ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਅਦਨਿਆਂ ਦੀ ਆਵਾਜ਼ ਅਤਰਜੀਤ

Posted On February - 16 - 2020

ਸੁਖਪਾਲ ਸਿੰਘ ਥਿੰਦ
ਅਤਰਜੀਤ ਪੰਜਾਬੀ ਦਾ ਉਹ ਗਲਪ ਲੇਖਕ ਹੈ ਜਿਸ ਦੀ ਲੇਖਣੀ ਅਤੇ ਖ਼ਾਸਕਰ ਕਹਾਣੀ ਲੇਖਣੀ ਨਾਲ ਪੰਜਾਬੀ ਕਹਾਣੀਕਾਰੀ ਵਿਚ ਬੁਨਿਆਦੀ ਤਬਦੀਲੀਆਂ ਲਈ ਜ਼ਮੀਨ ਤਿਆਰ ਹੋਣ ਲੱਗੀ। ਸੱਤਰਵਿਆਂ ਦੇ ਆਸ-ਪਾਸ ਅਤਰਜੀਤ ਅਤੇ ਉਸ ਦੇ ਸਮਕਾਲੀ ਕਹਾਣੀਕਾਰਾਂ ਗੁਰਬਚਨ ਭੁੱਲਰ, ਵਰਿਆਮ ਸੰਧੂ, ਸੁਖਵੰਤ ਕੌਰ ਮਾਨ, ਕਿਰਪਾਲ ਕਜ਼ਾਕ, ਮੋਹਨ ਭੰਡਾਰੀ ਅਤੇ ਪ੍ਰੇਮ ਗੋਰਖੀ ਆਦਿ ਨੇ ਅਜਿਹੀਆਂ ਕਹਾਣੀਆਂ ਲਿਖੀਆਂ ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬੀ ਸਮਾਜ ਦੇ ਯਥਾਰਥ ਦੀ ਜ਼ਰਖ਼ੇਜ਼ ਜ਼ਮੀਨ ਵਿਚ ਡੂੰਘੀਆਂ ਲੱਗੀਆਂ ਹੋਈਆਂ ਸਨ। ਇਸ ਨਾਲ ਪੰਜਾਬੀ ਕਹਾਣੀ ਨੇ ਮੱਧਵਰਗੀ ਆਦਰਸ਼ਵਾਦ ਜਾਂ ਰੁਮਾਂਟਿਸਿਜ਼ਮ ਦੇ ਓਪਰੇ ਖੋਲ ’ਚੋਂ ਬਾਹਰ ਨਿਕਲ ਕੇ ਕਰੂਰ ਯਥਾਰਥਕ ਪ੍ਰਸਥਿਤੀਆਂ ਨਾਲ ਤਿੱਖਾ ਸਿਰਜਕ ਸੰਵਾਦ ਛੇੜਿਆ। ਇਸ ਨਾਲ ਪੰਜਾਬੀ ਕਹਾਣੀ ਵਿਚ ਸਿਫ਼ਤੀ ਤਬਦੀਲੀ ਵਾਪਰਨ ਲਈ ਰਾਹ ਖੁੱਲ੍ਹ ਗਿਆ। ਅਤਰਜੀਤ ਨੇ ਇਸ ਪੂਰ ਦੇ ਸਮਵਿੱਥ ਚੱਲਦਿਆਂ ਵੀ ਆਪਣੀ ਸਿਰਜਣਕਾਰੀ ਦੀ ਅਲੱਗ ਪਛਾਣ ਬਣਾਈ। ਇਹ ਪਛਾਣ ਉਸ ਦੇ ਨਿਵੇਕਲੇ ਜੀਵਨ ਅਨੁਭਵ ’ਚੋਂ ਨਿਕਲੀਆਂ ਕਹਾਣੀਆਂ ਕਾਰਨ ਬਣੀ।
ਅਤਰਜੀਤ 2 ਜਨਵਰੀ 1941 ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੰਡੀ ਕਲਾਂ ਵਿਚ ਮਾਤਾ ਨੰਦ ਕੌਰ ਅਤੇ ਪਿਤਾ ਪ੍ਰਸਿੰਨ ਸਿੰਘ ਦੇ ਘਰ ਜਨਮਿਆ। ਉਹ ਅਜੇ ਪਹਿਲੀ ਜਮਾਤ ਵਿਚ ਹੀ ਪੜ੍ਹਦਾ ਸੀ ਕਿ ਪਿੰਡ ਵਿਚ ਚੱਲਦੀ ਦੁਸ਼ਮਣੀ ਕਾਰਨ ਪਿਤਾ ਦਾ ਕਤਲ ਹੋ ਗਿਆ। ਏਨੀ ਛੋਟੀ ਉਮਰ ਵਿਚ ਹੀ ਪਿਤਾ ਦੀ ਛੱਪੜ ਵਿਚ ਤੈਰਦੀ ਲਾਸ਼ ਨੂੰ ਵੇਖ ਕੇ ਕਰੂਰ ਯਥਾਰਥ ਨਾਲ ਵਾਹ ਪਿਆ। ਗੱਲ ਇੱਥੇ ਹੀ ਨਹੀਂ ਮੁੱਕੀ। ਉਸ ਦੀ ਬਾਈ ਤੇਈ ਵਰ੍ਹਿਆਂ ਦੀ ਮਾਂ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਬਸਰ ਕਰਨ ਲਈ ਜੇਠ ਦੇ ਚੁੱਲ੍ਹੇ ’ਤੇ ਬੈਠਣਾ ਪਿਆ। ਤਾਣੀ ਉਣਨ ਅਤੇ ਸੀਰ ਕਮਾਉਣ ਵਾਲੇ ਪਰਿਵਾਰ ਵਿਚ ਹਰ ਪਾਸੇ ਤੰਗੀਆਂ ਤੁਰਸ਼ੀਆਂ ਸਨ। ਇਸ ਅੰਮ੍ਰਿਤਧਾਰੀ ਗੁਰਸਿੱਖ ਕਿਰਤੀ ਪਰਿਵਾਰ ਦੀਆਂ ਪਿੰਡ ਵਿਚ ‘ਉੱਚੀ ਜਾਤ’ ਵਾਲਿਆਂ ਨਾਲ ਦੁਸ਼ਮਣੀ ਦੀਆਂ ਉਲਝੀਆਂ ਤੰਦਾਂ ਸਨ। ਅਜਿਹੇ ਮਾਹੌਲ ਨੇ ਉਸ ਛੋਟੇ ਬੱਚੇ ਨੂੰ ਗੁੱਸੇਖੋਰ, ਕ੍ਰੋਧੀ, ਅਮੋੜ ਅਤੇ ਆਪਣੀ ਪੁਗਾਉਣ ਵਾਲਾ ਬਣਾ ਦਿੱਤਾ। ਅਤਰਜੀਤ ਦੇ ਸਬੰਧ ਵਿਚ ਚੰਗਾ ਇਹ ਵਾਪਰਿਆ ਕਿ ਉਸ ਦੇ ਪਰਿਵਾਰ ਨੇ ਇਨ੍ਹਾਂ ਸਭ ਦੁਸ਼ਵਾਰੀਆਂ ਦੇ ਬਾਵਜੂਦ ਉਸ ਦੀ ਪੜ੍ਹਾਈ ਜਾਰੀ ਰਖਵਾਈ। ਪੜ੍ਹਾਈ ਨੇ ਹੀ ਉਸ ਨੂੰ ਗਿਆਨ ਦੇ ਲੜ ਲਾਇਆ ਅਤੇ ਉਸ ਅੰਦਰਲਾ ਵਿਦਰੋਹੀ ਬੰਦਾ ਆਪਣੀ ਸਹੀ ਜ਼ਮੀਨ ਤਲਾਸ਼ਣ ਦੇ ਰਾਹ ਪੈ ਗਿਆ। ਸੱਤਰਵਿਆਂ ਦੌਰਾਨ ਪੰਜਾਬ ਦਾ ਇਨਕਲਾਬੀ ਮਾਹੌਲ ਅਤਰਜੀਤ ਵਰਗੇ ਭੰਨੇ ਤੋੜੇ ਅਤੇ ਲਿਤਾੜੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਇਹ ਇਨਕਲਾਬੀ ਫਿਜ਼ਾ ਉਸ ਅੰਦਰਲੀ ਬੇਚੈਨੀ ਲਈ ਠਾਹਰ ਬਣੀ। ਉਸ ਨੂੰ ਆਪਣੀ ਅਤੇ ਆਪਣੇ ਵਰਗਿਆਂ ਦੀ ਦਸ਼ਾ ਨੂੰ ਸਮਝਣ ਲਈ ਆਲੇ-ਦੁਆਲੇ ਦੇ ਮਾਹੌਲ ਵਿੱਚੋਂ ਗਿਆਨ ਮਿਲਣ ਲੱਗਿਆ। ਕਰੂਰ ਯਥਾਰਥ ਦੀ ਦਸ਼ਾ ਨੂੰ ਸਮਝਦਿਆਂ ਉਸ ਨੂੰ ਆਪਣੀ ਸਿਰਜਣਕਾਰੀ ਰਾਹੀਂ ਦਿਸ਼ਾ ਦੇਣ ਦਾ ਹੁਸੀਨ ਸੁਪਨਾ ਉਸ ਦੇ ਸਿਰ ’ਤੇ ਸਵਾਰ ਹੋ ਗਿਆ। ਸਾਰੀਆਂ ਵੰਡਾਂ ਮੇਟ ਕੇ ਬਰਾਬਰੀ ਦਾ ਸਮਾਜ ਸਿਰਜਣ ਵਿਚ ਯੋਗਦਾਨ ਪਾਉਣ ਲਈ ਉਸ ਨੇ ਆਪਣੀ ਕਲਮ ਦੀ ਨੋਕ ਤਿੱਖੀ ਕਰ ਲਈ। ਇਹ ਤਿੱਖੀ ਕਲਮ ਉਹ ਪਿਛਲੇ ਲਗਭਗ ਪੰਜਾਹ ਸਾਲ ਤੋਂ ਲਗਾਤਾਰ ਚਲਾ ਰਿਹਾ ਹੈ।
ਅਜਿਹਾ ਕਰਦਿਆਂ ਦਸ ਕਹਾਣੀ ਸੰਗ੍ਰਹਿ, ਇਕ ਨਾਵਲ, ਬੱਚਿਆਂ ਦੀਆਂ ਅੱਠ ਕਿਤਾਬਾਂ ਅਤੇ ਛੇ ਸੰਪਾਦਿਤ ਕਿਤਾਬਾਂ ਹੋਂਦ ਵਿਚ ਆਈਆਂ। ਇਸ ਤੋਂ ਇਲਾਵਾ ਉਸ ਨੇ ਦੋ ਖੋਜ ਪੁਸਤਕਾਂ ਅਤੇ ਇਕ ਨਿਬੰਧ ਸੰਗ੍ਰਹਿ ਦੀ ਰਚਨਾ ਵੀ ਕੀਤੀ। ਉਸ ਦਾ ਨਾਵਲ ‘ਨਵੀਆਂ ਸੋਚਾਂ ਨਵੀਆਂ ਲੀਹਾਂ’ 1982 ਵਿਚ ਛਪਿਆ, ਪਰ ਉਸ ਦੀ ਵੱਡੀ ਪਛਾਣ ਕਹਾਣੀਕਾਰ ਵਜੋਂ ਹੀ ਬਣੀ। ਇਸ ਦੀ ਸ਼ੁਰੂਆਤ 1973 ਵਿਚ ਛਪੇ ਕਹਾਣੀ ਸੰਗ੍ਰਹਿ ‘ਮਾਸ-ਖੋਰੇ’ ਨਾਲ ਹੋਈ। ਇਹ ਸੰਗ੍ਰਹਿ ਛਪਣ ਨਾਲ ਉਸ ਦੀ ਬਣ ਰਹੀ ਪਛਾਣ ਦੇ ਨਕਸ਼ ਕੁਝ ਹੋਰ ਡੂੰਘੇ ਹੋ ਗਏ। ਦਿਲਚਸਪ ਹੈ ਕਿ ਅਤਰਜੀਤ ਦੀਆਂ ਕਹਾਣੀਆਂ 1970 ਤੋਂ ਪਹਿਲਾਂ ‘ਪੰਜ ਦਰਿਆ’, ‘ਪ੍ਰੀਤਲੜੀ’, ‘ਕਵਿਤਾ’ ਆਦਿ ਪਰਚਿਆਂ ਤੋਂ ਚੇਪੀ ਲੱਗ ਕੇ ਵਾਪਸ ਪਰਤਿਆ ਕਰਦੀਆਂ ਸਨ। ਇਸ ਚੇਪੀ ’ਤੇ ਲਿਖਿਆ ਹੁੰਦਾ ਸੀ: ‘‘ਛਾਪਣ ਦੀ ਖ਼ੁਸ਼ੀ ਨਹੀਂ ਲੈ ਸਕਦੇ। ਰਚਨਾ ਵਾਪਸ ਭੇਜ ਰਹੇ ਹਾਂ ਤਾਂ ਜੋ ਹੋਰ ਕਿਧਰੇ ਕੰਮ ਆ ਸਕੇ।’’ ਇਹੀ ਰਚਨਾਵਾਂ ਫਿਰ ਨਕਸਲਬਾੜੀ ਦੌਰ ਦੌਰਾਨ ਨਿਕਲੇ ‘ਸਰਦਲ’, ‘ਰੋਹਲੇਬਾਣ’, ‘ਸਿਆੜ’, ‘ਹੇਮ ਜਯੋਤੀ’, ‘ਅਗਨਦੂਤ’ ਅਤੇ ‘ਨਾਗ ਨਿਵਾਸ’ ਆਦਿ ਪਰਚਿਆਂ ਵਿਚ ਛਪੀਆਂ। ਅਸਲ ਵਿਚ ਖੰਘਰ ਜੀਵਨ ਯਥਾਰਥ ਨੂੰ ਚਿਤਰਦੀਆਂ ਅਤਰਜੀਤ ਦੀਆਂ ਕਹਾਣੀਆਂ ਕੂਲੀ ਜਿਹੀ ਮੱਧਵਰਗੀ ਸੰਵੇਦਨਾ ਦੇ ਪਿੰਡੇ ਨੂੰ ਛਿੱਲਣ ਵਾਲੀਆਂ ਸਨ। ਇਸ ਨਵੇਂ ਜੀਵਨ ਯਥਾਰਥ ਅਤੇ ਉਸ ਵਿਚੋਂ ਪੁੰਗਰਦੀਆਂ ਲਿਖਤਾਂ ਨੂੰ ਪ੍ਰਵਾਨ ਕਰਨ ਲਈ ਨਵੀਂ ਚੇਤਨਾ ਵਾਲੀ ਸੁਹਜ ਸੰਵੇਦਨਾ ਦੀ ਜ਼ਰੂਰਤ ਸੀ। ਨਵੇਂ ਰਸਾਲਿਆਂ ਦੇ ਹੋਂਦ ਵਿਚ ਆਉਣ ਨਾਲ ਉਸ ਨੂੰ ਆਪਣੀਆਂ ਲਿਖਤਾਂ ਦੇ ਹਾਣ ਦਾ ਧਰਾਤਲ ਮਿਲ ਗਿਆ। ਇਉਂ ਉਸ ਦਾ ਸਾਹਿਤਕ ਸਫ਼ਰ ਚੱਲ ਨਿਕਲਿਆ। ਲਗਾਤਾਰ ਕਹਾਣੀ ਸੰਗ੍ਰਹਿਆਂ ਦੀ ਲੜੀ ਤੁਰ ਪਈ। ਇਸ ਲੜੀ ਵਿਚ ਹੀ 1976 ਵਿਚ ‘ਟੁੱਟਦੇ ਬਣਦੇ ਰਿਸ਼ਤੇ’, 1985 ਵਿਚ ‘ਅਦਨਾ ਇਨਸਾਨ’, 1996 ਵਿਚ ‘ਅੰਨ੍ਹੀ ਥੇਹ’ ਅਤੇ ‘ਕਹਾਣੀ ਕੌਣ ਲਿਖੇਗਾ?’, 1999 ਵਿਚ ‘ਤੀਜਾ ਯੁੱਧ’, 2003 ਵਿਚ ‘ਸਬੂਤੇ ਕਦਮ’ ਅਤੇ ‘ਰੇਤੇ ਦਾ ਮਹਿਲ’, 2015 ਵਿਚ ‘ਕੰਧਾਂ ’ਤੇ ਲਿਖੀ ਇਬਾਰਤ’ ਅਤੇ 2017 ਵਿਚ ‘ਅੰਦਰਲੀ ਔਰਤ’ ਨਾਮਕ ਦਸ ਕਹਾਣੀ ਸੰਗ੍ਰਹਿ ਛਪੇ। ਇਨ੍ਹਾਂ ਸੰਗ੍ਰਹਿਆਂ ਵਿਚ ਹੀ ਉਸ ਦੀਆਂ ‘ਬੱਠਲੂ ਚਮਿਆਰ’, ‘ਅਦਨਾ ਇਨਸਾਨ’, ‘ਸਬੂਤੇ ਕਦਮ’, ‘ਅਸਤੀਫ਼ਾ’, ‘ਖੋਲ ਵਿਚਲਾ ਮਨੁੱਖ’ ਅਤੇ ‘ਠੂੰਂਹਾਂ’ ਵਰਗੀਆਂ ਕਾਲਜੀਵੀ ਕਹਾਣੀਆਂ ਛਪੀਆਂ।
ਅਤਰਜੀਤ ਦੀ ਕਹਾਣੀ ਦੀ ਖ਼ੂਬੀ ਇਹ ਹੈ ਕਿ ਉਸ ਨੇ ਦੱਬੇ ਕੁਚਲੇ ਤੇ ਨਿਤਾਣੇ ਅਦਨੇ ਇਨਸਾਨਾਂ ਦੇ ਜੀਵਨ ਯਥਾਰਥ ਦੇ ਉਨ੍ਹਾਂ ਹਨੇਰ ਖੂੰਜਿਆਂ ਵੱਲ ਆਪਣੀ ਕਲਮ ਦਾ ਰੁਖ਼ ਮੋੜਿਆ ਜਿਸ ਬਾਰੇ ਪੰਜਾਬੀ ਕਹਾਣੀ ਬਹੁਤ ਸਤਹੀ ਢੰਗ ਨਾਲ ਗੱਲ ਕਰਦੀ ਸੀ ਜਾਂ ਉੱਕਾ ਹੀ ਚੁੱਪ ਸੀ। ਉਸ ਕੋਲ ਇਸ ਜੀਵਨ ਦਾ ਨੇੜੇ ਦਾ ਅਨੁਭਵ ਅਤੇ ਇਸ ਨੂੰ ਚਿਤਰਣ ਵਾਲੀ ਕਲਾਕਾਰੀ ਅੱਖ ਸੀ। ਮਿਸਾਲ ਵਜੋਂ ਉਹ ਜਦੋਂ ‘ਬੱਠਲੂ ਚਮਿਆਰ’ ਕਹਾਣੀ ਵਿਚ ਟੋਆ ਪੂਰ ਰਹੇ ਸੁੰਦਰ ਸਿੰਘ ਉਰਫ਼ ਬੱਠਲੂ ਚਮਿਆਰ ਦੀ ਵਿੱਥਿਆ ਬਿਆਨ ਕਰਦਾ ਹੈ ਤਾਂ ਹਰ ਵਾਕ ਨਾਲ ਪਾਠਕ ਦੇ ਮਨ ਵਿਚ ਛੱਪੜੀ ’ਚੋਂ ਮਿੱਟੀ ਕੱਢ ਕੇ ਟੋਏ ਵਿਚ ਬੱਠਲ ਸੁੱਟ ਰਹੇ ਬੱਠਲੂ ਦਾ ਚਿੱਤਰ ਡੂੰਘਾ ਹੁੰਦਾ ਜਾਂਦਾ ਹੈ। ਇਸੇ ਪ੍ਰਕਾਰ ਉਸ ਦੀ ਕਹਾਣੀ ਕਲਾ ਦੀ ਸਿਖ਼ਰ ਕਹਾਣੀ ‘ਅਦਨਾ ਇਨਸਾਨ’ ਵਿਚਲਾ ਦਰਜਾ ਚਾਰ ਕਰਮਚਾਰੀ ਸ਼ਾਮ ਲਾਲ ਉਰਫ਼ ਸ਼ਾਮੂ ਨਿੱਕੀਆਂ ਨਿੱਕੀਆਂ ਜੀਵਨ ਛੋਹਾਂ ਨਾਲ ਉਸਰਦਾ ਜਾਂਦਾ ਹੈ ਜੋ ਆਪਣੀ ਮਿਸਾਲ ਆਪ ਹੈ। ਕਹਾਣੀ ਖ਼ਤਮ ਹੁੰਦਿਆਂ ਹੀ ਪਾਠਕ ਦੇ ਮਨ ਵਿਚ ਬਣੇ ‘ਅਦਨੇ ਇਨਸਾਨ’ ਦਾ ਬਿੰਬ ਇਕ ਝਟਕੇ ਨਾਲ ਸ਼ਾਮੂ ਤੋਂ ਬਦਲ ਕੇ ਮੱਧਵਰਗੀ ਮੈਂ ਪਾਤਰ ‘ਬਾਊ’ ਵੱਲ ਤਬਦੀਲ ਹੋ ਜਾਂਦਾ ਹੈ। ਅਤਰਜੀਤ ਦਾ ਕਮਾਲ ਇਸ ਗੱਲ ਵਿਚ ਹੈ ਕਿ ਉਹ ਏਨੀ ਵੱਡੀ ਗੱਲ ਪਾਤਰਾਂ ਦੇ ਸਹਿਜ ਜੀਵਨ ਵਿਚਲੇ ਨਿੱਕੇ ਨਿੱਕੇ ਵੇਰਵਿਆਂ ’ਚੋਂ ਉਭਾਰ ਲੈਂਦਾ ਹੈ ਅਤੇ ਕਿਤੇ ਵੀ ਓਪਰਾ ਨਹੀਂ ਜਾਪਦਾ।
ਅਤਰਜੀਤ ਦੀ ਸਿਰਜਣਕਾਰੀ ਦਾ ਇਕ ਹੋਰ ਰੰਗ ਸਮਝਣ ਲਈ ਉਸ ਦੀ ਕਹਾਣੀ ‘ਠੂੰਹਹਾਂ’ ਨੂੰ ਵਿਚਾਰਨਾ ਵੀ ਕੁਥਾਂ ਨਹੀਂ ਹੋਵੇਗਾ। ਇਸ ਕਹਾਣੀ ਵਿਚ ਭਾਰਤੀ/ਪੰਜਾਬੀ ਸਮਾਜ ਦੀ ਜ਼ਾਤੀਗਤ ਵੰਡ ਦੀ ਹੀਣਤਾ ਅਤੇ ਹੈਂਕੜ ਵਿਚ ਵਿਚਰਦੇ ਪਾਤਰਾਂ ਦੇ ਅੰਦਰਲੇ ਸੰਸਾਰ ਨੂੰ ਫੜ ਕੇ ਕਹਾਣੀਕਾਰ ਨੇ ਸਮਾਜ ਵਿਚਲੀ ਇਕ ਨਵੀਂ ਪਰਤ ਤੋਂ ਪਰਦਾ ਚੁੱਕਿਆ। ਇਸ ਉਲਟਫੇਰ ਵਿਚ ਹੀ ਰਾਮਦਾਸੀਆ ਜਾਤੀ ਦਾ ਇੰਦਰਜੀਤ ਸਿੰਘ ਕਟਾਰੀਆ ਆਪਣੀ ਬਦਲੀ ਆਰਥਿਕ ਸਥਿਤੀ ਵਿਚ ਮਾਲਿਕ ਅਤੇ ਜੱਟ ਜਾਤੀ ਦਾ ਹਰਦਮ ਮਜ਼ਦੂਰ ਵਿਚ ਬਦਲ ਚੁੱਕਾ ਹੈ। ਸਾਡੇ ਸਮਾਜ ਵਿਚਲੇ ਜਾਤੀਗਤ ਰਿਸ਼ਤਿਆਂ ਅੰਦਰਲੇ ਕੱਚ ਸੱਚ ’ਤੇ ਇਹ ਕਹਾਣੀ ਡੂੰਘਾ ਵਿਅੰਗ ਹੈ। ਕਹਾਣੀ ਦੀ ਪੁਖ਼ਤਗੀ ਇਸ ਗੱਲ ਵਿਚ ਹੈ ਕਿ ਇਹ ਠੂੰਹਹਾਂ ਕਿਸੇ ਇਕ ਜਾਤੀ ਵਰਗ ਵਿਸ਼ੇਸ਼ ਦੀ ਮਾਨਸਿਕਤਾ ਵਿਚ ਛਹਿ ਲਾ ਕੇ ਬੈਠਾ ਨਹੀਂ ਦਿਸਦਾ ਸਗੋਂ ਸਾਰਾ ਸਮਾਜ ਇਸ ਦੇ ਡੰਗ ਨਾਲ ਪੀੜਿਤ ਜਾਪਦਾ ਹੈ।
ਅਤਰਜੀਤ ਦੀ ਕਲਾ ਕੌਸ਼ਲਤਾ ਦਾ ਜਲੌਅ ਉਨ੍ਹਾਂ ਕਹਾਣੀਆਂ ਵਿਚ ਵਧੇਰੇ ਪ੍ਰਗਟ ਹੋਇਆ ਹੈ ਜਿੱਥੇ ਉਸ ਨੇ ਦੱਬੇ ਕੁਚਲੇ ਕਥਿਤ ਨੀਵੀਆਂ ਜਾਤਾਂ ਦੇ ਹਾਸ਼ੀਆਗਤ ਲੋਕਾਂ ਦੀ ਬਾਤ ਪਾਈ ਹੈ। ਅਤਰਜੀਤ ਦੀਆਂ ਕਹਾਣੀਆਂ ਦੀ ਗਹਿਨ ਧੁਨੀ ਆਪਣੇ ਆਪ ਹੀ ਸੰਚਾਰ ਜਾਂਦੀ ਹੈ ਕਿ ਜਦੋਂ ਕਥਿਤ ਨੀਵੀਂ ਜਾਤ ਦਾ ਬੰਦਾ ਮੱਧਵਰਗੀ ਬੰਦੇ ਵਿਚ ਢਲਦਾ ਹੈ ਤਾਂ ਉਸ ਅੰਦਰ ਵੀ ਇਸ ਵਰਗ ਵਾਲੇ ਲੱਛਣ ਆਪਣੇ ਆਪ ਆ ਜਾਂਦੇ ਹਨ। ਹੇਠਲੇ ਗ਼ਰੀਬ ਵਰਗ ਤੋਂ ਉਸ ਦੀ ਦੂਰੀ ਆਪਣੇ ਆਪ ਬਣਨ ਲੱਗਦੀ ਹੈ। ਭਾਰਤ/ਪੰਜਾਬ ਵਰਗੇ ਜਾਤੀਗਤ ਸਮਾਜ ਵਿਚ ਇਹ ਗੱਲ ਜਾਤੀ ਅਤੇ ਜਮਾਤੀ ਰਲੇਵੇਂ ਨਾਲ ਹੋਰ ਵੀ ਪੇਚੀਦਾ ਹੋ ਜਾਂਦੀ ਹੈ।
ਇਸ ਦਾ ਦੂਜਾ ਪੱਖ ਕਹਾਣੀ ਦੇ ਛੋਟੀ ਕਹਾਣੀ ਤੋਂ ਲੰਮੀ ਕਹਾਣੀ ਵਿਚ ਬਦਲ ਜਾਣ ਵਿਚ ਵਾਪਰਦਾ ਹੈ। ਛੇ ਸੱਤ ਪੰਨਿਆਂ ਦੀ ਕਹਾਣੀ ਚੌਵੀ ਪੱਚੀ ਪੰਨਿਆਂ ਤੱਕ ਵੀ ਫੈਲਣ ਲੱਗਦੀ ਹੈ। ਉਹ ਦੋਵੇਂ ਤਰ੍ਹਾਂ ਦੀਆਂ ਕਹਾਣੀਆਂ ਕਾਮਯਾਬੀ ਨਾਲ ਲਿਖਦਾ ਹੈ।
ਇਸ ਦੇ ਬਾਵਜੂਦ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਤਰਜੀਤ ਨੂੰ ਪੰਜਾਬੀ ਕਹਾਣੀ ਵਿਚ ਉਹ ਸ਼ੋਹਰਤ ਅਤੇ ਮਾਨਤਾ ਨਹੀਂ ਮਿਲੀ ਜਿਸ ਦਾ ਉਹ ਹੱਕਦਾਰ ਸੀ। ਇਸ ਦਾ ਇਕ ਕਾਰਨ ਉਸ ਦੇ ਕਹਾਣੀ ਸੰਗ੍ਰਹਿਆਂ ਦਾ ਦੇਰ ਨਾਲ ਛਪਣਾ ਵੀ ਹੈ। ਇਸ ਬਾਰੇ ਸੁਤਿੰਦਰ ਸਿੰਘ ਨੂਰ ਦੀ ਟਿੱਪਣੀ ਗੌਲਣਯੋਗ ਹੈ: “ਅਤਰਜੀਤ ਦੀਆਂ ਕਹਾਣੀਆਂ ਛਪਣ ਨੂੰ ਤਰਸਦੀਆਂ ਰਹੀਆਂ। ਵਰਿਆਮ ਸੰਧੂ ਤੇ ਪ੍ਰੇਮ ਪ੍ਰਕਾਸ਼ ਪੁਸਤਕਾਂ ਪਹਿਲਾਂ ਛਪਵਾ ਗਏ। ਜੇ ‘ਅਦਨਾ ਇਨਸਾਨ’ ਪੁਸਤਕ ਪਹਿਲਾਂ ਛਪ ਜਾਂਦੀ ਤਾਂ ਅਤਰਜੀਤ ਪਹਿਲਾਂ ਸਥਾਪਤ ਹੋ ਜਾਣਾ ਸੀ। ਇਹ ਕਹਾਣੀਆਂ ਪਰਚਿਆਂ ਵਿਚ ਤਾਂ ਛਪ ਗਈਆਂ ਸਨ ਕਿਤਾਬੀ ਰੂਪ ਵਿਚ ਬਹੁਤ ਦੇਰ ਬਾਅਦ ਛਪੀਆਂ।”
ਮੈਨੂੰ ਜਾਪਦਾ ਹੈ ਕਿ ਇਸ ਕਾਰਨ ਦੇ ਨਾਲ ਨਾਲ ਅਤਰਜੀਤ ਦੀਆਂ ਕਹਾਣੀਆਂ ਵਿਚਲੀ ਤਿੱਖੀ ਪ੍ਰਚਾਰਮਈ ਸੁਰ ਨੇ ਕਈ ਥਾਂ ਕਲਾਤਮਕ ਨੁਕਸਾਨ ਕੀਤਾ ਹੈ। ਖ਼ੈਰ, ਜ਼ਿਆਦਾਤਰ ਕਲਮਕਾਰਾਂ ਨਾਲ ਅਕਸਰ ਅਜਿਹਾ ਵਾਪਰ ਜਾਂਦਾ ਹੈ। ਅਤਰਜੀਤ ਨਾਲ ਵੀ ਇਹ ਸਭ ਵਾਪਰਿਆ ਹੈ। ਇਸ ਦੇ ਬਾਵਜੂਦ ਉਸ ਦੀ ਨਿੱਜੀ ਜੁਝਾਰੂ ਜੀਵਨ ਸ਼ੈਲੀ ਅਤੇ ਉਸ ’ਚੋਂ ਨਿੱਕਲੀਆਂ ਉਸ ਦੀਆਂ ਕਲਾਤਮਿਕ ਕਹਾਣੀਆਂ ਮਹੱਤਵਪੂਰਨ ਹਨ ਜਿਨ੍ਹਾਂ ਕਹਾਣੀਆਂ ਵਿਚ ਅਦਨੇ ਇਨਸਾਨਾਂ ਦੇ ਦੁੱਖਾਂ ਸੁੱਖਾਂ ਦੇ ਸਭ ਫਿੱਕੇ ਗੂੜ੍ਹੇ ਰੰਗਾਂ ਨੂੰ ਜ਼ੁਬਾਨ ਮਿਲੀ ਹੈ; ਜਿਨ੍ਹਾਂ ਵਿਚ ਕਿਰਤੀ ਵਰਗ ਖ਼ਾਮੋਸ਼ ਰਹਿੰਦਿਆਂ ਵੀ ਆਪਣੇ ਅੰਦਰਲੇ ਗੁੱਸੇ ਨਾਲ ਸਥਾਪਤੀ ਨੂੰ ਨਾਇਕ ਵਾਂਗ ਵੰਗਾਰਦਾ ਜਾਪਦਾ ਹੈ। ਸਾਡੇ ਸਮਾਜ ਦੀਆਂ ਜਾਤੀਗਤ ਅਤੇ ਜਮਾਤੀਗਤ ਤਹਿਆਂ ਹੇਠ ਦਫ਼ਨ ਕੀਤੀ ਆਵਾਜ਼ ਨੂੰ ਸਮੇਂ ਦੇ ਢੁਕਵੇਂ ਇਤਿਹਾਸਕ ਮੋੜ ’ਤੇ ਜ਼ੁਬਾਨ ਦੇਣ ਕਾਰਨ ਪੰਜਾਬੀ ਗਲਪਕਾਰੀ ਵਿਚ ਅਤਰਜੀਤ ਦੀ ਗੱਲ ਚੱਲਦੀ ਰਹੇਗੀ।
ਸੰਪਰਕ: 98885-21960


Comments Off on ਅਦਨਿਆਂ ਦੀ ਆਵਾਜ਼ ਅਤਰਜੀਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.