ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ…

Posted On January - 21 - 2020

ਅਮਨਦੀਪ ਸਿੰਘ ਸੇਖੋਂ

ਦਿੱਲੀ ਪੁਲੀਸ ਨੇ ਆਖਿਰ ਆਪਣੇ ਸਿਆਸੀ ਆਕਾਵਾਂ ਪ੍ਰਤੀ ਆਪਣਾ ਫਰਜ਼ ਪੂਰਾ ਕੀਤਾ ਹੈ ਅਤੇ ਜੇ.ਐੱਨ.ਯੂ. ਵਿਚ 5 ਜਨਵਰੀ ਨੂੰ ਹੋਈ ਘਟਨਾ ਵਿਚ ਹਮਲੇ ਦਾ ਸ਼ਿਕਾਰ ਬਣੀ ਧਿਰ ਦੇ ਹੀ 20 ਵਿਦਿਆਰਥੀਆਂ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਇਲਜ਼ਾਮ ਇਹ ਲੱਗਿਆ ਹੈ ਕਿ ਉਨ੍ਹਾਂ ਨੇ 4 ਜਨਵਰੀ ਨੂੰ ਜੇ.ਐੱਨ.ਯੂ. ਅੰਦਰ ਹਿੰਸਾ ਕੀਤੀ ਸੀ। ਇਨ੍ਹਾਂ ਹੀ ਸਿਆਸੀ ਆਕਾਵਾਂ ਪ੍ਰਤੀ ਅਜਿਹਾ ਹੀ ਫਰਜ਼ 21 ਸਤੰਬਰ 2015 ਨੂੰ ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਨਿਭਾਇਆ ਸੀ। ਰੋਹਿਤ ਵੈਮੁੱਲਾ ਅਤੇ ਉਸਦੇ ਚਾਰ ਹੋਰ ਸਾਥੀਆਂ ਨੂੰ ਯੂਨੀਵਰਸਿਟੀ ਤੋਂ ਛੇ ਮਹੀਨੇ ਲਈ ਬਰਖਾਸਤ ਕਰਨ, ਉਨ੍ਹਾਂ ਦਾ ਵਜ਼ੀਫਾ ਬੰਦ ਕਰਨ ਅਤੇ ਉਨ੍ਹਾਂ ਨੂੰ ਹੋਸਟਲ ਵਿਚੋਂ ਕੱਢਣ ਦਾ ਫ਼ੈਸਲਾ ਲਿਆ ਸੀ।
ਉਸ ਵੇਲੇ ਵੀ ਇਕ ਧਿਰ ਨੇ ਕਿਹਾ ਸੀ ‘ਆਜ਼ਾਦੀ’ ਅਤੇ ਦੂਸਰੀ ਧਿਰ ਨੇ ਚੀਕ ਕੇ ਕਿਹਾ ਸੀ ‘ਦੇਸ਼ਧ੍ਰੋਹੀ’, ਪਰ ਵਿਚਕਾਰ ਪਈ ਲਾਸ਼ ਕਿਉਂਕਿ ਇਕ ਦਲਿਤ ਵਿਦਿਆਰਥੀ ਦੀ ਸੀ, ਜਿਸਨੇ 17 ਜਨਵਰੀ 2016 ਨੂੰ ਆਤਮਹੱਤਿਆ ਕਰ ਲਈ ਸੀ, ਇਸ ਲਈ ‘ਦੇਸ਼ ਭਗਤਾਂ’ ਨੇ ਆਪਣੇ ਇਲਜ਼ਾਮ ਵਾਪਸ ਲੈ ਲਏ ਸਨ। ਇਸ ਤਰ੍ਹਾਂ ਰੋਹਿਤ ਦੇ ਆਖਰੀ ਪੱਤਰ ਵਿਚ ਲਿਖੀ ਗੱਲ ਨੂੰ ਸੱਚ ਸਾਬਤ ਕਰ ਦਿੱਤਾ ਸੀ, ‘ਆਦਮੀ ਦੀ ਕੀਮਤ ਤਾਂ ਉਸਦੀ ਫੌਰੀ ਪਛਾਣ ਵਿਚ ਸਿਮਟ ਕੇ ਰਹਿ ਗਈ ਹੈ। ਸਭ ਤੋਂ ਨੇੜੇ ਦੀ ਸੰਭਾਵਨਾ ਹੀ ਸਾਡੀ ਪਛਾਣ ਤੈਅ ਕਰਦੀ ਹੈ। ਇਕ ਵੋਟ, ਇਕ ਸੰਖਿਆ ਅਤੇ ਇਕ ਚੀਜ਼ ਰਾਹੀਂ। ਆਦਮੀ ਨੂੰ ਦਿਮਾਗ਼ ਵਾਂਗ ਤਾਂ ਦੇਖਿਆ ਹੀ ਨਹੀਂ ਗਿਆ।’ ਰੋਹਿਤ ਨੂੰ ਵੀ ਉਸਦੇ ਦਿਮਾਗ਼ ਕਾਰਨ ਨਹੀਂ ਉਸਦੀ ਜਾਤ ਦੀਆਂ ਵੋਟਾਂ ਕਾਰਨ ਪਛਾਣਿਆ ਗਿਆ। ਪਹਿਲਾਂ-ਪਹਿਲ ਤਾਂ ਭਾਜਪਾ ਦੇ ਲੀਡਰਾਂ ਨੇ ਇਹ ਕੋਸ਼ਿਸ਼ ਕੀਤੀ ਕਿ ਰੋਹਿਤ ਨੂੰ ਗ਼ੈਰ ਦਲਿਤ ਸਾਬਤ ਕੀਤਾ ਜਾਵੇ, ਪਰ ਜਦੋਂ ਕੋਈ ਗੱਲ ਨਾ ਬਣੀਂ ਤਾਂ ਵਿਰੋਧੀ ਧਿਰਾਂ ’ਤੇ ਇਕ ਦਲਿਤ ਵਿਦਿਆਰਥੀ ਦੀ ਮੌਤ ’ਤੇ ਰਾਜਨੀਤੀ ਕਰਨ ਦਾ ਇਲਜ਼ਾਮ ਲਗਾ ਕੇ ਪੱਲਾ ਝਾੜ ਲਿਆ।
ਵਿਵਾਦ ਸ਼ੁਰੂ ਹੋਇਆ ਸੀ ਦਿੱਲੀ ਯੂਨੀਵਰਸਿਟੀ ਵਿਚ ਇਕ ਫ਼ਿਲਮ ਦੀ ਸਕ੍ਰੀਨਿੰਗ ’ਤੇ ਲੱਗੀ ਰੋਕ ਤੋਂ। ਫ਼ਿਲਮ ਸੀ ਨਕੁਲ ਸਿੰਘ ਸਾਹਨੀ ਦੀ ਮੁਜ਼ੱਫਰਨਗਰ ਦੰਗਿਆਂ ’ਤੇ ਬਣੀ ‘ਮੁਜ਼ੱਫਰਨਗਰ ਬਾਕੀ ਹੈ’ ਜਿਸ ਦੀ ਸਕ੍ਰੀਨਿੰਗ ’ਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਇਤਰਾਜ਼ ਕੀਤਾ ਸੀ ਅਤੇ ਇਹ ਸਕ੍ਰੀਨਿੰਗ ਰੁਕ ਗਈ ਸੀ। ਵਿਰੋਧੀ ਵਿਚਾਰਾਂ ਦੇ ਪ੍ਰਗਟਾਵੇ ’ਤੇ ਹੋਏ ਇਸ ਹਮਲੇ ਵਿਰੁੱਧ ਦੇਸ਼ ਭਰ ਦੀਆਂ ਕਈ ਯੂਨੀਵਰਸਿਟੀਆਂ ਵਿਚ ਪ੍ਰਦਰਸ਼ਨ ਹੋਏ ਸਨ। ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਵਿਚ ਹੋਏ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਨੇ। ਜਵਾਬੀ ਕਾਰਵਾਈ ਵਿਚ ਇਸ ਵਿਦਿਆਰਥੀ ਜਥੇਬੰਦੀ ਦੇ ਤਿੰਨ ਵਿਦਿਆਰਥੀਆਂ ’ਤੇ ਏ.ਬੀ.ਵੀ.ਪੀ. ਦੇ ਇਕ ਨੇਤਾ ਨੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਸੀ। ਕੋਈ ਸਬੂਤ ਨਾ ਹੁੰਦੇ ਹੋਏ ਵੀ ਪੰਜ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ ਗਈ। ਇਨ੍ਹਾਂ ਵਿਦਿਆਰਥੀਆਂ ਨੇ ਹਾਈ ਕੋਰਟ ਵਿਚ ਕੇਸ ਕਰਕੇ ਇਹ ਆਖਿਆ ਕਿ ਉਨ੍ਹਾਂ ਨੂੰ ਦਿੱਤੀ ਗਈ ਸਜ਼ਾ ਰਾਜਸੀ ਰੰਜਿਸ਼ ਦਾ ਸਿੱਟਾ ਸੀ, ਪਰ ਸ਼ਾਇਦ ਰੋਹਿਤ ਵੈਮੁੱਲਾ ਨੂੰ ਸਾਡੇ ਦੇਸ਼ ਦੀ ਨਿਆਂ ਪ੍ਰਣਾਲੀ ਦੀ ਕਾਰਜ ਕੁਸ਼ਲਤਾ ’ਤੇ ਕੁਝ ਖ਼ਾਸ ਭਰੋਸਾ ਨਹੀਂ ਸੀ। ਇਸ ਲਈ ਅਦਾਲਤੀ ਫ਼ੈਸਲੇ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਰੋਹਿਤ ਨੇ ਆਪਣੀ ਮੌਤ ਦਾ ਫ਼ੈਸਲਾ ਕਰ ਲਿਆ।

ਅਮਨਦੀਪ ਸਿੰਘ ਸੇਖੋਂ

ਹੁਣ ਜਿਹੜੇ ਜੇ.ਐੱਨ.ਯੂ. ਦੇ ਵਿਦਿਆਰਥੀਆਂ ਨੂੰ ਦੇਸ਼ਧ੍ਰੋਹੀ ਆਖ ਕੇ ਉਨ੍ਹਾਂ ਨੂੰ ਪਈ ਮਾਰ ’ਤੇ ਖ਼ੁਸ਼ ਹੋ ਰਹੇ ਹਨ, ਉਹ ਲੱਗੇ ਹੱਥ ਇਕ ਵਾਰ ਫਿਰ ਤੋਂ ਰੋਹਿਤ ਵੈਮੁੱਲਾ ਦੀ ਮੌਤ ਦੀ ਵੀ ਖ਼ੁਸ਼ੀ ਮਨਾ ਸਕਦੇ ਹਨ ਕਿਉਂਕਿ ਉਹ ਵੀ ਦੇਸ਼ਧ੍ਰੋਹੀ ਸੀ। ਭਾਜਪਾ ਦੇ ਇਕ ਸੰਸਦ ਮੈਂਬਰ ਅਤੇ ਇਕ ਕੇਂਦਰੀ ਮੰਤਰੀ ਬੰਡਰੂ ਦੱਤਾਤ੍ਰੇ ਨੇ ਮਨੁੱਖੀ ਵਸੀਲੇ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਅੰਬੇਦਕਰ ਸਟੂਡੈਂਟਸ ਐਸੋਸਈਏਸ਼ਨ ਨੂੰ ਅਤਿਵਾਦ ਪੱਖੀ ਅਤੇ ਦੇਸ਼ਧ੍ਰੋਹੀ ਆਖਿਆ ਸੀ। ਜਿਵੇਂ ਕਨ੍ਹਈਆ ਕੁਮਾਰ ਖਿਲਾਫ਼ ਅਫਜ਼ਲ ਗੁਰੂ ਦੇ ਪੱਖ ਵਿਚ ਨਾਅਰੇ ਲਾਉਣ ਦਾ ਇਲਜ਼ਾਮ ਲੱਗਿਆ ਸੀ ਉਵੇਂ ਹੀ ਇਨ੍ਹਾਂ ਵਿਦਿਆਰਥੀਆਂ ’ਤੇ ਯਾਕੂਬ ਮੈਨਨ ਦੀ ਫਾਂਸੀ ਦਾ ਵਿਰੋਧ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ।
ਗੱਲ-ਗੱਲ ’ਤੇ ਦੂਸ਼ਣਬਾਜ਼ੀ ਕਰਨ ਵਾਲੇ ਸਾਡੇ ਲੀਡਰਾਂ ਨਾਲੋਂ ਕਿੰਨਾ ਮਹਾਨ ਸੀ ਰੋਹਿਤ ਜਿਸਨੇ ਆਪਣੇ ਆਖਰੀ ਖ਼ਤ ਵਿਚ ਸਭ ਨੂੰ ਦੋਸ਼ ਮੁਕਤ ਕਰ ਦਿਤਾ। ਉਸਨੇ ਲਿਖਿਆ, ‘ਅਜਿਹਾ ਕਰਨ ਲਈ ਮੈਨੂੰ ਕਿਸੇ ਨੇ ਨਹੀਂ ਉਕਸਾਇਆ ਨਾ ਆਪਣੇ ਸ਼ਬਦਾਂ ਨਾਲ ਅਤੇ ਨਾ ਕੰਮਾਂ ਨਾਲ। ਇਹ ਮੇਰਾ ਫ਼ੈਸਲਾ ਹੈ ਅਤੇ ਮੈਂ ’ਕੱਲਾ ਹੀ ਇਸ ਲਈ ਜ਼ਿੰਮੇਵਾਰ ਹਾਂ। ਮੇਰੇ ਦੋਸਤਾਂ ਅਤੇ ਦੁਸ਼ਮਣਾਂ ਨੂੰ ਇਸ ਲਈ ਪ੍ਰੇਸ਼ਾਨ ਨਾ ਕੀਤਾ ਜਾਵੇ।’ ਰਾਹਤ ਇੰਦੌਰੀ ਦੇ ਉਸ ਸ਼ਿਅਰ ਵਾਂਗ ‘ਅਬ ਕਹਾਂ ਢੂੰਢਨੇ ਜਾਓਗੇ ਹਮਾਰੇ ਕਾਤਿਲ, ਆਪ ਤੋ ਕਤਲ ਕਾ ਇਲਜ਼ਾਮ ਹਮੀਂ ਪਰ ਰਖ ਦੋ’, ਰੋਹਿਤ ਵੈਮੁੱਲਾ ਨੇ ਆਪਣੀ ਮੌਤ ਦਾ ਇਲਜ਼ਾਮ ਵੀ ਆਪਣੇ ਜੰਮਣ ਨੂੰ ਹੀ ਦੇ ਲਿਆ ਅਤੇ ਲਿਖਿਆ, ‘ਮੇਰਾ ਪੈਦਾ ਹੋਣਾ ਹੀ ਇਕ ਜਾਨਲੇਵਾ ਦੁਰਘਟਨਾ ਹੈ।’ ਪਰ ਜਦੋਂ ਇਸ ਕਥਨ ਨੂੰ ਉਸਦੇ ਖ਼ਤ ਵਿਚਲੀ ਇਕ ਹੋਰ ਸਤਰ ਨਾਲ ਜੋੜ ਕੇ ਪੜ੍ਹਦੇ ਹਾਂ, ‘ਕੁਝ ਲੋਕਾਂ ਲਈ ਤਾਂ ਜੀਵਨ ਹੀ ਇਕ ਸਰਾਪ ਹੈ’ ਤਾਂ ਸਮਾਜ ਦੇ ਇਕ ਵੱਡੇ ਹਿੱਸੇ ਦੇ ਦਰਦ ਦੀ ਝਲਕ ਪੈਂਦੀ ਹੈ ਜਿਨ੍ਹਾਂ ਵਿਚੋਂ ਰੋਹਿਤ ਵੈਮੁੱਲਾ ਵੀ ਇਕ ਸੀ।
ਗੱਲ-ਗੱਲ ’ਤੇ ਪੂਰਬ ਦੇ ਅਧਿਆਤਮਵਾਦ ਨੂੰ ਸਲਾਹੁਣ ਵਾਲੇ ਅਤੇ ਪੱਛਮ ਦੇ ਪਦਾਰਥਵਾਦ ਨੂੰ ਨਿੰਦਣ ਵਾਲਿਆਂ ਨੂੰ ਸ਼ਹੀਦ ਭਗਤ ਸਿੰਘ ਦੀ 1928 ਵਿਚ ਲਿਖੀ ਇਸ ਗੱਲ ’ਤੇ ਗੌਰ ਕਰਨਾ ਚਾਹੀਦਾ ਹੈ, ‘ਸਾਡਾ ਮੁਲਕ ਬੜਾ ਰੂਹਾਨੀਅਤ ਪਸੰਦ ਹੈ, ਅਸੀਂ ਮਨੁੱਖ ਨੂੰ ਮਨੁੱਖ ਦਾ ਦਰਜਾ ਦੇਣੋਂ ਵੀ ਝਕਦੇ ਹਾਂ ਅਤੇ ਬਿਲਕੁਲ ਹੀ ਮਾਇਆਵਾਦੀ (ਪਦਾਰਥਵਾਦੀ) ਕਹਾਉਣ ਵਾਲਾ ਯੂਰੋਪ ਕਈ ਸਦੀਆਂ ਤੋਂ ਬਰਾਬਰੀ ਦਾ ਸ਼ੋਰ ਮਚਾ ਰਿਹਾ ਹੈ।…ਕੁੱਤਾ ਸਾਡੀ ਗੋਦ ਵਿਚ ਬੈਠ ਸਕਦਾ ਹੈ, ਸਾਡੇ ਚੌਕੇ ਵਿਚ ਨਿਸੰਗ ਫਿਰਦਾ ਹੈ, ਪਰ ਇਕ ਆਦਮੀ ਸਾਡੇ ਨਾਲ ਛੂਹ ਜਾਵੇ ਤਾਂ ਬਸ ਧਰਮ ਖ਼ਰਾਬ ਹੋ ਜਾਂਦਾ ਹੈ।’ ਇਹ ਗੱਲ 1928 ਦੀ ਹੈ ਅਤੇ ਹੁਣ 2020 ਹੈ। ਅੱਜ ਵੀ ਘੋੜੀ ’ਤੇ ਚੜ੍ਹਨ, ਕੁੰਢੀਆਂ ਮੁੱਛਾਂ ਰੱਖਣ ਜਾਂ ਅੰਤਰ-ਜਾਤੀ ਵਿਆਹ ਕਰਾਉਣ ’ਤੇ ਦਲਿਤਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈ। ਅੱਜ ਵੀ ਰਾਜਨੀਤੀ ਕੰਮ ’ਤੇ ਵੋਟ ਮੰਗਣ ਦੀ ਥਾਂ ਧਰਮ ਅਤੇ ਜਾਤ-ਬਿਰਾਦਰੀ ਦੇ ਸਮੀਕਰਣਾਂ ਰਾਹੀਂ ਵੋਟਾਂ ਲੈਣ ਨੂੰ ਪਹਿਲ ਦਿੰਦੀ ਹੈ। ਅੱਜ ਵੀ ਕੋਈ ਮਨੂੰਵਾਦੀ ਵਾਈਸ ਚਾਂਸਲਰ ਰੋਹਿਤ ਵੈਮੁੱਲਾ ਵਰਗੇ ਹੋਣਹਾਰ ਵਿਦਿਆਰਥੀ ਨੂੰ ਪੜ੍ਹਨ ਦੇ ਹੱਕ ਤੋਂ ਵਿਰਵਾ ਕਰ ਦਿੰਦਾ ਹੈ।
ਰੋਹਿਤ ਨੇ ਆਪਣੇ ਆਖਰੀ ਖ਼ਤ ਵਿਚ ਆਪਣੇ ਸੁਪਨਿਆਂ ਦੀ ਗੱਲ ਕੀਤੀ ਹੈ ਕਿ ਉਹ ਇਕ ਲੇਖਕ ਬਣਨਾ ਚਾਹੁੰਦਾ ਸੀ। ਵਿਗਿਆਨ ਦਾ ਲੇਖਕ, ਪਰ ਲਿਖਣ ਦੇ ਨਾਂ ’ਤੇ ਉਹ ਸਿਰਫ਼ ਆਤਮਹੱਤਿਆ ਦਾ ਪੱਤਰ ਹੀ ਲਿਖ ਸਕਿਆ। ਉਹ ਆਪਣੇ ਸੰਵਿਧਾਨਕ ਅਧਿਕਾਰਾਂ ਨੂੰ ਮਾਨਣਾ ਚਾਹੁੰਦਾ ਸੀ ਅਤੇ ਆਪਣੇ ਵਰਗੇ ਹੋਰ ਭਾਰਤੀਆਂ ਦੇ ਸੰਵਿਧਾਨਕ ਹੱਕਾਂ ਲਈ ਲੜ ਕੇ ਆਪਣਾ ਫਰਜ਼ ਨਿਭਾਉਣਾ ਚਾਹੁੰਦਾ ਸੀ। ਜਿਵੇਂ ਕਿ ਅੱਜ ਦੇਸ਼ ਦੇ ਲੱਖਾਂ ਲੋਕ ਸੜਕਾਂ ’ਤੇ ਉਨ੍ਹਾਂ ਅਧਿਕਾਰਾਂ ਦੀ ਰਾਖੀ ਲਈ ਉਤਰੇ ਹਨ। ਉਹ ਵੀ ‘ਮੁਜ਼ੱਫਰਨਗਰ ਬਾਕੀ ਹੈ’ ਫ਼ਿਲਮ ’ਤੇ ਰੋਕ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਮੰਨਦੇ ਹੋਏ ਸੜਕ ’ਤੇ ਨਿਕਲਿਆ ਸੀ, ਪਰ ਸੱਤਾਵਾਨਾਂ ਦੇ ਹੰਕਾਰ ਨੂੰ ਇਹ ਮਨਜ਼ੂਰ ਨਹੀਂ ਸੀ।
ਇਨਸਾਨ ਕਿਸ ਤਰ੍ਹਾਂ ਆਪਣੀ ਆਤਮਾ ਦੀ ਆਵਾਜ਼ ਨੂੰ ਦਬਾ ਕੇ ਝੂਠ ਅਤੇ ਬੇਇਨਸਾਫੀ ਨਾਲ ਖਲੋ ਜਾਂਦਾ ਹੈ, ਇਸਦਾ ਦਰਦ ਉਸਦੇ ਖ਼ਤ ਵਿਚ ਸਾਫ਼ ਝਲਕਦਾ ਹੈ। ‘ਮੈਂ ਕੁਦਰਤ ਨੂੰ ਪਿਆਰ ਕੀਤਾ ਅਤੇ ਇਨਸਾਨਾਂ ਨੂੰ ਵੀ। ਬਿਨਾਂ ਇਹ ਜਾਣੇ ਕਿ ਇਨਸਾਨ ਤਾਂ ਕਦੋਂ ਦੇ ਕੁਦਰਤ ਤੋਂ ਦੂਰ ਜਾ ਚੁੱਕੇ ਨੇ, ਸਾਡੀਆਂ ਭਾਵਨਾਵਾਂ ਆਪਣੀਆਂ ਨਹੀਂ ਰਹੀਆਂ, ਸਾਡਾ ਪਿਆਰ ਦਿਖਾਵਟੀ ਹੈ ਅਤੇ ਸਾਡੀਆਂ ਮਾਨਤਾਵਾਂ ’ਤੇ ਰੰਗ ਚੜ੍ਹ ਗਿਆ ਹੈ।’ ਆਪਣੇ ਆਪ ਨੂੰ ਜ਼ਰਾ ਰੋਹਿਤ ਵੈਮੁੱਲਾ ਦੀਆਂ ਇਨ੍ਹਾਂ ਸਤਰਾਂ ਦੇ ਸ਼ੀਸ਼ੇ ਵਿਚ ਦੇਖੀਏ। ਕਿਤੇ ਸਾਡੀਆਂ ਵੀ ਮਾਨਤਾਵਾਂ ’ਤੇ ਕਿਸੇ ਖ਼ਾਸ ਧਿਰ ਦੇ ਏਜੰਡੇ ਦਾ ਰੰਗ ਤਾਂ ਨਹੀਂ ਚੜ੍ਹ ਗਿਆ। ਕਿਤੇ ਅਸੀਂ ਵੀ ਆਪਣੇ ਸਵਾਰਥਾਂ ਲਈ ਸੱਤਾ ਦੀ ਚਾਪਲੂਸੀ ਨਹੀਂ ਕਰ ਰਹੇ ਜਿਵੇਂ ਰੋਹਿਤ ਦੀ ਯੂਨੀਵਰਸਿਟੀ ਨੇ ਕੀਤੀ ਸੀ। ਉਸਦੇ ਅਧਿਆਪਕਾਂ ਨੇ ਕੀਤੀ ਸੀ ਜਿਨ੍ਹਾਂ ਦੀ ਕਮੇਟੀ ਨੇ ਉਸਦੇ ਖਿਲਾਫ਼ ਫ਼ੈਸਲਾ ਸੁਣਾਇਆ ਅਤੇ ਇਕ ਵਿਦਿਆਰਥੀ ਤੋਂ ਉਸਦੀ ਸਿੱਖਿਆ ਦਾ ਹੱਕ ਖੋਹ ਲਿਆ ਜਿਸਨੂੰ ਸੁਪਰੀਮ ਕੋਰਟ ਨੇ 1993 ਦੇ ਆਪਣੇ ਉਨੀਕ੍ਰਿਸ਼ਨਨ ਬਨਾਮ ਸਟੇਟ ਆਫ ਆਂਧਰਾ ਪ੍ਰਦੇਸ਼ ਦੇ ਫ਼ੈਸਲੇ ਰਾਹੀਂ ਜਿਉਣ ਦੇ ਅਧਿਕਾਰ ਨਾਲ ਜੋੜਿਆ ਸੀ।
ਸਿੱਖਿਆ ਦਾ ਹੱਕ ਖੋਹ ਕੇ ਰੋਹਿਤ ਤੋਂ ਜਿਉਣ ਦਾ ਹੱਕ ਖੋਹ ਲਿਆ ਗਿਆ। ਅੱਗੇ ਵਧਣ ਦੇ ਬਰਾਬਰੀ ਦੇ ਉਹ ਮੌਕੇ ਖੋਹ ਲਏ ਜਿਨ੍ਹਾਂ ਦੀ ਸਾਡਾ ਸੰਵਿਧਾਨ ਗਰੰਟੀ ਕਰਦਾ ਹੈ। ਉਹ ਰੋਹਿਤ ਵੈਮੁੱਲਾ ਜੋ ਜਿਉਣਾ ਚਾਹੁੰਦਾ ਸੀ। ਉਹ ਇਹ ਧੱਕਾ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਹੀ ਹੋਇਆ ਜੋ ਅਕਸਰ ਹੁੰਦਾ ਆਇਆ ਹੈ ਅਤੇ ਇਸ ਫ਼ਿਲਮੀ ਗੀਤ ਵਿਚ ਰੂਪਮਾਨ ਹੋਇਆ ਹੈ:
‘ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ,
ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ।

ਸੰਪਰਕ: 70099-11489


Comments Off on ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.