ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਆਜ਼ਾਦੀ : ਪੂਰਨ ਸਵਰਾਜ ਤੋਂ ਸੰਪੂਰਨ ਲੋਕਰਾਜ ਵੱਲ

Posted On February - 18 - 2020

ਕੰਵਲਜੀਤ ਸਿੰਘ
ਡੇਢ ਮਹੀਨੇ ਤੋਂ ਵਧੇਰੇ ਸਮੇਂ ਤੋਂ ਸਾਡੇ ਦੇਸ਼ ਦੇ ਲੋਕ ਨਾਗਰਿਕਤਾ ਕਾਨੂੰਨ ਵਿਚ ਕੀਤੀਆਂ ਗਈਆਂ ਸੋਧਾਂ ਖ਼ਿਲਾਫ਼ ਸੰਘਰਸ਼ ਵਿਚ ਉਤਰੇ ਹੋਏ ਹਨ। ਹਾਕਮਾਂ ਨੇ ਬਿਆਨ ਦਿੱਤਾ ਹੈ “ਜਿੰਨਾ ਮਰਜ਼ੀ ਵਿਰੋਧ ਕਰੀ ਜਾਵੋ, ਇਹ ਕਾਨੂੰਨ ਵਾਪਸ ਨਹੀਂ ਹੋਵੇਗਾ।” ਦੂਜੇ ਪਾਸੇ ਸਰਦ ਰਾਤ ਵਿਚ ਕੰਬਲ ਖੋਹ ਲੈਣ ਤੋਂ ਬਾਅਦ ਵੀ ਡਟੀਆਂ ਬੈਠੀਆਂ ਬੀਬੀਆਂ ਨੇ ਵੀ “ਜੋ ਮਰਜ਼ੀ ਕਰ ਲਓ” ਦੀ ਮੋੜਵੀਂ ਚੁਣੌਤੀ ਦਿੱਤਾ ਹੋਈ ਹੈ।
ਇਸ ਸੰਘਰਸ਼ ਵਿਚ ਸਬਰ ਅਤੇ ਠਰ੍ਹੰਮਾ ਹੈ ਕਿਉਂਕਿ ਅਜਿਹੇ ਲੋਕ ਇਸ ਵਿਚ ਕੁੱਦ ਪਏ ਹਨ ਜੋ ਆਮ ਤੌਰ ’ਤੇ ਸੰਘਰਸ਼ ਨਹੀਂ ਕਰਦੇ। ਇਸ ਵਿਚ ਜੋਸ਼ ਹੈ ਕਿਉਂਕਿ ਅਜਿਹੇ ਲੋਕ ਇੱਥੇ ਪਹੁੰਚ ਗਏ ਹਨ ਜੋ ਇਕੱਲੇ ਰਹਿ ਜਾਣ ’ਤੇ ਵੀ ਸੰਘਰਸ਼ ਕਰਦੇ ਰਹਿੰਦੇ ਸਨ। ਦੋਵੇਂ ਤੱਥ ਰਲ ਕੇ ਇਸ ਅੰਦੋਲਨ ਵਿਚ ਸੁਭਾਵਕਤਾ ਹੈ। ਵੇਖਣ ਨੂੰ ਇਸ ਸੰਘਰਸ਼ ਦਾ ਇਕੋ ਏਜੰਡਾ ਹੈ-ਸੀਏਏ, ਐੱਨਆਰਸੀ ਅਤੇ ਐੱਨਪੀਆਰ ਰੱਦ ਕਰੋ, ਪਰ ਕੀ ਰੈਲੀਆਂ ਵਿਚ ਦਹਾੜਦੇ ਹੋਏ ਗ੍ਰਹਿ ਮੰਤਰੀ ਲਈ ਸਿਰਫ਼ ਇਕ ਕਾਨੂੰਨ ਹੀ ਏਜੰਡਾ ਹੈ? ਨਹੀਂ, ਉਨ੍ਹਾਂ ਲਈ ਇਹ ਇਕ ਵੱਡੇ ਏਜੰਡੇ ਦਾ ਜ਼ਰੂਰੀ ਕਦਮ ਹੈ। ਇਹ ਮੁਲਕ ਦੇ ਬੁਨਿਆਦੀ ਖਾਸੇ ਵਿਚ ਮੂਲ ਚੂਲ ਤਬਦੀਲੀ ਦਾ ਰਸਮੀ ਐਲਾਨ ਕਰ ਦੇਣ ਵਾਲਾ ਕਦਮ ਹੈ, ਪਰ ਇਸਤੋਂ ਇਲਾਵਾ ਵੀ ਉਹ ਅਨੇਕਾਂ ਕਦਮ ਹਨ ਜਿਨ੍ਹਾਂ ਰਾਹੀਂ ਇਸ ਤਬਦੀਲੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਸੰਘਰਸ਼ ਵਿਚ ਉਤਰੇ ਹੋਏ ਲੋਕਾਂ ਨੇ ਆਪਣੀ ਭਾਵਨਾ ਦਾ ਪ੍ਰਗਟਾਵਾ ਵੱਖ ਵੱਖ ਨਾਅਰਿਆਂ ਰਾਹੀਂ ਕੀਤਾ ਹੈ। ਇੱਥੇ ‘ਆਜ਼ਾਦੀ’ ਦਾ ਨਾਅਰਾ ਜੋ ਇਕ ਵਿਸ਼ੇਸ਼ ਅੰਦਾਜ਼ ਵਿਚ ਲਗਾਇਆ ਜਾਂਦਾ ਹੈ, ਉਹ ਸਭ ਨਾਅਰਿਆਂ ਵਿਚੋਂ ਉੱਪਰ ਨਜ਼ਰ ਆਉਂਦਾ ਹੈ। ਇਸਦੀ ਸੁਭਾਵਕ ਅਤੇ ਤਰਕਸ਼ੀਲ ਵਜ੍ਹਾ ਦੋਵੇਂ ਬੜੀਆਂ ਇਕਸੁਰ ਹਨ। ਜ਼ਰਾ ਗੌਰ ਕਰੀਏ ਤਾਂ ਵੇਖਦੇ ਹਾਂ ਕਿ ਇਸ ਨਾਅਰੇ ਵਿਚ ਸਾਰੇ ਮੁੱਦੇ ਹਨ : ਹਮ ਕਿਆ ਚਾਹਤੇ-ਆਜ਼ਾਦੀ, ਬ੍ਰਾਹਮਣਵਾਦ ਸੇ-ਆਜ਼ਾਦੀ, ਪਿਤ੍ਰਸੱਤਾ ਸੇ- ਆਜ਼ਾਦੀ, ਭੁਖਮਰੀ ਸੇ-ਆਜ਼ਾਦੀ, ਹਮ ਭੀ ਮਾਂਗੇਂ-ਆਜ਼ਾਦੀ, ਹਮ ਲੇ ਕੇ ਰਹੇਂਗੇ-ਆਜ਼ਾਦੀ, ਜੋ ਤੁਮ ਨਾ ਦੋਗੇ -ਆਜ਼ਾਦੀ, ਹਮ ਛੀਨ ਕੇ ਲੇਂਗੇ -ਆਜ਼ਾਦੀ… ਆਜ਼ਾਦੀ, ਆਜ਼ਾਦੀ।
ਸਪੱਸ਼ਟ ਹੈ ਰਾਜਨੀਤਕ ਆਜ਼ਾਦੀ ਤੋਂ ਇਲਾਵਾ ਕੁਝ ਹੋਰ ਆਜ਼ਾਦੀਆਂ ਹਨ ਜੋ ਲੋਕ ਮੰਗ ਰਹੇ ਹਨ-ਉਹ ਬ੍ਰਾਹਮਣਵਾਦ, ਪਿੱਤਰਸੱਤਾ, ਭੁੱਖਮਰੀ, ਬੇਰੁਜ਼ਗਾਰੀ ਤੋਂ ਵੀ ਆਜ਼ਾਦੀ ਚਾਹੁੰਦੇ ਹਨ। ਪੂਰਨ ਸਵਰਾਜ ਵਿਚ ਇਹ ਸਭ ਸ਼ਾਮਲ ਨਹੀਂ ਸੀ। ਉਸ ਵਿਚ ਜੋ ਸੀ ਉਸ ਨਾਲ ਹੁਣ ਹੋਰ ਕੰਮ ਨਹੀਂ ਚੱਲ ਰਿਹਾ, ਸਗੋਂ ‘ਪੂਰਨ ਸਵਰਾਜ’ ਦੇ ਨਾਅਰੇ ਤਹਿਤ ਸਥਾਪਤ ਹੋਇਆ ਨਿਜ਼ਾਮ ਹੀ ਸਾਨੂੰ ਫ਼ਾਸੀਵਾਦ ਦੀ ਦਲਦਲ ਵਿਚ ਲੈ ਵੜਿਆ ਹੈ।
ਅੰਗਰੇਜ਼ਾਂ ਦੇ ਰਾਜ ਤੋਂ ਹੀ ਆਜ਼ਾਦੀ ਦਾ ਸਵਾਲ ਹਿੰਦੋਸਤਾਨ ਵਿਚ ਕਈ ਕੋਣਾਂ ਤੋਂ ਉਠਾਇਆ ਗਿਆ। ਰਜਵਾੜਾਸ਼ਾਹੀ ਸਿਰਫ਼ ਅੰਗਰੇਜ਼ਾਂ ਦੇ ਚਲੇ ਜਾਣ ਅਤੇ ਵਾਪਸ ਆਪਣਾ ਖਾਨਦਾਨੀ ਰਾਜ ਸਥਾਪਤ ਹੋਣ ਨੂੰ ਹੀ ਆਜ਼ਾਦੀ ਕਹਿੰਦੀ ਸੀ। ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਦੇ ਨਾਲ ਨਾਲ ਸਮਾਜਵਾਦੀ ਇਨਕਲਾਬ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਪਰ ਬਹੁਗਿਣਤੀ ਲੋਕਾਂ ਦੀ ਸਹਿਮਤੀ ਆਧੁਨਿਕ ਜਮਹੂਰੀਅਤ ਦੇ ਵਾਅਦੇ ਨਾਲ ਗਾਂਧੀ ਅਤੇ ਨਹਿਰੂ ਦੀ ਅਗਵਾਈ ਵਿਚ ਆਈ ਕਾਂਗਰਸ ਵਾਲੀ ਆਜ਼ਾਦੀ ਨਾਲ ਹੀ ਬਣੀ, ਹਾਲਾਂਕਿ 1947 ਤੋਂ ਬਾਅਦ ਵੀ ਲਗਾਤਾਰ ਕਿਸਾਨਾਂ, ਮਜ਼ਦੂਰਾਂ, ਆਦਿਵਾਸੀਆਂ, ਕੌਮੀਅਤਾਂ ਅਤੇ ਘੱਟ ਗਿਣਤੀਆਂ ਦੇ ਸੰਘਰਸ਼ ਲਗਾਤਾਰ ਆਜ਼ਾਦੀ ਅਤੇ ਜਮਹੂਰੀਅਤ ਵਿਚ ਰਹਿ ਗਈਆਂ ਦਰਾਰਾਂ ਨੂੰ ਦਰਸਾਉਂਦੇ ਰਹੇ ਹਨ।
ਭਾਰਤ ਅੰਦਰ ਜਮਹੂਰੀ ਇਨਕਲਾਬ ਅਤੇ ਆਧੁਨਿਕੀਕਰਨ ਵਾਲੇ ਪੰਡੋਰਾ ਡੱਬੇ ਦਾ ਢੱਕਣ 1947 ਵਿਚ ਘੁੱਟ ਕੇ ਬੰਦ ਕਰ ਦਿੱਤਾ ਗਿਆ ਸੀ ਅਤੇ ਉਸ ਵੇਲੇ ਦੀ ਭਾਰਤੀ ਸਰਮਾਏਦਾਰੀ ਦੇਸ਼ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਉਣ ਵਿਚ ਕਾਮਯਾਬ ਹੋ ਗਈ ਸੀ ਕਿ ਯੂਰੋਪ ਵਾਲੀ ਆਧੁਨਿਕਤਾ ਦੀ ਭਾਰਤ ਅੰਦਰ ਵੀ ਨੀਂਹ ਰੱਖੀ ਜਾ ਚੁੱਕੀ ਹੈ, ਇਸ ’ਤੇ ਜਮਹੂਰੀ ਭਾਰਤ ਉਸਾਰਿਆ ਜਾਵੇਗਾ। ਇਹ ਗੱਲ ਉਸ ਵੇਲੇ ਵੀ ਸਪੱਸ਼ਟ ਸੀ ਕਿ ਇਸ ਟਾਟਾ ਬਿਰਲਾ-ਕਾਂਗਰਸ ਗੱਠਜੋੜ ਦੀ ਅਗਵਾਈ ਵਾਲੇ ਜਮਹੂਰੀ ਇਨਕਲਾਬ ਵਿਚੋਂ ਸਰਮਾਏਦਾਰਾਂ ਦੇ ਵਿਕਾਸ ਦਾ ਰਾਹ ਵੀ ਕਿਸੇ ਹੱਦ ਤਕ ਪੱਧਰਾ ਹੋਵੇਗਾ ਅਤੇ ਲੋਕਾਈ ਨੂੰ ਵੀ ਸਦੀਆਂ ਪੁਰਾਣੇ ਜਗੀਰੂ ਪ੍ਰਬੰਧ ਤੋਂ ਆਜ਼ਾਦੀ ਮਿਲੇਗੀ। ਆਪਣੇ ਹੱਕਾਂ ਦਾ ਘੇਰਾ ਵਿਸ਼ਾਲ ਕਰਨ ਲਈ ਲੋਕਾਂ ਦੇ ਹੱਕ ਕੁਚਲਦੀ ਹੋਈ ਭਾਰਤੀ ਸਰਮਾਏਦਾਰੀ ਅੱਜ ਲੋਕਾਈ ਦੇ ਹੱਕਾਂ ਦੇ ਬਿਲਕੁਲ ਬੁਨਿਆਦੀ ਘੇਰੇ ਅੰਦਰ ਆ ਵੜੀ ਹੈ। ਨਾਗਰਿਕਤਾ ਵਾਲੀ ਮੌਜੂਦਾ ਬਹਿਸ ਨੇ ਉਸ ਪੰਡੋਰਾ ਡੱਬੇ ਦਾ ਢੱਕਣ ਖੋਲ੍ਹ ਦਿੱਤਾ ਹੈ।
ਆਜ਼ਾਦੀ ਤੋਂ ਬਾਅਦ ਆਏ ਆਧੁਨਿਕੀਕਰਨ ਅਤੇ ਸਾਮਰਾਜੀ ਗਲੋਬਲੀਕਰਨ ਦੇ ਮਿਲਗੋਭੇ ਨੇ ਆਜ਼ਾਦ ਭਾਰਤ ਵਿਚ ਇਕ ਪਾਸੇ ਅਰਬਪਤੀਆਂ ਦੀ ਗਿਣਤੀ ਵਿਚ ਵਾਧਾ ਕੀਤਾ, ਦੂਜੇ ਪਾਸੇ ਕਰੋੜਾਂ ਭਾਰਤੀਆਂ ਨੂੰ ਪਛੜੇਵੇਂ, ਭੁੱਖਮਰੀ, ਗ਼ਰੀਬੀ, ਬੇਰੁਜ਼ਗਾਰੀ ਦੀ ਅਨੰਤ ਖਾਈ ਵਿਚ ਧੱਕ ਦਿੱਤਾ। ਇਹ ਲੋਕਾਈ ਹਮੇਸ਼ਾਂ ਵਰਤੀ ਜਾਂਦੀ ਰਹੀ। ਗ਼ਰੀਬੀ ਦਾ ਖਾਤਮਾ, ਇੰਡੀਆ ਸ਼ਾਇਨਿੰਗ, ਸਬਕਾ ਸਾਥ ਸਬਕਾ ਵਿਕਾਸ ਵਰਗੇ ਨਾਅਰਿਆਂ ਰਾਹੀਂ ਹਮੇਸ਼ਾਂ ਇਹ ਲੋਕਾਈ ਵਰਤੀ ਗਈ, ਠੱਗੀ ਗਈ ਤੇ ਆਵਾਜ਼ ਉਠਾਉਣ ’ਤੇ ਕੁੱਟੀ ਗਈ। ਆਧੁਨਿਕੀਕਰਨ ਅਤੇ ਗਲੋਬਲੀਕਰਨ ਦੇ ਸੌੜੇ ਹਿੱਤਾਂ ਦੀ ਮਾਰ ਹੇਠ ਆਈ ਇਸ ਭੀੜ ਦੇ ਇਕ ਹਿੱਸੇ ਨੂੰ ਪਰੀ ਕਹਾਣੀਆਂ ਮਾਰਕਾ ‘ਸੁਨਹਿਰੀ ਦੌਰ’ ਨੂੰ ਦੁਬਾਰਾ ਸਾਕਾਰ ਕਰ ਦੇਣ ਦੀ ਗੱਲ ਜਚ ਰਹੀ ਹੈ। ਇਹ ਹਿੱਸਾ ਆਰਐੱਸਐੱਸ ਦੇ ਪਿਛਾਖੜੀ ਵਿਚਾਰਾਂ ਨੂੰ ਹੀ ਖੜੋਤ ਦਾ ਸ਼ਿਕਾਰ ਹੋਈ ਆਧੁਨਿਕਤਾ ਦਾ ਬਦਲ ਸਮਝ ਬੈਠਿਆ ਹੈ। ਇਕ ਹਿੱਸੇ ਦੀ ਜਾਤੀ ਹੈਂਕੜ ਅਤੇ ਸਮਾਜਿਕ ਦਾਬੇ ਨੂੰ ਦੁਬਾਰਾ ਬਹਾਲ ਕਰ ਲੈਣ ਦੀ ਲਾਲਸਾ ਵੀ ਇਸ ਵਰਤਾਰੇ ਨੂੰ ਹਵਾ ਦੇ ਰਹੀ ਹੈ। ਆਰਐੱਸਐੱਸ ਇਨ੍ਹਾਂ ਵਰਤਾਰਿਆਂ ਨੂੰ ਸਿਰਫ਼ ਹਵਾ ਨਹੀਂ ਦੇ ਰਹੀ ਸਗੋਂ ਸਰਗਰਮੀ ਨਾਲ ਜਥੇਬੰਦ ਕਰ ਰਹੀ ਹੈ। ‘ਸਾਡਾ ਇਤਿਹਾਸ ਬਹੁਤ ਗੌਰਵਸ਼ਾਲੀ ਹੈ! ਆਓ ਪਿੱਛੇ ਵੱਲ ਚੱਲੀਏ !!’ ਇਹ ਇਨ੍ਹਾਂ ਦੇ ਨਾਅਰੇ ਦਾ ਤੱਤ ਹੈ।
ਸੰਕਟਗ੍ਰਸਤ ਆਰਥਿਕ ਪ੍ਰਬੰਧ ਕਿਰਤੀਆਂ ਦੀ ਹਰ ਬੂੰਦ ਨਿਚੋੜ ਲੈਣ ਤਕ ਜਾ ਰਿਹਾ ਹੈ। ਸਿਰਫ਼ ਏਹੋ ਨਹੀਂ, ਇਹ ਸਰਮਾਏਦਾਰਾ ਮੁਕਾਬਲੇ ਵਿਚ ਵੀ ਇਜਾਰੇਦਾਰੀ ਲਈ ਰਾਹ ਪੱਧਰਾ ਕਰ ਰਿਹਾ ਹੈ ਅਤੇ ਇਸ ਮੁਹਿੰਮ ਵਿਚ ਲੱਗੇ ਕੁਝ ਆਰਥਿਕ ਰੋਡ ਰੋਲਰ ਬਹੁਤ ਸਾਰੇ ਛੋਟੇ ਮੋਟੇ ਕਾਰੋਬਾਰਾਂ ਨੂੰ ਤਬਾਹ ਕਰਕੇ ਹੜੱਪ ਕਰ ਚੁੱਕੇ ਹਨ। ਕੰਪਨੀਆਂ ਦੇ ਮੁਨਾਫ਼ੇ ਘਟਦੇ ਹਨ, ਪਰ ਸੀਈਓ ਦੇ ਮੁਨਾਫ਼ੇ ਜਰਬਾਂ ਖਾ ਰਹੇ ਹਨ।
ਸਰਮਾਏਦਾਰਾ ਆਧੁਨਿਕਤਾ ਦਾ ਸਭ ਤੋਂ ਵਧ ਫਾਇਦਾ ਉਠਾ ਕੇ ਅੱਜ ਭਾਰਤੀ ਅਰਬਪਤੀਆਂ ਦਾ ਉੱਪਰਲਾ ਇਕ ਪ੍ਰਤੀਸ਼ਤ ਹਿੱਸਾ ਕੁੱਲ ਜਾਇਦਾਦ ਦੇ 73 ਫ਼ੀਸਦੀ ਹਿੱਸੇ ਦਾ ਮਾਲਕ ਬਣ ਬੈਠਿਆ ਹੈ। ਇਨ੍ਹਾਂ ਵਿਚੋਂ ਵੀ ਸਿਖਰਲੇ ਹਿੱਸੇ ਨੂੰ ਨੋਟਬੰਦੀ, ਜੀਐੱਸਟੀ, ਡਿਜੀਟਲ ਇੰਡੀਆ ਅਤੇ ਨਿੱਜੀਕਰਨ ਵਰਗੇ ਕਦਮਾਂ ਦਾ ਸਿੱਧਾ ਫਾਇਦਾ, ਵੱਖ ਵੱਖ ਖੇਤਰਾਂ ਵਿਚ ਛੋਟੇ ਕਾਰੋਬਾਰੀਆਂ ਦੇ ਨਿਕਲ ਜਾਣ ਨਾਲ ਅਤੇ ਇਨ੍ਹਾਂ ਦੀ ਇਜਾਰੇਦਾਰੀ ਸਥਾਪਿਤ ਹੋਣ ਰਾਹੀਂ ਹੋਇਆ ਹੈ। ਸੋ ਇਨ੍ਹਾਂ ਨੂੰ ਹੁਣ ਹੋਰ ਵਧੇਰੇ ਲੁੱਟ ਤੇ ਦਾਬਾ ਕਾਇਮ ਰੱਖਣ ਵਿਚ ਸਰਕਾਰ ਦਾ ਹਿੰਦੂ ਬਹੁਗਿਣਤੀ ਨੂੰ ਗੁੰਮਰਾਹ ਕਰ ਕੇ ਨਾਲ ਰੱਖਣ ਵਾਲਾ ਸੀਏਏ, ਐੱਨਆਰਸੀ ਯੋਜਨਾ ਰਾਸ ਆਉਂਦੀ ਹੈ। ਇਹੋ ਕਾਰਨ ਹੈ ਕਿ ਇਨ੍ਹਾਂ ਨੇ ਆਪਣੇ ਲੁੱਟ ਦੇ ਮਾਲ ਵਿਚੋਂ ਭਾਜਪਾ ਨੂੰ ਫੰਡ ਦੇ ਰੂਪ ਵਿਚ ਵੱਡੇ ਗੱਫੇ ਦਿੱਤੇ ਹਨ। ਉਨ੍ਹਾਂ ਨੂੰ ਦੇਸ਼ ਵਿਚ ਮਜ਼ਬੂਤ ਤਾਨਾਸ਼ਾਹ ਸਰਕਾਰ ਚਾਹੀਦੀ ਹੈ।
ਰਿਕਾਰਡਤੋੜ ਬਹੁਮਤ ਹਾਸਲ ਕਰਨ ਤੋਂ ਕਿਤੇ ਪਹਿਲਾਂ ਚੋਣਾਂ ਨੂੰ ਧਨ ਬਲ ਅਤੇ ਬਾਹੁ ਬਲ ਨਾਲ ਜਿੱਤਣ ਦਾ ਅਮਲ ਬਣਾ ਦਿੱਤਾ ਗਿਆ ਸੀ। 2019 ਦੀਆਂ ਚੋਣਾਂ ਵਿਚ ਕਾਰਪੋਰੇਟ ਫੰਡਿੰਗ ਦਾ 95% ਹਿੱਸਾ ਭਾਜਪਾ ਨੂੰ ਦੇ ਕੇ ਸਰਮਾਏਦਾਰਾਂ ਨੇ ਆਪਣੀ ਰਾਜਨੀਤਕ ਧੁੱਸ ਦਿਖਾ ਦਿੱਤੀ ਹੈ।
ਇਸ ਲਈ ਅੱਜ ਮਾਮਲਾ ਇਕੱਲੇ ਨਾਗਰਿਕਤਾ ਸੋਧ ਕਾਨੂੰਨ ਦਾ ਨਹੀਂ ਹੈ, ਅੱਜ ਦੀ ਬਹਿਸ ਅਤੇ ਸੰਘਰਸ਼ ਦੇ ਤਿੰਨ ਫਰੰਟ ਹਨ-ਆਰਥਿਕ ਫਰੰਟ: ਲੋਕਾਂ ਦੇ ਆਰਥਿਕ ਸੰਕਟ ਬਨਾਮ ਸਰਮਾਏ ਦਾ ਅੱਤ ਦਾ ਕੇਂਦਰੀਕਰਨ। ਇਨ੍ਹਾਂ ਵਿਚੋਂ ਕੱਢਣ ਲਈ ਪੂੰਜੀਵਾਦੀ ਅਮਲ ਦਾ ਢੁਕਵਾਂ ਬਦਲ ਕੀ ਹੋਵੇ? ਸਮਾਜਿਕ ਫਰੰਟ : ਜਾਤੀ, ਲਿੰਗਕ, ਭਾਸ਼ਾਈ, ਇਲਾਕਾਈ ਨਾਬਰਾਬਰੀ ਨੂੰ ਫ਼ੈਸਲਾਕੁਨ ਦੇ ਤੌਰ ’ਤੇ ਹਰਾਉਣ ਲਈ ਸੱਭਿਆਚਾਰਕ, ਰਾਜਨੀਤਕ ਅਤੇ ਆਰਥਿਕ ਤਬਦੀਲੀਆਂ ਕੀ ਹੋਣ? ਰਾਜਨੀਤਕ ਫਰੰਟ: ਚੋਣਾਂ ਦਾ ਅਮਲ ਜੋ ਸਾਜ਼ਿਸ਼ੀ ਤਾਕਤਾਂ ਨੇਂ ‘ਹੈਕ’ ਕਰ ਲਿਆ ਹੈ। ਇਸਦਾ ਬਦਲ ਜਿਵੇਂ ਚੋਣਾਂ ਦੀ ਮੌਜੂਦਾ ਪ੍ਰਣਾਲੀ ਅਤੇ ਮੌਜੂਦਾ ਵਸੋਂ ਆਧਾਰਿਤ ਹਲਕਿਆਂ ਤੋਂ ਇਲਾਵਾ ਆਰਥਿਕ ਖੇਤਰਾਂ ਵਿਚਲੇ ਕਾਮਿਆਂ ਦੀ ਨੁਮਾਇੰਦਗੀ, ਵਾਪਸ ਬੁਲਾਉਣ ਦਾ ਹੱਕ ਆਦਿ ਬਾਰੇ ਸਾਨੂੰ ਸੋਚਣਾ ਪਵੇਗਾ। ਕੌਮੀਅਤਾਂ ਦੇ ਅਣਸੁਲਝੇ, ਅਣਗੌਲੇ ਅਤੇ ਖੂੰਜੇ ਲਗਾਏ ਸਵਾਲ ਹਮੇਸ਼ਾਂ ਉਦੋਂ ਵਧੇਰੇ ਆਸਵੰਦ ਹੋ ਕੇ ਜਾਗ ਪੈਂਦੇ ਹਨ, ਜਦੋਂ ਦੇਸ਼ ਵਿਚ ਰਾਜਨੀਤਕ ਅਤੇ ਆਰਥਿਕ ਉਥਲ ਪੁਥਲ ਮਚੀ ਪਈ ਹੋਵੇ। ਜੋ ਹੁਣ ਵੀ ਹੈ। ਭਾਸ਼ਾਈ ਸਮੂਹਾਂ ਨੂੰ ਹਿੱਤਾਂ ਦੀ ਬਲੀ ਦੇ ਕੇ ਕਿਸੇ ਅਦਿੱਖ ਰਾਸ਼ਟਰੀ ਪਛਾਣ ਵਿਚ ਜਥੇਬੰਦ ਕਰਨ ਦੀ ਕੋਸ਼ਿਸ਼ ਦੇ ਠੀਕ ਉਲਟ ਹਰ ਇਕ ਸਮੂਹ ਦੀ ਤਰੱਕੀ ਰਾਹੀਂ ਜੁੱਟ ਦੀ ਤਰੱਕੀ ਦਾ ਫਾਰਮੂਲਾ-ਸੰਘੀ ਢਾਂਚਾ ਤੇ ਮੌਜੂਦਾ ਇਨਕਲਾਬ ਵਿਚੋਂ ਮੁੜ ਉਸਰ ਰਹੇ ਮੁਲਕ ਦਾ ਜ਼ਰੂਰੀ ਲੱਛਣ ਬਣਨਾ ਚਾਹੀਦਾ ਹੈ।

ਕੰਵਲਜੀਤ ਸਿੰਘ

1947 ਤੋਂ ਪਹਿਲਾਂ ਦੇਸ਼ ਦੀ ਰਾਜਨੀਤੀ ਵਿਚ ਮੀਲ ਪੱਥਰ ਸਮਝਿਆ ਜਾਂਦਾ ਇਕ ਮੌਕਾ ਹੈ – ਜਦੋਂ ਕਾਂਗਰਸ ਨੇ ‘ਪੂਰਨ ਸਵਰਾਜ’ ਦਾ ਮਤਾ ਪਾਸ ਕੀਤਾ। ਅੰਗਰੇਜ਼ੀ ਰਾਜ ਦੇ ਦੌਰ ਵਿਚ ਸਮਾਜਿਕ ਲਹਿਰਾਂ ਵੀ ਉੱਠੀਆਂ, ਮਜ਼ਦੂਰ ਹੜਤਾਲਾਂ ਵੀ ਹੋਈਆਂ ਤੇ ਹੋਰਨਾਂ ਇਕ ਨੁਕਾਤੀ ਜਾਂ ਕੁਝ ਨੁਕਾਤੀ ਮੰਗਾਂ ’ਤੇ ਅੰਦੋਲਨ ਵੀ ਹੋਏ, ਪਰ ਸਭ ਅੰਦੋਲਨਾਂ ਦਾ ਇਕ ਸਰਬ ਸਾਂਝਾ ਵਿਸ਼ਾ ਉੱਭਰਿਆ-ਅੰਗਰੇਜ਼ੀ ਰਾਜ ਤੋਂ ਮੁਕਤੀ ਅਤੇ ਉਸਦਾ ਨਾਅਰਾ ਸੀ ‘ਪੂਰਨ ਸਵਰਾਜ’। ਕਾਂਗਰਸ ਨੇ ਇਸਨੂੰ ਕਾਫ਼ੀ ਪੱਛੜ ਕੇ 1920 ਵਿਚ ਮਤੇ ਵਜੋਂ ਪ੍ਰਵਾਨ ਕਰ ਲਿਆ। ਸਭ ਨੂੰ ਇੰਜ ਜਾਪਦਾ ਸੀ ਕਿ ‘ਪੂਰਨ ਸਵਰਾਜ’ ਹੀ ਉਹ ਰਾਜਨੀਤਕ ਮੰਜ਼ਿਲ ਹੈ ਜਿਸਤੋਂ ਬਾਅਦ ਬਾਕੀ ਮਸਲੇ ਹੱਲ ਹੋ ਸਕਣਗੇ। ਸਾਰੀ ਸਿਆਸੀ ਬਹਿਸ ਇਨ੍ਹਾਂ ਸੁਆਲਾਂ ਦੁਆਲੇ ਘੁੰਮਦੀ ਸੀ ਕਿ ਵੱਖ ਵੱਖ ਸਮਾਜਿਕ ਆਰਥਿਕ ਮਸਲਿਆਂ ਦਾ ਪੂਰਨ ਸਵਰਾਜ ਨਾਲ ਕੀ ਸਬੰਧ ਹੈ ਜਾਂ ਪੂਰਨ ਸਵਰਾਜ ਕਿਵੇਂ ਆ ਸਕਦਾ ਹੈ, ਜਾਂ ਇਹ ਕਿਵੇਂ ਟਿਕਾਊ ਬਣ ਸਕੇਗਾ। ਦੇਸ਼ ਭਗਤਾਂ ਦੀਆਂ ਅਣਥੱਕ ਸਰਗਰਮੀਆਂ ਦੇ ਸਿੱਟੇ ਵਜੋਂ ਹੀ ਲੋਕਾਂ ਦੀ ਇਹ ਸਮਝ ਸਾਕਾਰ ਹੋਈ ਸੀ।
ਇਸੇ ਤਰਜ਼ ’ਤੇ ਅੱਜ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਦੀ ਟੱਕਰ ’ਤੇ ਅੱਜ ਦੇ ਇਨਕਲਾਬੀਆਂ, ਪ੍ਰਗਤੀਸ਼ੀਲ ਤਾਕਤਾਂ, ਘੱਟ ਗਿਣਤੀਆਂ, ਟਰੇਡ ਯੂਨੀਅਨਾਂ, ਜਮਹੂਰੀਅਤ ਪਸੰਦਾਂ, ਦਲਿਤ ਮੁਕਤੀ ਅਤੇ ਔਰਤ ਮੁਕਤੀ ਦੇ ਪਾਂਧੀਆਂ ਨੂੰ ਇਕ ਅਜਿਹਾ ਏਜੰਡਾ ਰੱਖਣਾ ਪਵੇਗਾ ਜੋ ਇਸ ਦੌਰ ਵਿਚ ਲੋਕਾਈ ਦੇ ਸਾਰੇ ਸੰਘਰਸ਼ਾਂ ਦਾ ਵਿਸ਼ਾ ਬਣ ਸਕੇ। ਮੇਰੀ ਨਜ਼ਰ ਵਿਚ ਇਹ ਵਿਸ਼ਾ ਹੈ ‘ਸੰਪੂਰਨ ਲੋਕਰਾਜ’। ਆਜ਼ਾਦੀ ਦੇ ਉਸ ਲੰਬੇ ਨਾਅਰੇ ਨੂੰ ਇਸੇ ਹਾਸਲ ਹੋਣ ਯੋਗ ਅਤੇ ਤਾਰਕਿਕ ਸਿਆਸੀ ਮੰਜ਼ਿਲ ਵੱਲ ਸੇਧਿਤ ਕਰਨਾ ਹੋਵੇਗਾ। ਲੋਕਾਈ ਇਕ ਕਥਿਤ ਮਹਾਂਸ਼ਕਤੀ ਵਰਗਾ ਦੇਸ਼ ਨਹੀਂ, ਸਗੋਂ ਇਕ ਸਚਮੁੱਚ ਦਾ ਜਮਹੂਰੀ ਅਤੇ ਲੋਕਾਂ ਪ੍ਰਤੀ ਬਿਨਾਂ ਸ਼ਰਤ ਜਵਾਬਦੇਹੀ ਵਾਲਾ ਮੁਲਕ ਚਾਹੁੰਦੀ ਹੈ। ਇਹ ਫਾਸ਼ੀਵਾਦ ਦੇ ਵਾਧੇ ਦਾ ਦੌਰ ਵੀ ਹੈ ਅਤੇ ਉਸਦੇ ਖਿਲਾਫ਼ ਨਵੇਂ ਸੰਘਰਸ਼ਾਂ ਦੇ ਵਾਧੇ ਦਾ ਦੌਰ ਵੀ। ਉਹ ਜਿੱਤਦੇ ਹਨ ਤਾਂ ਹਿੰਦੂ ਰਾਸ਼ਟਰ ਬਣੇਗਾ, ਅਸੀਂ ਜਿੱਤਦੇ ਹਾਂ ਤਾਂ ਇਕ ‘ਸੰਪੂਰਨ ਲੋਕਰਾਜ’ ਬਣੇਗਾ।
ਸੰਪਰਕ: 98781-34728


Comments Off on ਆਜ਼ਾਦੀ : ਪੂਰਨ ਸਵਰਾਜ ਤੋਂ ਸੰਪੂਰਨ ਲੋਕਰਾਜ ਵੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.