ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ

Posted On February - 28 - 2020

ਡਾ. ਪਿਆਰਾ ਲਾਲ ਗਰਗ

ਕਰੋਨਾਵਾਇਰਸ ਨੇ ਸੰਸਾਰ ਵਿੱਚ ਦਹਿਸ਼ਤ ਫੈਲਾ ਰੱਖੀ ਹੈ ਅਤੇ ਅੱਜ ਇਹ ਮੌਤ ਦਾ ਸੁਦਾਗਰ ਬਣ ਕੇ ਪੇਸ਼ ਹੋਇਆ ਹੈ। ਬੇਸ਼ੱਕ ਭਾਰਤ ਵਿੱਚ ਕੇਵਲ ਤਿੰਨ ਮਾਮਲੇ ਹੀ ਸਾਹਮਣੇ ਆਏ ਹਨ ਤੇ ਪੰਜਾਬ ਵਿੱਚ ਤਾਂ ਇੱਕ ਵੀ ਮਰੀਜ਼ ਇਸ ਤੋਂ ਪੀੜ੍ਹਤ ਨਹੀਂ ਪਾਇਆ ਗਿਆ, ਤਦ ਵੀ ਡਰ ਅਤੇ ਸਹਿਮ ਦਾ ਮਾਹੌਲ ਹੈ। ਸੰਸਾਰ ਸਿਹਤ ਸੰਸਥਾ ਅਨੁਸਾਰ 23 ਫਰਵਰੀ 2020 ਤੱਕ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਬਿਮਾਰੀ ਪੈਰ ਪਾ ਗਈ ਹੈ। ਸੰਸਥਾ ਵੱਲੋਂ ਜਾਰੀ ਸੰਸਾਰ ਭਰ ਦੇ ਮਰੀਜ਼ਾਂ ਦੇ ਅੰਕੜਿਆਂ ਅਨੁਸਾਰ 23 ਫਰਵਰੀ ਤੱਕ ਕੁੱਲ 78,811 ਮਰੀਜ਼ ਪਾਏ ਗਏ ਹਨ ਤੇ 2462 ਮੌਤਾਂ ਹੋਈਆਂ ਹਨ। ਸਭ ਤੋਂ ਵੱਧ ਮਰੀਜ਼ 76,936 ਤੇ ਮੌਤਾਂ 24,42 ਚੀਨ ਵਿੱਚ, ਇਸ ਤੋਂ ਬਾਅਦ ਦੱਖਣੀ ਕੋਰੀਆ 602 (6), ਇਰਾਨ 43 (8), ਜਪਾਨ 132 (1) , ਇਟਲੀ 130, ਸਿੰਘਾਪੁਰ 89, ਹਾਂਗਕਾਂਗ 70 (2), ਥਾਈਲੈਂਡ 35 ਤੇ ਸੰਯੁਕਤ ਰਾਜ ਅਮਰੀਕਾ 35 ਹਨ। ਚੀਨ ਦੀਆਂ ਜੇਲ੍ਹਾਂ ਵਿੱਚ ਵੀ ਕਰੋਨਾ ਦੇ 512 ਮਰੀਜ਼ ਪਾਏ ਗਏ ਹਨ। ਚੀਨ ਦੇ ਹੁਬਈ ਰਾਜ ਦੀ ਰਾਜਧਾਨੀ ਵੁਹਾਨ ਵਿੱਚ ਉਭਰੀ ਇਸ ਬਿਮਾਰੀ ਨਾਲ ਇਸੇ ਰਾਜ ਵਿੱਚ 2000 ਤੋਂ ਵੱਧ ਮੌਤਾਂ ਹੋਈਆਂ ਹਨ ਤੇ ਦਸੰਬਰ 2019 ਵਿੱਚ ਦੇ ਆਖਰ ਵਿੱਚ ਸ਼ੁਰੂ ਹੋਏ ਤੇ ਜਨਵਰੀ-ਫਰਵਰੀ ਵਿੱਚ ਤੇਜ਼ੀ ਨਾਲ ਫੈਲੇ, ਸਾਰਸ ਕਰੋਨਾਵਾਇਰਸ -2 ( ਨੋਵਲ ਕਰੋਨਾ ਵਾਇਰਸ 2019 ਐੱਨਸੀਓਵੀ) ਦੇ ਨਵੇਂ ਮਰੀਜ਼ਾਂ ਦੀ ਗਿਣਤੀ ਹੁਣ ਤੇਜ਼ੀ ਨਾਲ ਘੱਟ ਰਹੀ ਹੈ ਅਤੇ 20 ਫਰਵਰੀ ਤੱਕ ਇਹ ਰੋਜ਼ਾਨਾ 411 ਰਹਿ ਗਈ ਸੀ। ਇਸ ਰੋਗ ਨੂੰ ਹੁਨਾਨ ਦੀ ਸਮੁੰਦਰੀ ਭੋਜਨ ਦੀ ਥੋਕ ਮੰਡੀ ਨਾਲ ਜੋੜਿਆ ਜਾਂਦਾ ਹੈ, ਬੇਸ਼ੱਕ 1 ਦਸੰਬਰ 2019 ਨੂੰ ਆਇਆ ਪਹਿਲਾ ਮਾਮਲਾ ਇਸ ਮੰਡੀ ਨਾਲ ਸਬੰਧਤ ਨਹੀਂ ਸੀ। ਚੀਨ ਨੇ ਬਹੁਤ ਹੀ ਮੁਸਤੈਦੀ ਨਾਲ ਅਤੇ ਕੌਮਾਂਤਰੀ ਸਹਿਯੋਗ ਨਾਲ ਇਸ ਨੂੰ ਸਬੰਧਤ ਰਾਜ ਹੁਬਈ ਤੋਂ ਬਾਹਰ ਤੇਜ਼ੀ ਨਾਲ ਫੈਲਣ ਤੋਂ ਰੋਕ ਲਿਆ ਹੈ। ਚੀਨ ਦੇ ਲਾਗ ਦੀਆਂ ਬਿਮਾਰੀਆਂ ਦੇ ਸੈਂਟਰ ਨੇ ਜਨਵਰੀ ਦੇ ਸ਼ੁਰੂ ਵਿੱਚ ਹੀ ਐਲਾਨ ਕਰ ਦਿੱਤਾ ਸੀ ਕਿ ਇਹ ਵਿਸ਼ਾਣੂ ਚਮਗਿੱਦੜ ਅਤੇ ਪੈਂਗੋਲਿਨ (ਕਾਟੋ/ਗਿਲਹਰੀ ਵਰਗੇ) ਜਾਨਵਰਾਂ ਦੇ ਕਰੋਨਾ ਵਿਸ਼ਾਣੂ ਤੇ 2003 ਵਿੱਚ ਫੈਲੇ ਸਾਰਸ ਕਰੋਨਾ ਵਾਇਰਸ-1 ਨਾਲ ਮਿਲਦਾ ਜੁਲਦਾ ਹੈ। ਮੱਧ ਜਨਵਰੀ ਵਿੱਚ ਹਵਾਈ ਸਫਰ ’ਤੇ ਪਾਬੰਦੀਆਂ, ਰੋਗੀਆਂ ਨੂੰ ਵੱਖ ਰੱਖਣਾ (ਆਈਸੋਲੇਸ਼ਣ), ਰੋਗੀ ਦੇ ਸੰਪਰਕਾਂ ਨੂੰ ਵੱਖ ਨਿਗਰਾਨੀ ਹੇਠ ਰੱਖਣਾ (ਕੁਆਰੰਟਾਈਨ) ਜਿਵੇਂ ਜਾਪਾਨ ਵਿੱਚ ਡਾਇਮੰਡ ਪਰਿੰਸੈਸ ਕਰੁਜ਼ ਬੇੜੇ ਦਾ ਕੁਆਰੰਟਾਈਨ, ਕਰਫਿਊ ਲਗਾਉਣਾ ਜਿਵੇਂ ਸੈਂਟਰਲ ਚੀਨ ਵਿੱਚ 17 ਕਰੋੜ ਲੋਕਾਂ ’ਤੇ, ਦੱਖਣੀ ਕੋਰੀਆ ਦੇ ਡੇਇਗੋ ਵਿੱਚ ਸਵੈ ਕਰਫਿਊ ਤੇ ਇਟਲੀ ਦੇ ਲੋਮਬਾਰਡੀ ਤੇ ਵੈਨੇਟੋ ਦੇ 12 ਸ਼ਹਿਰਾਂ ਦੇ 50,000 ਲੋਕਾਂ ’ਤੇ ਕਰਫਿਊ, ਸਿਹਤ ਸਬੰਧੀ ਐਲਾਨਨਾਮੇ, ਸਰੀਰਕ ਤਾਪਮਾਨ ਦਾ ਨਿਰੀਖਣ ਅਤੇ ਰੋਗ ਦੇ ਵਿਸ਼ਾਣੂ-ਵਾਹਕ ਵਿਅਕਤੀਆਂ ਦੀ ਪਛਾਣ ਦੇ ਚਿੰਨ੍ਹ ਆਦਿ ਨੇ ਬਿਮਾਰੀ ਨੂੰ ਹੁਬਈ ਵਿੱਚੋਂ ਬਾਹਰ ਫੈਲਣ ਤੋਂ ਰੋਕਣ ਵਿੱਚ ਵੱਡੀ ਭੂਮਿਕਾ ਨਿਭਾਈ। ਇਨ੍ਹਾਂ ਤੱਥਾਂ ਦੇ ਬਾਵਜੂਦ ਪੱਛਮ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਚੀਨ ਨੇ ਇਸ ਬਿਮਾਰੀ ਨੂੰ ਲੁਕਾ ਕੇ ਰੱਖਿਆ। ਸੰਸਾਰ ਸਿਹਤ ਸੰਸਥਾ ਨੇ ‘ਕਰੋਨਾਵਾਇਰਸ ਫੈਲਣ’ ਨੂੰ ਕੌਮਾਂਤਰੀ ਸਰੋਕਾਰ ਵਾਲੀ ਜਨ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ।
ਇਸਦੇ ਲੱਛਣ ਆਮ ਜ਼ੁਕਾਮ ਤੇ ਗਲਾ ਖਰਾਬ ਹੋਣ ਦੇ ਲੱਛਣਾਂ ਤੋਂ ਕੁੱਝ ਵੱਧ ਹੁੰਦੇ ਹਨ। ਬੁਖਾਰ, ਖੰਘ, ਜ਼ੁਕਾਮ, ਨਿੱਛਾਂ, ਗਲਾ ਖਰਾਬ, ਸਾਂਹ ਲੈਣ ਵਿੱਚ ਤਕਲੀਫ ਤੇ ਸਾਂਹ ਚੜ੍ਹਦਾ ਹੈ। ਖੰਘ ਜ਼ੁਕਾਮ ਜਾਂ ਨਿੱਛ ਮਾਰਨ ਨਾਲ ਰੋਗੀ ਦੀ ਸਾਂਹ ਪ੍ਰਣਾਲੀ ਵਿੱਚੋਂ ਨਿਕਲੇ ਤੁਪਕੇ ਅੱਗੇ ਦੂਜੇ ਇਨਸਾਨ ਦੀ ਸਾਂਹ ਪ੍ਰਣਾਲੀ ਤੱਕ ਜਾਣ ਨਾਲ ਇਹ ਰੋਗ ਫੈਲਦਾ ਹੈ। ਵਿਸ਼ਾਣੂ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਆਮ ਕਰ ਕੇ 5-6 ਦਿਨਾਂ (2 ਤੋਂ 14 ਦਿਨਾਂ) ਦੇ ਵਿੱਚ ਬਿਮਾਰੀ ਦੇ ਲੱਛਣ ਸ਼ੁਰੂ ਕਰ ਦਿੰਦਾ ਹੈ। ਨਮੂਨੀਆ ਅਤੇ ਸਾਂਹ ਦੀ ਬਹੁਤ ਹੀ ਜ਼ਿਆਦਾ ਤਕਲੀਫ ਬਿਮਾਰੀ ਦੇ ਗੰਭੀਰ ਹੋਣ ਦੇ ਲੱਛਣ ਹਨ।
ਇਸ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਰੋਗੀ ਨੂੰ ਵੱਖਰਾ ਤੇ ਨਿਵੇਕਲਾ ਰੱਖਿਆ ਜਾਵੇ, ਰੋਗੀ ਨੂੰ ਖੰਘਣ/ਨਿੱਛ ਮਾਰਨ ਵਕਤ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ, ਪਰਨੇ, ਮਫਲਰ, ਕੱਪੜੇ, ਹੱਥਾਂ ਜਾਂ ਕੂਹਣੀ ਨਾਲ ਢੱਕ ਲੈਣਾ ਚਾਹੀਦਾ ਹੈ। ਹੱਥ ਸਾਫ਼ ਪਾਣੀ ਨਾਲ ਵਾਰ-ਵਾਰ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਹੱਥ ਧੋਣ ਵਾਸਤੇ ਸਪਿਰਟ ਜਾਂ ਅਲਕੋਹਲ ਵਾਲੇ ਪਾਣੀ ਦੀ ਜਾਂ ਸਾਬੁਣ ਦੀ ਵਰਤੋਂ ਬਿਹਤਰ ਹੈ। ਪਰੋਖੋ ਵਿੱਚ ਹੋਵੇ ਤਾਂ ਸੈਨੇਟਾਈਜ਼ਰ ਵਰਤ ਲੈਣ। ਬੁਖਾਰ ਤੇ ਖੰਘ, ਜ਼ੁਕਾਮ ਵਾਲਿਆਂ ਦੇ ਕੋਲ ਜਾਣ ਵੇਲੇ ਉਨ੍ਹਾਂ ਤੋਂ ਇੱਕ ਮੀਟਰ ਦੀ ਦੂਰੀ ’ਤੇ ਰਹੋ, ਆਪਣਾ ਮੂੰਹ ਤੇ ਨੱਕ ਰੁਮਾਲ/ ਕੱਪੜੇ ਨਾਲ ਢੱਕ ਲਵੋ, ਜੇ ਪਰੋਖੋ ਹੈ ਤਾਂ ਮਾਸਕ ਵਰਤ ਲਵੋ। ਬੰਨ੍ਹਣ ਵੇਲੇ ਮਾਸਕ ਨੂੰ ਅੱਗੋਂ ਨਾ ਛੂਹੋ, ਮੂੰਹ ਤੇ ਮਾਸਕ ਵਿਚਕਾਰ ਖਾਲੀ ਥਾਂ ਨਾ ਛੱਡੋ, ਮਾਸਕ ਗਿਲਾ ਹੋਣ ’ਤੇ ਨਵਾਂ ਲਗਾਓ, ਲਾਹੁਣ ਵੇਲੇ ਪਿਛਿਓਂ ਤਨੀ ਖੋਲ੍ਹ ਕੇ ਲਾਹੋ, ਇੱਕ ਵਾਰੀ ਵਰਤਿਆ ਮਾਸਕ ਦੁਬਾਰਾ ਨਾ ਵਰਤੋਂ। ਰੋਗੀ ਨਾਲ ਹੱਥ ਨਾ ਮਿਲਾਇਆ ਜਾਵੇ।
ਬਾਹਰੋਂ ਆਏ ਪੈਕਟ ਆਦਿ ਲੈਣ ਵਿੱਚ ਕੋਈ ਦਿੱਕਤ ਨਹੀਂ ਕਿਉਂਕਿ ਵਾਇਰਸ ਇਨ੍ਹਾਂ ਉਪਰ ਕੁੱਝ ਘੰਟਿਆਂ ਤੋਂ ਜ਼ਿਆਦਾ ਦੇਰ ਜਿਉਂਦਾ ਨਹੀਂ ਰਹਿੰਦਾ। ਮੀਟ ਮੰਡੀ ਵਿੱਚ ਜਿਉਂਦੇ ਜਾਨਵਰਾਂ ਨਾਲ ਸੰਪਰਕ ਤੋਂ ਬਚੋ। ਜਾਨਵਰਾਂ ਅਤੇ ਜਾਨਵਰ ਉਤਪਾਦਾਂ ਨੂੰ ਛੂਹਣ ਤੋਂ ਬਾਅਦ ਹੱਥ ਧੋਵੋ। ਬਿਮਾਰ ਜਾਨਵਰਾਂ ਤੇ ਖਰਾਬ ਹੋਏ ਉਤਪਾਦਾਂ ਨੂੰ ਨਾ ਛੂਹੋ। ਮੰਡੀ ਵਿੱਚ ਅਵਾਰਾ ਕੁੱਤਿਆਂ, ਬਿੱਲੀਆਂ, ਚੂਹਿਆਂ, ਪੰਛੀਆਂ ਤੇ ਚਮ-ਗਿਦੜਾਂ ਨਾਲ ਸੰਪਰਕ ਤੋਂ ਬਚੋ। ਕੱਚੇ ਜਾਨਵਰ ਉਤਪਾਦ ਨਾ ਖਾਓ।
ਚੀਨ ਦੇ ਖੋਜੀਆਂ ਨੇ 72,314 ਮਾਮਲਿਆਂ ਦਾ ਅਧਿਐਨ ਕਰ ਕੇ ਸਿੱਟਾ ਕੱਢਿਆ ਹੈ ਕਿ ਨੋਵਲ ਕਰੋਨਾਵਾਇਰਸ ਔਰਤਾਂ ਦੇ ਮੁਕਾਬਲੇ ਮਰਦਾਂ ਲਈ ਜ਼ਿਆਦਾ ਘਾਤਕ ਹੈ ਅਤੇ ਮੌਤ ਦਾ ਸੁਦਾਗਰ ਹੈ। ਸੰਸਾਰ ਸਿਹਤ ਸੰਸਥਾ ਦੇ ਅਧਿਕਾਰੀ ਅਨੁਸਾਰ ਕਰੋਨਾਵਾਇਰਸ ਦੀ ਨਵੀਂ ਕਿਸਮ 80 ਫ਼ੀਸਦੀ ਮਰੀਜ਼ਾਂ ਵਿੱਚ ਹਲਕੇ ਜ਼ੁਕਾਮ ਦੇ ਲੱਛਣ ਪੈਦਾ ਕਰਦੀ ਹੈ। ਇਸ ਬਿਮਾਰੀ ਦੇ ਇਲਾਜ ਵਿੱਚ ਕਿਸੇ ਐਂਟੀਬਾਇਓਟਿਕ ਦੀ ਸਿੱਧੀ ਭੂਮਿਕਾ ਨਹੀਂ ਹੈ। ਲੱਛਣਾਂ ਲਈ ਤੇ ਸਾਂਹ ਨੂੰ ਸੌਖਾ ਕਰਨ ਵਾਸਤੇ ਸਰੀਰ ਦੀ ਆਕਸੀਜਨ ਲੋੜ ਪੂਰੀ ਕਰਨ ਵਾਸਤੇ ਕੀਤੇ ਯਤਨ ਹੀ ਇਲਾਜ ਹਨ।
ਕਰੋਨਾਵਾਇਰਸ ਵਾਸਤੇ ਵੀ ਵੈਕਸੀਨ ਅਤੇ ਐਂਟੀ ਵਾਇਰਲ ਦਵਾਈਆਂ ’ਤੇ ਖੋਜ ਹੋਈ ਹੈ। ਚੀਨ ਨੇ ਜਾਨਵਰਾਂ ਤੋਂ ਬਾਅਦ ਇਨਸਾਨਾਂ ’ਤੇ ਟੈਸਟ ਕਰਨੇ ਹਨ। ਅਮਰੀਕੀ ਵੈਕਸੀਨ ਦੇ ਵੀ ਮਨੁੱਖੀ ਪ੍ਰੀਖਣ ਅਪ੍ਰੈਲ 2020 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੰਸਾਰ ਸਿਹਤ ਸੰਸਥਾ ਅਨੁਸਾਰ ਇਲਾਜ ਵਾਸਤੇ ਦਵਾਈਆਂ ਦੇ ਕਲੀਨੀਕਲ ਟਰਾਇਲ ਦੇ ਮੁੱਢਲੇ ਨਤੀਜੇ ਤਿੰਨ ਹਫਤੇ ਵਿੱਚ ਆ ਜਾਣਗੇ। ਇੱਕ ਟਰਾਇਲ ਵਿੱਚ ਏਡਜ਼ ਦੀ ਦਵਾਈ ਲੋਪੀਨਾਵੀਰ ਤੇ ਰੀਟੋਨਾਵੀਰ ਨੂੰ ਮਿਲਾ ਕੇ ਕੀਤਾ ਜਾ ਰਿਹਾ ਹੈ, ਜਦ ਕਿ ਦੂਜੇ ਵਿੱਚ ਅਮਰੀਕਾ ਸਥਿਤ ਬਾਇਓਟੈਕ ਗੀਲੀਡ ਸਾਇੰਸਜ਼ ਨਾਮੀ ਸੰਸਥਾ, ਵਾਇਰਸ ਵਿਰੋਧੀ ਦਵਾਈ ਰੈਮਡੀਜ਼ੀਵੀਰ ਨੂੰ ਟੈਸਟ ਕਰ ਰਹੀ ਹੈ। ਅਜੇ ਇਸ ਬਿਮਾਰੀ ਦੇ ਇਲਾਜ ਅਤੇ ਰੋਕਥਾਮ ਦੇ ਤੌਰ ਤਰੀਕੇ ਵਿੱਚ ਸ਼ਾਮਲ ਹੈ, ਜਲਦੀ ਪਤਾ ਲਗਾਉਣਾ, ਜਲਦੀ ਰਿਪੋਰਟ, ਜਲਦੀ ਕੁਆਰੰਟਾਈਨ ਤੇ ਆਈਸੋਲੇਸ਼ਨ, ਜਲਦੀ ਪਛਾਣ (ਡਾਇਆਗਨੋਸਿਸ) ਯਾਨੀ ਪਛਾਣ ਤੇ ਜਲਦੀ ਇਲਾਜ। ਕਰੋਨਾ ਦੇ ਹੁਣ ਤੱਕ ਜਿੰਨੇ ਕੁੱਲ ਮਰੀਜ਼ ਸੰਸਾਰ ਭਰ ਵਿੱਚ ਸਾਹਮਣੇ ਆਏ ਹਨ ਉਸ ਤੋਂ ਵੱਧ ਪੰਜਾਬ ਵਿੱਚ ਹੈਪੇਟਾਈਟਸ ਸੀ ਵਾਇਰਸ ਨਾਲ ਪੀੜ੍ਹਤ ਯਾਨੀ ਕਾਲੇ ਪੀਲੀਏ ਦੇ ਮਰੀਜ਼ ਹਨ, ਜੋ ਨਾ ਜੰਮਿਆਂ ਵਿੱਚ ਨੇ ਤੇ ਨਾ ਮੋਇਆਂ ਵਿੱਚ, ਪਰ ਇਸ ਕਾਲੇ ਪੀਲੀਏ ਦਾ ਕੋਈ ਵਾ-ਵੇਲਾ ਨਹੀਂ। ਇਸ ਬਾਬਤ ਵੀ ਸੋਚਨ ਦੀ ਲੋੜ ਹੈ। ਕਰੋਨਾਵਾਇਰਸ ਦੇ ਇਲਾਜ ਲਈ ਪੰਜਾਬ ਵਿੱਚ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਪ੍ਰਬੰਧ ਮੌਜੂਦ ਹਨ। ਹਰ ਜ਼ਿਲ੍ਹਾ ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਉਪਲਬਧ ਹਨ, ਜਿਨ੍ਹਾਂ ਵਿੱਚ ਕੁਲ 423 ਬੈੱਡ ਹਨ ਅਤੇ ਅੰਮ੍ਰਿਤਸਰ, ਫਰੀਦਕੋਟ, ਪਟਿਆਲਾ, ਜਲੰਧਰ , ਮੋਗਾ , ਮੁਕਤਸਰ ਤੇ ਫਿਰੋਜ਼ਪੁਰ ਵਿੱਚ ਸਰਕਾਰੀ ਹਸਪਤਾਲਾਂ ਵਿੱਚ 20 ਵੈਂਟੀਲੇਟਰ ਵੀ ਹਨ।
ਉਪਰੋਕਤ ਗਤੀਵਿਧੀਆਂ ਤੋਂ, ਚੀਨ ਵਿਰੁੱਧ ਲੱਗੇ ਦੋਸ਼ਾਂ ਤੋਂ ਅਤੇ ਚੀਨ ਦੀ ਸੰਸਾਰ ਮੰਡੀ ਵਿੱਚ ਮੁਕਾਬਲੇਬਾਜ਼ੀ ਵਿੱਚ ਪਈ ਰੋਕ ਤੋਂ ਅਤੇ ਇਸ ਦੇ ਅਰਥਚਾਰੇ ਨੂੰ ਕਰੋਨਾ ਕਾਰਨ ਹੋਏ ਵਿਆਪਕ ਆਰਥਿਕ ਨੁਕਸਾਨ ਤੋਂ ਇਸ ਸ਼ੱਕ ’ਤੇ ਵੀ ਉਂਗਲ ਉਠਦੀ ਹੈ ਕਿ ਇਹ ਵਬਾ ਕਿਤੇ ਸੰਸਾਰ ਮੰਡੀ ਦੀ ਆਰਥਕ ਜੰਗ ਦਾ ਹਿੱਸਾ ਤਾਂ ਨਹੀਂ ?
ਸੰਪਰਕ: 99145-05009


Comments Off on ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.