ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਅਸੀਂ ਕਿਉਂ ਪ੍ਰਦੇਸੀ ਹੋਈਏ ?

Posted On February - 25 - 2020

ਜੀਵਨਪ੍ਰੀਤ ਕੌਰ
ਬਚਪਨ, ਜਵਾਨੀ ਅਤੇ ਬੁਢਾਪਾ ਤਿੰਨੇ ਹੀ ਮਨੁੱਖੀ ਜੀਵਨ ਦੀਆਂ ਅਹਿਮ ਅਵਸਥਾਵਾਂ ਹਨ। ਇਨ੍ਹਾਂ ਵਿਚੋਂ ਸਮੁੱਚੇ ਤੌਰ ’ਤੇ ਜੇ ਕੋਈ ਇਕ ਅਵਸਥਾ ਵੀ ਡਾਵਾਂਡੋਲ ਹੋ ਜਾਵੇ ਤਾਂ ਸਮੁੱਚੀ ਸਮਾਜਿਕ ਵਿਵਸਥਾ ਚਰਮਰਾ ਜਾਂਦੀ ਹੈ ਕਿਉਂਕਿ ਹਰੇਕ ਅਵਸਥਾ ਮਨੁੱਖੀ ਸਮਾਜ ਦੀ ਵਿਵਸਥਾ ਵਿਚ ਅਹਿਮ ਯੋਗਦਾਨ ਪਾਉਂਦੀ ਹੈ। ਬਚਪਨ ਅਤੇ ਜਵਾਨੀ ਦੀ ਅਵਸਥਾ ਵਿਸ਼ੇਸ਼ ਤੌਰ ’ਤੇ ਸਮਾਜ ਲਈ ਆਸ ਅਤੇ ਵਿਕਾਸ ਦਾ ਸਾਧਨ ਹੁੰਦੀ ਹੈ। ਸੁਖਾਵੇਂ ਤੇ ਖ਼ੁਸ਼ਗਵਾਰ ਮਾਹੌਲ ’ਚ ਪਲਿਆ ਬਚਪਨ ਹੀ ਆਸ ਨਾਲ ਭਰੀ ਨੌਜਵਾਨ ਸ਼ਕਤੀ ਵਿਚ ਪਰਿਵਰਤਤ ਹੁੰਦਾ ਹੈ ਜਿਸ ਬਦੌਲਤ ਸਮਾਜ ਵਿਕਾਸ ਕਰਦਾ ਹੈ। ਪਰ ਪੰਜਾਬ ਵਿਚ ਜਿਸ ਪੱਧਰ ’ਤੇ ਨੌਜਵਾਨਾਂ ਦਾ ਪਰਵਾਸ ਹੋ ਰਿਹਾ ਹੈ ਉਸਨੂੰ ਦੇਖਦੇ ਹੋਏ ਜੇਕਰ ਇਹ ਕਹਿ ਲਿਆ ਜਾਵੇ ਕਿ ਪੰਜਾਬ ਆਉਣ ਵਾਲੇ ਕੁਝ ਸਾਲਾਂ ਬਾਅਦ ਬਚਪਨ ਅਤੇ ਜਵਾਨੀ ਵਿਹੂਣਾ ਹੋ ਜਾਵੇਗਾ ਤਾਂ ਇਸ ’ਚ ਕੋਈ ਅਤਿ ਕਥਨੀ ਨਹੀਂ ਹੋਵੇਗੀ। ਇਹ ਵੀ ਕਹਿਣਾ ਗ਼ਲਤ ਨਹੀਂ ਹੈ ਕਿ ਇਹ ਪਰਵਾਸ ਕੇਵਲ ਪੰਜਾਬ ਦੇ ਨੌਜਵਾਨਾਂ ਦਾ ਹੀ ਨਹੀਂ, ਸਗੋਂ ਪੰਜਾਬ ਦੇ ਸਰਮਾਏ, ਚੜ੍ਹਦੀ ਕਲਾ ਅਤੇ ਨਰੋਈ ਸੋਚ ਨਾਲ ਭਰਪੂਰ ਊਰਜਾ, ਰਿਸ਼ਤਿਆਂ ਨਾਲ ਬੱਝੀ ਸਮਾਜਿਕ ਵਿਵਸਥਾ ਅਤੇ ਇਸ ਨਾਲ ਜੁੜੀਆਂ ਆਸਾਂ-ਉਮੀਦਾਂ ਦਾ ਵੀ ਹੋ ਰਿਹਾ ਹੈ।
ਕਿਸੇ ਸਮੇਂ ਪੰਜਾਬ ਲਈ ਇਹੀ ਪਰਵਾਸ ਵਰਦਾਨ ਦਾ ਰੂਪ ਜਾਪਦਾ ਸੀ, ਜਦੋਂ ਦੂਜੇ ਮੁਲਕਾਂ ਤੋਂ ਪੰਜਾਬੀ ਸਰਮਾਇਆ ਕਮਾ ਕੇ ਪੰਜਾਬ ਬੈਠੇ ਪਰਿਵਾਰਾਂ ਨੂੰ ਭੇਜਦੇ ਸਨ ਅਤੇ ਇੱਥੋਂ ਦੀ ਆਰਥਿਕਤਾ ਨੂੰ ਹੁਲਾਰਾ ਦਿੰਦੇ ਸਨ। ਪਰਵਾਸੀਆਂ ਵੱਲੋਂ ਆਏ ਸਰਮਾਏ ਨੇ ਕੇਵਲ ਆਪਣੇ ਪਰਿਵਾਰਾਂ ਦੀ ਹੀ ਨਹੀਂ, ਸਗੋਂ ਪੰਜਾਬ ਦੇ ਕਈ ਸ਼ਹਿਰਾਂ ਤੇ ਪਿੰਡਾਂ ਦੀ ਨੁਹਾਰ ਵੀ ਬਦਲੀ। ਪਰਵਾਸੀਆਂ ਦੀ ਪੰਜਾਬ ਫੇਰੀ ਦੌਰਾਨ ਇਨ੍ਹਾਂ ਕੋਲ ਵੱਡੀਆਂ ਗੱਡੀਆਂ, ਚੰਗੀਆਂ ਕੋਠੀਆਂ ਅਤੇ ਉਂਗਲਾਂ ’ਚ ਦਮਕਦੀਆਂ ਸੁਨਹਿਰੀ ਛਾਪਾਂ ਨੇ ਦੇਸੀ ਪੰਜਾਬੀਆਂ ਦੀਆਂ ਅੱਖਾਂ ਵਿਚ ਪ੍ਰਦੇਸਾਂ ਦੇ ਸੁਪਨੇ ਬੀਜੇ ਜਿਨ੍ਹਾਂ ਵਿਚ ਪ੍ਰਦੇਸ ਦੀ ਧਰਤੀ ਪੈਸਾ ਉਗਲਦੀ ਦਿਖਾਈ ਦਿੰਦੀ ਸੀ ਜਾਂ ਸ਼ਾਇਦ ਉਨ੍ਹਾਂ ਮੁਲਕਾਂ ਕੋਲ ਕੋਈ ਪਾਰਸ ਹੈ। ਪਰ ਹਕੀਕਤ ਇਹ ਸੀ ਕਿ ਇਕ ਤਾਂ ਉਦੋਂ ਪੰਜਾਬੀ ਪਰਵਾਸ ਕਰਨ ਵਾਲੇ ਘੱਟ ਸਨ ਤੇ ਦੂਜਾ ਉਹ ਜਿਸ ਹੱਡ-ਭੰਨਵੀਂ ਮਿਹਨਤ ਨਾਲ ਪੂੰਜੀ ਪੈਦਾ ਕਰ ਰਹੇ ਸਨ, ਉਸ ਬਾਰੇ ਉਹ ਆਪਣੇ ਵਾਕਫਾਂ-ਰਿਸ਼ਤੇਦਾਰਾਂ ਨੂੰ ਦੱਸਦੇ ਨਹੀਂ ਸਨ। ਇਸੇ ਕਾਰਨ ਪਰਵਾਸ ਪੰਜਾਬੀਆਂ ਲਈ ਇਕ ਹੁਸੀਨ ਸੁਪਨਾ ਬਣਦਾ ਗਿਆ ਅਤੇ ਨੌਜਵਾਨ ਉਹੀ ਹੱਡ-ਭੰਨਵੀਂ ਮਿਹਨਤ ਆਪਣੇ ਸੂਬੇ ਵਿਚ ਕਰਨਾ ਛੱਡਦੇ ਗਏ। ਇਸਦੇ ਨਾਲ ਹੀ ਸਰਕਾਰਾਂ ਦੀਆਂ ਬਦਨੀਤੀਆਂ ਨਾਲ ਪੰਜਾਬ ਦਾ ਮਾਹੌਲ ਵੀ ਨੌਜਵਾਨਾਂ ਲਈ ਨਾਉਮੀਦੀ ਪੈਦਾ ਕਰਦਾ ਰਿਹਾ। ਸਿੱਟੇ ਵੱਜੋਂ ਪਰਵਾਸ ਐਸੀ ਮਜਬੂਰੀ ਬਣ ਗਿਆ ਜੋ ਹੌਲੀ-ਹੌਲੀ ਸਾਡੀ ਪੂੰਜੀ, ਕਿਰਤ ਸ਼ਕਤੀ ਅਤੇ ਸੱਭਿਆਚਾਰ ਨੂੰ ਵਿਦੇਸ਼ਾਂ ਵੱਲ ਲਿਜਾਣ ਲੱਗ ਪਿਆ, ਜਿਸਦਾ ਸੰਤਾਪ ਆਉਣ ਵਾਲੇ ਕੁਝ ਸਾਲਾਂ ਵਿਚ ਪੰਜਾਬ ਦੀ ਮਿੱਟੀ ਨੂੰ ਹੰਢਾਉਣਾ ਪਵੇਗਾ।
ਆਰਥਿਕ ਪੱਖ ’ਤੋਂ ਵਿਚਾਰਿਆ ਜਾਵੇ ਤਾਂ ਇਕ ਵਿਦਿਆਰਥੀ ਨੂੰ ਪੜ੍ਹਾਈ ਵੀਜ਼ੇ ਰਾਹੀਂ ਵਿਦੇਸ਼ ਭੇਜਣ ਲਈ ਪਰਿਵਾਰ ਨੂੰ ਪੰਦਰਾਂ ਤੋਂ ਬਾਈ ਲੱਖ ਤਕ ਦਾ ਅੰਦਾਜ਼ਨ ਖ਼ਰਚਾ ਪੈ ਹੀ ਜਾਂਦਾ ਹੈ। ਮੌਜੂਦਾ ਸਥਿਤੀ ਨੂੰ ਵੇਖੀਏ ਤਾਂ ਰੋਜ਼ਾਨਾ ਸੈਕੜੇਂ ਨੌਜਵਾਨਾਂ ਦੇ ਹੋ ਰਹੇ ਪਰਵਾਸ ਰਾਹੀਂ ਪੰਜਾਬ ਦਾ ਕਰੋੜਾਂ ਦਾ ਸਰਮਾਇਆ ਵੀ ਵਿਦੇਸ਼ੀ ਮੁਲਕਾਂ ਨੂੰ ਜਾ ਰਿਹਾ ਹੈ। ਸਿਰਫ਼ ਇੰਨਾ ਹੀ ਨਹੀਂ ਬਹੁਤ ਸਾਰੇ ਨੌਜਵਾਨ ਵਿਦੇਸ਼ ਪਹੁੰਚ ਕੇ ਵੀ ਉੱਥੋਂ ਦੇ ਖ਼ਰਚੇ ਪੂਰੇ ਨਹੀਂ ਕਰ ਪਾ ਰਹੇ, ਲਿਹਾਜ਼ਾ ਮਾਪਿਆਂ ਨੂੰ ਇਧਰੋਂ ਹੋਰ ਪੈਸੇ ਭੇਜਣੇ ਪੈ ਰਹੇ ਹਨ। ਤ੍ਰਾਸਦਿਕ ਪਹਿਲੂ ਇਹ ਹੈ ਕਿ ਨੌਜਵਾਨ ਭਾਵੇਂ ਪੜ੍ਹਾਈ ਦੇ ਨਾਮ ’ਤੇ ਵਿਦੇਸ਼ ਜਾ ਰਹੇ ਹਨ, ਪਰ ਉਹ ਕਦੇ ਵੀ ਵਾਪਸ ਨਾ ਮੁੜਨ ਲਈ ਜਾ ਰਹੇ ਹਨ। ਉਹ ਉੱਥੋਂ ਦੇ ਨਾਗਰਿਕ ਬਣ ਕੇ ਉੱਧਰ ਹੀ ਰਹਿਣਾ ਚਾਹੁੰਦੇ ਹਨ। ਜਿਸ ਕਾਰਨ ਇਸ ਸਰਮਾਏ ਦੇ ਕਦੇ ਵੀ ਪੰਜਾਬ ਦੀ ਆਰਥਿਕਤਾ ਵਿਚ ਵਾਪਸ ਆਉਣ ਦੀ ਸੰਭਾਵਨਾ ਬਿਲਕੁਲ ਖ਼ਤਮ ਹੈ।
ਇਸਦੇ ਨਾਲ ਹੀ ਇਹ ਵੀ ਵਿਚਾਰਨਯੋਗ ਪਹਿਲੂ ਹੈ ਕਿ ਜ਼ਿਆਦਾਤਰ ਨੌਜਵਾਨਾਂ ਨੂੰ ਮਾਪਿਆਂ ਵੱਲੋਂ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਗਿਆ ਹੈ। ਮਾਪਿਆਂ ਦੀ ਆਸ ਹੁੰਦੀ ਹੈ ਕਿ ਵਿਦੇਸ਼ੋਂ ਆਉਣ ਵਾਲੀ ਕਮਾਈ ਨਾਲ ਉਹ ਇਹ ਕਰਜ਼ਾ ਉਤਾਰ ਦੇਣਗੇ, ਜਿਸ ਲਈ ਉਹ ਸਾਲਾਂ ਦੇ ਸਾਲ ਬੇਸਬਰੀ ਨਾਲ ਬੱਚੇ ਦੇ ਵਿਦੇਸ਼ ਵਿਚ ਪੱਕਾ ਨਾਗਰਿਕ ਹੋਣ ਦੀ ਉਡੀਕ ਕਰਦੇ ਹਨ। ਜਦੋਂ ਨੂੰ ਨੌਜਵਾਨ ਇਹ ਨਾਗਰਿਕਤਾ ਹਾਸਲ ਕਰਨ ਵਿਚ ਕਾਮਯਾਬ ਹੁੰਦਾ ਹੈ, ਉਸ ਵੇਲੇ ਤਕ ਉਸ ਲਈ ਵਿਦੇਸ਼ ਵਿਚ ਆਪਣਾ ਕੰਮ-ਧੰਦਾ ਕਰਨ, ਘਰ ਖ਼ਰੀਦਣ ਆਦਿ ਦੇ ਮਸਲੇ ਸਿਰ ਚੁੱਕ ਲੈਂਦੇ ਹਨ ਅਤੇ ਉਹ ਦੁਬਿਧਾ ਵਿਚ ਪੈ ਜਾਂਦਾ ਹੈ ਕਿ ਉਹ ਆਪਣੀ ਕਮਾਈ ਆਪਣੇ ਭਵਿੱਖ ਲਈ ਜੋੜੇ ਜਾਂ ਪਿੱਛੇ ਮਾਪਿਆਂ ਨੂੰ ਭੇਜੇ। ਇਸ ਦੁਬਿਧਾ ਵਿਚੋਂ ਰਿਸ਼ਤਿਆਂ ਦੇ ਤਿੜਕਣ ਦੀ ਆਵਾਜ਼ ਵੀ ਸਮਾਜ ਨੂੰ ਸੁਣਾਈ ਦੇਣ ਲੱਗ ਜਾਂਦੀ ਹੈ। ਪੰਜਾਬੀ ਯੂਨੀਵਰਸਿਟੀ ਦੀ ਇਕ ਖੋਜ ਅਨੁਸਾਰ ਪਰਵਾਸ ਕਰਨ ਵਾਲੇ 70 ਫ਼ੀਸਦੀ ਨੌਜਵਾਨ ਕਿਸਾਨੀ ਪਿਛੋਕੜ ਦੇ ਹਨ। ਪੰਜਾਬ ਦੇ ਕਿਸਾਨਾਂ ਸਿਰ ਕਰਜ਼ੇ ਦੇ ਬੋਝ ਨੇ ਪਹਿਲਾਂ ਹੀ ਪੰਜਾਬ ਵਿਚ ਖ਼ੁਦਕੁਸ਼ੀਆਂ ਦੀ ਫ਼ਸਲ ਬੀਜ ਦਿੱਤੀ ਹੈ, ਜਿਸਨੇ ਮਾਲਵੇ ਦੇ ਸਭ ਤੋਂ ਵੱਧ ਘਰਾਂ ਨੂੰ ਖਾਲੀ ਕੀਤਾ ਹੈ। ਹੁਣ ਪਰਵਾਸ ਕਰਜ਼ੇ ਦੇ ਰੂਪ ਵਿਚ ਇਕ ਹੋਰ ਦੈਂਤ ਸਾਡੇ ਸਮਾਜ ਦੇ ਸਕੂਨ ਨੂੰ ਨਿਗਲਣ ਲਈ ਤਿਆਰ ਹੋ ਰਿਹਾ ਹੈ।
ਪੰਜਾਬ ਵਿਚ ਫੈਲੀ ਬੇਰੁਜ਼ਗਾਰੀ, ਵਧ ਰਹੇ ਨਸ਼ੇ, ਜੁਰਮਾਂ, ਭਵਿੱਖ ਪ੍ਰਤੀ ਅਨਿਸ਼ਚਤਤਾ ਅਤੇ ਵਿਦੇਸ਼ੀ ਮੁਲਕਾਂ ਦੀ ਚਕਾਚੌਂਧ ਕਾਰਨ ਪੰਜਾਬੀਆਂ ਦੇ ਸੁਪਨਿਆਂ ਵਿਚ ਵੀ ਇਹ ਸਵਾਲ ਹੀ ਖੌਰੂ ਪਾ ਰਿਹਾ ਹੁੰਦਾ ਹੈ ਕਿ ਵੀਜ਼ਾ ਫਾਇਲ ਦਾ ਕੀ ਸਟੇਟਸ ਹੈ? ਵਿਦੇਸ਼ ਉਡਾਰੀ ਦੀ ਰੀਝ ਇੰਨੀ ਪ੍ਰਬਲ ਹੋ ਚੁੱਕੀ ਹੈ ਕਿ ਹੁਣ ਤਾਂ ਧਾਰਮਿਕ ਸਥਾਨਾਂ ’ਤੇ ਵੀ ਲੋਕ ਸੋਨੇ-ਚਾਂਦੀ ਦੇ ਜਹਾਜ਼ਾਂ ਦੀ ਸੁੱਖ ਸੁੱਖਣ ਲੱਗ ਪਏ ਹਨ। ਇਹ ਖਾਹਿਸ਼ ਇਸ ਕਦਰ ਭਾਰੂ ਹੈ ਕਿ ਉਚੇਰੀ ਸਿੱਖਿਆ ਦੇ ਨਾਮ ’ਤੇ ਜਾ ਰਹੇ ਨੌਜਵਾਨਾਂ ਨੂੰ ਇਸ ਗੱਲ ਦਾ ਵੀ ਕੋਈ ਫ਼ਿਕਰ ਨਹੀਂ ਹੁੰਦਾ ਕਿ ਉਹ ਜਿਸ ਕੋਰਸ ਵਿਚ ਦਾਖਲਾ ਲੈ ਰਹੇ ਹਨ, ਉਨ੍ਹਾਂ ਨੂੰ ਉਸ ਵਿਸ਼ੇ ਬਾਰੇ ਕੋਈ ਮੁੱਢਲਾ ਗਿਆਨ ਜਾਂ ਰੁਚੀ ਵੀ ਹੈ? ਜਾਂ ਉਹ ਕੋਰਸ ਉਨ੍ਹਾਂ ਦੇ ਭਵਿੱਖ ਲਈ ਸਹਾਇਕ ਹੋ ਵੀ ਸਕਦਾ ਹੈ ਜਾਂ ਨਹੀਂ? ਨੌਜਵਾਨਾਂ ਲਈ ਸਿਰਫ਼ ਇਹੀ ਮਹੱਤਵਪੂਰਨ ਹੈ ਕਿ ਵੀਜ਼ਾ ਕਿਸ ਕੋਰਸ ਰਾਹੀਂ ਸੌਖਾ ਮਿਲੇਗਾ ਤਾਂ ਜੋ ਉਹ ਵਿਦੇਸ਼ ਪਹੁੰਚ ਸਕਣ। ਇਸ ਤਰ੍ਹਾਂ ਬਹੁਗਿਣਤੀ ਨੌਜਵਾਨਾਂ ਦਾ ਭਵਿੱਖ ਜੂਏ ਦੀ ਬਾਜ਼ੀ ਬਣ ਜਾਂਦਾ ਹੈ।
ਹੁਣ ਸਵਾਲ ਇਹ ਹੈ ਕਿ ਜੇਕਰ ਪਰਵਾਸ ਸਾਡੀ ਮਾਨਸਿਕਤਾ ’ਤੇ ਇਸ ਕਦਰ ਹਾਵੀ ਹੋ ਗਿਆ ਹੈ ਤਾਂ ਇਸ ਲਈ ਜ਼ਿੰਮੇਵਾਰ ਕੌਣ ਹੈ? ਕੀ ਇਸ ਸਿਲਸਿਲੇ ਨੂੰ ਰੋਕਿਆ ਜਾ ਸਕਦਾ ਹੈ? ਇਸ ਸਾਰੇ ਵਰਤਾਰੇ ਵਿਚ ਇਕ ਗੱਲ ਸਪੱਸ਼ਟ ਹੈ ਕਿ ਪੰਜਾਬੀ ਨੌਜਵਾਨਾਂ ਵਿਚ ਮਿਹਨਤ ਦੀ ਕਣੀ ਅਜੇ ਵੀ ਬਰਕਰਾਰ ਹੈ। ਵਿਦੇਸ਼ ਜਾ ਕੇ ਵੀ ਸਾਡੇ ਬੱਚੇ ਆਪਣੀ ਮਿਹਨਤ ਨਾਲ ਹੋਂਦ ਨੂੰ ਸਿੱਧ ਤਾਂ ਕਰ ਹੀ ਰਹੇ ਹਨ। ਜੇ ਕਿਤੇ ਸਾਡੀਆਂ ਸਰਕਾਰਾਂ ਇਨ੍ਹਾਂ ਬੱਚਿਆਂ ਨੂੰ ਆਪਣਾ ਹੁਨਰ ਅਜ਼ਮਾਉਣ ਦਾ ਮਾਹੌਲ ਪ੍ਰਦਾਨ ਕਰਦੀਆਂ ਤਾਂ ਸ਼ਾਇਦ ਇਹ ਬੱਚੇ ਅੱਜ ਇਸ ਮਿੱਟੀ ਦੀ ਰੌਣਕ ਵਧਾ ਰਹੇ ਹੁੰਦੇ। ਪਰ ਸਾਡੀਆਂ ਰਾਜਨੀਤਕ ਪਾਰਟੀਆਂ, ਭਾਵੇਂ ਉਹ ਸੱਤਾਧਾਰੀ ਹੋਣ ਜਾਂ ਸੱਤਾ ਤੋਂ ਬਾਹਰ ਪਰਵਾਸ ਦੇ ਰੁਝਾਨ ਪ੍ਰਤੀ ਸੰਜੀਦਾ ਨਹੀਂ ਲੱਗਦੀਆਂ। ਸੱਤਾਧਾਰੀ ਧਿਰਾਂ, ਤਖ਼ਤਾਂ ਦੇ ਐਸ਼ੋ-ਇਸ਼ਰਤ ਵਿਚ ਮਸ਼ਰੂਫ ਪੰਜਾਬ ਦੇ ਹਾਲ ਤੋਂ ਬੇਖ਼ਬਰ ਹਨ ਅਤੇ ਸੱਤਾ ’ਚੋਂ ਹਾਰੇ ਹੁਕਮਰਾਨਾਂ ਦੀਆਂ ਰੋਸ ਰੈਲੀਆਂ ਵਿਚ ਵੀ ਨੌਜਵਾਨਾਂ ਦੇ ਹਕੀਕੀ ਮਸਲਿਆਂ ਪ੍ਰਤੀ ਕੋਈ ਸੰਜੀਦਾ ਆਵਾਜ਼ ਉੱਠਣ ਦੀ ਬਜਾਏ ਖੁੱਸੀ ਹੋਈ ਕੁਰਸੀ ਦਾ ਰੋਸ-ਰੌਲਾ ਹੀ ਸੁਣਾਈ ਪੈਂਦਾ ਹੈ।

ਜੀਵਨਪ੍ਰੀਤ ਕੌਰ

ਸਮੇਂ ਦੀ ਲੋੜ ਹੈ ਕਿ ਪਰਵਾਸ ਨੂੰ ਰੋਕਣ ਲਈ ਨੌਜਵਾਨ ਸ਼ਕਤੀ ਨੂੰ ਉੱਚਿਤ ਤਰੀਕੇ ਨਾਲ ਵਰਤ ਕੇ ਰੁਜ਼ਗਾਰ ਯੋਗਤਾ ਪੈਦਾ ਕਰਕੇ ਕਿਰਤ ਦਾ ਸਿਰਫ਼ ਮੌਕਾ ਹੀ ਨਹੀਂ, ਸਗੋਂ ਵਾਜਿਬ ਮੁੱਲ ਵੀ ਦਿੱਤਾ ਜਾਵੇ। ਮੁਫ਼ਤ ਸਮਾਰਟਫੋਨ ਦੇਣ ਦੀ ਜਗ੍ਹਾ ਨੌਜਵਾਨਾਂ ਨੂੰ ਇਸ ਕਾਬਲ ਬਣਾਇਆ ਜਾਵੇ ਕਿ ਉਹ ਆਪਣੀ ਪਸੰਦ ਦਾ ਸਮਾਰਟਫੋਨ ਆਪਣੀ ਕਮਾਈ ਨਾਲ ਖ਼ਰੀਦਣ ਦਾ ਮਾਣ ਵੀ ਹਾਸਲ ਕਰ ਸਕਣ। ਸੋ ਇੱਥੇ ਆਮ ਲੋਕਾਂ ਅਤੇ ਖ਼ਾਸ ਕਰ ਨੌਜਵਾਨਾਂ ਨੂੰ ਵੀ ਚੌਕਸ ਹੋਣ ਦੀ ਲੋੜ ਹੈ ਕਿ ਰਾਜਨੀਤਕ ਪਾਰਟੀਆਂ ਦੇ ਮੁਫ਼ਤਖੋਰੀ ਵਧਾਉਂਦੇ ਮੈਨੀਫੈਸਟੋ ਨੂੰ ਨਕਾਰਿਆ ਜਾਵੇ ਤਾਂ ਜੋ ਪਾਰਟੀਆਂ ਨੂੰ ਰੁਜ਼ਗਾਰ, ਸਿਹਤ ਸਹੂਲਤਾਂ ਅਤੇ ਸਿੱਖਿਆ ਵਰਗੇ ਮੁੱਦਿਆਂ ’ਤੇ ਆਪਣੀ ਪਹੁੰਚ ਅਤੇ ਸੋਚ ਸਪੱਸ਼ਟ ਕਰਨ ਲਈ ਮਜਬੂਰ ਕੀਤਾ ਜਾ ਸਕੇ।
ਆਖਰ ‘ਕੀ ਚਾਹੁੰਦਾ ਹੈ ਪੰਜਾਬ’ ਇਹ ਕੋਈ ਪ੍ਰਸ਼ਾਂਤ ਕਿਸ਼ੋਰ ਕਿਉਂ ਦੱਸੇ? ਪੰਜਾਬੀਆਂ ਨੂੰ ਖ਼ੁਦ ਦੱਸਣਾ ਪਵੇਗਾ ਕਿ ਅਸੀਂ ਨਾ ਤਾਂ ਕੈਲੀਫੋਰਨੀਆ ਵਰਗਾ ਪੰਜਾਬ ਚਾਹੁੰਦੇ ਹਾਂ ਤੇ ਨਾ ਹੀ ਪਰਵਾਸ ਰਾਹੀਂ ਪੰਜਾਬ ਵਰਗਾ ਕੈਲੀਫੋਰਨੀਆ। ਅਸੀਂ ਉਹ ਪੰਜਾਬ ਚਾਹੁੰਦੇ ਹਾਂ ਜਿੱਥੇ ਪੈਦਾ ਹੋਇਆ ਬਚਪਨ, ਇੱਥੋਂ ਦੀ ਫਿਜ਼ਾ ਵਿਚ ਜਵਾਨੀ ਹੰਢਾਉਂਦਾ, ਤੰਦਰੁਸਤ ਬਜ਼ੁਰਗੀ ਦੇ ਰੂਪ ਵਿਚ ਇੱਥੋਂ ਦੀ ਹੀ ਮਿੱਟੀ ਦੇ ਲੇਖੇ ਲੱਗੇ।
*ਖੋਜਾਰਥੀ, ਅਰਥ-ਸ਼ਾਸਤਰ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 84370-10461


Comments Off on ਅਸੀਂ ਕਿਉਂ ਪ੍ਰਦੇਸੀ ਹੋਈਏ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.