ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕਰਜ਼ਾ, ਕਿਸਾਨ ਅਤੇ ਕੰਬਲ

Posted On February - 29 - 2020

ਰਾਸ ਰੰਗ
ਡਾ. ਸਾਹਿਬ ਸਿੰਘ
ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਆਰਥਿਕ ਸਮਾਜਿਕ ਵਰਤਾਰਿਆਂ ਨੂੰ ਇੰਨੀ ਸੂਖਮਤਾ ਨਾਲ ਪੇਸ਼ ਕਰਦੀਆਂ ਹਨ ਕਿ ਕਹਾਣੀ ਦਾ ਮਰਮ ਧੁਰ ਅੰਦਰ ਤਕ ਲਹਿ ਜਾਂਦਾ ਹੈ। ‘ਪੁੂਸ ਕੀ ਏਕ ਰਾਤ’ ਅਜਿਹੀ ਹੀ ਇਕ ਕਹਾਣੀ ਹੈ। ਇਸ ਕਹਾਣੀ ਨੂੰ ਆਧਾਰ ਬਣਾ ਕੇ ਉਤਸਵ ਕਲਾ ਮੰਚ ਦੇ ਕਲਾਕਾਰਾਂ ਨੇ ਅਨੂਪ ਸ਼ਰਮਾ ਦੀ ਨਿਰਦੇਸ਼ਨਾਂ ਹੇਠ ਨਾਟਕ ਖੇਡਿਆ ‘ਕੰਬਲ’। ਟੀਐੱਫਟੀ ਦੇ ਰੰਗਮੰਚ ਉਤਸਵ ਦੌਰਾਨ ਕੀਤੀ ਗਈ ਇਹ ਪੇਸ਼ਕਾਰੀ ਹਰ ਪੱਖੋਂ ਯਾਦਗਾਰੀ ਰਹੀ। ਵਿਸ਼ੇ ਦੀ ਪਸੰਗਿਕਤਾ, ਨਿਰਦੇਸ਼ਕੀ ਬਾਰੀਕੀਆਂ, ਗੀਤ ਸੰਗੀਤ, ਰੌਸ਼ਨੀ ਪ੍ਰਭਾਵਾਂ ਦੀ ਸੁਚੱਜੀ ਵਰਤੋਂ ਤੇ ਸਭ ਤੋਂ ਵੱਧ ਅਨੂਪ ਸ਼ਰਮਾ ਦੀ ਦਮਦਾਰ ਅਦਾਕਾਰੀ, ਹਰ ਪਾਸਿਓਂ ਦਰਸ਼ਕ ਕੀਲਿਆ ਗਿਆ।
ਨਾਟਕ ਆਰੰਭ ਹੁੰਦਾ ਹੈ ਤਾਂ ਸਾਧਾਰਨ ਮੰਚ ਜੜਤ ਦਿਖਾਈ ਦਿੰਦੀ ਹੈ। ਸਿਰਫ਼ ਇੱਧਰ ਉੱਧਰ ਪਈਆਂ ਕੁਝ ਲੱਕੜੀਆਂ, ਮਾਧੋ ਲਮਕਵੀਂ ਸੁਰ ’ਚ ਗੀਤ ਗਾ ਰਿਹਾ ਹੈ ,‘ਬੜੇ ਭਾਗ ਰੇ, ਮਾਨਵ ਤਨ ਪਾਵਾ।’ ਲੱਕੜੀਆਂ ਇਕੱਠੀਆਂ ਕਰ ਜਿਵੇਂ ਹੀ ਮੰਚ ਤੋਂ ਰੁਖ਼ਸਤ ਹੋਣ ਲੱਗਦਾ ਹੈ ਤਾਂ ਹਲਕੂ ਇਕ ਥੈਲਾ ਫੜੀ ਪ੍ਰਵੇਸ਼ ਕਰਦਾ ਹੈ ਤੇ ਖ਼ੁਸ਼ਖਬ਼ਰੀ ਦਿੰਦਾ ਹੈ ਕਿ ਉਸਨੇ ਸਰਦੀ ਤੋਂ ਬਚਣ ਲਈ ਇਕ ਕੰਬਲ ਖ਼ਰੀਦ ਲਿਆ ਹੈ। ਮਾਧੋ ਉਸਦੀ ਖ਼ੁਸ਼ੀ ’ਚ ਸ਼ਾਮਲ ਹੈ, ਪਰ ਇਹ ਚੇਤੇ ਕਰਕੇ ਉਦਾਸ ਹੁੰਦਾ ਹੈ ਕਿ ਉਸਦੀ ਪਤਨੀ ਕੰਬਲ ਖੁਣੋਂ ਠੰਢ ਨਾਲ ਮਰ ਗਈ ਸੀ ਤੇ ਉਸਨੇ ਖੇਤੀਬਾੜੀ ਛੱਡ ਕੇ ਮਜ਼ਦੂਰੀ ਕਰਨ ਦਾ ਫ਼ੈਸਲਾ ਕਰ ਲਿਆ ਹੈ। ਹਲਕੂ ਦ੍ਰਿੜ੍ਹ ਹੈ ਕਿ ਉਹ ਕਿਸਾਨ ਜੰਮਿਆ ਸੀ ਤੇ ਕਿਸਾਨ ਹੀ ਮਰੇਗਾ। ਹਲਕੂ ਘਰ ਪਹੁੰਚਦਾ ਹੈ, ਪਤਨੀ ਨੂੰ ਯਕੀਨ ਨਹੀਂ ਆਉਂਦਾ ਕਿ ਸੱਚੀਂ ਕੰਬਲ ਆ ਗਿਆ ਹੈ। ਉਹ ਡਰਦੀ ਹੈ ਕਿ ਲਾਲਾ ਦੇ ਪੈਸਿਆਂ ਨਾਲ ਹਲਕੂ ਕੰਬਲ ਲਿਆਇਆ ਹੈ ਤਾਂ ਹਲਕੂ ਕਿਰਤ ਦੀ ਲੁੱਟ ਦਾ ਸੱਚ ਪੇਸ਼ ਕਰਦਾ ਹੋਇਆ ਕਹਿੰਦਾ ਹੈ ,‘ਮੈਂ ਲਾਲਾ ਦੇ ਪੈਸਿਆਂ ਨਾਲ ਕੰਬਲ ਨਹੀਂ ਲਿਆ ਬਲਕਿ ਲਾਲਾ ਸਾਡੇ ਪੈਸਿਆਂ ਨਾਲ ਹਵੇਲੀਆਂ ਖੜ੍ਹੀਆਂ ਕਰ ਰਿਹਾ ਹੈ।’ ਲਾਲੇ ਦਾ ਪ੍ਰਵੇਸ਼ ਹੁੰਦਾ ਹੈ, ਕੁਝ ਡਾਂਟ ਡਪਟ ਤੋਂ ਬਾਅਦ ਲਾਲਾ ਮੁਆਫ਼ ਕਰ ਦਿੰਦਾ ਹੈ ਤੇ ਪੋਹ ਦਾ ਠੰਢਾ ਮਹੀਨਾ ਕੰਬਲ ਨਾਲ ਕੱਟ ਲੈਣ ਦੀ ਪ੍ਰਵਾਨਗੀ ਦਿੰਦਾ ਹੈ। ਸੁਪਨਾ ਟੁੱਟਦਾ ਹੈ ਤਾਂ ਹਲਕੂ ਇਕੱਲਾ ਲੇਟਿਆ ਹੋਇਆ ਹੈ। ਕੰਬਲ ਦਾ ਸੁਪਨਾ ਉਸਦੇ ਦਿਮਾਗ਼ ’ਤੇ ਛਾਇਆ ਹੋਇਆ ਹੈ। ਜਦੋਂ ਹਲਕੂ ਸੁਪਨਿਆਂ ਦੀ ਬਾਤ ਪਾ ਰਿਹਾ ਹੈ ਤਾਂ ਦਰਸ਼ਕਾਂ ’ਚੋਂ ਇਕ ਮਾਸੂਮ ਬਾਲਕ ਦੀ ਆਵਾਜ਼ ਗੂੰਜਦੀ ਹੈ, ‘ਸੁਪਨਾ ਕੀ ਹੁੰਦਾ ਹੈ?’ ਪਰ ਮੰਚ ’ਤੇ ਖੜ੍ਹਾ ਗ਼ਰੀਬ ਹਲਕੂ ਜੋ ਕਰਜ਼ੇ ’ਚ ਡੁੱਬਿਆ ਹੈ, ਸੁਪਨਿਆਂ ਦੀ ਕਿਹੜੀ ਤਸਵੀਰ ਉਸ ਨੰਨ੍ਹੇ ਬੱਚੇ ਨੂੰ ਸਮਝਾਵੇ।
ਸੁਪਨਾ ਸੱਚ ਦੇ ਰੂਬਰੂ ਹੁੰਦਾ ਹੈ ਤਾਂ ਲਾਲਾ ਆਕੜਿਆ ਖੜ੍ਹਾ ਹੈ ਤੇ ਵਿਆਜ ਦੀ ਰਕਮ ਮੰਗ ਰਿਹਾ ਹੈ। ਹਲਕੂ ਤਰਲੇ ਮਾਰ ਰਿਹਾ ਹੈ, ਪਰ ਲਾਲਾ ਪਸੀਜਦਾ ਨਹੀਂ ਤੇ ਧਮਕੀ ਦੇ ਕੇ ਚਲਾ ਜਾਂਦਾ ਹੈ। ਹੁਣ ਨਾਟਕ ਦਾ ਅਤਿਅੰਤ ਭਾਵਪੂਰਨ ਦ੍ਰਿਸ਼ ਉੱਭਰਦਾ ਹੈ। ਹਲਕੂ ਆਪਣੀ ਪਤਨੀ ਮੁੰਨੀ ਅੱਗੇ ਬੇਵੱਸ ਹੋਇਆ ਖੜ੍ਹਾ ਹੈ ਕਿ ਕੰਬਲ ਲਈ ਰੱਖੇ ਪੈਸੇ ਉਸਨੂੰ ਦੇ ਦੇਵੇ ਤਾਂ ਕਿ ਉਹ ਲਾਲੇ ਦਾ ਵਿਆਜ ਚੁਕਤਾ ਕਰ ਦੇਵੇ। ਪਤਨੀ ਨਿੱਕੇ ਚਾਅ, ਮਜਬੂਰੀਆਂ, ਸੱਧਰਾਂ ਬਿਆਨ ਕਰ ਰਹੀ ਹੈ। ਹਲਕੂ ਸਭ ਸਮਝਦਾ ਹੈ। ਕੰਬਲ ਸ਼ੌਕ ਨਹੀਂ ਬਲਕਿ ਮਜਬੂਰੀ ਹੈ। ਟੁੱਟੀ ਆਰਥਿਕਤਾ ਕਿਵੇਂ ਪਿਆਰੇ ਸਬੰਧਾਂ ਨੂੰ ਵੀ ਕਲੇਸ਼ ਦੇ ਰਾਹ ਪਾ ਦਿੰਦੀ ਹੈ, ਕਿਵੇਂ ਇਕ ਦੂਜੇ ਦੀਆਂ ਅੱਖਾਂ ’ਚੋਂ ਵਹਿੰਦੇ ਹੰਝੂਆਂ ਦੀ ਭਾਸ਼ਾ ਸਮਝਦਿਆਂ ਵੀ ਉਹ ਵਿਵਹਾਰਕ ਹੋਣ ਦੀ ਝੂਠੀ ਕੋਸ਼ਿਸ਼ ਕਰਦੇ ਹਨ, ਕਿਵੇਂ ਆਖਰ ਚੀਕ ਚਿਹਾੜੇ ਤੋਂ ਬਾਅਦ ਪਸਰੀ ਚੁੱਪ ਨੂੰ ਤੋੜਦਿਆਂ ਇਕ ਦੂਜੇ ਦੇ ਗਲ ਲੱਗ ਧਾਹੀਂ ਰੋਂਦੇ ਹਨ ਤੇ ਪਾਈ ਪਾਈ ਜੋੜੀ ਪੂੰਜੀ ਲਾਲੇ ਦੀ ਹਥੇਲੀ ਧਰਨ ਲਈ ਮਿਲ ਕੇ ਸੱਧਰਾਂ ਦਾ ਕਤਲ ਕਰਦੇ ਹਨ ਤੇ ਸੁਪਨੇ ਤੋਂ ਕੋਹਾਂ ਦੂਰ ਖੜ੍ਹੀ ਹਕੀਕਤ ਅੱਗੇ ਨਤਮਸਤਕ ਹੋ ਜਾਂਦੇ ਹਨ। ਇਹ ਦ੍ਰਿਸ਼ ਇਸ ਤਰ੍ਹਾਂ ਦੇ ਅਨੇਕਾਂ ਭਾਵ ਉਜਾਗਰ ਕਰਦਾ ਹੈ। ਦੋ ਨਿਪੁੰਨ ਅਦਾਕਾਰ ਕਿਵੇਂ ਇਕ ਦੂਜੇ ਸੰਗ ਊਰਜਾ ਸੰਚਾਰ ਕਰਦੇ ਹਨ, ਕਿਵੇਂ ਸੁਰਾਂ ਦਾ ਆਦਾਨ ਪ੍ਰਦਾਨ ਕਰਦੇ ਹਨ, ਕਿਵੇਂ ਬਹਿਸ ਨਾਲ ਗੜੁੱਚ ਦ੍ਰਿਸ਼ ਅੰਦਰ ਵੀ ਆਪਸੀ ਰਿਸ਼ਤੇ ਦੀ ਸੂਖਮਤਾ ਗੁਆਚਣ ਨਹੀਂ ਦਿੰਦੇ ਤੇ ਕਿਵੇਂ ਜੋ ਵੀ ਕਰਦੇ ਨੇ ਸੱਚ ਜਾਪਣ ਲਗਾ ਦਿੰਦੇ ਹਨ, ਇਸਦੀ ਮਿਸਾਲ ਪੇਸ਼ ਕੀਤੀ ਅਨੂਪ ਸ਼ਰਮਾ ਤੇ ਸੁਨਾਮਨੀ ਕਪੂਰ ਨੇ।
ਹੁਣ ਉਹ ਰਾਤ ਆ ਗਈ ਹੈ ਜਿਹੜੀ ਕਹਾਣੀ ਦਾ ਆਧਾਰ ਹੈ। ਰੌਸ਼ਨੀ ਪ੍ਰਭਾਵ, ਪਿੱਠਵਰਤੀ ਆਵਾਜ਼ਾਂ ਤੇ ਅਨੂਪ ਦੇ ਗਲੇ ’ਚੋਂ ਨਿਕਲਦੀਆਂ ਠੰਢ ਨਾਲ ਲੜਦੀਆਂ ਭਿੜਦੀਆਂ ਆਵਾਜ਼ਾਂ ਐਸਾ ਰੰਗ ਬੰਨ੍ਹਦੀਆਂ ਹਨ ਕਿ ਪੋਹ ਦਾ ਪਾਲਾ ਦਰਸ਼ਕ ਦੀਰਘਾ ਤਕ ਫੈਲ ਜਾਂਦਾ ਹੈ। ਮੰਚ ਉੱਤੇ ਸਿਰਫ਼ ਅਨੂਪ ਹੈ, ਹਲਕੂ ਦੇ ਰੂਪ ’ਚ ਤੇ ਉਸਦਾ ਕੁੱਤਾ ਜਬਰਾ ਹੈ। ਜਬਰਾ ਦਿਖਾਈ ਨਹੀਂ ਦੇ ਰਿਹਾ, ਪਰ ਜਬਰਾ ਦੀ ਆਵਾਜ਼, ਜਬਰੇ ਨਾਲ ਹਲਕੂ ਦੇ ਵਾਰਤਾਲਾਪ ਉਸਦੀ ਹੋਂਦ ਦਾ ਪ੍ਰਮਾਣ ਦੇ ਰਹੇ ਹਨ। ਜਬਰਾ ਅਰਥਾਤ ਕੁੱਤਾ ਰਾਤਾਂ ਨੂੰ ਪਹਿਰਾ ਦੇਣ ਦਾ ਪ੍ਰਤੀਕ ਹੈ। ਹਲਕੂ ਜਬਰਾ ਸੰਗ ਜਬਰਾ ਬਣਿਆ ਲਾਲੇ ਦੀ ਫ਼ਸਲ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਲਕੂ ਠੰਢ ਦਾ ਕੀ ਕਰੇ! ਪਤਲੀ ਛਿੱਦਰੀ ਚਾਦਰ ਨੂੰ ਇਕੱਠੀ ਕਰ ਆਪਣਾ ਤੇ ਜਬਰਾ ਦਾ ਤਨ ਢੱਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਇੱਥੇ ਗ਼ਰੀਬ ਦੀ ਖਾਲੀ ਭੜੋਲੀ ਵਾਂਗ ਚਾਦਰ ਦਾ ਆਕਾਰ ਵੀ ਇੰਨਾ ਛੋਟਾ ਹੈ ਕਿ ਚਾਦਰ ਦੇਖ ਕੇ ਪੈਰ ਪਸਾਰਨ ਵਾਲਾ ਅਖਾਣ ਮੂੰਹ ਚਿੜਾਉਣ ਲੱਗਦਾ ਹੈ। ਹਲਕੂ ਵਾਰ ਵਾਰ ਅੰਬਰ ਵੱਲ ਦੇਖ ਰਿਹਾ ਹੈ, ਉਡੀਕ ਕਰ ਰਿਹਾ ਹੈ ਕਿ ਕਦੋਂ ਸਪਤਰਿਸ਼ੀ ਉੱਪਰ ਆਉਣ ਤੇ ਸਵੇਰਾ ਹੋ ਜਾਏ ਤਾਂ ਕਿ ਉਹ ਪੋਹ ਦੀ ਇਸ ਕੰਬਣੀ ਛੇੜਦੀ ਰਾਤ ਤੋਂ ਛੁਟਕਾਰਾ ਹਾਸਲ ਕਰ ਲਵੇ। ਜੁੱਗਾਂ ਜੁੱਗਾਂ ਤੋਂ ਗ਼ਰੀਬ ਮਿਹਨਤਕਸ਼ ਇਨ੍ਹਾਂ ਸਪਤਰਿਸ਼ੀਆਂ ਦੀ ਉਡੀਕ ਕਰ ਰਿਹਾ ਹੈ ਕਿ ਉਹ ਆਉਣਗੇ ਤੇ ਸਵੇਰ ਹੋਵੇਗੀ, ਪਰ ਰਿਸ਼ੀ ਤਾਂ ਵੱਡਿਆਂ ਨੂੰ ਅਸੀਸ ਦੇਣ ’ਚ ਵਿਅਸਤ ਹਨ।

ਡਾ. ਸਾਹਿਬ ਸਿੰਘ

ਹਲਕੂ ਇੱਧਰੋਂ ਉੱਧਰੋਂ ਪਰਾਲੀ ਦਾ ਢੇਰ ਹੂੰਝਦਾ ਹੈ ਤੇ ਅੱਗ ਬਾਲ ਲੈਂਦਾ ਹੈ। ਅੱਗ ਇਕ ਮਜ਼ਬੂਤ ਬਿੰਬ ਬਣ ਉੱਭਰਦਾ ਹੈ ਤੇ ਅੱਗ ਇਲਾਜ ਬਣ ਬਹੁੜਦੀ ਹੈ। ਮੁਨਸ਼ੀ ਪ੍ਰੇਮ ਚੰਦ ਇਸ ਸੇਕ ਦਾ ਸੱਚ ਜਾਣਦਾ ਹੈ। ਨਿਰਦੇਸ਼ਕ ਇਸ ਸੱਚ ਨੂੰ ਬਿਨਾਂ ਬਿਆਨ ਦਿੱਤਿਆਂ ਉਜਾਗਰ ਕਰਦਾ ਹੈ। ਅੱਗ ਪ੍ਰਚੰਡ ਹੋ ਰਹੀ ਹੈ। ਸਰੀਰ ਖੁੱਲ੍ਹ ਰਿਹਾ ਹੈ। ਠੰਢ ਭੱਜ ਰਹੀ ਹੈ। ਹਲਕੂ ਜਬਰਾ ਸੰਗ ਖੇਡਣ ਲੱਗਦਾ ਹੈ। ਦੋਵੇਂ ਅੱਗ ਦੀ ਲਾਟ ਉਤੋਂ ਛਾਲਾਂ ਮਾਰ ਰਹੇ ਹਨ। ਸਰੀਰ ਨੂੰ ਪਸੀਨਾ ਆਉਂਦਾ ਹੈ। ਅਨੂਪ ਦੇ ਮੱਥੇ ਦੀਆਂ ਸਿਲਵਟਾਂ ’ਚ ਸੱਚਮੁੱਚ ਪਸੀਨਾ ਦਿਖਾਈ ਦਿੰਦਾ ਹੈ। ਲਾਲਾ ਫ਼ਿਕਰਾਂ ’ਚੋਂ ਗਾਇਬ ਹੋ ਗਿਆ ਹੈ। ਠੰਢ ਭੁੱਲ ਗਈ ਹੈ। ਜੰਗਲੀ ਜਾਨਵਰਾਂ ਵੱਲੋਂ ਫ਼ਸਲ ਉਜਾੜ ਦਿੱਤੇ ਜਾਣ ਦਾ ਡਰ ਕਾਫ਼ੂਰ ਹੋ ਗਿਆ ਹੈ ਕਿਉਂਕਿ ਹਲਕੂ ਅੰਦਰੋਂ ਅੰਦਰੀ ਕੋਈ ਫ਼ੈਸਲਾ ਕਰ ਚੁੱਕਿਆ ਹੈ ਤੇ ਬੇਗਾਨੀ ਫ਼ਸਲ ਦੀ ਰਾਖੀ ਕਰਨੋਂ ਆਕੀ ਹੋਣ ਲਈ ਤਿਆਰੀ ਕਰੀ ਬੈਠਾ ਹੈ। ਚਾਦਰ ਤਾਣਦਾ ਹੈ, ਜਬਰਾ ਸੰਗ ਸੌਂ ਜਾਂਦਾ ਹੈ। ਸਵੇਰ ਹੁੰਦੀ ਹੈ। ਮੁੰਨੀ ਉਸਨੂੰ ਉਠਾਉਂਦੀ ਹੈ, ਡਰਾਮਾਮਈ ਅੰਦਾਜ਼ ’ਚ ਸੱਚ ਸਾਹਮਣੇ ਆਉਂਦਾ ਹੈ ਕਿ ਰਾਤ ਦੇ ਹਨੇਰੇ ’ਚ ਜਬਰਾ ਜੰਗਲੀ ਜਾਨਵਰਾਂ ਨਾਲ ਟੱਕਰ ਲੈਂਦਿਆਂ ਮਾਰਿਆ ਜਾ ਚੁੱਕਾ ਹੈ। ਹਲਕੂ ਸੁੰਨ ਹੈ। ਮੁੰਨੀ ਵਿਰਲਾਪ ਕਰ ਰਹੀ ਹੈ। ਦਰਸ਼ਕ ਪੂਰੀ ਰਾਤ ਦੇ ਦ੍ਰਿਸ਼ ਅੰਦਰ ਵਿਆਕੁਲ ਕਰਦੀ ਜਬਰਾ ਦੀ ਆਵਾਜ਼ ਦੁਬਾਰਾ ਸੁਣਨ ਲਈ ਤੜਪ ਰਿਹਾ ਹੈ, ਪਰ ਸੱਚ ਮੂੰਹ ਅੱਡੀ ਸਾਹਮਣੇ ਖੜ੍ਹਾ ਹੈ। ਹਲਕੂ ਅਵਾਜ਼ਾਰ ਹੋ ਗਿਆ ਹੈ। ਮਾਧੋ ਵਾਲੇ ਰਾਹ ਪੈਣ ਦਾ ਫ਼ੈਸਲਾ ਲੈਂਦਾ ਹੈ, ਖੇਤੀ ਨਹੀਂ ਮਜ਼ਦੂਰੀ ਕਰਾਂਗਾ। ਭਿਆਨਕ ਹਕੀਕਤ ਦਰਸ਼ਕ ਨੂੰ ਭੈਭੀਤ ਕਰ ਰਹੀ ਹੈ। ਹਲਕੂ ਤੇ ਮੁੰਨੀ ਕਿਤੇ ਦੂਰ ਦੇਖ ਰਹੇ ਹਨ ਤੇ ਪਿੱਠ ਭੂਮੀ ਤੋਂ ’ਵੋਹ ਸੁਬਹਾ ਕਭੀ ਤੋਂ ਆਏਗੀ’ ਦੀ ਆਵਾਜ਼ ਉੱਚੀ ਹੋ ਰਹੀ ਹੈ। ਦਰਸ਼ਕ ਨਾਟਕ ਦੀ ਪੇਸ਼ਕਾਰੀ ’ਚ ਭਿੱਜਿਆ ਉੱਠ ਖੜ੍ਹਾ ਹੁੰਦਾ ਹੈ ਤੇ ਤਾੜੀਆਂ ਸੰਗ ਹਾਲ ਗੂੰਜਣ ਲਾ ਦਿੰਦਾ ਹੈ। ਅਨੂਪ ਸ਼ਰਮਾ, ਸੁਨਾਮਿਨੀ ਕਪੂਰ ਤੋਂ ਇਲਾਵਾ ਗੋਰਕੀ ਸਿੰਘ ਅਤੇ ਅਨੁਜ ਵਤਸ ਦੀ ਅਦਾਕਾਰੀ ਵੀ ਯਾਦਗਾਰੀ ਸੀ। ਬਸੰਤ ਲਾਹੌਰੀਆ ਦੇ ਗੀਤਾਂ ਨੇ ਨਾਟਕ ਨੂੰ ਤਾਕਤ ਬਖ਼ਸ਼ੀ ਤੇ ਕਰਮਜੀਤ ਜੱਗਾ ਵੱਲੋਂ ਸਿਰਜੇ ਰੌਸ਼ਨੀ ਪ੍ਰਭਾਵ ਬਾਕਮਾਲ ਸਨ। ਸਾਰਥਕ ਸੁਨੇਹਾ ਦੇਣ ਵਾਲੀ ਜੀਵੰਤ ਪੇਸ਼ਕਾਰੀ ਲਈ ਉਤਸਵ ਕਲਾ ਮੰਚ ਨੂੰ ਸਲਾਮ।
ਸੰਪਰਕ: 98880-11096


Comments Off on ਕਰਜ਼ਾ, ਕਿਸਾਨ ਅਤੇ ਕੰਬਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.