਸਥਾਪਨਾ: ਗਵਾਲੀਅਰ ਵਿੱਚ ਸਪੈਸ਼ਲ ਏਰੀਆ ਡਿਵੈਲਪਮੈਂਟ ਅਥਾਰਟੀ ਵਲੋਂ ਇੱਕ ਨਵਾਂ ਸ਼ਹਿਰ ‘ਨਿਊ ਗਵਾਲੀਅਰ’ ਵਸਾਇਆ ਜਾ ਰਿਹਾ ਹੈ। ਇਸ ਵਿੱਚ ਦਸ ਪਾਰਕਾਂ ਦੀ ਤਿਆਰੀ ਅਤੇ ਸਾਂਭ-ਸੰਭਾਲ ਦਾ ਕਾਰਜ ਕਾਰ ਸੇਵਾ ਖਡੂਰ ਸਾਹਿਬ ਨੂੰ ਸੌਂਪਿਆ ਗਿਆ ਹੈ। ਪਾਰਕਾਂ ਵਿੱਚ ਪੰਜਾਬ ਦੇ ਰਵਾਇਤੀ ਬੂਟੇ; ਜਿਵੇਂ ਪਿੱਪਲ, ਨਿੰਮ, ਬੇਰੀ, ਪਿਲਕਣ, ਆਂਵਲਾ, ਜਾਮਨ ਅਤੇ ਟਾਹਲੀ ਆਦਿ ਨੂੰ ਲਗਾਇਆ ਜਾ ਰਿਹਾ ਹੈ। ਇਨ੍ਹਾਂ ਦਸਾਂ ਪਾਰਕਾਂ ਦਾ ਨਾਂ ਦਸ ਗੁਰੂ ਸਾਹਿਬਾਨ ਦੇ ਨਾਂ ’ਤੇ ਰੱਖਿਆ ਗਿਆ ਹੈ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਘਰ-ਘਰ ਬੂਟਾ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ। ਇਸ ਤਹਿਤ ਕਾਰ ਸੇਵਾ ਵੱਲੋਂ ਇਲਾਕੇ ਦੇ ਪਿੰਡਾਂ ਵਿੱਚ ਘਰ-ਘਰ ਜਾ ਕੇ ਬੂਟੇ ਲਗਾਏ ਗਏ। ਹੁਣ ਤੱਕ ਤਕਰੀਬਨ 450 ਪਿੰਡਾਂ ਵਿੱਚ ਬੂਟੇ ਲਗਾਏ ਜਾ ਚੁੱਕੇ ਹਨ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਾਧੂ ਪਈ ਜ਼ਮੀਨ ਨੂੰ ਹਰਿਆ-ਭਰਿਆ ਕਰਨ ਦਾ ਉਪਰਾਲਾ ਕੀਤਾ ਗਿਆ ਹੈ। 2019 ’ਚ ਸ਼ੁਰੂ ਹੋਏ ਇਕ ਹੋਰ ਵਾਤਾਵਰਨਿਕ ਪ੍ਰਾਜੈਕਟ ਤਹਿਤ ਨਵੇਂ ਬਣੇ ਅੰਮ੍ਰਿਤਸਰ-ਹਰੀਕੇ ਹਾਈਵੇ ’ਤੇ ਸੜਕ ਦੇ ਦੋਹੇਂ ਪਾਸੇ ਬੂਟੇ ਲਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ 25 ਕਿਲੋਮੀਟਰ ਸੜਕ ’ਤੇ ਬੂਟੇ ਲਗਾਏ ਜਾ ਚੁੱਕੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਤਹਿਤ ਇਤਿਹਾਸਕ ਗੁਰਦੁਆਰਿਆਂ ਵਿੱਚ ਦਰੱਖਤ ਲਗਾਏ ਜਾਣੇ ਹਨ।
ਵਾਤਾਵਰਨ ਦੀ ਸਾਂਭ ਸੰਭਾਲ ਦੇ ਕਾਰਜ ਨੂੰ ਦੇਖਦਿਆਂ ਭਾਰਤ ਸਰਕਾਰ ਸੰਯੁਕਤ ਰਾਸ਼ਟਰ ਦੇ ਮੁਖੀ ਸਮੇਤ ਅਨੇਕਾਂ ਸੰਸਥਾਵਾਂ ਵੱਲੋਂ ਬਾਬਾ ਸੇਵਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ। 2010 ਵਿਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਬਾਬਾ ਸੇਵਾ ਸਿੰਘ ਨੂੰ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਯੂਐੱਨਓ ਦੇ ਸਾਬਕਾ ਸਕੱਤਰ ਬਾਨ ਕੀ ਮੂਨ ਅਤੇ ਬਰਤਾਨੀਆਂ ਦੇ ਪ੍ਰਿੰਸ ਵੱਲੋਂ ਵੀ ਬਾਬਾ ਜੀ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਥਾਵਾਂ ’ਤੇ ਵੀ ਵੱਖ ਵੱਖ ਸਮਿਆਂ ’ਤੇ ਬਾਬਾ ਸੇਵਾ ਸਿੰਘ ਦਾ ਸਨਮਾਨ ਕੀਤਾ ਗਿਆ ਹੈ।
ਸੰਪਰਕ: 62805-74657


Comments Off on ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.