ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਅਨੂਠਾ ਫਰਮਾਨ: ਸਾਇੰਸ ਸਿਟੀ ਨਹੀਂ ਜਾਂਦੇ ਤਾਂ ਨੰਬਰਾਂ ਤੋਂ ਜਾਓਂਗੇ

Posted On February - 14 - 2020

ਸਾਇੰਸ ਸਿਟੀ ਕਪੂਰਥਲਾ।

ਚਰਨਜੀਤ ਭੁੱਲਰ
ਬਠਿੰਡਾ, 13 ਫਰਵਰੀ
‘ਸਾਇੰਸ ਸਿਟੀ ਕਪੂਰਥਲਾ ਨਹੀਂ ਵੇਖੋਗੇ ਤਾਂ 25 ਨੰਬਰਾਂ ਤੋਂ ਹੱਥ ਧੋ ਬੈਠੋਗੇ।’ ਇਹ ਫਰਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਾਰੀ ਕੀਤਾ ਹੈ ਜਿਸ ਨੇ ਗ਼ਰੀਬ ਵਿਦਿਆਰਥੀਆਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਪੰਜਾਬੀ ’ਵਰਸਿਟੀ ਅਧੀਨ ਸੈਂਕੜੇ ਕਾਲਜ ਹਨ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਦਿਆਰਥੀ ਪੜ੍ਹਦੇ ਹਨ। ਪੰਜਾਬੀ ’ਵਰਸਿਟੀ ਪਟਿਆਲਾ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਕਪੂਰਥਲਾ ਦੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ ਲਾਜ਼ਮੀ ਕਰਾਰ ਦਿੱਤਾ ਹੈ। ਇਸ ਕਰ ਕੇ ਪਾੜ੍ਹਿਆਂ ਕੋਲ ਹੁਣ ਕੋਈ ਬਦਲ ਨਹੀਂ ਹੈ।
ਬਠਿੰਡਾ ਦੇ ਡੀਏਵੀ ਕਾਲਜ ਨੇ ਮਾਪਿਆਂ ਨੂੰ ਤਾਜ਼ਾ ਨੋਟਿਸ ਜਾਰੀ ਕੀਤਾ ਹੈ ਜਿਸ ’ਚ ਗਰੈਜੂਏਟ ਕਲਾਸਾਂ ਦੇ ਦੂਸਰੇ ਸਾਲ ਦੇ ਵਿਦਿਆਰਥੀਆਂ ਨੂੰ ਧਮਕੀ ਭਰਿਆ ਮਸ਼ਵਰਾ ਦਿੱਤਾ ਗਿਆ ਹੈ ਜਿਸ ’ਚ ਕਿਹਾ ਹੈ ਕਿ ਜੇ ਵਿਦਿਆਰਥੀ ਕਾਲਜ ਦਫ਼ਤਰ ਕੋਲ 700 ਰੁਪਏ ਜਮ੍ਹਾਂ ਨਹੀਂ ਕਰਾਉਣਗੇ ਤਾਂ ਉਹ ਇੰਟਰਨਲ ਅਸੈਸਮੈਂਟ ਦੇ 25 ਨੰਬਰਾਂ ਤੋਂ ਹੱਥ ਧੋ ਬੈਠਣਗੇ। ਪੰਜਾਬੀ ਯੂਨੀਵਰਸਿਟੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਅਨੁਸਾਰ ‘ਵਾਤਾਵਰਨ ਵਿਸ਼ਾ’ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਸਾਇੰਸ ਸਿਟੀ ਦਾ ਦੌਰਾ ਕਰਨਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਵੇਰਵਿਆਂ ਅਨੁਸਾਰ ਬੀ.ਐਸ.ਸੀ/ਬੀਬੀਏ/ਬੀਸੀਏ/ਬੀਕਾਮ/ਅਤੇ ਬੀ.ਏ ਦੇ ਦੂਸਰੇ ਸਾਲ ਦੇ ਵਿਦਿਆਰਥੀ ‘ਵਾਤਾਵਰਨ ਵਿਸ਼ਾ’ ਪੜ੍ਹ ਰਹੇ ਹਨ, ਉਨ੍ਹਾਂ ਦੀ 25 ਨੰਬਰ ਦੀ ਇੰਟਰਨਲ ਅਸੈਸਮੈਂਟ ਹੈ। ਪੰਜਾਬੀ ’ਵਰਸਿਟੀ ਨੇ ਕਿਹਾ ਹੈ ਕਿ ਸਾਇੰਸ ਸਿਟੀ ਦਾ ਦੌਰਾ ਕਰਨ ਮਗਰੋਂ ਹੀ ਇਹ ਅਸੈਸਮੈਂਟ ਲੱਗ ਸਕੇਗੀ। ਇਹ ਵੀ ਕਿਹਾ ਗਿਆ ਹੈ ਕਿ ਹਰ ਵਿਦਿਆਰਥੀ ਦੌਰਾ ਕਰਨ ਮਗਰੋਂ ਇਸ ਬਾਰੇ ਰਿਪੋਰਟ ਤਿਆਰ ਕਰਕੇ ਆਪਣੇ ਕਲਾਸ ਟੀਚਰ ਕੋਲ ਜਮ੍ਹਾਂ ਕਰਾਏਗਾ। ਬਠਿੰਡਾ ਦੇ ਡੀ.ਏ.ਵੀ. ਕਾਲਜ ਵੱਲੋਂ 15, 18 ਤੇ 20 ਫਰਵਰੀ ਨੂੰ ਸਾਇੰਸ ਸਿਟੀ ਲਿਜਾਇਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਬਠਿੰਡਾ ਖ਼ਿੱਤੇ ਦੇ ਇੱਕ ਹੋਰ ਪ੍ਰਾਈਵੇਟ ਕਾਲਜ ਨੇ ਇਹ ਰਾਹ ਕੱਢ ਲਿਆ ਹੈ ਕਿ ਉਹ ਵਿਦਿਆਰਥੀ ਤੋਂ ਥੋੜ੍ਹੇ ਪੈਸੇ ਲੈ ਲੈਂਦੇ ਹਨ ਅਤੇ ਸਾਇੰਸ ਸਿਟੀ ਦਾ ਬਿਨਾਂ ਦੌਰਾ ਕਰਾਏ ਹੀ ਕਾਲਜ ਬੈਠੇ ਹੀ ਸਬੂਤ ਤਿਆਰ ਕਰ ਲੈਂਦੇ ਹਨ ਪਰ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਦੱਸਣਾ ਬਣਦਾ ਹੈ ਕਿ ਸਾਇੰਸ ਸਿਟੀ ਦੀ ਟਿਕਟ ਪ੍ਰਤੀ ਵਿਦਿਆਰਥੀ 285 ਰੁਪਏ ਹੈ।

ਸਾਰਾ ਕੁਝ ਨਿਯਮਾਂ ਮੁਤਾਬਿਕ ਹੋਇਆ: ਪ੍ਰਿੰਸੀਪਲ
ਡੀ.ਏ.ਵੀ. ਕਾਲਜ ਬਠਿੰਡਾ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ ਦਾ ਕਹਿਣਾ ਸੀ ਕਿ ਪੰਜਾਬੀ ’ਵਰਸਿਟੀ ਤਰਫ਼ੋਂ ਹੀ ਵਾਤਾਵਰਨ ਵਿਸ਼ੇ ਦੇ ਵਿਦਿਆਰਥੀਆਂ ਲਈ ਸਾਇੰਸ ਸਿਟੀ ਜਾਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਤਰਫ਼ੋਂ ’ਵਰਸਿਟੀ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਹੀ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਉਹ ਸਿਰਫ਼ ਵਿਦਿਆਰਥੀਆਂ ਤੋਂ ਲਾਗਤ ਖਰਚਾ ਹੀ ਲੈ ਰਹੇ ਹਨ। ਜੇ ਕੋਈ ਪੈਸਾ ਬਚੇਗਾ ਤਾਂ ਉਹ ਵਿਦਿਆਰਥੀਆਂ ਨੂੰ ਵਾਪਸ ਕਰ ਦਿੱਤਾ ਜਾਵੇਗਾ। ਦੂਸਰੀ ਤਰਫ ਪੰਜਾਬੀ ਵਰਸਿਟੀ ਦੇ ਡੀਨ (ਅਕਾਦਮਿਕ) ਅਤੇ ਕੰਟਰੋਲਰ (ਪ੍ਰੀਖਿਆਵਾਂ) ਨੇ ਵਾਰ ਵਾਰ ਸੰਪਰਕ ਕਰਨ ’ਤੇ ਵੀ ਫੋਨ ਨਹੀਂ ਚੁੱਕਿਆ।

ਵਿੱਤੀ ਬੋਝ ਪਾਉਣ ਵਾਲਾ ਫਰਮਾਨ: ਵਿਦਿਆਰਥੀ ਆਗੂ
ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਣਬੀਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਇਹ ਪੰਜਾਬੀ ’ਵਰਸਿਟੀ ਦਾ ਨਾਦਰਸ਼ਾਹੀ ਫਰਮਾਨ ਹੈ ਜੋ ਵਿਦਿਆਰਥੀਆਂ ’ਤੇ ਵਿੱਤੀ ਬੋਝ ਪਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਲਾਜ਼ਮੀ ਕਰਾਰ ਦੇਣ ਦੀ ਥਾਂ ਵਿਦਿਆਰਥੀਆਂ ਨੂੰ ਸਥਾਨਿਕ ਬਦਲ ਦੇਣੇ ਬਣਦੇ ਹਨ। ਬਠਿੰਡਾ ਵਾਲੇ ਬਿੱਟੂ ਕੌਸ਼ਲ ਦਾ ਕਹਿਣਾ ਹੈ ਕਿ ਇਹ ਬੱਚੀਆਂ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਵੀ ਹੈ ਅਤੇ ਖਾਸ ਕਰਕੇ ਪਿੰਡਾਂ ਦੀਆਂ ਬੱਚੀਆਂ ਨੂੰ ਆਪੋ ਆਪਣੇ ਘਰ ਮੁੜਨ ਦੀ ਦਿੱਕਤ ਆਉਣੀ ਹੈ। ਉਨ੍ਹਾਂ ਇਸ ਗੱਲੋਂ ਵੀ ਨੋਟਿਸ ਲਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਕਰੋਨਾ ਵਾਈਰਸ ਕਰਕੇ ਭੀੜ ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦਾ ਪਾਠ ਪੜ੍ਹਾ ਰਹੀ ਹੈ ਅਤੇ ਦੂਸਰੇ ਬੰਨ੍ਹੇ ਅਜਿਹੇ ਫਰਮਾਨ ਜਾਰੀ ਹੋ ਰਹੇ ਹਨ।

ਯੂਨੀਵਰਸਿਟੀ ਵੱਲੋਂ ਕਾਲਜਾਂ ਨੂੰ ਚਿਤਾਵਨੀ
ਪੰਜਾਬੀ ’ਵਰਸਿਟੀ ਨੇ 31 ਜਨਵਰੀ ਨੂੰ ਪੱਤਰ ਜਾਰੀ ਕਰਕੇ ਕਾਲਜਾਂ ਨੂੰ ਹਦਾਇਤ ਕੀਤੀ ਹੈ ਕਿ ਜੇ ਸਾਇੰਸ ਸਿਟੀ ਦਾ ਦੌਰਾ ਨਾ ਕਰਾਇਆ ਗਿਆ ਤਾਂ ਕਾਲਜਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੱਤਰ ਵਿਚ ਯੂ.ਜੀ.ਸੀ. ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਵਾਤਾਵਰਨ ਤੇ ਰੋਡ ਸੇਫਟੀ ਦੇ ਵਿਸ਼ੇ ਬਾਰੇ ਸਾਇੰਸ ਸਿਟੀ ਦਾ ਦੌਰਾ ਲਾਜ਼ਮੀ ਹੈ ਜੋ ਸਿਲੇਬਸ ਦਾ ਵੀ ਹਿੱਸਾ ਹੈ। ਯੂਨੀਵਰਸਿਟੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਕਾਲਜਾਂ ਨੇ ਅਜਿਹਾ ਨਹੀਂ ਕੀਤਾ ਹੈ।


Comments Off on ਅਨੂਠਾ ਫਰਮਾਨ: ਸਾਇੰਸ ਸਿਟੀ ਨਹੀਂ ਜਾਂਦੇ ਤਾਂ ਨੰਬਰਾਂ ਤੋਂ ਜਾਓਂਗੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.