ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ

Posted On January - 18 - 2020

ਹਰਦੀਪ ਸਿੰਘ ਝੱਜ

ਬੁਢਾਪੇ ਦਾ ਸਫ਼ਰ ਮਜਬੂਰੀਆਂ, ਲਾਚਾਰੀਆਂ, ਬੇਵਸੀਆਂ ਤੇ ਉਦਾਸੀਆਂ ਸੰਗ ਤੈਅ ਕਰਨਾ ਪੈਂਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜਿਸਨੂੰ ਸਾਰੇ ਸੁੱਖ ਪ੍ਰਾਪਤ ਹੋਏ ਹੋਣ ਜਾਂ ਬੁਢਾਪੇ ਵਿਚ ਹਰ ਪੱਖ ਤੋਂ ਸੁੱਖ ਅਤੇ ਸ਼ਾਂਤੀ ਮਾਣ ਰਿਹਾ ਹੋਵੇ। ਬੁਢਾਪੇ ਵਿਚ ਜੀਵਨ ਦੀ ਇਕਸਾਰਤਾ, ਲਗਾਤਾਰਤਾ ਤੇ ਸਾਂਝ ਦਾ ਰਹਿ ਸਕਣਾ ਸੰਭਵ ਨਹੀਂ। ਮਨੁੱਖ ਬੁਢਾਪੇ ’ਚ ਕਿਸੇ ਨਾ ਕਿਸੇ ਪੱਖ ਤੋਂ ਟੁੱਟਦਾ, ਥਿੜਕਦਾ ਤੇ ਹਾਰਦਾ ਜ਼ਰੂਰ ਹੈ। ਇਹ ਹਾਰ ਜ਼ਿੰਦਗੀ ਦੇ ਆਖ਼ਰੀ ਪੜਾਅ ਦਾ ਅਣਚਾਹਿਆ ਤੋਹਫ਼ਾ ਹੈ। ਬੁਢਾਪਾ ਹੀ ਜ਼ਿੰਦਗੀ ਦਾ ਉਹ ਅੰਤਲਾ ਪੜਾਅ ਹੈ, ਜਿੱਥੇ ਉਸਨੂੰ ਉਨ੍ਹਾਂ ਗੱਲਾਂ ਅੱਗੇ ਸਿਰ ਝੁਕਾਉਣਾ ਪੈਂਦਾ ਹੈ, ਜਿਨ੍ਹਾਂ ਅੱਗੇ ਉਹ ਛਾਤੀ ਤਾਣ ਕੇ ਖੜ੍ਹਦਾ ਰਿਹਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਦਾ ਬਲ ਘਟਦਾ ਹੈ, ਟੁੱਟਦਾ ਹੈ ਤੇ ਅਨੇਕ ਪ੍ਰਕਾਰ ਦੇ ਦੁੱਖ ਜਾਂ ਬੰਧਨ ਉਸਨੂੰ ਆਣ ਘੇਰਦੇ ਹਨ।
ਬੁਢਾਪੇ ਦਾ ਸਫ਼ਰ ਜਦੋਂ ਮੁਸੀਬਤਾਂ ਭਰਿਆ ਹੈ ਤਾਂ ਇਸਨੂੰ ਇਕੱਲਿਆਂ ਜਿਉਣਾ ਹੋਰ ਵੀ ਦੁੱਭਰ ਹੋ ਜਾਂਦਾ ਹੈ। ਇਹ ਸਥਿਤੀ ਉਦੋਂ ਆਉਂਦੀ ਹੈ ਜਦੋਂ ਕਿਸੇ ਦਾ ਜੀਵਨ ਸਾਥੀ ਵਿੱਛੜ ਗਿਆ ਹੋਵੇ। ਜੀਵਨ ਸਾਥੀ ਦੀ ਥਾਂ ਜੇ ਕੋਈ ਹੋਰ ਬਦਲਵਾਂ ਪ੍ਰਬੰਧ ਹੋ ਵੀ ਜਾਵੇ ਜਾਂ ਕਰ ਲਿਆ ਜਾਵੇ ਤਾਂ ਉਹ ਕੇਵਲ ਆਪਣੇ ਹਿੱਤ ਤਕ ਹੀ ਕਾਇਮ/ਸੀਮਤ ਰਹਿੰਦਾ ਹੈ। ਪਤੀ-ਪਤਨੀ ਦੇ ਪੱਕੇ ਰਿਸ਼ਤੇ ਵਾਲੀ ਪਾਕੀਜ਼ਗੀ, ਅਪਣੱਤ ਤੇ ਪਿਆਰ ਕਿਸੇ ਬਦਲਵੇਂ ਰਿਸ਼ਤੇ ਵਿਚ ਨਹੀਂ ਹੋ ਸਕਦਾ। ਪਤੀ-ਪਤਨੀ ਦਾ ਰਿਸ਼ਤਾ ਹੀ ਵਧੇਰੇ ਪੁਖ਼ਤਾ ਤੇ ਪੀਢਾ ਰਿਸ਼ਤਾ ਹੈ। ਹੋਰ ਰਿਸ਼ਤੇ ਕੱਚੇ, ਵਕਤੀ ਤੇ ਮਤਲਬ ਦੇ ਹਨ, ਪਰ ਸੰਸਾਰੀ ਜੀਵ ਨੂੰ ਇਨ੍ਹਾਂ ਨਾਲ ਜੁੜਨਾ ਪੈਂਦਾ ਹੈ। ਦੰਪਤੀ ਜੀਵਨ ਵਿਚ ਮੀਆਂ-ਬੀਵੀ ਦੀ ਆਪਸੀ ਸਾਂਝ, ਚਾਹਤ, ਧੁਰ ਅੰਦਰ ਦੀ ਖਿੱਚ, ਮੋਹ ਦੀਆਂ ਜੁੜਵੀਆਂ ਤੰਦਾਂ ਦੀ ਹੋਂਦ ਤੇ ਭਾਵਨਾਵਾਂ ਦੀ ਇਕਮਿਕਤਾ ਦਾ ਬਣੇ ਰਹਿਣਾ ਹੀ ਜ਼ਿੰਦਗੀ ਦਾ ਸਵਰਗ ਹੈ।
ਦੰਪਤੀ ਜੀਵਨ ਵਿਚ ਆਪਸੀ ਕੌੜ, ਸੱਚ, ਬੇਭਰੋਸਗੀ ਤੇ ਕੁੜੱਤਣ ਦਾ ਬਣ ਜਾਣਾ ਹੀ ਨਰਕ ਹੈ। ਜਦੋਂ ਪਤੀ-ਪਤਨੀ ਅਜਿਹੀ ਹਾਲਤ ’ਚ ਜਿਊਣ ਦਾ ਯਤਨ ਕਰਦੇ ਹਨ ਜਾਂ ਜਿਊਣ ਦੀ ਮਜਬੂਰੀ ਵਿਚ ਸਾਹ ਲੈਂਦੇ ਹਨ ਤਾਂ ਜ਼ਿੰਦਗੀ ਦਾ ਵੱਡਾ ਸਰਾਪ ਹੋਰ ਕੋਈ ਨਹੀਂ ਰਹਿ ਜਾਂਦਾ। ਜ਼ਿੰਦਗੀ ਉਦੋਂ ਹੋਰ ਵੀ ਦੁਖਾਂਤ ਬਣ ਜਾਂਦੀ ਹੈ ਜਦੋਂ ਪਤੀ-ਪਤਨੀ ਵਿਚਕਾਰ ਕੰਧ ਉਸਰਦੀ-ਉਸਰਦੀ ਕਿਲ੍ਹਾ ਬਣ ਜਾਂਦੀ ਹੈ। ਹੋਰ ਸਮਾਜੀ ਮਸਲੇ ਤਾਂ ਸ਼ਾਇਦ ਇੰਨੇ ਕਠਿਨ ਨਹੀਂ ਹੁੰਦੇ ਜਿੰਨੇ ਦੰਪਤੀ ਜੀਵਨ ਦੇ ਆਪਸੀ ਉਲਝੇ ਰਿਸ਼ਤੇ। ਜਦੋਂ ਰਿਸ਼ਤਿਆਂ ਦੀ ਉਲਝਣ ਬੇਪ੍ਰਤੀਤੀ ਦੀ ਧੂਣੀ ’ਚੋਂ ਸੁਲਘ-ਸੁਲਘ ਕੇ ਭਾਂਬੜ ਦਾ ਰੂਪ ਧਾਰਨ ਕਰ ਜਾਵੇ ਤਾਂ ਫਿਰ ਮੁੜ ਕੇ ਹਾਲਾਤ ਦਾ ਬਹਾਅ ਹੋਣਾ ਮੁਸ਼ਕਿਲ ਹੋ ਜਾਂਦਾ ਹੈ। ਨੇੜਤਾ, ਨਿਮਰਤਾ, ਨਿਸ਼ਕਾਮਤਾ, ਨਿਰਵੈਰਤਾ ਤੇ ਨਿਡਰਤਾ ਨਾਲ ਦੰਪਤੀ ਜੀਵਨ ਵਿਚ ਖ਼ੁਸ਼ੀ ਤੇ ਖ਼ੁਸ਼ਹਾਲੀ ਮੁੱਢੋਂ-ਸੁੱਢੋਂ ਫਿਰ ਕਾਇਮ ਕੀਤੀ ਜਾ ਸਕਦੀ ਹੈ। ਜ਼ਰੂਰਤ ਹੈ ਕਿ ਜੀਵ ਇਸ ਜੀਵਨ ਜਾਚ ਨੂੰ ਸੁਹਿਰਦਤਾ ਨਾਲ ਅਪਣਾਵੇ।

ਹਰਦੀਪ ਸਿੰਘ ਝੱਜ

ਬੁਢਾਪੇ ਤਕ ਪਹੁੰਚਦਿਆਂ-ਪਹੁੰਚਦਿਆਂ ਜੀਵਨ ਵਿਚ ਬਹੁਤ ਕੁਝ ਚਾਹਿਆ-ਅਣਚਾਹਿਆ ਵਾਪਰਦਾ ਰਹਿੰਦਾ ਹੈ। ਦੰਪਤੀ ਜੀਵਨ ਦੀ ਗੱਡੀ ਇਕੋ ਟੋਰ ਨਹੀਂ ਤੁਰਦੀ। ਉਤਰਾਅ ਚੜ੍ਹਾਅ ’ਚ ਪਤੀ-ਪਤਨੀ ਦਾ ਡੋਲ ਕੇ ਵੀ ਇਕੱਠੇ ਅਡੋਲ ਰਹਿਣਾ ਵੱਡੀ ਸਫਲਤਾ ਹੈ। ਧੀਆਂ-ਪੁੱਤਰਾਂ ਦੀ ਸਮਾਂ ਆਉਣ ’ਤੇ ਆਪਣੀ ਆਪਣੀ ਦੁਨੀਆਂ ਹੋ ਜਾਂਦੀ ਹੈ ਤੇ ਆਖ਼ਰ ਵਿਚ ਮੀਆਂ-ਬੀਵੀ ਫਿਰ ਉੱਥੇ ਹੀ ਆ ਜਾਂਦੇ ਹਨ ਜਿੱਥੇ ਉਨ੍ਹਾਂ ਨੇ ਆਪਣਾ ਜੀਵਨ ਸਫ਼ਰ ਸ਼ੁਰੂ ਕੀਤਾ ਸੀ।
ਇਹ ਸਹੀ ਹੈ ਕਿ ਪਤੀ-ਪਤਨੀ ਦਾ ਮੇਲ ਵੀ ਜ਼ਿੰਦਗੀ ਵਿਚ ਕਾਫ਼ੀ ਦੇਰ ਬਾਅਦ ਹੁੰਦਾ ਹੈ ਤੇ ਵਿਛੋੜਾ ਵੀ ਮੰਜ਼ਿਲ ਤਕ ਪਹੁੰਚਦਿਆਂ ਇਕ ਦਿਨ ਪੈਣਾ ਹੀ ਹੈ, ਪਰ ਜ਼ਿੰਦਗੀ ਦੀ ਅਮੀਰੀ ਇਹੋ ਹੈ ਕਿ ਕਿੰਨੇ ਵਰ੍ਹੇ ਪਹਿਲਾਂ ਮੇਲ ਸੁਮੇਲ ਬਣ ਕੇ ਆਖ਼ਰੀ ਸਮੇਂ ਤਕ ਦੋਹਾਂ ਨੂੰ ਇਕ ਹੀ ਜੋਤ ਦਾ ਸਰੂਪ ਦੇਵੇ। ਦੋ ਦਿਲਾਂ ਦੀ ਧੜਕਣ ਇਕ ਹੋਣ ਵਿਚ ਜ਼ਿੰਦਗੀ ਦਾ ਆਨੰਦ ਹੈ। ਮੀਆਂ-ਬੀਵੀ ਵਿਚਾਲੇ ਕੋਈ ਓਹਲਾ, ਧੋਖਾ ਜਾਂ ਨਾਟਕ ਬਹੁਤਾ ਸਮਾਂ ਚੱਲ ਨਹੀਂ ਸਕਦਾ ਤੇ ਨਾ ਹੀ ਚੱਲਣਾ ਚਾਹੀਦਾ ਹੈ। ਆਪਸੀ ਪ੍ਰੇਮ, ਦੁੱਖ-ਸੁੱਖ ਦੀ ਸਾਂਝ ਤੋਂ ਵੀ ਉਤਾਂਹ ਜੇ ਪਤੀ-ਪਤਨੀ ਵਿਚਾਲੇ ਇਕ ਤਾਪ ਚੜ੍ਹੇ ਤੇ ਦੂਜਾ ਹੂੰਗੇ, ਜੇ ਇਕ ਦੀ ਅੱਖ ਦੁਖੇ ਤੇ ਦੂਜੇ ਦੇ ਰੜਕ ਪਵੇ ਤਾਂ ਅਸਲ ਅਰਥਾਂ ਵਿਚ ਸੁਖਾਵਾਂ ਤੇ ਪੱਧਰਾ ਜੀਵਨ ਜੀਵਿਆ ਜਾ ਸਕਦਾ ਹੈ।
ਸਾਰੀ ਉਮਰ ਦੀ ਕਿਰਤ-ਕਮਾਈ ਦਾ ਲੇਖਾ-ਜੋਖਾ ਬੁਢਾਪੇ ਨੇ ਹੀ ਸਾਹਮਣੇ ਲਿਆਉਣਾ ਹੈ। ਬੁਢਾਪੇ ਵਿਚ ਜੇ ਬੱਚੇ ਆਗਿਆਕਾਰ ਰਹਿੰਦੇ ਹਨ, ਜੇ ਪਤੀ-ਪਤਨੀ ਦੀ ਸਾਂਝ ਬਣੀ ਰਹਿੰਦੀ ਹੈ, ਤੰਦਰੁਸਤੀ ਕਾਇਮ ਰਹਿੰਦੀ ਹੈ ਤਾਂ ਸਮਝਣਾ ਚਾਹੀਦਾ ਹੈ ਕਿ ਘਾਲਣਾ ਠੀਕ ਘਾਲੀ ਗਈ ਹੈ। ਜੇ ਇਸ ਦੇ ਉਲਟ ਚੱਕਰ ਚੱਲਦਾ ਹੈ ਤਾਂ ਹੋ ਸਕਦਾ ਹੈ ਕਿ ਕਿਰਤ ਕਮਾਈ ਵਿਚ ਖੋਟ ਰਹਿ ਗਈ ਹੋਵੇ। ਬੁਢਾਪੇ ਵਿਚ ਜੀਵਨ ਸਾਥੀ ਦਾ ਸਾਥ ਤੇ ਸਹਿਯੋਗ ਬਣੇ ਰਹਿਣਾ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਬੱਚਿਆਂ ਵੱਲੋਂ ਪਿਆਰ ਅਤੇ ਦੂਜਿਆਂ ਵੱਲੋਂ ਸਤਿਕਾਰ ਦਾ ਮਿਲਣਾ ਹੋਰ ਵੀ ਖ਼ੁਸ਼ਕਿਸਮਤੀ ਦੀ ਗੱਲ ਹੈ। ਬੁਢਾਪੇ ਵਿਚ ਜੀਵਨ ਸਾਥੀ ਦੀ ਜ਼ਰੂਰਤ ਜਵਾਨੀ ਨਾਲੋਂ ਵੀ ਜ਼ਿਆਦਾ ਮਹਿਸੂਸ ਹੁੰਦੀ ਹੈ। ਆਪਣੇ ਹਮ ਸਫ਼ਰ ਬਿਨਾਂ ਪੈਂਡਾ ਤੈਅ ਕਰਨਾ ਨਰਕ ਜਾਪਦਾ ਹੈ ਤੇ ਮੰਜ਼ਿਲ ਅਤਿ ਕਠਿਨ ਹੋ ਜਾਂਦੀ ਹੈ। ਬੁਢਾਪੇ ਵਿਚ ਜੀਵਨ ਸਾਥੀ ਦਾ ਡੰਗੋਰੀ ਬਣੇ ਇਕ ਦੂਜੇ ਦੇ ਸਹਾਰੇ ਮਾਰੂਥਲ ਨੂੰ ਪਾਰ ਕਰਨਾ ਤੇ ਇਕੋ ਦ੍ਰਿਸ਼ਟੀ ਦਾ ਹੋਣਾ ਮਨੁੱਖ ਦੀ ਸਭ ਤੋਂ ਵੱਡੀ ਲੋਚਾ ਰਹੀ ਹੈ। ਇਸੇ ਲੋਚਾ ਸਦਕਾ ਜੀਵਨ ਮਾਰਗ ਦਾ ਆਖ਼ਰੀ ਸਫ਼ਰ ਧੀਮੀ ਗਤੀ ਨਾਲ ਕੱਟਿਆ ਜਾਂਦਾ ਹੈ। ਵਿਅਕਤੀ ਸੁੱਖ ਤੇ ਸਹਿਜ ਚਾਹੁੰਦਾ ਹੋਇਆ ਆਖ਼ਰੀ ਉਮਰੇ ਜੀਵਨ ਵਿਚ ਟਿਕਾਅ ਦੀ ਕਾਮਨਾ ਕਰਦਾ ਹੈ। ਸ਼ਾਂਤੀ ਤੇ ਮਾਨਸਿਕ ਟਿਕਾਅ ਲਈ ਜੀਵਨ ਸਾਥੀ ਦੀ ਲੋੜ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਸਾਰੀ ਉਮਰ ਹੀ ਦੋਹਾਂ ਨੇ ਇਕ ਦੂਜੇ ਨੂੰ ਜਾਣਿਆ, ਸਮਝਿਆ, ਲੋਚਿਆ, ਚਾਹਿਆ ਤੇ ਪਿਆਰਿਆ ਹੁੰਦਾ ਹੈ। ਸਾਥੀ ਦੇ ਵਿੱਛੜਿਆਂ ਮਨੁੱਖ ਆਪਣੇ ਆਪ ਨੂੰ ਇਕੱਲਾ ਸਮਝਣ ਲੱਗ ਪੈਂਦਾ ਹੈ।

ਸੰਪਰਕ: 94633-64992


Comments Off on ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.