ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸਾਕਾ ਨਨਕਾਣਾ ਸਾਹਿਬ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    

ਸੁਧਾਰ ਦਾ ਮਾਰਗ ਦੱਸਦੀ ਪੁਸਤਕ

Posted On January - 19 - 2020

ਬ੍ਰਹਮਜਗਦੀਸ਼ ਸਿੰਘ

ਭਾਈ ਹਰਿਸਿਮਰਨ ਸਿੰਘ ‘ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼’ ਦੇ ਮੰਚ ਤੋਂ ਗੁਰਬਾਣੀ ਅਤੇ ਗੁਰਮਤਿ ਦਾ ਦੀਰਘ ਅਧਿਐਨ ਕਰਨ ਵਾਲਾ ਸਮਰਪਿਤ ਵਿਦਵਾਨ ਹੈ। ਗੁਰੂ ਨਾਨਕ ਦੇਵ ਜੀ ਅਤੇ ਸਿੱਖ ਫਿਲਾਸਫੀ ਦੇ ਵਿਸਮਾਦ ਸਿਧਾਂਤ (ਜੋ ਆਸਾ ਦੀ ਵਾਰ ਵਿਚ ਕਾਫ਼ੀ ਵਿਸਤਾਰ ਨਾਲ ਪੇਸ਼ ਹੋਇਆ ਹੈ) ਦੀ ਸਰਬਪੱਖੀ ਵਿਆਖਿਆ ਕਰਨ ਤੋਂ ਬਾਅਦ ਉਹ ਇਸ ਨਿਸ਼ਕਰਸ਼ ਦੀ ਪੇਸ਼ਕਾਰੀ ਕਰ ਰਿਹਾ ਹੈ ਕਿ ਇਹ ਸਿਧਾਂਤ ਸਮਕਾਲੀ ਵਿਸ਼ਵ ਵਿਚਾਰਧਾਰਾ, ਜੋ ਇਕ ਗੰਭੀਰ ਸੰਕਟ ਵਿਚ ਫਸੀ ਹੋਈ ਹੈ, ਲਈ ਇਕ ਤੀਜਾ ਬਦਲ ਹੋ ਸਕਦਾ ਹੈ। ਪੂੰਜੀਵਾਦ ਅਤੇ ਸਾਮਵਾਦ ਦੋਵੇਂ ਮਾਡਲ ਹੀ ਮਾਨਵਤਾ ਦਾ ਕਲਿਆਣ ਨਹੀਂ ਕਰ ਸਕੇ। ਸਾਮਵਾਦ ਤਾਂ ਲਗਭਗ ਦੋ-ਤਿੰਨ ਦਹਾਕੇ ਪਹਿਲਾਂ ਚਰਮਰਾ ਹੀ ਚੁੱਕਾ ਹੈ। ਹੁਣ ਪੂੰਜੀਵਾਦ ਵੀ ਬੜੀ ਤੇਜ਼ੀ ਨਾਲ ਪਤਨ ਵੱਲ ਵਧ ਰਿਹਾ ਹੈ। ਇਸ ਸੰਕਟਕਾਲੀਨ ਸਥਿਤੀ ਵਿਚ ਜੇ ਪੂਰਾ ਵਿਸ਼ਵ ਵਿਸਮਾਦੀ ਮਾਡਲ ਨੂੰ ਅਪਣਾ ਲਵੇ ਤਾਂ ਇਸ ਨਾਲ ਮਨੁੱਖੀ ਜੀਵਨ ਅਤੇ ਆਚਾਰ-ਵਿਹਾਰ ਦੇ ਸਾਰੇ ਉਲਾਰ-ਵਿਗਾੜ ਸੁਲਝ ਜਾਣਗੇ। ਲੇਖਕ ਅਨੁਸਾਰ ਸੱਭਿਅਤਾਵਾਂ ਦੇ ਟਕਰਾਉ ਕਾਰਨ ਮਾਨਵੀ ਵਿਨਾਸ਼ ਦੇ ਭਿਆਨਕ ਸਿੱਟੇ ਨਿਕਲਣ ਦੇ ਆਸਾਰ ਬਣ ਰਹੇ ਹਨ। ਅਜਿਹੇ ਵਿਸਫੋਟਕ ਹਾਲਾਤ ਵਿਚ ਸੱਭਿਆਚਾਰਕ ਅਤੇ ਸਮਾਜਿਕ ਵੰਨ-ਸੁਵੰਨਤਾਵਾਂ ਦੀ ਇਕਸੁਰਤਾ, ਭਾਈਚਾਰਕ ਸਾਂਝ ਅਤੇ ਸਰਬੱਤ ਦੇ ਭਲੇ ਵਾਲੇ ਨਵੇਂ ਵਿਸਮਾਦੀ ਫ਼ਲਸਫ਼ੇ ਉੱਤੇ ਆਧਾਰਿਤ ਇਕ ਨਵਾਂ ਵਿਸ਼ਵ ਆਰਡਰ ਸਿਰਜਣਾ ਜ਼ਰੂਰੀ ਹੋ ਗਿਆ ਹੈ।
ਭਾਈ ਹਰਿਸਿਮਰਨ ਸਿੰਘ ਨੇ ਇਸ ਗ੍ਰੰਥ ਤੋਂ ਪਹਿਲਾਂ ਵੀ ਵਿਸਮਾਦੀ ਫ਼ਲਸਫ਼ੇ ਉਪਰ ਤਿੰਨ ਜਿਲਦਾਂ ਵਿਚ ਪ੍ਰਕਾਸ਼ਿਤ ਇਕ ਵੱਡੇ ਗ੍ਰੰਥ ਵਿਸਮਾਦ: ਤੀਸਰਾ ਬਦਲ (ਬ੍ਰਹਿਮੰਡ ਅਤੇ ਮਾਨਵ ਜਾਤੀ ਦਾ ਸਾਬਤ ਸਿਧਾਂਤ) (2016) ਦੀ ਰਚਨਾ ਕੀਤੀ ਸੀ। ਹਥਲੀ ਪੁਸਤਕ ਵਿਸਮਾਦੀ ਵਿਸ਼ਵ ਆਰਡਰ (ਵਿਸ਼ਵ ਸੱਭਿਆਚਾਰਾਂ ਦਾ ਬਹੁ-ਸੰਘ) (ਕੀਮਤ: 1100 ਰੁਪਏ; ਲੋਕਗੀਤ ਪ੍ਰਕਾਸ਼ਨ ਮੁਹਾਲੀ-ਚੰਡੀਗੜ੍ਹ) ਵਿਚ ਉਸੇ ਸਮੱਗਰੀ ਦਾ ਪੁਨਰ-ਲੇਖਣ ਕਰਕੇ ਇਸ ਨੂੰ ਵਧੇਰੇ ਧਾਰਦਾਰ ਬਣਾਇਆ ਗਿਆ ਹੈ। ਇਸ ਪੁਸਤਕ ਦੇ ਸਤਾਰਾਂ ਅਧਿਆਇ ਹਨ ਜਿਨ੍ਹਾਂ ਵਿਚ ਵਿਸ਼ਵ ਸੱਭਿਆਚਾਰਾਂ ਦਾ ਆਰੰਭ ਦੇ ਵਿਕਾਸ, ਕੁਦਰਤ ਦਾ ਵਿਸਮਾਦੀ ਅਨੁਭਵ, ਵਿਸਮਾਦੀ ਮਨੁੱਖ ਦੀਆਂ ਜ਼ਿੰਮੇਵਾਰੀਆਂ, ਵਿਸਮਾਦੀ ਵਿਕਾਸ ਮਾਡਲ, ਵਿਸ਼ਵ ਅਰਥਚਾਰੇ ਦੇ ਵਿਸਮਾਦੀ ਪਾਸਾਰ, ਸੱਭਿਆਚਾਰ, ਆਰਥਿਕਤਾ, ਵਿੱਦਿਆ, ਧਰਮ, ਰਾਜਨੀਤੀ ਅਤੇ ਵਿਸ਼ਵ ਸਰੋਕਾਰਾਂ ਆਦਿ ਸੰਸਥਾਵਾਂ ਦੇ ਵਿਸਮਾਦੀ ਪ੍ਰਕਰਣ, ਪੂਰਬਵਾਦ ਅਤੇ ਪੱਛਮਵਾਦ ਆਦਿ ਮਹੱਤਵਪੂਰਨ ਵਿਸ਼ਿਆਂ ਬਾਰੇ ਸ਼ਾਇਦ ਵਿਸ਼ਵ ਅਕਾਦਮਿਕਤਾ ਵਿਚ ਪਹਿਲੀ ਵਾਰ ਵਿਚਾਰ ਚਰਚਾ ਕੀਤੀ ਗਈ ਹੈ। ਡਾ. ਗੁਰਭਗਤ ਸਿੰਘ, ਜਿਨ੍ਹਾਂ ਨੇ ਕਦੇ ਵਿਸਮਾਦੀ ਅਨੁਭਵ ਦਾ ਸੰਕਲਪ ਪੇਸ਼ ਕੀਤਾ ਸੀ ਅਤੇ ਹਰਿੰਦਰ ਸਿੰਘ ਮਹਿਬੂਬ, ਜਿਨ੍ਹਾਂ ਨੇ ਇਸ ਦਾ ਖਾਕਾ ਤਿਆਰ ਕਰਨ ਦਾ ਯਤਨ ਕੀਤਾ ਸੀ, ਤੋਂ ਬਾਅਦ ਭਾਈ ਹਰਿਸਿਮਰਨ ਸਿੰਘ ਨੇ ਇਸ ਕੁਦਰਤਮੁਖੀ ਫ਼ਲਸਫ਼ੇ ਦੇ ਸਾਰੇ ਪਾਸਾਰਾਂ ਅਤੇ ਦਿਸ਼ਾਵਾਂ ਨੂੰ ਸਪੱਸ਼ਟ ਕਰ ਦਿੱਤਾ ਹੈ। ਹੁਣ ਇਹ ਫ਼ਲਸਫ਼ਾ ਪੂਰੇ ਵਿਸ਼ਵ ਦੇ ਚਿੰਤਕਾਂ ਦੇ ਸਨਮੁੱਖ ਰੱਖਿਆ ਜਾ ਸਕਦਾ ਹੈ।
ਪੱਛਮੀ ਜੀਵਨ ਦ੍ਰਿਸ਼ਟੀ ਅਤੇ ਅਰਥਚਾਰੇ ਨੂੰ ਚੁਣੌਤੀ ਦਿੰਦਿਆਂ ਭਾਈ ਹਰਿਸਿਮਰਨ ਸਿੰਘ ਲਿਖਦੇ ਹਨ ਕਿ ਜਿੰਨੀ ਦੇਰ ਤੱਕ ਵਿਸਮਾਦੀ ਜੀਵਨ ਦਰਸ਼ਨ ਦੀਆਂ ਬ੍ਰਹਿਮੰਡ-ਕੁਦਰਤ ਦੀਆਂ ਪ੍ਰੇਰਨਾਵਾਂ ਨੂੰ ਨਹੀਂ ਸਮਝਿਆ ਜਾਂਦਾ, ਓਨੀ ਦੇਰ ਤੱਕ ਮਾਨਵ ਸੱਭਿਅਤਾ ਇਸੇ ਤਰ੍ਹਾਂ ਪੱਛਮ ਦੇ ਭਰਮਾਊ-ਜਾਲ ਵਿਚ ਉਲਝੀ ਰਹੇਗੀ। ਮਾਨਵ ਸੱਭਿਅਤਾ ਦੀ ਹੋਣੀ ਨੂੰ ਸੰਵਾਰਨ ਲਈ ‘ਵਿਸਮਾਦੀ ਵਿਸ਼ਵ ਆਰਡਰ’ ਆਪਣੇ ਆਪ ਵਿਚ ਇਕ ਨਵਾਂ ਅਤੇ ਕਾਰਗਰ ਮਾਡਲ ਹੈ। ਲੇਖਕ ਇਹ ਭਵਿੱਖਬਾਣੀ ਵੀ ਕਰਦਾ ਹੈ ਕਿ ਵਿਸਮਾਦੀ ਮਨੁੱਖ ਦੀ ਅਗਵਾਈ ਅਧੀਨ ਵਿਸਮਾਦੀ ਯੁੱਗ, ਪਿਛਲੇ ਯੁੱਗਾਂ ਦੀ ਨਿਰੰਤਰਤਾ ਵਿਚ ਯਕੀਨਨ ‘ਆਖਰੀ ਯੁੱਗ’ ਹੋਵੇਗਾ। ਇਹ ਸਮਕਾਲੀ ਯੁੱਗ ਨੂੰ ਦਾਰਸ਼ਨਿਕ ਥਕਾਵਟ ਵਿਚੋਂ ਕੱਢ ਕੇ ਇਸ ਨੂੰ ਨਵੀਨ ਊਰਜਾ ਪ੍ਰਦਾਨ ਕਰੇਗਾ। ਇਹ ਪੁਸਤਕ ਗਿਆਨ ਦੇ ਅਨੇਕਾਂ ਨਵੇਂ ਪ੍ਰਸੰਗ ਸਾਹਮਣੇ ਲਿਆਉਂਦੀ ਹੈ।

ਸੰਪਰਕ: 98760-52136


Comments Off on ਸੁਧਾਰ ਦਾ ਮਾਰਗ ਦੱਸਦੀ ਪੁਸਤਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.