ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ

Posted On January - 19 - 2020

ਅਜੋਕੇ ਸਮਿਆਂ ਵਿਚ ਬਣਾਏ ਜਾ ਰਹੇ ਆਜ਼ਾਦੀ ਸੰਘਰਸ਼ ਦੇ ਬਿਰਤਾਂਤ ਵਿਚ ਦੇਸ਼ ਦੀਆਂ ਘੱਟਗਿਣਤੀਆਂ ਤੇ ਹਾਸ਼ੀਏ ’ਤੇ ਧੱਕੇ ਹੋਏ ਲੋਕਾਂ ਦੀ ਭੂਮਿਕਾ ਨੂੰ ਘਟਾ ਕੇ ਦੇਖਿਆ ਜਾ ਰਿਹਾ ਹੈ। 13 ਅਪਰੈਲ 1919 ਨੂੰ ਹੋਏ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਵਿਚ ਹਿੰਦੂ, ਸਿੱਖ, ਮੁਸਲਮਾਨ, ਇਸਾਈ, ਦਲਿਤ, ਨਾਸਤਿਕ ਸਭ ਇਕੱਠੇ ਸਨ। ਹੋਰ ਭਾਈਚਾਰਿਆਂ ਦੇ ਨਾਲ ਨਾਲ ਮੁਸਲਮਾਨ ਭਾਈਚਾਰੇ ਨੇ ਵੀ ਰੌਲਟ ਐਕਟ ਦੇ ਵਿਰੋਧ ’ਚ ਹੋਏ ਅੰਦੋਲਨ, ਸਾਕੇ ਤੋਂ ਪਹਿਲਾਂ ਹੋਏ ਮੁਜ਼ਾਹਰਿਆਂ ਅਤੇ ਸਾਕੇ ਵਾਲੇ ਦਿਨ ਦੀਆਂ ਘਟਨਾਵਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਇਹ ਲੇਖ ਉਸ ਅੰਦੋਲਨ ਵਿਚ ਮੁਸਲਮਾਨ ਭਾਈਚਾਰੇ ਦੀ ਭੂਮਿਕਾ ’ਤੇ ਕੇਂਦਰਿਤ ਹੈ।

ਵਿਜੈ ਬੰਬੇਲੀ
ਫ਼ਿਰਕੂ ਏਕਤਾ

ਜੱਲ੍ਹਿਆਂ ਵਾਲੇ ਬਾਗ਼ ਦਾ 1919 ਵਿਚ ਇਕ ਦ੍ਰਿਸ਼।

ਬਰਤਾਨਵੀ ਸਾਮਰਾਜ ਦੇ ਜ਼ੁਲਮਾਂ ਦੀ ਇਕ ਪ੍ਰਤੱਖ ਉਦਾਹਰਣ ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਹੈ। ਇਸ ਨੇ ਵੀ ਭਾਰਤੀ ਲੋਕ ਮਨ ਵਿਚ ਇਨਕਲਾਬੀ ਚਿਣਗਾਂ ਵਿਗਸਾ, ਆਜ਼ਾਦੀ ਹਾਸਿਲ ਕਰਨ ਦੀ ਤਾਂਘ ਨੂੰ ਜਰਬਾਂ ਦੇ ਦਿੱਤੀਆਂ। ਆਜ਼ਾਦੀ ਦੇ ਇਸ ਸੰਘਰਸ਼ ਵਿਚ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਦਲਿਤਾਂ, ਇਸਾਈਆਂ, ਪਾਰਸੀਆਂ, ਬੋਧੀਆਂ, ਜੈਨੀਆਂ, ਨਾਸਤਿਕਾਂ, ਕਬਾਇਲੀਆਂ, ਗੱਲ ਕੀ ਹਰ ਭਾਈਚਾਰੇ ਨੇ ਯੋਗਦਾਨ ਪਾਇਆ।
ਮੌਜੂਦਾ ਸਮਿਆਂ ਵਿਚ ਮੂਲਵਾਦੀ ਹਾਕਮ ਜਮਾਤਾਂ ਵੱਲੋਂ ਸਮੁੱਚੇ ਮੁਸਲਿਮ ਭਾਈਚਾਰੇ ਵਿਰੁੱਧ ਕੂੜ ਪ੍ਰਚਾਰ ਵਿੱਢ ਕੇ ਇਹ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਣਗਿਣਤ ਮੁਸਲਮਾਨਾਂ ਨੇ ਭਾਰਤ ਦੀ ਜੰਗੇ-ਆਜ਼ਾਦੀ ਵਿਚ ਸ਼ਾਮਿਲ ਹੋ ਕੇ ਕੁਰਬਾਨੀਆਂ ਦਿੱਤੀਆਂ। ਇਸ ਦੀ ਇਕ ਮਿਸਾਲ ਅਪਰੈਲ 1919 ਦੀ ਜੱਲ੍ਹਿਆਂਵਾਲਾ ਦੀ ਤ੍ਰਾਸਦੀ ਵੀ ਹੈ। ਪੰਜਾਬ ਵਿਚ 1913-16 ਦੇ ਪੰਜਾਬੀ ਗ਼ਦਰੀਆਂ ਨੇ ਗੋਰਾਸ਼ਾਹੀ ਸਰਬਉੱਚਤਾ ਨੂੰ ਬੇਪਰਦ ਕਰ ਦਿੱਤਾ। ਅੰਗਰੇਜ਼ ਹਕੂਮਤ ਨੇ ਦਮਨ ਦਾ ਦੌਰ ਚਲਾਇਆ ਜਿਸ ਦੌਰਾਨ 291 ਗ਼ਦਰੀਆਂ ਖ਼ਿਲਾਫ਼ ਮੁਕੱਦਮੇ ਚੱਲੇ, 42 ਨੂੰ ਫ਼ਾਂਸੀ ਹੋਏ, 114 ਨੂੰ ਉਮਰਕੈਦ/ਜਲਾਵਤਨੀ ਭੋਗਣੀ ਪਈ, 93 ਨੂੰ ਵੱਖ-ਵੱਖ ਸਜ਼ਾਵਾਂ ਹੋਈਆਂ ਅਤੇ ਬਾਕੀ ਰੂਪੋਸ਼ ਜਾਂ ਬਰੀ ਹੋਏ। ਇਨ੍ਹਾਂ ਇਨਕਲਾਬੀ ਸਰਗਰਮੀਆਂ ਤੋਂ ਡਰੇ ਗੋਰਿਆਂ ਨੇ ਸੈਡੀਸ਼ਨ ਕਮੇਟੀ ਦੀਆਂ ਸਿਫ਼ਾਰਸ਼ਾਂ ਉਪਰੰਤ ਰੌਲਟ ਬਿੱਲ ਪੇਸ਼ ਕੀਤਾ ਜੋ ਮਗਰੋਂ ਰੌਲਟ ਐਕਟ ਬਣਿਆ।
ਦਰਅਸਲ, ਬਰਤਾਨਵੀ ਹਾਕਮਾਂ ਨੂੰ ਜਾਪਦਾ ਸੀ ਕਿ ਆਲਮੀ ਜੰਗ ਉਪਰੰਤ ਡਿਫੈਂਸ ਇੰਡੀਆ ਐਕਟ ਕਾਰਗਰ ਨਹੀਂ ਰਹਿਣਾ। ਇਸ ਲਈ ਸਰਕਾਰ ਨੇ ਲੈਜਿਸਲੇਟਿਵ ਕੌਂਸਲ ਵਿਚਲੇ ਭਾਰਤੀ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਨਵਾਂ ਰੌਲਟ ਐਕਟ ਪਾਸ ਕਰ ਦਿੱਤਾ। ਇਸ ਨਵੇਂ ਕਾਨੂੰਨ ਰਾਹੀਂ ਸਰਕਾਰ ਕਿਸੇ ਵੀ ਨਾਗਰਿਕ ਨੂੰ ਬਿਨਾਂ ਵਾਰੰਟ ਦੇ ਗ੍ਰਿਫ਼ਤਾਰ ਕਰਕੇ ਜੇਲ੍ਹ ਵਿਚ ਸੁੱਟ ਸਕਦੀ ਸੀ। ਸਿਆਸੀ ਆਗੂਆਂ ਖ਼ਿਲਾਫ਼ ਬਿਨਾਂ ਮੁਕੱਦਮਾ ਚਲਾਇਆਂ ਲੰਮੇ ਸਮੇਂ ਤੱਕ ਉਨ੍ਹਾਂ ਨੂੰ ਜੇਲ੍ਹਾਂ ਵਿਚ ਤਾੜਿਆ ਜਾ ਸਕਦਾ ਸੀ।
ਬੇਹੱਦ ਅਫ਼ਸੋਸ ਦੀ ਗੱਲ ਹੈ ਕਿ ਅੱਜ ਅਸੀਂ ਉਸੇ ਵਰਗਾ ਦੌਰ ਹੰਢਾ ਰਹੇ ਹਾਂ। ਹੁਣ ਦੇ ਕਾਨੂੰਨਘਾੜਿਆਂ ਦੇ ਮਾਰਗ-ਦਰਸ਼ਕ ਅੰਗਰੇਜ਼ ਭਗਤ ਸਨ ਜਾਂ ਫਿਰ ਉਹ ਸ਼ਖ਼ਸ ਜਿਨ੍ਹਾਂ ਦੀ ਆਜ਼ਾਦੀ ਸੰਗਰਾਮ ਵਿਚ ਦੇਣ ਉੱਤੇ ਹੀ ਸਵਾਲੀਆ ਨਿਸ਼ਾਨ ਹਨ। ਫਿਰ ਵੀ ਉਹ ਮੁਸਲਮਾਨਾਂ ਸਮੇਤ ਹੋਰਾਂ ਨੂੰ ਨਿੰਦ ਰਹੇ ਹਨ।
30 ਮਾਰਚ 1919 ਨੂੰ ਅੰਮ੍ਰਿਤਸਰ ਵਿਖੇ ਰੌਲਟ ਐਕਟ ਵਿਰੁੱਧ ਹੋਈ ਮੁਕੰਮਲ ਹੜਤਾਲ ਦੀ ਅਗਵਾਈ ਡਾ. ਸੈਫ਼ੂਦੀਨ ਕਿਚਲੂ ਅਤੇ ਡਾ. ਸੱਤਪਾਲ ਨੇ ਕੀਤੀ। ਚਾਰ ਅਪਰੈਲ ਨੂੰ ਡਾ. ਕਿਚਲੂ ਸਮੇਤ ਪੰਡਿਤ ਦੀਨਾ ਨਾਥ, ਪੰਡਿਤ ਕੋਟੂ ਮੱਲ ਅਤੇ ਵਕੀਲ ਗੁਰਦਿਆਲ ਸਿੰਘ ਸਲਾਰੀਆ ਨੇ ਸੰਬੋਧਿਤ ਕੀਤਾ। ਸਰਕਾਰ ਹਿੰਦੂ, ਸਿੱਖ ਅਤੇ ਮੁਸਲਮਾਨਾਂ ਦਾ ਏਕਾ ਵੇਖ ਕੇ ਭੈਅਭੀਤ ਹੋ ਗਈ।
ਦਿ ਟ੍ਰਿਬਿਊਨ ਨੇ ਉਸ ਵੇਲੇ ਸੁਰਖ਼ੀ ‘ਸਭ ਨੂੰ ਮੋਹ ਭਰਿਆ ਸੱਦਾ’ ਲਾਈ। ਖ਼ਬਰ ਸੀ: ਰੌਲਟ ਬਿੱਲ ਵਿਰੋਧੀ ਮੀਟਿੰਗ, ਐਤਵਾਰ, 9 ਮਾਰਚ 1919 ਨੂੰ ਸ਼ਾਮ ਪੰਜ ਵਜੇ ਬ੍ਰੈਡਲੇ ਹਾਲ ਵਿਚ ਲਾਹੌਰ ਦੇ ਨਾਗਰਿਕਾਂ ਦੀ ਜਨਤਕ ਮੀਟਿੰਗ ਹੋਵੇਗੀ। ਵਿਸ਼ਾ: ਰੌਲਟ ਬਿੱਲ ਦਾ ਵਿਰੋਧ; ਬੁਲਾਰੇ ਸੇਵਾ ਰਾਮ ਸਿੰਘ ਬੀ ਏ ਪਲੀਡਰ, ਮ. ਐਲ. ਸੈਂਡਰਜ਼ ਬਾਰ-ਐਂਟ-ਲਾਅ, ਆਰ.ਬੀ. ਸੁੰਦਰ ਦਾਸ ਸੂਰੀ ਐਮ.ਏ. ਆਰ.ਐਸ, ਵਿਗਿਆਨੀ ਰੁਚੀ ਰਾਮ ਸਾਹਨੀ, ਪੰਡਿਤ ਪਿਆਰੇ ਲਾਲ ਪਲੀਡਰ।

ਵਿਜੈ ਬੰਬੇਲੀ

ਹੋਰ ਬੁਲਾਰੇ ਵੀ ਕੋਈ ਬੇਗਾਨੇ ਨਹੀਂ ਸਨ, ਸਾਡੇ ਮੁਸਲਮਾਨ ਹਮਸਾਏ ਹੀ ਸਨ। ਜਿਵੇਂ ਸੁਜਾ-ਉਦ-ਦੀਨ ਐਮ.ਏ. ਬਾਰ-ਐਟ-ਲਾਅ, ਮੌਲਵੀ ਗੁਲਾਮ ਮੋਹੀ-ਉਦ-ਦੀਨ ਪਲੀਡਰ, ਪੀਰ ਤਾਜ-ਉਦ-ਦੀਨ ਬਾਰ-ਐਟ-ਲਾਅ। ਇਸ ਇਕੱਠ ਦੀ ਪ੍ਰਧਾਨਗੀ ਮਾਣਯੋਗ ਕੇ.ਬੀ. ਮੀਆਂ ਫ਼ਜ਼ਲ-ਏ-ਹੁਸੈਨ ਬਾਰ-ਐਟ-ਲਾਅ ਨੇ ਕੀਤੀ।
ਅੰਮ੍ਰਿਤਸਰ ਵਿਚ ਰੌਲਟ ਐਕਟ ਤੇ ਹੋਰ ਮਾਰੂ ਕਾਨੂੰਨਾਂ ਵਿਰੁੱਧ ਅੰਦੋਲਨ ਉਸ ਸਮੇਂ ਦੇ ਮਸ਼ਹੂਰ ਵਕੀਲ ਸੈਫ਼ੂਦੀਨ ਕਿਚਲੂ, ਡਾ. ਸੱਤਪਾਲ, ਮਹਾਸ਼ਾ ਰਤਨ ਚੰਦ, ਚੌਧਰੀ ਬੱਗਾ ਮੱਲ, ਬਾਲ ਮੁਕੰਦ, ਘਨ੍ਹੱਈਆ ਪਾਲ, ਐਡਵੋਕੇਟ ਜੀ.ਐੱਸ. ਸਲਾਰੀਆ ਅਤੇ ਹੋਰਨਾਂ ਦੀ ਅਗਵਾਈ ਹੇਠ ਚਲਾਇਆ ਗਿਆ। ਮੁਸਲਮਾਨ ਭਾਈਚਾਰੇ ਵੱਲੋਂ ਇਕੱਲੇ ਆਗੂ ਡਾ. ਕਿਚਲੂ ਹੀ ਨਹੀਂ ਸਗੋਂ ਬਸ਼ੀਰ ਅਹਿਮਦ ਅਤੇ ਬਦਰੁੱਲ ਇਸਲਾਮ ਵਰਗੇ ਦਾਨਿਸ਼ਵਰ ਵੀ ਆਗੂ ਸਨ।
ਇਨ੍ਹਾਂ ਆਗੂਆਂ ਦੀ ਅਗਵਾਈ ਹੇਠ 6 ਅਪਰੈਲ ਦੀ ਹੜਤਾਲ ਪੁਰਅਮਨ ਰਹੀ। ਉਸ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਏਕਤਾ ਦਾ ਮੁਜ਼ਾਹਰਾ ਉਭਰਵੇਂ ਰੂਪ ਵਿਚ ਹੋਇਆ। ਅੰਗਰੇਜ਼ ਸਰਕਾਰ ਭਾਂਪ ਗਈ ਕਿ ਇਹ ਏਕਤਾ ਬਰਤਾਨਵੀ ਰਾਜ ਲਈ ਖ਼ਤਰੇ ਦੀ ਘੰਟੀ ਹੈ। ਖ਼ਬਰਾਂ ਮਿਲਣ ’ਤੇ ਮਾਈਕਲ ਓਡਵਾਇਰ ਨੇ ਡਾ. ਕਿਚਲੂ ਅਤੇ ਡਾ. ਸੱਤਪਾਲ ਬਾਰੇ ਕਿਹਾ, ‘‘ਸਭ ਤੋਂ ਪਹਿਲਾਂ ਮੈਂ ਇਨ੍ਹਾਂ ਬਦਮਾਸ਼ਾਂ ਨਾਲ ਹੀ ਨਜਿੱਠਾਂਗਾ।’’
ਪੰਜਾਬ ਵਿਚ ਅੰਮ੍ਰਿਤਸਰ ਰੌਲਟ ਬਿੱਲ ਖ਼ਿਲਾਫ਼ ਵਿਦਰੋਹ ਦਾ ਕੇਂਦਰ ਬਿੰਦੂ ਸੀ ਜਿੱਥੇ ਪਹਿਲਾਂ 30 ਮਾਰਚ ਤੇ ਫਿਰ 6 ਅਪਰੈਲ ਨੂੰ ਆਮ ਹੜਤਾਲ ਕੀਤੀ ਗਈ। ਇਸ ਤੋਂ ਇਲਾਵਾ 9 ਅਪਰੈਲ ਨੂੰ ਰਾਮਨੌਮੀ ਦੇ ਪਵਿੱਤਰ ਦਿਹਾੜੇ ਮੌਕੇ ਨਵੀਂ ਪਿਰਤ ਪਾਉਂਦਿਆਂ ਸਾਰੇ ਲੋਕਾਂ ਨੇ ‘ਹਿੰਦੂ-ਮੁਸਲਿਮ ਕੀ ਜੈ’ ਦੇ ਨਾਅਰੇ ਲਾਉਂਦਿਆਂ ਇਹ ਤਿਉਹਾਰ ਰਲ ਕੇ ਮਨਾਇਆ। ਹਿੰਦੂਆਂ ਨੂੰ ਮੁਸਲਮਾਨ ਭਰਾਵਾਂ ਨੇ ਸ਼ਾਇਦ ਪਹਿਲੀ ਵਾਰ ਠੰਢਾ ਮਿੱਠਾ ਜਲ ਵੀ ਛਕਾਇਆ। ਛਬੀਲਾਂ ’ਤੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਇਕ-ਦੂਜੇ ਦੇ ਹੱਥੋਂ ਪਾਣੀ ਪੀਤਾ। ਇਉਂ ਸਾਂਝੀਵਾਲਤਾ ਦੇ ਗ਼ੈਰ-ਮਾਮੂਲੀ ਦ੍ਰਿਸ਼ ਵੇਖੇ ਗਏ। ਬਟਾਲਾ ਅਤੇ ਲਾਹੌਰ ਦੇ ਬੈਨਰਾਂ ’ਤੇ ‘ਰਾਮ ਅਤੇ ਅੱਲਾ’ ਉਕਰਿਆ ਹੋਇਆ ਸੀ। ਅੰਮ੍ਰਿਤਸਰ ਦੇ ਰਾਮ ਨੌਮੀ ਦੇ ਜਲੂਸ ਦੌਰਾਨ ਇਕ ਮੁਸਲਿਮ ਡਾ. ਹਾਫਿਜ਼ ਮੁਹੰਮਦ ਬਸ਼ੀਰ ਘੋੜੇ ’ਤੇ ਸਵਾਰ ਹੋ ਕੇ ਜਲੂਸ ਦੀ ਰਹਿਨੁਮਾਈ ਕਰ ਰਿਹਾ ਸੀ। ਇਸ ਦੇ ਸਿੱਟੇ ਵਜੋਂ ਹਾਕਮ ਬੌਂਦਲ ਗਏ ਕਿਉਂਕਿ ਉਨ੍ਹਾਂ ਨੂੰ ਆਪਣਾ ਇੱਕੋ-ਇੱਕ ਕਾਰਗਰ ਪੈਂਤੜਾ ‘ਪਾੜੋ ਤੇ ਰਾਜ ਕਰੋ’ ਠੁੱਸ ਹੁੰਦਾ ਲੱਗਾ। ਭਾਵੇਂ ਹਾਕਮਾਂ ਦਾ ਪੈਂਤੜਾ ਹੁਣ ਵੀ ਇਹੀ ਹੈ।
ਛੇ ਅਪਰੈਲ ਨੂੰ ਰੌਲਟ ਐਕਟ ਵਿਰੁੱਧ ਦੇਸ਼ ਵਿਆਪੀ ਹੜਤਾਲ ਹੋਈ ਜਿਸ ਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਤੇ ਖ਼ਾਸਕਰ ਅੰਮ੍ਰਿਤਸਰ ਵਿਚ ਨਜ਼ਰ ਆਇਆ। ਹੜਤਾਲ ਦੌਰਾਨ ‘ਹਿੰਦੂ-ਮੁਸਲਿਮ ਕੀ ਜੈ’, ‘ਮਹਾਤਮਾ ਗਾਂਧੀ ਕੀ ਜੈ’ ਅਤੇ ‘ਕਿਚਲੂ-ਸੱਤਪਾਲ ਕੀ ਜੈ’ ਵਰਗੇ ਨਾਹਰੇ ਵੀ ਲੱਗਦੇ ਰਹੇ। ਲੋਕ ਰੋਹ ਵਿਚ ਸਨ। ਹਾਲਾਤ ਦੇ ਮੱਦੇਨਜ਼ਰ ਅੰਗਰੇਜ਼ਾਂ ਨੇ ਪੁਲੀਸ ਬੰਦੋਬਸਤ ਹੋਰ ਪੁਖ਼ਤਾ ਕਰ ਲਏ। ਅਸਲ ਵਿਚ ਮਹਾਤਮਾ ਗਾਂਧੀ ਅਤੇ ਹੋਰ ਆਗੂਆਂ ਦੀ ਗ੍ਰਿਫ਼ਤਾਰੀ ਵਿਰੁੱਧ ਰੋਸ ਪ੍ਰਗਟਾਉਣ ਲਈ ਵੱਡੀ ਗਿਣਤੀ ’ਚ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਇਕੱਠੇ ਹੋ ਕੇ 9 ਅਪਰੈਲ ਨੂੰ ਅੰਮ੍ਰਿਤਸਰ ਵਿਚ ਸ਼ਾਂਤੀਪੂਰਨ ਢੰਗ ਨਾਲ ਰੋਸ ਮਾਰਚ ਕਰਨ ਦਾ ਫ਼ੈਸਲਾ ਕੀਤਾ। ਫ਼ਲਸਰੂਪ, ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਓਡਵਾਇਰ ਨੇ ਇਸ ਰੋਸ ਮਾਰਚ ਦੀ ਅਗਵਾਈ ਕਰਨ ਵਾਲੇ ਸਭ ਤੋਂ ਅਹਿਮ ਆਗੂਆਂ ਡਾ. ਕਿਚਲੂ ਅਤੇ ਡਾ. ਸੱਤਪਾਲ ਨੂੰ ਗ੍ਰਿਫ਼ਤਾਰ ਕਰਕੇ ਬਿਨਾਂ ਮੁਕੱਦਮਾ ਚਲਾਇਆਂ ਪੰਜਾਬ ਬਦਰ ਕਰਨ ਦਾ ਹੁਕਮ ਦਿੱਤਾ। ਮੌਲਵੀ ਗੁਲਾਮ ਜਿਲਾਨੀ ਨੇ 9 ਅਪਰੈਲ ਨੂੰ ਰਾਮ ਨੌਵੀਂ ਦੇ ਜਲੂਸ ਨੂੰ ਜਥੇਬੰਦ ਕਰਨ ਅਤੇ ਤਰਤੀਬ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਮੌਲਵੀ ਜਿਲਾਨੀ ਨੇ ਗ੍ਰਿਫ਼ਤਾਰੀ ਉਪਰੰਤ ਬੇਹੱਦ ਤਸੀਹੇ ਝੱਲ ਕੇ ਵੀ ਕੌਮੀ ਆਗੂਆਂ ਵਿਰੁੱਧ ਗਵਾਹੀ ਨਹੀਂ ਸੀ ਦਿੱਤੀ। ਇਸ ਦੇ ਉਲਟ 13 ਅਪਰੈਲ ਵਾਲੇ ਇਕੱਠ ਲਈ ਚੌਧਰੀ ਬੁੱਗਾ ਮੱਲ, ਮਹਾਸ਼ਾ ਰਤਨ ਰੱਤੋ ਅਤੇ ਪੰਡਿਤ ਕੋਟੂ ਮੱਲ ਨਾਲ ਗਲੀ-ਬਾਜ਼ਾਰੀਂ ਸਰਗਰਮ ਹੋ ਗਿਆ।
10 ਅਪਰੈਲ ਦੀ ਸਵੇਰ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਈਲਜ਼ ਇਰਵਿੰਗ ਨੇ ਡਾ. ਕਿਚਲੂ ਅਤੇ ਡਾ. ਸੱਤਪਾਲ ਨੂੰ ਗ੍ਰਿਫ਼ਤਾਰ ਕਰਕੇ ਧਰਮਸ਼ਾਲਾ ’ਚ ਨਜ਼ਰਬੰਦ ਕਰ ਦਿੱਤਾ। ਪ੍ਰਸਿੱਧ ਇਤਿਹਾਸਕਾਰ ਪ੍ਰੋ. ਵੀ.ਐਨ. ਦੱਤਾ ਨੇ ਆਪਣੀ ਪੁਸਤਕ ‘ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ’ ਵਿਚ ਲਿਖਿਆ: ‘‘10 ਅਪਰੈਲ ਦੇ ਦੁਖ਼ਾਂਤ, ਜਿਹੜੇ ਇਨ੍ਹਾਂ ਗ੍ਰਿਫ਼ਤਾਰੀਆਂ ਦੇ ਪ੍ਰਤੀਕਰਮ-ਦਰ-ਪ੍ਰਤੀਕਰਮ ਵਜੋਂ ਵਾਪਰੇ, ਨੂੰ ਰੋਕਿਆ ਜਾ ਸਕਦਾ ਸੀ, ਪਰ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕੀ।’’ ਰੇਲ ਪੁਲ ਸਾਕੇ ਵਿਚ 22 ਲੋਕ ਮਾਰੇ ਗਏ ਜਿਸ ਵਿਚ ਸੇਵਾ ਸਿੰਘ, ਰਾਮ ਸਿੰਘ ਵਰਗੇ ਸਿੱਖ ਵੀ ਸਨ, ਦੀਆ ਰਾਮ, ਹਰੀ ਪ੍ਰਸਾਦ, ਭਾਨਾ ਬਾਹਮਣ ਵਰਗੇ ਹਿੰਦੂ ਅਤੇ ਉਮਰਦੀਨ, ਮੁਹੰਮਦ ਸ਼ਰੀਫ਼ ਤੇ ਸੁਰਜੀਤ ਦੀਨ ਵਰਗੇ ਮੁਸਲਮਾਨ ਵੀ।
ਸਿੱਟਾ ਇਹ ਨਿਕਲਿਆ ਕਿ ਲੋਕ ਬਾਗ਼ੀ ਹੋ ਗਏ। ਹਕੂਮਤ ਵੱਲੋਂ ਥਾਂ-ਥਾਂ ਸਖ਼ਤ ਲਾਠੀਚਾਰਜ ਅਤੇ ਕਿਤੇ-ਕਿਤੇ ਗੋਲੀ ਬਾਰੂਦ ਦੀ ਵਰਤੋਂ ਕਰਕੇ ਬਗ਼ਾਵਤ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਵੇਲੇ ਦਾ ਕਦੇ ਜ਼ਾਹਰਾ, ਕਦੇ ਗੁਪਤ ਚੱਲਦਾ ‘ਡੰਡਾ ਅਖ਼ਬਾਰ’ ਲਿਖ਼ਦਾ: ‘ਚੇਤੇ ਕਰੋ, ਅੰਮ੍ਰਿਤਸਰ ਵਿਚ 10 ਅਪਰੈਲ ਨੂੰ ਹਿੰਦੂ, ਸਿੱਖ ਤੇ ਮੁਸਲਮਾਨ ਭਰਾ ਸ਼ਹੀਦ ਕਰ ਦਿੱਤੇ ਗਏ। ਕੀ ਇਸ ਨਾਲ ਤੁਹਾਡਾ ਖ਼ੂਨ ਨਹੀਂ ਖ਼ੌਲਦਾ? ਜਿਹੜੇ 12 ਅਪਰੈਲ ਨੂੰ ਹੀ ਮੰਡੀ ਵਿਚ ਤੇ ਉਸ ਤੋਂ ਪਹਿਲਾਂ ਗੱਡੀ ਵਾਲਾ ਪੁਲ ’ਤੇ ਮਾਰੇ ਗਏ। ਕੀ ਉਹ ਸਾਡੇ ਭਰਾ ਨਹੀਂ? ਹੱਕ ਤੇ ਬਦਲਾ। ਅਨੇਕਾਂ ਲੇਖਕ ਅਤੇ ਸਮਾਜਿਕ ਵਿਅਕਤੀ ਜੋ ਅੰਦੋਲਨ ਨਾਲ ਜੁੜੇ ਸਨ, ਨੂੰ ਸਜ਼ਾ-ਏ-ਮੌਤ ਦਿੱਤੀ ਗਈ। ਉਨ੍ਹਾਂ ਵਿਚ ਕੁਝ ਇਹ ਸਨ- ਹਰਕਿਸ਼ਨ ਲਾਲ, ਰਾਮਭੱਜ ਦੱਤ, ਧਰਮਦਾਸ ਗੋਕਲ ਤੇ ਮੋਤਾ ਸਿੰਘ ਅਤੇ ਮੋਸ਼ੀਨ ਸ਼ਾਹ, ਅੱਲਾਦੀਨ।’
ਬਕੌਲ ਵਕੀਲ ਮਕਬੂਲ ਅਹਿਮਦ: ‘‘ਮੈਂ 1918 ਤੋਂ ਵਕਾਲਤ ਕਰ ਰਿਹਾ ਹਾਂ। ਕਾਂਗਰਸ ਦੀਆਂ ਸਵਾਗਤੀ ਅਤੇ ਕਾਰਗਾਰ ਕਮੇਟੀਆਂ; ਦੋਵਾਂ ਦਾ ਮੈਂਬਰ ਹਾਂ। ਮੈਂ ਹਿੰਦੂ ਮੁਸਲਿਮ ਇਤਫ਼ਾਕ ਲਈ ਵੀ ਕੰਮ ਕਰਦਾ ਹਾਂ। ਦਸ ਅਪਰੈਲ ਨੂੰ ਡਾ. ਕਿਚਲੂ ਤੇ ਡਾ. ਸੱਤਪਾਲ ਦੇ ਜੂਹ-ਬਦਰ ਕੀਤੇ ਜਾਣ ਕਾਰਨ ਲੋਕਾਂ ਵਿਚ ਭਾਰੀ ਰੋਹ ਸੀ। ਲੋਕਾਂ ਦੀ ਭੀੜ ਡਿਪਟੀ ਕਮਿਸ਼ਨਰ ਨੂੰ ਮਿਲਣਾ ਚਾਹੁੰਦੀ ਸੀ। ਅਫ਼ਸੋਸ, ਉਨ੍ਹਾਂ ਬੇਕੂਸਰਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਉਸੇ ਵਕਤ ਡਾਕਖਾਨੇ ਵਾਲੇ ਪਾਸਿਓਂ ਗੋਲੀ ਚੱਲ ਗਈ। ਲੋਕ ਗੱਡੀ ਵਾਲੇ ਪੁਲ (ਹੁਣ ਭੰਡਾਰੀ ਪੁਲ) ਵੱਲ ਭੱਜੇ। ਕੁਝ ਲੋਕ ਭੜਕ ਗਏ। ਫ਼ੌਜੀਆਂ ਨੇ ਬਿਨਾਂ ਖ਼ਬਰਦਾਰ ਕੀਤਿਆਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।’’ ਕਾਂਗਰਸ ਕਮੇਟੀ ਸਾਹਵੇਂ ਠੋਕਵੀਆਂ ਗਵਾਹੀਆਂ ਦੇਣ ਵਾਲਿਆਂ ਵਿਚ ਮੀਆਂ ਹੁਸੈਨ ਸ਼ਾਹ ਅਤੇ ਵਕੀਲ ਗੁਲਾਮ ਯਾਸੀਨ ਵੀ ਸ਼ਾਮਿਲ ਸੀ।
ਹਰ ਥਾਂ ਸੰਘਰਸ਼ੀ ਜ਼ਖ਼ਮੀ ਹੋਏ ਤੇ ਮਾਰੇ ਗਏ ਜੋ ਸਾਰੀਆਂ ਧਿਰਾਂ ਵਿਚੋਂ ਸਨ। ਸ਼ਹੀਦਾਂ ਦੀਆਂ ਲਾਸ਼ਾਂ ਹਾਲ ਬਾਜ਼ਾਰ ਸਥਿਤ ਖ਼ੈਰ-ਉਦ-ਦੀਨ ਮਸਜਿਦ ਵਿਚ ਰੱਖੀਆਂ ਗਈਆਂ। ਕਿਮ ਵੈਗਨਰ ਅਨੁਸਾਰ: ‘‘ਸ਼ਹੀਦਾਂ ਲਈ ਹਿੰਦੂਆਂ ਅਤੇ ਮੁਸਲਮਾਨਾਂ ਨੇ ਆਪਣੀਆਂ ਪ੍ਰਾਰਥਨਾਵਾਂ ਇਕ ਥਾਂ ਖੜ੍ਹ ਕੇ ਕੀਤੀਆਂ। ਹਿੰਦੂਆਂ ਦੇ ਸਸਕਾਰ ਲਈ ਲੱਕੜਾਂ ਮੁਸਲਮਾਨ ਲੈ ਕੇ ਆਏ ਅਤੇ ਆਪਣੀ ਵਾਰੀ ’ਤੇ ਹਿੰਦੂਆਂ ਨੇ ਮੁਸਲਮਾਨਾਂ ਲਈ ਕਬਰਾਂ ਪੁੱਟੀਆਂ।’’
ਰੋਸ ਵਜੋਂ 13 ਅਪਰੈਲ ਨੂੰ ਜੱਲ੍ਹਿਆਂਵਾਲਾ ਬਾਗ਼ ਵਿਖੇ ਵੱਡਾ ਇਕੱਠ ਹੋਇਆ ਜਿਸ ਉੱਤੇ ਸਰਕਾਰ ਹਿੰਦ ਦੀ ਸਹਿਮਤੀ ਅਤੇ ਮੌਕੇ ਦੇ ਅਫ਼ਸਰਾਂ ਦੇ ਹੁਕਮਾਂ ਨਾਲ ਸ਼ਾਹੀ ਦਸਤਾਵੇਜ਼ਾਂ ਅਨੁਸਾਰ 1650 ਗੋਲੀਆਂ (ਤਕਰੀਬਨ 50 ਸਿਪਾਹੀਆਂ ਨੇ ਬਿਨਾਂ ਚਿਤਾਵਨੀ ਦਿੱਤਿਆਂ) ਚਲਾਈਆਂ, 379 ਬੰਦੇ ਮਾਰੇ ਗਏ, 1137 ਜ਼ਖ਼ਮੀ ਹੋਏ।’’ ਭਾਰਤੀ ਸਰੋਤ ਇਹ ਗਿਣਤੀ ਕਿਤੇ ਵੱਧ ਦੱਸਦੇ ਹਨ। ਭਗਦੜ ਵਿਚ ਜਾਂ ਡਰੇ ਹੋਏ ਲੋਕਾਂ ਨੇ ਆਪਣੇ ਬਚਾਅ ਹਿੱਤ ਖੂਹ ਵਿਚ ਛਾਲਾਂ ਮਾਰ ਦਿੱਤੀਆਂ ਸਨ ਜਿਸ ਵਿੱਚੋਂ 120 ਲਾਸ਼ਾਂ ਕੱਢੀਆਂ ਗਈਆਂ। ਇਹ ਲਾਸ਼ਾਂ ਸਿਰਫ਼ ਹਿੰਦੂਆਂ ਦੀਆਂ ਨਹੀਂ ਸਗੋਂ ਮੁਸਲਮਾਨਾਂ ਦੀਆਂ ਵੀ ਸਨ। ਇਉਂ ਜੱਲ੍ਹਿਆਂਵਾਲਾ ਬਾਗ਼ ਸਭ ਦੀ ਸਾਂਝੀ ਕੌਮੀ ਯਾਦਗਾਰ ਬਣ ਗਿਆ।
ਜੱਲ੍ਹਿਆਂਵਾਲਾ ਬਾਗ਼ ਤ੍ਰਾਸਦੀ ਬਾਰੇ ਸਾਰੀਆਂ ਧਿਰਾਂ ਵੱਲੋਂ ਬਣਾਈ ਜਾਣ ਵਾਲੀ ਯਾਦਗਾਰ ਸਬੰਧੀ ਮਹਾਤਮਾ ਗਾਂਧੀ ਨੇ ਆਪਣੇ ਹਫ਼ਤਾਵਾਰੀ ਅਖ਼ਬਾਰ ‘ਯੰਗ ਇੰਡੀਆ’ ਵਿਚ ਲਿਖ਼ਿਆ: ‘‘ਮਾਰੇ ਗਏ ਬੇਕਸੂਰ ਲੋਕਾਂ ਦੀ ਸਿਮਰਤੀ ਨੂੰ ਇਕ ਪਵਿੱਤਰ ਟਰੱਸਟ ਵਜੋਂ ਲਿਆ ਜਾਣਾ ਚਾਹੀਦਾ ਹੈ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਲੋੜ ਪੈਣ ’ਤੇ ਦੇਸ਼ ਵਾਸੀਆਂ ਤੋਂ ਮਦਦ ਦੀ ਉਮੀਦ ਕਰਨ ਦਾ ਹੱਕ ਹੋਵੇਗਾ। ਯਾਦਗਾਰ ਦਾ ਬੁਨਿਆਦੀ ਅਰਥ ਇਹੋ ਹੈ।’’ ਉਨ੍ਹਾਂ ਨੇ ਲਿਖਿਆ, ‘‘ਅਤੇ ਕੀ ਇੱਥੇ ਮੁਸਲਮਾਨਾਂ ਦਾ ਖ਼ੂਨ ਹਿੰਦੂਆਂ ਦੀ ਰੱਤ ਨਾਲ ਨਹੀਂ ਮਿਲਿਆ? ਕੀ ਇੱਥੇ ਸਿੱਖਾਂ ਦਾ ਲਹੂ ਸਨਾਤਨੀਆਂ ਦੇ ਖ਼ੂਨ ਨਾਲ ਨਹੀਂ ਰਲਿਆ? ਇਹ ਯਾਦਗਾਰ ਹਿੰਦੂ-ਮੁਸਲਿਮ ਏਕਤਾ ਦੀ ਕਾਇਮੀ ਲਈ ਇਮਾਨਦਾਰ ਤੇ ਲਗਾਤਾਰ ਕੋਸ਼ਿਸ਼ਾਂ ਦਾ ਕੌਮੀ ਪ੍ਰਤੀਕ ਬਣਨੀ ਚਾਹੀਦੀ ਹੈ।’’
ਸਾਕਾ ਜੱਲ੍ਹਿਆਂਵਾਲੇ ਬਾਗ਼ ਦੇ ਬਹੁਪਰਤੀ ਸਿੱਟੇ ਸਾਹਮਣੇ ਆਏ। ਇਸ ਮਗਰੋਂ ਬਰਤਾਨਵੀ ਸ਼ਾਸਕਾਂ ਨੂੰ ਸਥਾਨਕ ਲੋਕਾਂ ਦਾ ਸਹਿਯੋਗ ਮਿਲਣਾ ਬੰਦ ਹੋ ਗਿਆ। ਇਸ ਦੇ ਨਾਲ ਹੀ ਹਿੰਦੂਆਂ ਤੇ ਮੁਸਲਮਾਨਾਂ ਦਰਮਿਆਨ ਆਪਸੀ ਸੂਝ-ਬੂਝ ਕਾਇਮ ਹੋਈ। ਇਸ ਨਾਲ ਇਨਕਲਾਬੀ ਧੜਿਆਂ ਨੂੰ ਹੁੰਗਾਰਾ ਮਿਲਿਆ ਜਿਨ੍ਹਾਂ ਦੀਆਂ ਸਰਗਰਮੀਆਂ ਦਾ ਨਿਸ਼ਾਨਾ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਦੇਸ਼ ਤੋਂ ਸਾਮਰਾਜ ਦਾ ਜੂਲਾ ਪਰ੍ਹੇ ਵਗਾਹ ਮਾਰਨਾ ਸੀ। ਜਲੰਧਰੋਂ, ਅੰਮ੍ਰਿਤਸਰ ਨੂੰ ਤੁਰਦਿਆਂ ਖ਼ੁਦ ਡਾਇਰ ਨੇ ਆਪਣੇ ਬੇਟੇ ਕੈਪਟਨ ਇਵੋਨ ਨੂੰ ਕਿਹਾ ਸੀ, ‘‘ਹਿੰਦੂ ਅਤੇ ਮੁਸਲਮਾਨ ’ਕੱਠੇ ਹੋ ਚੁੱਕੇ ਹਨ। ਇਹ ਹਕੂਮਤ ਲਈ ਖ਼ਤਰਨਾਕ ਹੈ।’’
ਜੱਲ੍ਹਿਆਂਵਾਲੇ ਬਾਗ਼ ਨਾਲ ਜੁੜੀ ਲਹਿਰ ਦੀ ਅਹਿਮ ਪ੍ਰਾਪਤੀ ਹਿੰਦੂ, ਸਿੱਖ, ਮੁਸਲਮਾਨ ਏਕਤਾ ਸੀ ਜਿਸ ਦੀ ਗੂੰਜ ਪੰਜਾਬੀ ਸਾਹਿਤ ਵਿਚ ਬਹੁਤ ਉੱਚੀ ਸੁਣਾਈ ਦਿੱਤੀ। ਫ਼ੀਰੋਜ਼ਦੀਨ ਸ਼ਰਫ਼, ਮੁਹੰਮਦ ਹੁਸੈਨ ਅੰਮ੍ਰਿਤਸਰੀ, ਅਮੀਰ ਅਲੀ ਅਮਰ, ਹੁਸੈਨ ਖ਼ੁਸ਼ਨੂਦ, ਅਬਦੁਲ ਕਾਦਰ ਬੇਗ, ਜਾਚਕ, ਗੁਲਾਮ ਰਸੂਲ ਲੁਧਿਆਣਵੀ ਤੇ ਨਾਨਕ ਸਿੰਘ, ਰਣਜੀਤ ਸਿੰਘ ਤਾਜਵਰ, ਗਿਆਨੀ ਹੀਰਾ ਸਿੰਘ ਦਰਦ, ਸੂਰਤ ਸਿੰਘ, ਵਿਧਾਤਾ ਸਿੰਘ ਤੀਰ ਅਤੇ ਈਸ਼ਵਰ ਦਾਸ ਆਦਿ ਨੇ ਅੰਗਰੇਜ਼ਾਂ ਦੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾਈ। ਰਾਬਿੰਦਰਨਾਥ ਟੈਗੋਰ ਵਰਗਿਆਂ ਨੇ ਵੱਡੇ ਖ਼ਿਤਾਬ ਵਾਪਸ ਕਰ ਦਿੱਤੇ। ਉਸ ਵੇਲੇ ਦੀ ਫ਼ਿਰਕੂ ਏਕਤਾ ਦੀ ਭਾਵਨਾ ਅਤੇ ਸਾਂਝੀਆਂ ਕੁਰਬਾਨੀਆਂ ਬਾਰੇ ਸ਼ਰਫ਼ ਨੇ ਤਰਾਹ ਮਿਸਰੇ ਵਿਚ ਲਿਖਿਆ ‘ਡੁੱਲ੍ਹਿਆ ਖ਼ੂਨ ਹਿੰਦੂ ਮੁਸਲਮਾਨ ਇੱਥੇ’ ਦੀ ਵੰਨਗੀ ਵੇਖੋ:
…ਇੱਕ ਰੂਪ ਅੰਦਰ ਡਿੱਠਾ ਸਾਰਿਆਂ ਨੇ,
ਉਹ ‘ਰਹੀਮ’ ‘ਕਰਤਾਰ’ ‘ਭਗਵਾਨ’ ਏਥੇ।
ਹੋਏ ‘ਜ਼ਮਜ਼ਮ’ ਤੇ ‘ਗੰਗਾ’ ਇੱਕ ਥਾਂ ਕੱਠੇ,
ਰਲਿਆ ਖ਼ੂਨ ਹਿੰਦੂ ਮੁਸਲਮਾਨ ਏਥੇ।
ਮੁਹੰਮਦ ਇਕਬਾਲ, ਸਰੋਜਨੀ ਨਾਇਡੂ ਤੇ ਤਰਲੋਕ ਚੰਦ ਮਹਿਰੂਮ ਨੇ ਵੀ ਇਸ ਸਬੰਧੀ ਆਵਾਜ਼ ਉਠਾਈ। ਭਗਤ ਸਿੰਘ, ਊਧਮ ਸਿੰਘ ਅਤੇ ਹੋਰ ਅਨੇਕਾਂ ਜਵਾਨ ਇਸ ਸਾਕੇ, ਫ਼ਿਰਕੂ ਏਕਤਾ ਅਤੇ ਸਾਂਝੇ ਘੋਲਾਂ ਤੋਂ ਵੀ ਪ੍ਰਭਾਵਿਤ ਹੋਏ ਅਤੇ ਵੇਲੇ ਦੇ ਸਾਹਿਤ ਤੋਂ ਵੀ। 13 ਅਪਰੈਲ 1919 ਨੂੰ ਸ਼ਹੀਦ ਹੋਏ ਮੁਸਲਮਾਨ ਹਮਸਾਇਆਂ ਦੀ ਸੂਚੀ:
ਜੱਲ੍ਹਿਆਂਵਾਲੇ ਬਾਗ਼ ਤ੍ਰਾਸਦੀ ਵਿਚ ਸ਼ਹੀਦ ਹੋਣ ਵਾਲੇ ਮੁਸਲਮਾਨ (ਨਾਂ/ਵਲਦੀਅਤ)
ਉਮਰ ਬੀਬੀ/ ਇਮਾਮਦੀਨ, ਉਮਰ ਬਖ਼ਸ਼/ ਈਦਾ ਸ਼ੇਖ਼, ਉਮਰਦੀਨ/ ਮੁਹੰਮਦ ਦੀਨ, ਅਬਦੁੱਲਾ/ ਪੀਰ ਬਖ਼ਸ਼, ਅਬਦੁੱਲਾ/ ਲਾਲ ਮੁਹੰਮਦ, ਅਹਿਮਦ ਉੱਲਾ/ ਕਰੀਮ ਬਖ਼ਸ਼, ਅਬਦੁੱਲ ਕਰੀਮ/ ਪੀਰ ਬਖ਼ਸ਼, ਅਬਦੁੱਲ ਕਰੀਮ/ ਲਾਲ ਮੁਹੰਮਦ, ਅਬਦੁਲ ਖ਼ਾਲਿਦ/ ਰਹੀਮ ਖ਼ਾਂ, ਅਹਿਮਦ ਖ਼ਾਂ/ ਦਾਰਾ ਖ਼ਾਂ, ਅਬਦੁੱਲ ਮਜੀਦ/ ਭੋਂਦੂ ਕਹਾਰ, ਅਬਦੁੱਲ ਸਾਜਿਦ/ ਰਹੀਮ ਬਖ਼ਸ਼, ਅਹਿਮਦ ਦੀਨ/ ਦੀਨ ਮੁਹੰਮਦ, ਅਹਿਮਦ ਦੀਨੀ/ ਲੁਹਾਰਾ, ਅੱਲਾ ਦਿੱਤਾ/ ਮੇਘਾ, ਅੱਲਾ ਬਖ਼ਸ਼/ ਲੁਹਾਰ, ਇਬਰਾਹੀਮ/ ਇਮਾਮਦੀਨ, ਇਲਮ ਦੀਨ/ ਚੱਕ ਮੁਕੰਦ, ਇਸਮਾਈਲ/ ਨਿਜਾਦ, ਹਾਮਿਦ/ ਅਹਿਮਦ ਦੀਨ, ਹਸਨ ਮੁਹੰਮਦ/ ਫ਼ਜ਼ਲਦੀਨ ਅਰਾਈ, ਹੱਸੀ/ ਸਿਕੰਦਰ ਸੁਨਿਆਰ, ਕਰੀਮ ਬਖ਼ਸ਼/ ਚੌਕੀਦਾਰ, ਲਾਮ ਮੁਹੰਮਦ/ ਰਹੀਮ ਬਖ਼ਸ਼, ਗੁਲਾਮ ਮੋਹੀਉਦੀਨ/ ਮੁਹੰਮਦ ਜਾਨ ਬੱਟ ਕਸ਼ਮੀਰੀ, ਗੁਲਾਮ ਰਸੂਲ/ ਸਮਦ ਸ਼ਾਹ, ਚਿਰਾਗਦੀਨ/ ਮੁਹੰਮਦ ਬਖ਼ਸ਼, ਤਾਜਦੀਨ ਹਾਫ਼ਿਜ਼/ ਅਲੀ ਮੁਹੰਮਦ, ਮੁੱਲਾ ਅਲੀ/ ਮੁਹੰਮਦ, ਨੂਰ ਮੁਹੰਮਦ/ ਬੂਟਾ ਅਰਾਈ, ਫ਼ਜ਼ਲ/ ਮੌਲਾ ਬਖ਼ਸ਼, ਫ਼ਿਰੋਜ਼ਦੀਨ ਸ਼ਾਹ/ ਮੁਹੰਮਦ ਸਨਿਆਰਾ, ਬਰਕਤ/ ਭਿੱਲਾ ਸ਼ੇਖ਼, ਬਰਕਤ ਅਲੀ/ ਇਲਾਹੀ ਬਖਸ਼, ਭੀਰੂ ਉਰਫ਼ ਨਿਜ਼ਾਮੂਦੀਨ/ ਲੱਬੀ ਗੁੱਜਰ, ਮਹਿਬੂਬ ਸ਼ਾਹ/ ਮੀਰ ਮੁਹੰਮਦ, ਮੀਰਾਂ ਬਖ਼ਸ਼/ ਸੁਨਿਆਰ, ਮੁਹੰਮਦ ਇਸਮਾਈਲ/ ਕਰਮਦੀਨ ਉਰਫ਼ ਕਾਲੂ ਕਸ਼ਮੀਰੀ, ਮੁਹੰਮਦ ਰਮਜਾਨ/ ਰਹੀਮ ਬਖ਼ਸ਼ ਕਸ਼ਮੀਰੀ, ਮੁਹੰਮਦ ਸਾਦਿਕ/ ਮੁਰਾਦ ਬਖ਼ਸ਼ ਸ਼ੇਖ਼, ਮੁਹੰਮਦ ਸ਼ਫੀ/ ਰਹੀਮ ਬਖ਼ਸ਼, ਮੁਹੰਮਦ ਸ਼ਫ਼ੀ/ ਜਾਨ ਮੁਹੰਮਦ, ਮੁਹੰਮਦ ਸ਼ਰੀਫ਼/ ਮੁਹੰਮਦ ਰਮਜਾਨ, ਮੁਹੰਮਦ ਬਖ਼ਸ਼/ ਰਾਜਗਿਰੀ, ਮੁਸ਼ਾ/ ਜਲਾਲਦੀਨ ਕਸ਼ਮੀਰੀ, ਫ਼ਤਿਹ ਮੁਹੰਮਦ/ ਮੁਹੰਮਦ ਰੰਗਸਾਜ, ਰਹਿਮਤ/ ਨਵਾਬਦੀਨ ਸ਼ੇਖ਼, ਰੁਕਤਦੀਨ/ ਇਲਾਹੀ ਬਖ਼ਸ਼, ਸ਼ਮਸਦੀਨ/ ਸਿਕੰਦਰ ਸੁਨਿਆਰਾ, ਸ਼ਰਫ਼ਦੀਨ/ ਜਮਾਲਦੀਨ, ਖ਼ੈਰਦੀਨ/ ਮੰਗਤ ਤੇਲੀ, ਖ਼ੁਦਾ ਬਖ਼ਸ/ ਸ਼ਾਹੀ ਫ਼ਕੀਰ।
ਭਾਰਤ ਦੀ ਆਜ਼ਾਦੀ ਦੇ ਘੋਲ ਵਿਚ ਹਰ ਭਾਈਚਾਰੇ ਦੇ ਪੁਰਖ਼ਿਆਂ ਦਾ ਯੋਗਦਾਨ ਸੀ। ਕੋਈ ਕਿੰਨਾ ਵੀ ਫ਼ਿਰਕੂ ਅਤੇ ਨਫ਼ਰਤੀ ਪ੍ਰਚਾਰ ਕਰ ਲਵੇ, ਪਰ ਮਾਤ-ਭੂਮੀ ਦੀ ਆਜ਼ਾਦੀ ਲਈ ਮੁਸਲਿਮ ਦੇਸ਼ਭਗਤਾਂ ਦੀ ਅਮਰ ਗਾਥਾ ਨੂੰ ਮਿਟਾਇਆ ਨਹੀਂ ਜਾ ਸਕਦਾ।

ਸੰਪਰਕ: 94634-39075 

ਕੌਮ ਵਾਸਤੇ ਹੋ ਗਏ ਕੁਰਬਾਨ ਏਥੇ

ਲਿਖਾਂ ਕੀ ਮੈਂ, ਕਲਮ ਨਾ ਲਿਖਦੀ ਏ,
ਜੋ ਜੋ ਜ਼ੁਲਮ ਦਾ ਹੋਇਆ ਸਾਮਾਨ ਏਥੇ।
ਮਲਕੁਲ ਮੌਤ ਦਾ ਰੂਹ ਵੀ ਕੰਬਦਾ ਏ,
ਕਰਦਾ ਜਦੋਂ ਵੀ ਕਦੀ ਧਿਆਨ ਏਥੇ।
ਮਿਸਲ ਕਣਕ ਦੇ ਸੀਨੇ ਵਿਚ ਫੱਟ ਹੋਇਆ,
ਵਾਂਗ ਜਵਾਂ ਦੇ ਭੁੱਜੇ ਇਨਸਾਨ ਏਥੇ।
ਸ਼ਰਬਤ ਅਜਲ ਦਾ ਪੀ ਗਏ ਸਮਝ ਅੰਮ੍ਰਿਤ,
ਖਾ ਖਾ ਗੋਲੀਆਂ ਮੋਏ ਜਵਾਨ ਏਥੇ।
ਜਦੋਂ ਤੀਕ ਹੈ ਇਹ ਜ਼ਮੀਨ ਅੰਦਰ,
ਕਹਿੰਦਾ ਰਹੇਗਾ ਇਹ ਅਸਮਾਨ ਏਥੇ।
‘ਭਾਰਤ ਮਾਤਾ’ ਦੇ ਸੱਚੇ ਸਪੂਤ ਪਿਆਰੇ,
ਕੌਮ ਵਾਸਤੇ ਹੋ ਗਏ ਕੁਰਬਾਨ ਏਥੇ।
‘ਨੌਨਿਹਾਲ’ ਕਈ ਜੜ੍ਹਾਂ ਤੋਂ ਪਟ ਸੁੱਟੇ,
‘ਜੇਹੀਆਂ ਸਖਤ ਅੰਧੇਰੀਆਂ ਛੁੱਟੀਆਂ ਸਨ।
ਇਹ ਉਹ ‘ਬਾਗ਼’ ਏ ਜੀਦੇ ਵਿਚ ‘ਹਾਏ’ ‘ਹਾਏ’,
ਮਦਨ ਮੋਹਨ ਜੇਹੀਆਂ ਕਲੀਆਂ ਟੁੱਟੀਆਂ ਸਨ।
‘ਰਤਨ ਦਈ’ ਨੇ ਲਾਲ ‘ਨੌਰਤਨ’ ਬਦਲੇ,
ਬੈਹਕੇ ਰਾਤ ਭਰ ਮੀਢੀਆਂ ਪੁੱਟੀਆਂ ਸਨ।
ਕਈਆਂ ‘ਨੱਥਾਂ’ ਦੇ ‘ਲਾਲ’ ਗਵਾਚ ਗਏ ਸਨ,
ਗਈਆਂ ਕਈ ‘ਸੁਹਾਗਨਾਂ’ ਲੁੱਟੀਆਂ ਸਨ।
‘ਨਾਮ ਲੇਵਾ’ ਨਾ ਕਈਆਂ ਦਾ ਰਿਹਾ ਕੋਈ,
ਹੋ ਗਏ ਔਤਰੇ ਕਈ ਖਾਨਦਾਨ ਏਥੇ।
‘ਭਾਰਤ ਮਾਤਾ’ ਦੇ ਸੱਚੇ ਸਪੂਤ ਪਿਆਰੇ,
ਕੌਮ ਵਾਸਤੇ ਹੋ ਗਏ ਕੁਰਬਾਨ ਏਥੇ।।2।।

– ਫੀਰੋਜ਼ਦੀਨ ਸ਼ਰਫ

ਸਿਆਪਾ ਡਾਇਰ ਦਾ

ਲਾਸ਼ਾਂ ਦਾ ਤੂੰ ਢੇਰ ਲਗਾਇਆ
ਤਰਸ ਦਿਲੇ ਵਿਚ ਮੂਲ ਨਾ ਆਇਆ
ਮਦਨ ਮੋਹਨ ਨੂੰ ਮਾਰ ਮੁਕਾਇਆ
ਬੱਸ ਨਹੀਂ ਕੁਛ ਮੇਰੇ,
ਲੱਗੇ ਗੋਲੀ ਡਾਇਰ ਓ ਤੇਰੇ
ਜੱਲ੍ਹਿਆਂ ਵਾਲੇ ਬਾਗ਼ ’ਤੇ ਜ਼ੁਲਮ ਕਮਾਇਆ।

ਹਿੰਦੂ, ਮੁਸਲਿਮ ਹੋ ਗਏ ’ਕੱਠੇ
ਨਾਲੇ ਖਾਲਸਾ ਭਾਈ ਰਲ ਕੇ
ਖਿਦਮਤ ਹਿੰਦ ਦੀ ਕਰਦੇ
ਗਾਂਧੀ ਦੇ ਬਣ ਕੇ ਚੇਰੇ,
ਲੱਗੇ ਗੋਲੀ ਡਾਇਰ ਓ ਤੇਰੇ
ਜੱਲ੍ਹਿਆਂ ਵਾਲੇ ਬਾਗ਼ ’ਤੇ ਜ਼ੁਲਮ ਕਮਾਇਆ।

– ਮੁਹੰਮਦ ਹੁਸੈਨ ਅਰਸ਼ਦ ਅੰਮ੍ਰਿਤਸਰੀ

ਭੈਣ ਦਾ ਵਿਰਲਾਪ

ਜੱਲ੍ਹਿਆਂ ਵਾਲੇ ਸ਼ਹੀਦ ਭਰਾ ਵੇ।
ਭੈਣ ਰੋਂਦੀ ਆ ਘਤ ਘਹਾ ਵੇ।
ਅੱਲ੍ਹਾ ਪਾਕ ਦੇ ਖਾਸ ਪਿਆਰਿਆਂ।
ਵਲੀਆਂ ਪੀਰਾਂ ਪੈਕੰਬਰਾਂ ਸਾਰਿਆਂ।
ਮੰਨੀ ਰੱਬ ਦੀ ਖਾਸ ਰਜ਼ਾ ਵੇ।
ਜੱਲ੍ਹਿਆਂ ਵਾਲੇ ਸ਼ਹੀਦ ਭਰਾ ਵੇ।
ਇਹ ਤਕਦੀਰ ਰੱਬ ਰਹੀਮ ਦੀ।
ਜੇਹੜੀ ਲਿਖੀ ਹੈ ਮੁੱਢ ਕਦੀਮ ਦੀ।
ਮੰਨ ਲਈ ਰਸੂਲ ਖੁਦਾ ਵੇ।
ਜੱਲ੍ਹਿਆਂ ਵਾਲੇ ਸ਼ਹੀਦ ਭਰਾ ਵੇ।
ਏਹ ਤਕਦੀਰ ਇਮਾਮ ਹੁਸੈਨ ਨੇ।
ਬੀਬੀ ਫਾਤਮਾਂ ਦੇ ਨੂਰਾਇਨ ਨੇ।
ਮੰਨੀ ਕਰਬਲਾ ਵਿਚ ਜਾ ਵੇ।
ਜੱਲ੍ਹਿਆਂ ਵਾਲੇ ਸ਼ਹੀਦ ਭਰਾ ਵੇ।
ਜਿਵੇਂ ਸਿਮਰ ਨੇ ਤੇਗਾਂ ਚਲਾਈਆਂ।
ਇਵੇਂ ਡਾਇਰ ਨੇ ਗੋਲੀ ਵਰਸਾਈਆਂ।
ਜੱਲ੍ਹਿਆਂ ਵਾਲਾ ਬਨਿਆ ਕਰਬਲਾ ਵੇ।
ਜੱਲ੍ਹਿਆਂ ਵਾਲੇ ਸ਼ਹੀਦ ਭਰਾ ਵੇ।

– ਮੁਹੰਮਦ ਹੁਸੈਨ ਖੁਸ਼ਨੂਦ


Comments Off on ਹਰ ਧਰਮ ਦੇ ਲੋਕਾਂ ’ਚ ਉਮੜੀ ਤਾਂਘ ਆਜ਼ਾਦੀ ਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.