ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਕਣਕ ਦਾ ਨਿਰੋਗ ਬੀਜ ਪੈਦਾ ਕਰਨ ਦੇ ਨੁਕਤੇ

Posted On February - 15 - 2020

ਅੰਜੂ ਬਾਲਾ, ਅਮਰਜੀਤ ਸਿੰਘ ਤੇ ਨਰਿੰਦਰ ਸਿੰਘ*
ਜੇ ਕਿਸਾਨ ਨੂੰ ਉੱਤਮ ਬੀਜ ਨਾ ਮਿਲੇ ਤਾਂ ਸਾਰੇ ਖੇਤੀ ਖ਼ਰਚੇ ਵਿਅਰਥ ਹੋ ਜਾਂਦੇ ਹਨ। ਇਸ ਲਈ ਕਿਸੇ ਵੀ ਕੌਮ ਦੀ ਖ਼ੁਰਾਕ ਸੁਰੱੱਖਿਆ ਉੱੱਤਮ ਬੀਜ ਦੀ ਮੌਜੂਦਗੀ ’ਤੇ ਹੀ ਨਿਰਭਰ ਕਰਦੀ ਹੈ। ਅੰਤਰਰਾਸ਼ਰਟੀ ਬੀਜ ਪਰਖ ਸੰਸਥਾ ਦੇ ਅਨੁਸਾਰ ਫ਼ਸਲੀ ਝਾੜ ਦੇ ਵਾਧੇ ਲਈ ਬਿਜਾਈ ਤੋਂ ਪਹਿਲਾਂ ਬੀਜ ਦੀ ਸਿਹਤ ਦਾ ਮੁਆਇਨਾ ਕਰਨਾ ਬਹੁਤ ਜ਼ਰੂਰੀ ਹੈ। ਉੱਤਮ ਬੀਜ ਵਧੇਰੇ ਉੱਗਣ ਸ਼ਕਤੀ ਵਾਲੇ ਅਤੇ ਨਦੀਨਾਂ ਦੇ ਬੀਜਾਂ ਤੋਂ ਮੁਕਤ ਹੋਣ ਦੇ ਨਾਲ ਬਿਮਾਰੀ ਦੇ ਜੀਵਾਣੂੰਆਂ ਤੋਂ ਵੀ ਰਹਿਤ ਹੁੰਦੇ ਹਨ। ਭਾਰਤ ਵਿੱਚ ਬ੍ਰੀਡਰ ਸੀਡ ਦਾ ਉਤਪਾਦਨ ਅਤੇ ਸਪਲਾਈ ਪ੍ਰਣਾਲੀ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.) ਦੁਆਰਾ ਨਿਯੰਤਰਤ ਕੀਤੀ ਜਾਂਦੀ ਹੈ ਜਦੋਂਕਿ ਬੁਨਿਆਦੀ ਅਤੇ ਪ੍ਰਮਾਣਿਤ ਬੀਜ, ਨੈਸ਼ਨਲ ਪੱਧਰ, ਰਾਜ ਪੱਧਰ ਅਤੇ ਪ੍ਰਾਈਵੇਟ ਬੀਜ ਉਤਪਾਦਕ ਅਦਾਰਿਆਂ ਰਾਹੀਂ ਪੈਦਾ ਕੀਤੇ ਜਾ ਸਕਦੇ ਹਨ। ਬੀਜ ਐਕਟ 1966 ਦੇ ਅਨੁਸਾਰ ਬੀਜ ਦੀ ਸਿਹਤ ਅਤੇ ਸ਼ੁੱਧਤਾ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਬੀਜ ਪੈਦਾ ਕਰਨ ਵਾਲੇ ਖੇਤ ਆਪ ਮੁਹਾਰੇ ਉੱਗੇ ਗ਼ੈਰਕਿਸਮੀ ਪੌਦਿਆਂ, ਨਦੀਨਾਂ, ਕੀੜੇ-ਮਕੌੜੇ ਅਤੇ ਰੋਗੀ ਬੂਟਿਆਂ ਤੋਂ ਮੁਕਤ ਹੋਣੇ ਚਾਹੀਦੇ ਹਨ। ਇਸ ਲਈ ਕਣਕ ਦਾ ਨਿਸਾਰਾ ਸ਼ੁਰੂ ਹੋਣ ਸਮੇਂ ਅਤੇ ਨਿਸਰਣ ਤੋਂ ਬਾਅਦ ਗ਼ੈਰਫ਼ਸਲੀ ਅਤੇ ਬਿਮਾਰ ਬੂਟਿਆਂ ਨੂੰ ਨਸ਼ਟ ਕਰਨ ਲਈ ਘੱਟੋ-ਘੱਟ ਦੋ ਨਿਰੀਖਣ ਕੀਤੇ ਜਾਂਦੇ ਹਨ। ਬਿਮਾਰੀ ਦੇ ਕੀਟਾਣੂੰ ਮਿੱਟੀ ਅਤੇ ਪੌਦੇ ਦੇ ਦੂਜੇ ਭਾਗਾਂ ਦੇ ਮੁਕਾਬਲੇ ਬੀਜਾਂ ਵਿੱਚ ਜ਼ਿਆਦਾ ਲੰਬੇ ਸਮੇਂ ਲਈ ਜਿਉਂਦੇ ਰਹਿੰਦੇ ਹਨ। ਬਿਮਾਰੀ ਦੇ ਕੀਟਾਣੂੰਆਂ ਦੀ ਲਾਗ ਬੀਜਾਂ ਰਾਹੀਂ ਨਵੇਂ ਇਲਾਕਿਆਂ ਵਿੱਚ ਫੈਲ਼ ਸਕਦੀ ਹੈ।
ਕਣਕ ਦੀ ਕਰਨਾਲ ਬੰਟ: ਕਰਨਾਲ ਬੰਟ ਦੀ ਬਿਮਾਰੀ ਦਾ ਮੁੱਖ ਪ੍ਰਭਾਵ ਬੀਜਾਂ ਦੀ ਗੁਣਵੱਤਾ ’ਤੇ ਪੈਂਦਾ ਹੈ। ਬਿਮਾਰੀ ਵਾਲਾ ਬੀਜ ਇਸ ਰੋਗ ਨੂੰ ਇੱਕ ਖੇਤ ਤੋਂ ਦੂਜੇ ਖੇਤ ਅਤੇ ਲੰਬੀ ਦੂਰੀ ਦੇ ਇਲਾਕਿਆਂ ਵਿੱਚ ਫੈਲਾਉਣ ਲਈ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਦਾ ਰੋਗਾਣੂੰ, ਮਿੱਟੀ ਅਤੇ ਬੀਜ ਵਿੱਚ ਜਿਊਂਦਾ ਰਹਿੰਦਾ ਹੈ ਜੋ ਕਿ ਕੁਆਰੰਟੀਨ ਦੀ ਗੰਭੀਰ ਸਮੱੱਸਿਆ ਹੋਣ ਕਰ ਕੇ ਕਣਕ ਦੇ ਵਪਾਰ ਨੂੰ ਪ੍ਰਭਾਵਿਤ ਕਰਦਾ ਹੈ। ਸਾਲ 2019 ਦੌਰਾਨ ਪੰਜਾਬ ਦੀਆਂ ਮੰਡੀਆਂ ਦਾ ਸਰਵੇਖਣ ਕੀਤਾ ਗਿਆ ਅਤੇ ਇਸ ਬਿਮਾਰੀ ਦੀ ਔਸਤਨ ਤੀਬਰਤਾ 0.003 ਤੋਂ 0.82 ਪਾਈ ਗਈ। ਇਸ ਬਿਮਾਰੀ ਦਾ ਸਭ ਤੋਂ ਵੱਧ ਹਮਲਾ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਵਿੱਚ (12.7%) ਦੇਖਿਆ ਗਿਆ। ਇਹ ਬਿਮਾਰੀ ਮੁੱੱਖ ਤੌਰ ’ਤੇ ਬੀਜ ਅਤੇ ਖੇਤੀ ਦੇ ਸਾਜ਼ੋ-ਸਮਾਨ ਰਾਹੀਂ ਫੈਲਦੀ ਹੈ। ਇਸ ਤੋਂ ਇਲਾਵਾ ਹਵਾ ਰਾਹੀਂ ਵੀ ਇਹ ਬਿਮਾਰੀ ਕੁਝ ਦੂਰੀ ਤੱਕ ਜਾ ਸਕਦੀ ਹੈ। ਕਰਨਾਲ ਬੰਟ ਦੇ ਲੱਛਣਾਂ ਦੀ ਖੇਤ ਵਿੱਚ ਪਛਾਣ ਕਰਨਾ ਬਹੁਤ ਮੁਸ਼ਕਿਲ ਹੈ। ਕਣਕ ਦੀ ਵਾਢੀ ਤੋਂ ਬਾਅਦ ਬੀਜਾਂ ਵਿੱਚ ਇਸ ਬਿਮਾਰੀ ਦੇ ਲੱਛਣ ਆਸਾਨੀ ਨਾਲ ਪਛਾਣੇ ਜਾਂਦੇ ਹਨ। ਆਮ ਤੌਰ ’ਤੇ ਇਸਦੇ ਲੱਛਣ ਸਿਰਫ਼ ਦਾਣੇ ਦੇ ਸਿਰੇ ’ਤੇ ਹੀ ਦਿਸਦੇ ਹਨ ਪਰ ਕਦੇ-ਕਦੇ ਸਾਰੇ ਦਾ ਸਾਰਾ ਦਾਣਾ ਹੀ ਇਸ ਨਾਲ ਪ੍ਰਭਾਵਿਤ ਹੋ ਜਾਂਦਾ ਹੈ। ਬਿਮਾਰੀ ਨਾਲ ਗ੍ਰਸਤ ਇਨ੍ਹਾਂ ਦਾਣਿਆਂ ਤੇ ਗੂੜੇ ਕਾਲੇ ਰੰਗ ਦਾ ਧੂੜਾ ਪੈਦਾ ਹੋ ਜਾਂਦਾ ਹੈ ਜਿਨ੍ਹਾਂ ਨੂੰ ਹੱਥਾਂ ਵਿੱਚ ਮਲਣ ਜਾਂ ਭੰਨਣ ਤੇ ਇਨ੍ਹਾਂ ਵਿੱਚੋਂ ਬੜੀ ਭੈੜੀ ਗੰਧ ਆਉਂਦੀ ਹੈ। ਇਹ ਕਾਲਾ ਧੂੜਾ ਉੱਲੀ ਦੇ ਕਣ ਹੁੰਦੇ ਹਨ ਜੋ ਕਈ ਸਾਲਾਂ ਤੱਕ ਦਾਣਿਆਂ ਅਤੇ ਜ਼ਮੀਨ ਵਿੱਚ ਜੀਵਿਤ ਰਹਿ ਸਕਦੇ ਹਨ। ਮੌਸਮ ਅਨੁਕੂਲ਼ ਹੋਣ ’ਤੇ ਇਹ ਕਣਕ ਦੇ ਸਿੱਟੇ ਨਿਕਲਣ ਵੇਲੇ ਮਿੱਟੀ ਵਿੱਚੋਂ ਉੱਗ ਕੇ ਹਵਾ ਵਿੱਚ ਰਲ ਜਾਂਦੇ ਹਨ ਅਤੇ ਸਿੱਟਿਆਂ ਵਿੱਚ ਦਾਣਿਆਂ ’ਤੇ ਬਿਮਾਰੀ ਲਾ ਦਿੰਦੇ ਹਨ। ਅਜਿਹੀ ਫ਼ਸਲ ਤੋਂ ਰੱਖਿਆ ਬੀਜ ਅਗਲੇ ਸਾਲ ਲਈ ਬਿਮਾਰੀ ਫੈਲਾਉਣ ਦਾ ਕਾਰਨ ਬਣਦਾ ਹੈ।
ਰੋਕਥਾਮ: ਜ਼ਿਆਦਾਤਰ ਸਿਫ਼ਾਰਸ਼ ਕੀਤੀਆਂ ਕਣਕ ਦੀਆਂ ਕਿਸਮਾਂ ਬਿਜਾਈ ਤੋਂ 90-95 ਦਿਨ ਬਾਅਦ ਨਿਸਰਨ ਲੱਗ ਜਾਂਦੀਆਂ ਹਨ ਜਦੋਂਕਿ ਐਚ ਡੀ 3086 ਬਿਜਾਈ ਤੋਂ 80-85 ਦਿਨਾਂ ਬਾਅਦ ਨਿੱਸਰ ਆਉਂਦੀ ਹੈ। ਜੇ ਕਣਕ ਦੇ ਨਿਸਾਰੇ ਸਮੇਂ ਬੱਦਲਵਾਈ ਜਾਂ ਕਿਣਮਿਣ ਰਹੇ ਤਾਂ ਇਸ ਬਿਮਾਰੀ ਦੀ ਲਾਗ ਲੱਗਣ ਦਾ ਖਦਸ਼ਾ ਜ਼ਿਆਦਾ ਰਹਿੰਦਾ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਨਿਸਾਰੇ ਸਮੇਂ 200 ਮਿਲੀਲਿਟਰ ਪ੍ਰੋਪੀਕੋਨਾਜ਼ੋਲ (ਟਿਲਟ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਨਿਸਾਰੇ ਤੋਂ ਬਾਅਦ ਛਿੜਕਾਅ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।
ਸਿੱਟੇ ਦੀ ਕਾਂਗਿਆਰੀ: ਪਿੱਛਲੇ ਕਈ ਸਾਲਾਂ ਤੋਂ ਕਣਕ ਵਿੱਚ ਸਿੱਟੇ ਦੀ ਕਾਂਗਿਆਰੀ ਦੇ ਰੋਗ ਦਾ ਹਮਲਾ ਬੀਜ ਉਤਪਾਦਨ ਵਾਲੇ ਖੇਤਾਂ ਵਿੱਚ ਜ਼ਾਹਿਰ ਹੁੰਦਾ ਜਾ ਰਿਹਾ ਹੈ। ਇਸ ਰੋਗ ਦਾ ਜੀਵਾਣੂੰ ਧਾਗੇ ਦੇ ਰੂਪ ਵਿੱਚ ਸਿਹਤਮੰਦ ਦਿਖਾਈ ਦੇਣ ਵਾਲੇ ਬੀਜ ਦੇ ਅੰਦਰ ਸੁਪਤ ਅਵਸਥਾ ਵਿੱਚ ਰਹਿੰਦਾ ਹੈ ਅਤੇ ਅਗਲੇ ਸਾਲ ਇਹ ਬੀਜ ਬੀਜਣ ਤੇ ਨਿਸਾਰੇ ਸਮੇਂ ਇਸ ਬਿਮਾਰੀ ਦੀਆਂ ਨਿਸ਼ਾਨੀਆਂ ਦਿਖਾਈ ਦਿੰਦੀਆਂ ਹਨ। ਕਣਕ ਦੇ ਨਿਸਰਨ ਤੋਂ ਪਹਿਲਾਂ ਕਾਂਗਿਆਰੀ ਨਾਲ ਪ੍ਰਭਾਵਿਤ ਬੀਜ ਤੋਂ ਪੈਦਾ ਹੋਇਆ ਬੂਟਾ ਸਿਹਤਮੰਦ ਬੂਟੇ ਵਰਗਾ ਹੀ ਦਿਸਦਾ ਹੈ, ਪਰ ਬਿਮਾਰੀ ਦੀ ਲਾਗ ਵਾਲੇ ਬੂਟੇ ਸਿਹਤਮੰਦ ਬੂਟਿਆਂ ਤੋਂ 2-3 ਦਿਨ ਪਹਿਲਾਂ ਹੀ ਨਿਸਰ ਜਾਂਦੇ ਹਨ। ਬਿਮਾਰੀ ਦੀ ਲਾਗ ਵਾਲੇ ਸਿੱਟੇ ਵਿਚਲੇ ਸਾਰੇ ਦਾਣੇ ਪੂਰੀ ਤਰ੍ਹਾਂ ਕਾਲੇ ਧੂੜ੍ਹੇ ਵਿੱਚ ਬਦਲ ਜਾਂਦੇ ਹਨ। ਇਸ ਕਾਲੇ ਧੂੜ੍ਹੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਇਸ ਬਿਮਾਰੀ ਨੂੰ ਫੈਲਾਉਣ ਵਾਲੇ ਕਣ ਹੁੰਦੇ ਹਨ। ਅਨੁਕੂਲ ਮੌਸਮ ਦੇ ਅਧੀਨ ਇੱਕ ਬਿਮਾਰੀ ਵਾਲੇ ਖੇਤ ਤੋਂ ਪੈਦਾ ਹੋਏ ਤਕਰੀਬਨ 1 ਪ੍ਰਤੀਸ਼ਤ ਲਾਗ ਵਾਲੇ ਸਿੱਟਿਆਂ ਦੇ ਬੀਜਾਂ ਵਿੱਚੋਂ 10 ਪ੍ਰਤੀਸ਼ਤ ਜਾਂ ਇਸ ਤੋਂ ਜ਼ਿਆਦਾ ਕਾਂਗਿਆਰੀ ਦੇ ਰੋਗ ਵਾਲੇ ਬੀਜ ਪੈਦਾ ਹੋ ਜਾਂਦੇ ਹਨ। ਕਣਕ ਦੇ ਨਿਸਾਰੇ ਦੌਰਾਨ ਇਸ ਬਿਮਾਰੀ ਦੀ ਲਾਗ ਵੱਧ ਤੋਂ ਵੱਧ ਬੂਟਿਆਂ ’ਤੇ ਫੈਲ ਜਾਂਦੀ ਹੈ। ਕਾਂਗਿਆਰੀ ਵਾਲੇ ਸਿੱਟਿਆਂ ਤੋਂ ਇਹ ਕਾਲਾ ਧੂੜਾ ਹਵਾ, ਮੀਂਹ, ਕੀੜੇ-ਮਕੌੜੇ ਆਦਿ ਰਾਹੀਂ ਸਿਹਤਮੰਦ ਬੂਟੇ ਦੇ ਖੁੱਲ੍ਹੇ ਫੁੱਲਾਂ ’ਤੇ ਚਲਾ ਜਾਂਦਾ ਹੈ।
ਰੋਕਥਾਮ: ਬੀਜ ਉਤਪਾਦਕਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੀਜ ਬੀਜਣ ਤੋਂ ਪਹਿਲਾਂ ਬੀਜ ਨੂੰ ਸਿਫ਼ਾਰਸ਼ ਕੀਤੇ ਉਲੀਨਾਸ਼ਕਾਂ ਨਾਲ ਸੋਧਣਾ ਚਾਹੀਦਾ ਹੈ। ਕਣਕ ਦੇ ਨਿਸਾਰੇ ਸਮੇਂ ਆਪਣੇ ਖੇਤਾਂ ਦਾ ਸਰਵੇਖਣ ਕਰਨਾ ਜ਼ਰੂਰੀ ਹੈ। ਖੇਤਾਂ ਦੇ ਸਰਵੇਖਣ ਦੌਰਾਨ ਜਦੋਂ ਵੀ ਬਿਮਾਰੀ ਵਾਲੇ ਸਿੱਟੇ ਦਿਖਾਈ ਦੇਣ ਤਾਂ ਉਨ੍ਹਾਂ ਉੱਪਰ ਲਿਫਾਫਾ ਚੜ੍ਹਾ ਕੇ ਇਨ੍ਹਾਂ ਬਿਮਾਰੀ ਨਾਲ ਪ੍ਰਭਾਵਿਤ ਸਿੱਟਿਆਂ ਨੂੰ ਕੱਟ ਕੇ ਨਸ਼ਟ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਬਿਮਾਰੀ ਸਿਹਤਮੰਦ ਸਿੱਟਿਆਂ ਨੂੰ ਨਹੀਂ ਲੱਗੇਗੀ ਅਤੇ ਦਾਣੇ ਰੋਗ ਰਹਿਤ ਪੈਦਾ ਹੋਣਗੇ। ਕਾਂਗਿਆਂਰੀ ਅਤੇ ਕਰਨਾਲ ਬੰਟ ਦੀਆਂ ਸੰਵੇਦਨਸ਼ੀਲ ਕਿਸਮਾਂ ਦੇ ਬੀਜਾਂ ਦੇ ਉਤਪਾਦਨ ਲਈ ਬੀਜ ਐਕਟ ਅਨੁਸਾਰ ਬੁਨਿਆਦੀ ਬੀਜ ਵਿੱਚ 0.1 ਫੀਸਦੀ ਅਤੇ ਸਰਟੀਫਾਈਡ ਬੀਜ ਵਿੱਚ 0.5 ਫੀਸਦੀ ਤੋਂ ਵੱਧ ਕਾਂਗਿਆਰੀ ਵਾਲੀਆਂ ਸ਼ਾਖਾਵਾਂ ਨਹੀਂ ਹੋਣੀਆਂ ਚਾਹੀਦੀਆਂ।
ਵਾਢੀ ਅਤੇ ਗਹਾਈ ਸਮੇਂ ਦੇਖ-ਰੇਖ: ਬੀਜ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਵਾਢੀ ਅਤੇ ਗਹਾਈ ਦੇ ਵੇਲੇ ਵੀ ਬੀਜ ਦੀ ਅਤੇ ਵਾਯੂਮੰਡਲ ਦੀ ਨਮੀਂ ਬਹੁਤ ਮਹੱਤਵਪੂਰਨ ਕਾਰਕ ਹੁੰਦੀ ਹੈ। ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਬੀਜ ਵਾਲੀ ਫ਼ਸਲ ਦੀ ਵਾਢੀ ਬੱਦਲਵਾਈ ਰਹਿਤ ਚੰਗੀ ਧੁੱਪ ਵਾਲੇ ਦਿਨ ਹੀ ਕੀਤੀ ਜਾਵੇ, ਜਦੋਂਕਿ ਸੂਰਜ ਦੀਆਂ ਕਿਰਨਾਂ ਅਸਮਾਨ ਵਿੱਚ ਮੌਜੂਦ ਹੋਣ। ਜੇ ਸੀਡ ਨਮੀ ਦੀ ਮੌਜੂਦਗੀ ਵਿੱਚ ਵੱਡਿਆ ਜਾਵੇ ਜਾਂ ਬੀਜ ਦੇ ਛਿਲਕੇ ਉਪਰ ਕਿਸੇ ਕਿਸਮ ਦੇ ਜ਼ਖਮ ਹੋਣ ਜਾਂ ਬੀਜ ਟੁੱਟਾ ਹੋਇਆ ਹੋਵੇ ਤਾਂ ਇਸ ਉਪਰ ਭੰਡਾਰਨ ਸਮੇਂ ਕਈ ਤਰ੍ਹਾਂ ਦੇ ਕੀੜੇ ਅਤੇ ਉਲੀਆਂ ਪੈਦਾ ਹੋ ਜਾਂਦੀਆਂ ਹਨ।
*ਪੌਦਾ ਰੋਗ ਵਿਭਾਗ, ਪੀਏਯੂ।


Comments Off on ਕਣਕ ਦਾ ਨਿਰੋਗ ਬੀਜ ਪੈਦਾ ਕਰਨ ਦੇ ਨੁਕਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.