ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’

Posted On January - 26 - 2020

ਸੋਫੀ ਸ਼ਾਲ ਅਤੇ ਉਸ ਦਾ ਗਰੁੱਪ ‘ਵ੍ਹਾਈਟ ਰੋਜ਼’ ਹਿਟਲਰ ਦੇ ਜੰਗੀ ਮਨਸੂਬਿਆਂ ਖ਼ਿਲਾਫ਼ ਆਪਣੀਆਂ ਕਲਮਾਂ ਨਾਲ ਲੜਿਆ। ਮਾਰਕ ਰੋਥਮੰਡ ਨੇ ਇਨ੍ਹਾਂ ਬਾਰੇ ਫਿਲਮ ‘ਸੋਫੀ ਸ਼ਾਲ – ਦਿ ਫਾਈਨਲ ਡੇਅਜ਼’ ਬਣਾਈ।

ਬਲਤੇਜ
ਤਵਾਰੀਖ਼

ਹਾਂਸ ਸ਼ਾਲ ਅਤੇ ਸੋਫੀ ਸ਼ਾਲ ਆਪਣੇ ਇਕ ਸਾਥੀ ਨਾਲ।

ਜਰਮਨਾਂ ਵੱਲੋਂ ਯਹੂਦੀਆਂ ਦੀਆਂ ਟੋਲੀਆਂ ਨੂੰ ਤਸੀਹਾ ਕੇਂਦਰਾਂ ਵਿਚ ਭੇਜਣ ਦਾ ਕੰਮ ਜ਼ੋਰਾਂ ’ਤੇ ਸੀ। ਹਿਟਲਰ ਦੀ ਮਹਿਲਾ ਮੰਡਲੀ ਅਤੇ ਨੌਜਵਾਨ ਮੰਡਲੀ ਇਸ ਕਤਲੇਆਮ ਵਿਚ ਸ਼ਾਮਿਲ ਸੀ। ਕਿੰਨੇ ਹੀ ਨੌਜਵਾਨ, ਲੋਕਾਂ ਨੂੰ ਮੌਤ ਦੇ ਮੂੁੰਹ ਵਿਚ ਭੇਜਣ ਲਈ ਉਤਾਵਲੇ ਸਨ। ਇਨ੍ਹਾਂ ਨੌਜਵਾਨ ਮੰਡਲੀਆਂ ਵਿਚ ਮੁਟਿਆਰ ਸੋਫੀ ਸ਼ਾਲ ਵੀ ਸੀ। 19 ਸਾਲਾ ਮੁਟਿਆਰ ਸੋਫੀ ਇਸ ਕਤਲੇਆਮ ਵਿਚ ਉਦੋਂ ਤੱਕ ਹਿੱਸੇਦਾਰ ਰਹੀ, ਜਦੋਂ ਤੱਕ ਉਸ ਦੀ ਯਹੂਦੀ ਸਹੇਲੀ ਨੂੰ ਨੌਜਵਾਨ ਮੰਡਲੀ ਵਿਚ ਸ਼ਾਮਲ ਕਰ ਲੈਣ ਦਾ ਸਵਾਲ ਨਹੀਂ ਆਇਆ। ਸੋਫੀ ਦੀ ਸਹੇਲੀ ਨੂੰ ਨੌਜਵਾਨ ਮੰਡਲੀ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਕਿਉਂਕਿ ਉਹ ਯਹੂਦੀ ਸੀ। ਖ਼ੈਰ! ਇਹ ਆਮ ਮਨੁੱਖੀ ਸੁਭਾਅ ਹੈ ਕਿ ਬਹੁਤੀ ਵਾਰ ਗ਼ਲਤ ਉਦੋਂ ਤੱਕ ਗ਼ਲਤ ਨਹੀਂ ਲੱਗਦਾ, ਜਦ ਤੱਕ ਆਪਣੇ ’ਤੇ ਨਾ ਆ ਪਵੇ। ਉਂਜ, ਇਹ ਪਹਿਲੀ ਘਟਨਾ ਨਹੀਂ ਸੀ ਜਦੋਂ ਸੋਫੀ ਨੂੰ ਕੁਝ ਗ਼ਲਤ ਹੋਣ ਬਾਰੇ ਮਹਿਸੂਸ ਹੋਇਆ ਹੋਵੇ। ਦਰਅਸਲ, ਸੋਫੀ ਦਾ ਪਿਤਾ ਰੌਬਰਟ ਸ਼ਾਲ ਤਾਨਾਸ਼ਾਹ ਹਿਟਲਰ ਦਾ ਕੱਟੜ ਵਿਰੋਧੀ ਸੀ, ਪਰ ਉਸ ਨੇ ਆਪਣੇ ਬੱਚਿਆਂ ਨੂੰ ਆਪਣਾ ਰਾਹ ਖ਼ੁਦ ਚੁਣਨ ਲਈ ਆਜ਼ਾਦ ਛੱਡਿਆ। ਉਸ ਵੇਲੇ ਜਰਮਨੀ ਦੀਆਂ ਫਿਜ਼ਾਵਾਂ ਵਿਚ ਨਸਲਵਾਦ ਘਰ ਕਰ ਗਿਆ ਸੀ। ਸੋਫੀ ਜਿਸ ਸਕੂਲ ਵਿਚ ਪੜ੍ਹੀ ਉੱਥੇ ਨਾਜ਼ੀ ਪ੍ਰਾਪੇਗੰਡਾ ਚਲਾਇਆ ਜਾਂਦਾ ਸੀ। ਸੋਫੀ ਦੀ ਸਹੇਲੀ ਨਾਲ ਯਹੂਦੀ ਹੋਣ ਕਾਰਨ ਵਿਤਕਰਾ ਕੀਤਾ ਗਿਆ। ਉਨ੍ਹੀਂ ਦਿਨੀਂ ਹੀ ਸੋਫੀ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਕਿਸੇ ਨੇ ਉਸ ਨੂੰ ਹਿਟਲਰ ਬਾਰੇ ਇਹ ਕਹਿੰਦੇ ਸੁਣਿਆ ਸੀ ਕਿ ਹਿਟਲਰ ਮਨੁੱਖਤਾ ਦਾ ਕਾਤਲ” ਹੈ। ਇਨ੍ਹਾਂ ਦਵੰਦਾਂ ਵਿਚ ਘਿਰੀ ਸੋਫੀ ਇਕ ਦਿਨ ਮਿਊਨਿਖ ਯੂਨੀਵਰਸਿਟੀ ਵਿਚ ਬੈਠੀ ਪੜ੍ਹ ਰਹੀ ਸੀ ਤਾਂ ਉਸ ਨੂੰ ਇਕ ਪਰਚੀ ਮਿਲੀ। ਇਸ ’ਤੇ ਲਿਖਿਆ ਸੀ: “ਜਾਗਦੀਆਂ ਜ਼ਮੀਰਾਂ ਵਾਲਿਓ! ਸਾਡੀਆਂ ਅੱਖਾਂ ਤੋਂ ਪਰਦੇ ਚੁੱਕੇ ਗਏ ਅਤੇ ਘਿਨਾਉਣੇ ਤੋਂ ਘਿਨਾਉਣੇ ਜੁਰਮ, ਇਨਸਾਨ ਦੀ ਹਰ ਸੋਚ ਤੋਂ ਲੱਖਾਂ ਗੁਣਾ ਜ਼ਿਆਦਾ ਘਿਨਾਉਣੇ ਜੁਰਮ- ਸ਼ਰ੍ਹੇਆਮ ਸਾਹਮਣੇ ਆਏ।””
ਸੋਫੀ ਨੇ ਪਰਚੀ ਵਲ੍ਹੇਟੀ ਅਤੇ ਆਪਣੇ ਭਰਾ ਹਾਂਸ ਸ਼ਾਲ ਕੋਲ ਜਾਣ ਲਈ ਉਤਾਵਲੀ ਹੋਈ ਜੋ ਇਨ੍ਹੀਂ ਦਿਨੀਂ ਅਜਿਹੀਆਂ ਹੀ ਕੁਝ ਗੱਲਾਂ ਕਰ ਰਿਹਾ ਸੀ। ਹਾਂਸ ਵੀ ਮਿਊਨਿਖ ਯੂਨੀਵਰਸਿਟੀ ਵਿਚ ਹੀ ਸਿਹਤ ਵਿਗਿਆਨ ਦਾ ਵਿਦਿਆਰਥੀ ਸੀ। ਆਪਣੇ ਭਰਾ ਦੀ ਉਡੀਕ ’ਚ ਉਹ ਉਸ ਦੇ ਕਮਰੇ ਵਿਚ ਜਾ ਕੇ ਬੈਠ ਗਈ। ਉੱਥੇ ਮੇਜ਼ ’ਤੇ ਪਈ ਫ੍ਰੈਡਰਿਕ ਸ਼ੀਲਰ ਦੀ ਕਿਤਾਬ ਫੋਲਣ ਲੱਗੀ, ਮੋੜੇ ਹੋਏ ਇਕ ਵਰਕੇ ’ਤੇ ਹੂ-ਬ-ਹੂ ਪਰਚੇ ਵਾਲੀ ਗੱਲ ਲਿਖੀ ਸੀ। ਸੋਫੀ ਲਈ ਪਲ ਕੁ ਵਾਸਤੇ ਇਹ ਬਿਲਕੁਲ ਨਵੀਂ ਦੁਨੀਆਂ ਸਿਰਜਣ ਵਰਗੀ ਡਰਾਉਣੀ ਤੇ ਸੋਹਣੀ ਗੱਲ ਸੀ। ਇੰਨੇ ਨੂੰ ਹਾਂਸ ਸ਼ਾਲ ਆਪਣੇ ਦੋ ਦੋਸਤਾਂ ਸਣੇ ਕਮਰੇ ’ਚ ਆ ਬਹੁੜਿਆ। ਸੋਫੀ ਨੇ ਬਿਲਕੁਲ ਰਹੱਸਮਈ ਢੰਗ ਨਾਲ ਪਰਚੀ ਉਸ ਦੇ ਅੱਗੇ ਕਰ ਦਿੱਤੀ। ਹਾਂਸ ਨੇ ਅੱਗੋਂ ਸਥਿਰ ਜਿਹੇ ਹਾਵ-ਭਾਵਾਂ ਵਿਚ ਹੀ ਸੋਫੀ ਨੂੰ ਆਪਣੇ ਗਰੁੱਪ ‘ਵ੍ਹਾਈਟ ਰੋਜ਼ ਰਜ਼ਿਸਟੈਂਸ’ ਬਾਰੇ ਦੱਸਣਾ ਸ਼ੁਰੂ ਕੀਤਾ। ਹਾਂਸ ਨੇ ਕਿਹਾ, “ਇਹ ਚੁਣੌਤੀ ਭਰਿਆ ਸਮਾਂ ਹੈ। ਸਾਨੂੰ ਕੁਝ ਕਰ ਲੈਣ ਦਾ ਮਨ ਬਣਾਉਣਾ ਚਾਹੀਦਾ ਹੈ। ਅਸੀਂ ਵਿਰੋਧ ਦੇ ਰਾਹ ਵਿਚ ਕੀ ਕਰਨ ਜਾ ਰਹੇ ਹਾਂ… ਜਦ ਇਹ ਦਹਿਸ਼ਤ ਖ਼ਤਮ ਹੋ ਜਾਵੇਗੀ… ਤੇ ਬੇਸ਼ੱਕ ਇਹ ਦਹਿਸ਼ਤ ਇਕ ਦਿਨ ਖ਼ਤਮ ਹੋਵੇਗੀ। ਜਦੋਂ ਸਾਨੂੰ ਪੁੱਛਿਆ ਜਾਵੇਗਾ ਕਿ ਤੁਸੀਂ ਇਸ ਬਾਰੇ ਕੀ ਕੀਤਾ? ਤਾਂ ਅਸੀਂ ਖਾਲੀ ਹੱਥ ਖੜ੍ਹੇ ਹੋਵਾਂਗੇ, ਸਾਡੇ ਕੋਲ ਕੋਈ ਜਵਾਬ ਨਹੀਂ ਹੋਵੇਗਾ,”” ਹਾਂਸ ਦੀ ਤਕਰੀਰ ਦਿਲ ਖਿੱਚਵੀਂ ਸੀ ਤੇ ਇਸ ਦਾ ਆਕਰਸ਼ਣ ਸਮੇਂ ਮੁਤਾਬਿਕ ਬਹੁਤਾ ਸੀ। ਇਹ ਬਿਲਕੁਲ ਢੁਕਵੇਂ ਸਮੇਂ ’ਤੇ ਬੋਲੀ ਜਾ ਰਹੀ ਸੀ। ਹਾਂਸ ਨਾਲ ਖੜ੍ਹੇ ਦੋਸਤ ਨੇ (ਜੋ ‘ਵਾੲ੍ਹੀਟ ਰੋਜ਼’ ਦਾ ਮੈਂਬਰ ਹੀ ਸੀ) ਕਿਹਾ, “ਸਾਨੂੰ ਪਤਾ ਸਾਡੇ ਆਹੂ ਲਾਹੇ ਜਾ ਸਕਦੇ ਨੇ, ਪਰ ਕੋਈ ਹੋਰ ਰਾਹ ਨਹੀਂ ਹੈ”।’’ ਸੋਫੀ ਇਹ ਗੱਲਾਂ ਸੁਣਨ ਦੇ ਨਾਲ ਨਾਲ ਇਹ ਸਭ ਮਹਿਸੂਸ ਵੀ ਕਰ ਰਹੀ ਸੀ। ਉਹ ਹੁਣ ਜਾਣ ਗਈ ਸੀ ਕਿ ਕਿਸੇ ਨਾਲ ਵਿਤਕਰਾ ਹੋਣ ਦਾ ਦਰਦ ਕੀ ਹੁੰਦਾ ਹੈ। ਉਸ ਨੇ ਵੀ ਉਨ੍ਹਾਂ ਨਾਲ ਰਲਣ ਦਾ ਮਨ ਬਣਾਇਆ।
ਅਗਲੇ ਮਹੀਨੇ ਤੋਂ ‘ਵ੍ਹਾਈਟ ਰੋਜ਼’ ਵੱਲੋਂ ਪ੍ਰਚਾਰ ਹੋਰ ਜ਼ੋਰਾਂ ’ਤੇ ਸ਼ੁਰੂ ਹੋ ਗਿਆ। ਉਨ੍ਹਾਂ ਨੇ ਮੋਹਰਾਂ ਅਤੇ ਕਾਗਜ਼ ਵੱਖੋ-ਵੱਖਰੀਆਂ ਥਾਵਾਂ ਤੋਂ ਖ਼ਰੀਦੇ ਤਾਂ ਜੋ ਕਿਸੇ ਸ਼ੱਕ ਹੇਠ ਨਾ ਆਉਣ। ਦਿਨਾਂ ਵਿਚ ਹੀ ਦੂਜਾ ਤੇ ਤੀਜਾ ਪਰਚਾ ਲੋਕਾਂ ਸਾਹਮਣੇ ਆ ਗਿਆ। ਦੂਜੇ ਪਰਚੇ ਵਿਚ ਲਿਖਿਆ ਸੀ: ‘‘ਪੋਲੈਂਡ ਦੀ ਜਿੱਤ ਤੋਂ ਲੈ ਕੇ ਹੁਣ ਤੱਕ ਤਿੰਨ ਲੱਖ ਯਹੂਦੀਆਂ ਦਾ ਕਤਲ ਕੀਤਾ ਗਿਆ ਜੋ ਮਨੁੱਖਤਾ ਲਈ ਸ਼ਰਮ ਦੀ ਗੱਲ ਹੈ।’’” ਇਸ ਵਿਚ ਮੋਟਾ ਕਰਕੇ ਲਿਖਿਆ ਸੀ:“ ‘ਇਕ ਅਪਰਾਧ, ਹੁਣ ਤੱਕ ਦਾ ਅਵੱਲਾ ਅਪਰਾਧ।”’ ਤੀਜੇ ਵਿਚ ‘ਜੰਗ ਖ਼ਿਲਾਫ਼, ਵਿਕਾਊ ਅਖ਼ਬਾਰਾਂ ਖ਼ਿਲਾਫ਼ ਅਤੇ ਜਨਤਕ ਸਮਾਗਮਾਂ ਦੀ ਗ਼ਲਤ ਪੇਸ਼ਕਾਰੀ’ ਅਤੇ ‘ਗ਼ਰੀਬ ਲੋਕਾਂ ਦੇ ਉੱਠ ਜਾਗਣ’ ਬਾਰੇ ਲਿਖਿਆ।” ਇਸ ਵਿਚ ਇਹ ਵੀ ਲਿਖਿਆ ਕਿ ‘ਹਿਟਲਰ ਕਦੇ ਜੰਗ ਨਹੀਂ ਜਿੱਤ ਸਕੇਗਾ ਤੇ ਉਹ ਜੰਗ ਨੂੰ ਲੰਮੀ ਖਿੱਚੇਗਾ’।
‘ਵ੍ਹਾਈਟ ਰੋਜ਼’ ਦੇ ਛੇ-ਸੱਤ ਕੁ ਮੈਂਬਰ ਹੀ ਸਨ, ਪਰ ਉਹ ਪਰਚਾ ਵੰਡਣ ਲਈ ਰੇਲਗੱਡੀਆਂ ਰਾਹੀਂ ਜਾਂਦੇ ਤੇ ਲਗਭਗ ਪੂਰੇ ਜਰਮਨੀ ਵਿਚ ਪਰਚਾ ਵੰਡਣ ਦੀ ਕੋਸ਼ਿਸ਼ ਕਰਦੇ ਤਾਂ ਜੋ ਲੱਗੇ ਕਿ ਇਸ ਗਰੁੱਪ ਦਾ ਨੈੱਟਵਰਕ ਵੱਡਾ ਹੈ ਅਤੇ ਲੋਕਾਂ ਦੀ ਇਸ ਨੂੰ ਕਾਫ਼ੀ ਹਮਾਇਤ ਹੈ। ਇਸ ਦਾ ਇਹ ਫ਼ਾਇਦਾ ਵੀ ਸੀ ਕਿ ਇਸ ਗਰੁੱਪ ਦੇ ਟਿਕਾਣੇ ਬਾਰੇ ਕੋਈ ਛੇਤੀ ਨਾ ਜਾਣ ਸਕੇ।
ਹਰ ਪਰਚੇ ਨਾਲ ਗਸਤਾਪੋ (ਨਾਜ਼ੀਆਂ ਦੀ ਖ਼ੁਫ਼ੀਆ ਪੁਲੀਸ) ਵੱਲੋਂ ਮੁਸਤੈਦੀ ਵਧਦੀ ਗਈ ਤੇ ‘ਵਾੲ੍ਹੀਟ ਰੋਜ਼’ ਦੀ ਭਾਲ ਜਾਰੀ ਰਹੀ। ਜੁਲਾਈ ਵਿਚ ਜਰਮਨੀ ਦੇ ਕਈ ਵਿਦਿਆਰਥੀਆਂ ਨੂੰ ਜੰਗ ਦੇ ਰੂਸੀ ਮੁਹਾਜ਼ ’ਤੇ ਸਿਹਤ ਸੁਵਿਧਾਵਾਂ ਲਈ ਜਾਣ ਦੇ ਹੁਕਮ ਹੋਏ। ਹਾਂਸ ਸ਼ਾਲ ਸਣੇ ਤਿੰਨ ਹੋਰਾਂ ਨੂੰ ਵੀ ਜਾਣਾ ਪਿਆ। ਜੰਗ ’ਤੇ ਜਾਂਦਿਆਂ ਰਾਹ ਵਿਚ ਉਨ੍ਹਾਂ ਨੇ ਵਾਰਸਾਅ (ਪੋਲੈਂਡ) ਦੇ ਗੈਟੋ ਵੇਖੇ। ਉੱਥੇ ਯਹੂਦੀਆਂ ਦੀ ਤਰਸਯੋਗ ਰਹਿਣ ਹਾਲਤ ਅਤੇ ਜਰਮਨ ਫ਼ੌਜਾਂ ਦੇ ਜ਼ੁਲਮਾਂ ਕਰਕੇ ਉਨ੍ਹਾਂ ਨੂੰ ਹਿਟਲਰ ਤੋਂ ਹੋਰ ਘਿਣ ਆਉਣ ਲੱਗੀ। ਜੰਗ ’ਤੇ ਜਾ ਕੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜਰਮਨ, ਰੂਸੀਆਂ ਤੋਂ ਹਾਰ ਰਹੇ ਸਨ। ਨਵੰਬਰ ਵਿਚ ਉਹ ਯੂਨੀਵਰਸਿਟੀ ਪਰਤ ਆਏ।
ਵਾਪਸ ਆ ਕੇ ਉਨ੍ਹਾਂ ਨੇ ਪਰਚਿਆਂ ਦੀ ਗਿਣਤੀ ਵਧਾ ਦਿੱਤੀ ਤੇ ਉਵੇਂ ਹੀ ਸਾਰੇ ਜਰਮਨੀ ਵਿਚ ਪਰਚੇ ਫੈਲਾਉਣ ਲੱਗੇ। ਉਨ੍ਹਾਂ ਨੇ ਪ੍ਰਚਾਰ ਦਾ ਕੰਮ ਹੋਰ ਜ਼ੋਰ ਨਾਲ ਸ਼ੁਰੂ ਕੀਤਾ। ਫਰਵਰੀ 1943 ਵਿਚ ਜਰਮਨੀ ਦੀ ਹਾਰ ਦੀਆਂ ਗੱਲਾਂ ਹੋਣ ਲੱਗੀਆਂ ਤਾਂ ‘ਵਾੲ੍ਹੀਟ ਰੋਜ਼’ ਦੇ ਮੈਂਬਰਾਂ ਨੇ ਯੂਨੀਵਰਸਿਟੀ ਦੀਆਂ ਕੰਧਾਂ ’ਤੇ ਰਾਤ ਨੂੰ ‘ਆਜ਼ਾਦੀ’, ‘ਹਿਟਲਰ ਮੁਰਦਾਬਾਦ’ ਅਤੇ ‘ਹਿਟਲਰ ਹੱਤਿਆਰਾ’ ਵਰਗੇ ਨਾਹਰੇ ਲਿਖ ਦਿੱਤੇ। ਚਾਰੇ ਪਾਸੇ ‘ਵ੍ਹਾਈਟ ਰੋਜ਼’ ਦੇ ਚਰਚੇ ਸਨ। ਵਿਚਾਰਕ ਤੌਰ ’ਤੇ ਇਸ ਸੰਗਠਨ ਨੂੰ ਲੋਕ ਸਵੀਕਾਰ ਕਰ ਰਹੇ ਸਨ। ਗਸਤਾਪੋ ਲਈ ਹੁਣ ਵਾੲ੍ਹੀਟ ਰੋਜ਼ ਦੇ ਮੈਂਬਰਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੋ ਗਿਆ ਸੀ।
18 ਫਰਵਰੀ 1943 ਨੂੰ ਸੋਫੀ ਤੇ ਹਾਂਸ ਸ਼ਾਲ ਸੂਟਕੇਸ ਵਿਚ ਛੇਵਾਂ ਪਰਚਾ ਲੈ ਕੇ ਯੂਨੀਵਰਸਿਟੀ ਪਹੁੰਚੇ। ਹਾਲੇ ਚਾਰੇ ਪਾਸੇ ਸ਼ਾਂਤੀ ਸੀ। ਉਨ੍ਹਾਂ ਨੇ ਕਾਹਲੀ ਕਾਹਲੀ ਹਰ ਟਿਕਾਣੇ ’ਤੇ ਪਰਚੇ ਰੱਖਣੇ ਸ਼ੁਰੂ ਕੀਤੇ। ਪਹਿਲੀ ਮੰਜ਼ਿਲ ’ਤੇ ਬਣੇ ਲੈਕਚਰ ਹਾਲ ਮੂਹਰੇ ਹਾਲੇ ਪਰਚੇ ਰੱਖ ਹੀ ਰਹੇ ਸਨ ਕਿ ਘੰਟੀ ਵੱਜ ਗਈ। ਮਸਾਂ ਛੁੱਟੇ ਨਿਆਣੇ ਕਾਹਲੀ ਨਾਲ ਬਾਹਰ ਨਿਕਲਣ ਲੱਗੇ। ਹੇਠਾਂ ਵਰਾਂਡੇ ਵਿਚ ਵੀ ਵਿਦਿਆਰਥੀਆਂ ਦਾ ਰਸ਼ ਪੈ ਗਿਆ। ਸੋਫੀ ਤੇ ਹਾਂਸ ਨੂੰ ਕਾਹਲ ਪੈ ਗਈ। ਸੂਟਕੇਸ ਬੰਦ ਕਰਕੇ ਬਾਕੀਆਂ ਨਾਲ ਰਲਣ ਤੋਂ ਪਹਿਲਾਂ ਸੋਫੀ ਨੇ ਮਲਕ ਕੁ ਦੇਣੇ ਪਰਚੇ ਪਹਿਲੀ ਮੰਜ਼ਿਲ ਦੇ ਵਾਧਰੇ ਤੋਂ ਹੇਠਾਂ ਨੂੰ ਸਰਕਾ ਦਿੱਤੇ। ਕੋਈ 100 ਕੁ ਪਰਚਾ ‘ਕੁਝ ਕਰਨ ਦੇ ਸੁਨੇਹੇ’ ਨਾਲ ਹਵਾ ਵਿਚ ਉੱਡਣ ਲੱਗਾ। ਵਰਾਂਡੇ ਵਿਚ ਭਾਜੜਾਂ ਪੈ ਗਈਆਂ। ਚੌਕੀਦਾਰ ਨੇ ਸੋਫੀ ਤੇ ਹਾਂਸ ਸ਼ਾਲ ਨੂੰ ਮੌਕੇ ’ਤੇ ਫੜ ਲਿਆ ਤੇ ਪੁਲੀਸ ਹਵਾਲੇ ਕਰ ਦਿੱਤਾ।
ਉਨ੍ਹਾਂ ਕੋਲ ਫੜੇ ਜਾਣ ਸਮੇਂ ਕੋਈ ਪਰਚਾ ਨਹੀਂ ਸੀ, ਪਰ ਉਨ੍ਹਾਂ ਦੇ ਘਰੋਂ ਵੱਡੀ ਗਿਣਤੀ ਵਿਚ ਡਾਕ ਟਿਕਟਾਂ, ਕਾਗਜ਼, ਪਰਚਾ ਅਤੇ ਕੁਝ ਪਾਬੰਦੀਸ਼ੁਦਾ ਕਿਤਾਬਾਂ ਬਰਾਮਦ ਹੋ ਗਈਆਂ। ਉਨ੍ਹਾਂ ਤੋਂ 17 ਘੰਟੇ ਪੁੱਛਗਿੱਛ ਹੋਈ। ਸ਼ੁਰੂ ਵਿਚ ਉਨ੍ਹਾਂ ਨੇ ਸਾਰੇ ਦੋਸ਼ ਨਕਾਰੇ, ਪਰ ਬਾਅਦ ਵਿਚ ਉਨ੍ਹਾਂ ਖ਼ਿਲਾਫ਼ ਚੋਖੇ ਸਬੂਤ ਜਮ੍ਹਾਂ ਹੋ ਗਏ ਤਾਂ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਗਰੁੱਪ ਦੀ ਜ਼ਿੰਮੇਵਾਰੀ ਲਈ ਤਾਂ ਕਿ ਬਾਕੀ ਮੈਂਬਰ ਬਚ ਸਕਣ। ਬਦਕਿਸਮਤੀ ਨਾਲ ਹਾਂਸ ਦੀ ਜੇਬ੍ਹ ’ਚੋਂ ਇਕ ਦੋਸਤ ਕ੍ਰਿਸਟੋਫ ਪ੍ਰੋਬਸਟ ਦਾ ਸੰਪਰਕ ਨਿਕਲ ਆਇਆ। ਕ੍ਰਿਸਟੋਫ ਵੀ ਗਰੁੱਪ ਦਾ ਸਰਗਰਮ ਕਾਰਕੁੰਨ ਸੀ। ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਕ੍ਰਿਸਟੋਫ ਵਿਆਹਿਆ ਹੋਇਆ ਸੀ ਤੇ ਉਸ ਦੇ ਤਿੰਨ ਬੱਚੇ ਸਨ। ਇਸ ਕਰਕੇ ਉਸ ਨੂੰ ਇਸ ਸਭ ਦਾ ਅਫ਼ਸੋਸ ਹੋ ਰਿਹਾ ਸੀ। ਉਹ ਕਾਫ਼ੀ ਡਾਂਵਾਡੋਲ ਸੀ। ਪਰ ਸੋਫੀ ਅਤੇ ਹਾਂਸ ਤਾਂ ਜਿਵੇਂ ਇਸ ਨੂੰ ਜੰਗ ਦਾ ਮੈਦਾਨ ਹੀ ਮੰਨ ਕੇ ਬੈਠੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਇਸ ਸਮੇਂ ਦੁਸ਼ਮਣ ਅੱਗੇ ਝੁਕਣਾ ਵਿਚਾਰਕ ਹਾਰ ਹੋਵੇਗੀ। ਪੁੱਛਗਿੱਛ ਅਫ਼ਸਰ ਅਤੇ ਹੋਰਾਂ ਲੋਕਾਂ ਸਾਹਮਣੇ ਉਹ ਬੜੀ ਬੇਬਾਕੀ ਨਾਲ ਪੇਸ਼ ਆਏ। ਉਨ੍ਹਾਂ ਦੀ ਪੁੱਛਗਿੱਛ ਰਿਪੋਰਟ ਵਿਚ ਲਿਖਿਆ ਗਿਆ: “ਅੰਤ ਤੋਂ ਪਹਿਲਾਂ ਹਾਂਸ ਅਤੇ ਸੋਫੀ ਸ਼ਾਲ ਨੇ ਅਜਿਹਾ ਪ੍ਰਭਾਵ ਬਣਾਇਆ ਜਿਸ ਨੂੰ ਵਿਲੱਖਣ ਕਿਹਾ ਜਾ ਸਕਦਾ ਸੀ। ਦੋਵਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਸਰਗਰਮੀਆਂ ਦਾ ਇੱਕੋ ਮਕਸਦ ਸੀ: ਇਸ ਵੱਡੀ ਬਿਪਤਾ ਨੂੰ ਜਰਮਨੀ ਨੂੰ ਪਿਛਾੜਣ ਤੋਂ ਰੋਕਣਾ ਅਤੇ ਜੇ ਸੰਭਵ ਹੋਵੇ ਤਾਂ ਸੈਂਕੜੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਵਿਚ ਸਹਾਇਤਾ ਕਰਨਾ। ਉਨ੍ਹਾਂ ਨੂੰ ਯਕੀਨ ਹੋ ਗਿਆ ਸੀ ਕਿ ਉਨ੍ਹਾਂ ਦੀ ਕੁਰਬਾਨੀ ਅਜਾਈਂ ਨਹੀਂ ਗਈ।’’
ਚਾਰ ਦਿਨਾਂ ਬਾਅਦ ਸੋਮਵਾਰ ਦੇ ਦਿਨ 22 ਫਰਵਰੀ ਨੂੰ ਸੋਫੀ, ਹਾਂਸ ਤੇ ਕ੍ਰਿਸਟੋਫ ਨੂੰ ਅਦਾਲਤ ਵਿਚ ਲਿਜਾਇਆ ਗਿਆ ਤਾਂ ਤਿੰਨਾਂ ਦੇ ਸੱਟਾਂ ਵੱਜੀਆਂ ਹੋਈਆਂ ਸਨ। ਸੋਫੀ ਦੀ ਲੱਤ ਵੀ ਟੁੱਟੀ ਹੋਈ ਸੀ। ਅਦਾਲਤ ਹਿਟਲਰ ਭਗਤਾਂ ਨਾਲ ਭਰੀ ਹੋਈ ਸੀ। ਜੱਜ ਨੇ ਤਿੰਨਾਂ ਤੋਂ ਸਵਾਲ ਪੁੱਛੇ। ਕ੍ਰਿਸਟੋਫ ਦੇ ਤਿੰਨ ਬੱਚੇ ਅਤੇ ਬਿਮਾਰ ਪਤਨੀ ਸੀ। ਉਸ ਦਾ ਕਹਿਣਾ ਸੀ ਕਿ ਉਸ ਨੂੰ ਉਸ ਦੇ ਪਰਿਵਾਰ ਦੀ ਦੇਖ-ਰੇਖ ਕਰਨ ਲਈ ਛੱਡ ਦਿੱਤਾ ਜਾਵੇ। ਪਰ ਜੱਜ ਦਾ ਉਸ ਬਾਰੇ ਕਹਿਣਾ ਸੀ ਕਿ ਸਰਕਾਰੀ ਪੈਸੇ ’ਤੇ ਪੜ੍ਹਣ ਵਾਲਾ ਇਕ ਨਾਲਾਇਕ ਪਿਓ ਆਪਣੇ ਨਿਆਣਿਆਂ ਨੂੰ ਸੱਚਾ ਜਰਮਨ ਬਣਨ ਲਈ ਕਿਵੇਂ ਪ੍ਰੇਰੇਗਾ। ਕ੍ਰਿਸਟੋਫ ਖ਼ਿਲਾਫ਼ ਇਕ ਹੱਥ-ਲਿਖਤ ਖਰੜਾ ਬਰਾਮਦ ਹੋਇਆ। ਇਸ ਵਿਚ ਲਿਖਿਆ ਸੀ ਕਿ ਕਿਵੇਂ ਇਹ ਜੰਗ ਨੈਤਿਕ ਤੌਰ ’ਤੇ ਗ਼ਲਤ ਹੈ। ਇਹ ਹੱਥ-ਲਿਖਤ ਖਰੜਾ ਬੇਸ਼ੱਕ ਕੱਚਾ ਜਿਹਾ ਸੀ, ਪਰ ਕ੍ਰਿਸਟੋਫ ਖ਼ਿਲਾਫ਼ ਕੋਈ ਨਿਰਣਾਇਕ ਸਜ਼ਾ ਸੁਣਾਉਣ ਲਈ ਬਹੁਤ ਸੀ।
ਹਾਂਸ ਦੀ ਸੁਣਵਾਈ ਵਿੱਚ ਜੱਜ ਨੇ ਉਸ ਨੂੰ ਬਹੁਤਾ ਉਹੋ ਕਿਹਾ ਜੋ ਕ੍ਰਿਸਟੋਫ ਨੂੰ ਕਿਹਾ ਜਾ ਰਿਹਾ ਸੀ: ‘‘ਤੁਸੀਂ ਸਰਕਾਰੀ ਪੈਸੇ ’ਤੇ ਪਲ ਰਹੇ ਪਰਜੀਵੀ ਹੋ। ਜਰਮਨੀ ਦੀ ਹਾਰ ਚਾਹੁੰਦੇ ਹੋ। ਤੁਸੀਂ ਦੇਸ਼ਧ੍ਰੋਹੀ ਹੋ”।’’ ਹਾਂਸ ਨੇ ਕਿਹਾ, “ਵਿਦਿਆਰਥੀ ਹੋਣ ਨਾਤੇ ਮੇਰਾ ਇਹ ਫ਼ਰਜ਼ ਬਣਦਾ ਹੈ ਕਿ ਮੈਂ ਸਮਾਜ ਦੇ ਭਲੇ ਲਈ ਸੋਚਾਂ, ਸਮਾਜ ਜੋ ਇਸ ਸਮੇਂ ਜੰਗ ਨਾਲ ਲੂਹਿਆ ਪਿਆ ਹੈ…””
‘‘ਕੀ ਕਿਹਾ? ਜੰਗ ਬੁਰੀ ਹੈ, ਤੂੰ ਗੱਦਾਰ ਹੈ, ਤੂੰ ਦੁਸ਼ਮਣ ਤੋਂ ਪੈਸਾ ਖਾਧਾ ਹੈ, ਤੂੰ ਅਤਿਵਾਦੀ ਹੈਂ। ਤੂੰ ਕੌਣ ਹੁੰਦਾ ਹੈਂ ਤੈਅ ਕਰਨ ਵਾਲਾ ਕਿ ਜਰਮਨੀ ਨੂੰ ਅਮਨ ਚਾਹੀਦਾ ਕਿ ਜੰਗ”!’’
ਹਾਂਸ ਨੇ ਕੋਲ ਬੈਠੇ ਨਾਜ਼ੀ ਫ਼ੌਜੀਆਂ ਵੱਲ ਹੱਥ ਕਰਦਿਆਂ ਕਿਹਾ, ‘‘ਮੈਂ ਇਨ੍ਹਾਂ ਸਾਰਿਆਂ ਵਾਂਗ ਪੂਰਬੀ ਮੁਹਾਜ਼ ’ਤੇ ਸੀ। ਤੂੰ ਨਹੀਂ ਸੀ। ਮੈਂ ਲੋਕਾਂ ਨੂੰ ਮਰਦੇ ਵੇਖਿਆ ਹੈ। ਮੈਂ ਵੇਖਿਆ ਕਿ ਕਿਵੇਂ ਔਰਤਾਂ ਨੂੰ, ਬੱਚਿਆਂ ਨੂੰ ਜਰਮਨ ਫ਼ੌਜਾਂ ਮਾਰ…।’’” “ਤੂੰ ਗੱਦਾਰ, ਪਰਜੀਵੀ ਨਹੀਂ ਜਾਣਦਾ ਕਿ ਹਿਟਲਰ ਨੇ ਕਿਸ ਮਹਾਨ ਜਰਮਨੀ ਦਾ ਸੁਪਨਾ ਵੇਖਿਆ ਹੈ। ਤੇਰੀ ਸੁਣਵਾਈ ਖਤਮ…।’’”
ਹੁਣ ਸੋਫੀ ਦੀ ਵਾਰੀ ਸੀ। ਉਸ ਨੂੰ ਪੁੱਛਿਆ ਗਿਆ, “ਇਹ ਪਰਚੇ ਤੇਰੇ ਤੋਂ ਹੀ ਡਿੱਗੇ ਸਨ?”
“ਡਿੱਗੇ ਨਹੀਂ ਸਨ, ਮੈਂ ਖਿੰਡਾਏ ਸਨ ਤਾਂ ਕਿ ਸਾਡਾ ਵਿਚਾਰ…””
“ਵਿਚਾਰ… ਤੂੰ ਇਸ ਘਟੀਆ ਮਾਨਸਿਕਤਾ ਨੂੰ ਵਿਚਾਰ ਕਹਿੰਦੀ ਹੈਂ? ਇਹ ਕਾਗਜ਼ ਕਿੱਥੋਂ ਲਏ?””
“ਦੁਕਾਨਾਂ ਤੋਂ ਅਤੇ ਯੂਨੀਵਰਸਿਟੀ ਤੋਂ”।”
“ਸਰਕਾਰੀ ਸੰਪਤੀ ਦਾ ਏਨੀ ਦੁਰਵਰਤੋਂ, ਉਹ ਵੀ ਜੰਗ ਦੇ ਸਮੇਂ! ਤੇਰੇ ’ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚੱਲੇਗਾ। ਤੂੰ ਕਿਵੇਂ ਲਿਖ ਸਕਦੀ ਏਂ ਕਿ ਅਸੀਂ ਜੰਗ ਹਾਰ ਰਹੇ ਹਾਂ?”” ਹਿਟਲਰ ਭਗਤਾਂ ਵੱਲੋਂ ‘ਮੌਤ ਦੀ ਸਜ਼ਾ ਦਿਓ, ਅੱਗ ਲਾ ਦਿਓ, ਗਲ ਲਾਹ ਦਿਓ’ ਦੇ ਨਾਹਰੇ ਉੱਚੀ ਉੱਚੀ ਗੂੰਜ ਰਹੇ ਸਨ। ਇਸ ਸਾਰੇ ਰੌਲੇ-ਰੱਪੇ ਵਿਚ ਇਕਦਮ ਤਿੱਖੀ ਆਵਾਜ਼ ਗੂੰਜੀ ਜਿਸ ਨੇ ਸਾਰੇ ਚੁੱਪ ਵਰਤਾ ਦਿੱਤੀ, ਇਹ ਸੋਫੀ ਬੋਲ ਰਹੀ ਸੀ, “ਅਸੀਂ ਆਪਣੇ ਸ਼ਬਦਾਂ ਨਾਲ ਲੜੇ, ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਹੀ ਪੈਣੀ ਸੀ। ਅਸੀਂ ਜੋ ਲਿਖਿਆ ਉਹ ਕਈ ਲੋਕ ਸੋਚ ਰਹੇ ਸਨ। ਬੱਸ ਉਨ੍ਹਾਂ ਦੀ ਕਹਿਣ ਦੀ ਹਿੰਮਤ ਨਹੀਂ ਪੈ ਰਹੀ ਸੀ।’’”
“ਤੇਰੀ ਸੁਣਵਾਈ ਖ਼ਤਮ”।’’ ਜੱਜ ਕੂਕਿਆ। ਰੌਲਾ ਫੇਰ ਸ਼ੁਰੂ ਹੋ ਗਿਆ। ਸੋਫੀ ਹੁਰਾਂ ਨੂੰ ਵਕੀਲ ਤਾਂ ਮਿਲੇ, ਪਰ ਉਨ੍ਹਾਂ ਦੀ ਭੂਮਿਕਾ ਬਿਲਕੁਲ ਕਠਪੁਤਲੀਆਂ ਵਰਗੀ ਸੀ। ਉਨ੍ਹਾਂ ਨੇ ਕੋਈ ਸਵਾਲ ਨਹੀਂ ਕੀਤਾ ਤੇ ਵਿਰੋਧ ’ਚ ਕੁਝ ਨਹੀਂ ਬੋਲੇ। ਸੁਣਵਾਈ ਦੇ ਅਖੀਰ ਵਿਚ ਸੋਫੀ ਤੇ ਹਾਂਸ ਦਾ ਪਿਉ ਅਦਾਲਤ ਵਿਚ ਘੁਸ ਆਇਆ ਕਿ ਉਸ ਨੂੰ ਇਨ੍ਹਾਂ ਦੇ ਹੱਕ ਵਿਚ ਬੋਲਣ ਦਿੱਤਾ ਜਾਵੇ, ਪਰ ਉਸ ਨੂੰ ਵੀ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਅਦਾਲਤ ਵੱਲੋਂ ਫ਼ੈਸਲਾ ਸੁਣਾਇਆ ਜਾਣਾ ਸੀ। ਤਿੰਨਾਂ ਨੂੰ ਆਖ਼ਰੀ ਵਾਰ ਆਪਣੇ ਪੱਖ ਵਿਚ ਬੋਲਣ ਦਾ ਮੌਕਾ ਦਿੱਤਾ। ਕ੍ਰਿਸਟੋਫ ਨੇ ਫਿਰ ਆਪਣੇ ਵਾਸਤੇ ਰਹਿਮ ਦੀ ਅਪੀਲ ਕੀਤੀ। ਹਾਂਸ ਸ਼ਾਲ ਨੇ ਕ੍ਰਿਸਟੋਫ ਦੇ ਵੰਡੇ ਦੀ ਸਜ਼ਾ ਵੀ ਮੰਗੀ। ਸੋਫੀ ਇੰਝ ਬੋਲ ਰਹੀ ਸੀ ਜਿਵੇਂ ਜਾਣਦੀ ਹੋਵੇ ਕਿ ਉਸ ਦੇ ਇਹ ਬੋਲ ਕਿੰਨਾ ਇਤਿਹਾਸਕ ਰੋਲ ਅਦਾ ਕਰਨਗੇ, ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਜਜ਼ਬੇ ਤੋਂ ਪ੍ਰੇਰਨਾ ਲੈਂਦੀਆਂ ਹੀ ਰਹਿਣਗੀਆਂ। ਜਾਂ ਉਹ ਇਸ ਸਭ ਤੋਂ ਅਣਜਾਣ ਬੱਸ ਇੰਨਾ ਜਾਣਦੀ ਸੀ ਕਿ ਇਹ ਬੋਲ ਉਸ ਦੇ ਆਖ਼ਰੀ ਹੋਣਗੇ ਤੇ ਇਨ੍ਹਾਂ ਬੋਲਾਂ ਜ਼ਰੀਏ ਜਿਵੇਂ ਉਹ ਹੁਣੇ ਹਿਟਲਰ ਨੂੰ ਗੱਦੀਓਂ ਲਾਹ ਦੇਣਾ ਚਾਹੁੰਦੀ ਹੋਵੇ। ਉਹ ਬੋਲੀ, ‘‘“ਜਿੱਥੇ ਅਸੀਂ ਅੱਜ ਖੜ੍ਹੇ ਹਾਂ, ਇਕ ਦਿਨ ਤੁਸੀਂ ਸਾਰੇ ਖੜ੍ਹੇ ਹੋਵੋਗੇ”।’’ ਪਲ ਕੁ ਲਈ ਜੱਜ ਲਈ ਇਹ ਬਿਆਨ ਅਣਕਿਆਸਿਆ ਸੀ। ਉਸ ਨੇ ਗੁੱਸਾ ਦਿਖਾਉਂਦਿਆਂ ਕਿਹਾ ਕਿ ਜਰਮਨੀ ਖ਼ਿਲਾਫ਼ ਦੇਸ਼ਧ੍ਰੋਹ ਅਤੇ ਜੰਗ ਵਿਚ ਸਾਡੇ ਸਿਪਾਹੀਆਂ ਦੇ ਹੌਸਲੇ ਪਸਤ ਕਰਨ ਦੇ ਜੁਰਮ ਵਿਚ ਇਨ੍ਹਾਂ ਤਿੰਨਾਂ ਦੇ ਗਿਲੋਟੀਨ ਨਾਲ ਆਹੂ ਲਾਹੇ ਜਾਣ।’’
ਇਨ੍ਹਾਂ ਦੀਆਂ ਗਾਥਾਵਾਂ ਸਮੇਂ ਨੇ ਗਾਉਣੀਆਂ ਸਨ, ਭਾਵੇਂ ਇਹ ਛੇ ਕੁ ਨੌਜਵਾਨ ਹੀ ਸਨ। ਰਾਬਰਟ ਸ਼ਾਲ ਆਖ਼ਰੀ ਵਾਰ ਆਪਣੇ ਧੀ-ਪੁੱਤ ਨੂੰ ਮਿਲਣ ਆਇਆ ਤਾਂ ਉਸ ਨੇ ਬੱਸ ਇੰਨਾ ਹੀ ਕਿਹਾ, ‘‘“ਮੈਨੂੰ ਤੁਹਾਡੇ ਦੋਵਾਂ ’ਤੇ ਮਾਣ ਏ। ਤੁਸੀਂ ਸਹੀ ਰਾਹ ਚੁਣਿਆ।”” ਆਖ਼ਰ ਤਿੰਨੇ ਨੌਜਵਾਨ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਗੂੰਜਾਉਂਦੇ ਸ਼ਹੀਦ ਹੋਏ।
ਗਿਲੋਟੀਨ ਦੇ ਬਲੇਡ ਨਾਲ ਡੁੱਲ੍ਹੇ ਖ਼ੂਨ ਨੇ ਵ੍ਹਾਈਟ ਰੋਜ਼ ਨੂੰ ਖ਼ਤਮ ਨਹੀਂ ਕੀਤਾ ਸਗੋਂ ਹੋਰ ਖਿੰਡਾਇਆ। ਦੋ ਸਾਲ ਬਾਅਦ ਰੂਸੀ ਫ਼ੌਜਾਂ ਬਰਲਿਨ ਤੱਕ ਵੜ ਆਈਆਂ। ਹਿਟਲਰ ਖ਼ੁਦਕੁਸ਼ੀ ਕਰ ਗਿਆ। ਨਾਜ਼ੀਆਂ ’ਤੇ ਮੁਕੱਦਮੇ ਚੱਲੇ। ਸੋਫੀ ਸੱਚੀ ਸੀ…।

ਸੰਪਰਕ: 98550-22508


Comments Off on ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.