ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    

ਸੀਏਏ ਨੇ ਪਾਕਿ ਦਾ ਅਸਲ ਚਿਹਰਾ ਸਾਹਮਣੇ ਲਿਆਂਦਾ: ਮੋਦੀ

Posted On January - 13 - 2020

* ਪੱਛਮੀ ਬੰਗਾਲ ਸਰਕਾਰ ਨੂੰ ਵੀ ਘੇਰਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲਕਾਤਾ ਪੋਰਟ ਟਰੱਸਟ ਦੇ ਇਕ ਸਮਾਗਮ ਮੌਕੇ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

* ਕੋਲਕਾਤਾ ਪੋਰਟ ਟਰੱਸਟ ਦਾ ਨਾਂ ਸ਼ਿਆਮਾ ਪ੍ਰਸਾਦ ਮੁਕਰਜੀ ਦੇ ਨਾਂ ’ਤੇ ਰੱਖਿਆ

* ਮਮਤਾ ਬੈਨਰਜੀ ਪੋਰਟ ਸਮਾਗਮ ’ਚੋਂ ਰਹੀ ਗ਼ੈਰਹਾਜ਼ਰ

ਕੋਲਕਾਤਾ, 12 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਾ ਮਜ਼ਬੂਤੀ ਨਾਲ ਬਚਾਅ ਕਰਦਿਆਂ ਅੱਜ ਕਿਹਾ ਕਿ ਇਸ ਨਾਲ ਪੈਦਾ ਹੋਏ ਵਿਵਾਦ ਨੇ ਕੁੱਲ ਆਲਮ ਨੂੰ ਪਾਕਿਸਤਾਨ ’ਚ ਧਾਰਮਿਕ ਘੱਟ ਗਿਣਤੀਆਂ ਨਾਲ ਕੀਤੀ ਜਾਂਦੀਆਂ ਵਧੀਕੀਆਂ ਦੀ ਹਕੀਕਤ ਦਿਖਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ‘ਸੀਏਏ’ ਦੇ ਨਾਂ ’ਤੇ ਗੁੰਮਰਾਹ ਕੀਤਾ ਜਾ ਰਿਹੈ ਜਦੋਂਕਿ ਇਸ ਐਕਟ ਦਾ ਅਸਲ ਮੰਤਵ ਕਿਸੇ ਦੀ ਨਾਗਰਿਕਤਾ ਖੋਹਣਾ ਨਹੀਂ ਬਲਕਿ ਦੇਣਾ ਹੈ। ਸ੍ਰੀ ਮੋਦੀ ਨੇ ਪੱਛਮੀ ਬੰਗਾਲ ’ਚ ਸਰਕਾਰੀ ਸਕੀਮਾਂ ਨਾ ਲਾਗੂ ਕਰਨ ਲਈ ਮਮਤਾ ਬੈਨਰਜੀ ਸਰਕਾਰ ਨੂੰ ਵੀ ਭੰਡਿਆ। ਉਨ੍ਹਾਂ ਕਿਹਾ ਕਿ ਸਰਕਾਰੀ ਸਕੀਮਾਂ ਦਾ ਪੈਸਾ ਸਿੱਧਾ ਖਾਤਿਆਂ ’ਚ ਜਾਂਦਾ ਹੈ ਤੇ ਸੂਬਾ ਸਰਕਾਰ ਦੇ ‘ਸਿੰਡੀਕੇਟਾਂ’ ਨੂੰ ਹੁਣ ਸਰਕਾਰੀ ਸਕੀਮਾਂ ਤੋਂ ਕਥਿਤ ‘ਪੈਸਾ ਖਾਣ’ ਦਾ ਮੌਕਾ ਨਹੀਂ ਮਿਲਦਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੋਲਕਾਤਾ ਪੋਰਟ ਟਰੱਸਟ ਦਾ ਨਾਮ ਬਦਲ ਕੇ ਜਨ ਸੰਘ ਦੇ ਬਾਨੀ ਸ਼ਿਆਮਾ ਪ੍ਰਸਾਦ ਮੁਕਰਜੀ ’ਤੇ ਨਾਮ ’ਤੇ ਰੱਖ ਦਿੱਤਾ। ਉਧਰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਮੂਲੀਅਤ ਵਾਲੇ ਪੋਰਟ ਟਰੱਸਟ ਸਮਾਗਮ ’ਚੋਂ ਗੈਰਹਾਜ਼ਰ ਰਹੀ।
ਇਥੇ ਰਾਮਕ੍ਰਿਸ਼ਨ ਮਿਸ਼ਨ ਦੇ ਹੈੱਡਕੁਆਰਟਰ ਬੇਲੂਰ ਮੱਠ ਵਿਖੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਜੇਕਰ ਅਸੀਂ ਨਾਗਰਿਕਤਾ ਕਾਨੂੰਨ ਨੂੰ ਨਾ ਸੋਧਦੇ ਤਾਂ ਸ਼ਾਇਦ ਇਹ ‘ਵਿਵਾਦ’ ਨਾ ਖੜ੍ਹਾ ਹੁੰਦਾ। ਵਿਵਾਦ ਖੜ੍ਹਾ ਹੋਣ ਨਾਲ ਵਿਸ਼ਵ ਨੂੰ ਪਾਕਿਸਤਾਨ ਵਿੱਚ ਘੱਟਗਿਣਤੀਆਂ ਨਾਲ ਹੁੰਦੀਆਂ ਧਾਰਮਿਕ ਵਧੀਕੀਆਂ ਬਾਰੇ ਪਤਾ ਲੱਗਾ ਹੈ। …ਕਿ ਕਿਵੇਂ ਮਨੁੱਖੀ ਹੱਕਾਂ ਦੀ ਉਲੰਘਣਾ ਹੁੰਦੀ ਹੈ। ਕਿਵੇਂ ਸਾਡੀਆਂ ਭੈਣਾਂ ਤੇ ਧੀਆਂ ਦੀਆਂ ਜ਼ਿੰਦਗੀਆਂ ਗਰਕ ਹੋ ਰਹੀਆਂ ਹਨ। ਇਹ ਸਾਡੀ ਪਹਿਲਕਦਮੀ ਦਾ ਹੀ ਨਤੀਜਾ ਹੈ ਕਿ ਪਾਕਿਸਤਾਨ ਨੂੰ ਘੱਟ ਗਿਣਤੀਆਂ ’ਤੇ ਕੀਤੇ ਜਾ ਰਹੇ ਤਸ਼ੱਦਦ ਦਾ ਜਵਾਬ ਦੇਣਾ ਪਿਆ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਅੱਜ ਕੌਮੀ ਨੌਜਵਾਨ ਦਿਹਾੜੇ ਮੌਕੇ ਮੈਂ ਦੇਸ਼ ਦੇ ਨੌਜਵਾਨਾਂ, ਪੱਛਮੀ ਬੰਗਾਲ ਤੇ ਉੱਤਰ ਪੂਰਬ ਨੂੰ ਦੱਸਣਾ ਚਾਹਾਂਗਾ ਕਿ ਨਾਗਰਿਕਤਾ ਦੇਣ ਸਬੰਧੀ ਕਾਨੂੰਨ ਰਾਤੋ ਰਾਤ ਨਹੀਂ ਬਣਿਆ। ਕਿਸੇ ਵੀ ਧਰਮ ਜਾਂ ਕਿਸੇ ਵੀ ਮੁਲਕ ਨਾਲ ਸਬੰਧਤ ਵਿਅਕਤੀ, ਜੋ ਭਾਰਤ ਅਤੇ ਇਸ ਦੇ ਸੰਵਿਧਾਨ ’ਚ ਯਕੀਨ ਰੱਖਦਾ ਹੈ, ਲੋੜੀਂਦੇ ਅਮਲ ਨੂੰ ਪੂਰਾ ਕਰਕੇ ਭਾਰਤੀ ਨਾਗਰਿਕਤਾ ਲਈ ਅਪਲਾਈ ਕਰ ਸਕਦਾ ਹੈ।’ ਸ੍ਰੀ ਮੋਦੀ ਨੇ ਇਸ ਮੌਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਵੀ ਹਵਾਲਾ ਦਿੱਤਾ।
ਉੱਤਰ ਪੂਰਬ ਵਿੱਚ ਸੀਏਏ ਵਿਰੋਧੀ ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਖਿੱਤੇ ਦੇ ਲੋਕਾਂ ਦੀ ਵੱਖਰੀ ਪਛਾਣ ਤੇ ਸਭਿਆਚਾਰ ਦੀ ਸੁਰੱਖਿਆ ਲਈ ਸਰਕਾਰ ਹਰ ਕਦਮ ਚੁੱਕੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਨਵੇਂ ਕਾਨੂੰਨ ਨਾਲ ਉੱਤਰ ਪੂਰਬ ਦੇ ਲੋਕਾਂ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਹੀਂ ਪੁੱਜੇਗਾ। ਪ੍ਰਧਾਨ ਮੰਤਰੀ ਨੇ ਸਵਾਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ’ਤੇ ਸ਼ਰਧਾਂਜਲੀ ਵੀ ਦਿੱਤੀ।
ਮਗਰੋਂ ਇਥੇ ਨੇਤਾਜੀ ਇੰਡੋਰ ਸਟੇਡੀਅਮ ਵਿੱਚ ਕੋਲਕਾਤਾ ਪੋਰਟ ਟਰੱਸਟ ਦੇ 150 ਸਾਲ ਪੂਰੇ ਹੋਣ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਮੈਂ ਐਲਾਨ ਕਰਦਾ ਹਾਂ ਕਿ ਕੋਲਕਾਤਾ ਪੋਰਟ ਟਰੱਸਟ ਹੁਣ ਡਾ. ਸ਼ਿਆਮਾ ਪ੍ਰਸਾਦ ਮੁਕਰਜੀ ਪੋਰਟ ਦੇ ਨਾਂ ਨਾਲ ਜਾਣੀ ਜਾਏਗੀ। ਉਹ ਭਾਰਤ ਵਿੱਚ ਸਨਅਤੀਕਰਨ ਦੇ ਪਿਤਾ ਸਨ। ਉਨ੍ਹਾਂ ਇਕ ਦੇਸ਼ ਤੇ ਇਕ ਸੰਵਿਧਾਨ ਲਈ ਕੁਰਬਾਨੀਆਂ ਦਿੱਤੀਆਂ।’ ਸ੍ਰੀ ਮੋਦੀ ਨੇ ਪੱਛਮੀ ਬੰਗਾਲ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸੂਬੇ ’ਚ ਕੇਂਦਰੀ ਸਕੀਮਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਕਿਉਂਕਿ ਇਨ੍ਹਾਂ ਸਕੀਮਾਂ ’ਚ ਨਾ ਤਾਂ ਕੋਈ ‘ਸਿੰਡੀਕੇਟ’ ਹੈ ਤੇ ਨਾ ਕੋਈ ‘ਕਟ ਮਨੀ’। ਉਨ੍ਹਾਂ ਕਿਹਾ, ‘ਬੰਗਾਲ ਦੇ ਗਰੀਬ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਨਾ ਮਿਲਦਾ ਵੇਖ ਮੈਨੂੰ ਦੁੱਖ ਹੁੰਦਾ ਹੈ। ਮੈਂ ਕਿਸਾਨਾਂ ਤੇ ਗਰੀਬ ਮਰੀਜ਼ਾਂ ਦੀ ਭਲਾਈ ਲਈ ਰੱਬ ਅੱਗੇ ਦੁਆ ਕਰਦਾ ਹਾਂ। ਰੱਬ ਇਨ੍ਹਾਂ (ਬੰਗਾਲ ਸਰਕਾਰ) ਨੂੰ ਸੁਮੱਤ ਬਖ਼ਸ਼ੇ।…ਪਰ ਮੈਨੂੰ ਲਗਦਾ ਹੈ ਕਿ ਪੱਛਮੀ ਬੰਗਾਲ ਦੇ ਲੋਕ ਬਹੁਤਾ ਚਿਰ ਕੇਂਦਰੀ ਸਕੀਮਾਂ ਤੋਂ ਵਿਰਵੇ ਨਹੀਂ ਰਹਿਣਗੇ।’

ਪੀਟੀਆਈ

‘ਮੋਦੀ ਅਧਿਆਤਮਕ ਸਥਾਨ ਤੇ ਰੈਲੀ ਵਿਚਲਾ ਫ਼ਰਕ ਭੁੱਲੇ’

ਕੋਲਕਾਤਾ: ਵਿਰੋਧੀ ਪਾਰਟੀਆਂ ਨੇ ਬੇਲੂਰ ਮੱਠ ਵਿੱਚ ਕੀਤੀ ‘ਸਿਆਸੀ ਤਕਰੀਰ’ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਖੇਧੀ ਕੀਤੀ ਹੈ। ਵਿਰੋੋਧੀ ਧਿਰਾਂ ਨੇ ਕਿਹਾ ਕਿ ਸ੍ਰੀ ਮੋਦੀ ‘ਵੰਡੀਆਂ ਪਾਉਣ’ ਵਾਲੇ ਨਵੇਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਲਈ ਇੰਨੇ ਕਾਹਲੇ ਹਨ ਕਿ ਉਹ ਅਧਿਆਤਮਕ ਸਥਾਨ ਅਤੇ ਰੈਲੀ ਵਿਚਲੇ ਫ਼ਰਕ ਨੂੰ ਭੁੱਲ ਗਏ ਹਨ। ਲੋਕ ਸਭਾ ’ਚ ਕਾਂਗਰਸ ਵਿਧਾਇਕ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ, ‘ਮੋਦੀ ਨੂੰ ਬੇਲੂਰ ਮੱਠ ਨੂੰ ਸਿਆਸੀ ਰੈਲੀ ਵਾਲੀ ਥਾਂ ਤਬਦੀਲ ਕਰਨ ਤੋਂ ਬਚਣਾ ਚਾਹੀਦਾ ਸੀ। ਸਿਆਸਤ ਤੇ ਜਨਤਕ ਜੀਵਨ ਵਿਚਾਲੇ ਇਕ ਮਰਿਯਾਦਾ ਹੁੰਦੀ ਹੈ, ਜਿਸ ਨੂੰ ਅਸੀਂ ਬਰਕਰਾਰ ਰੱਖਣਾ ਹੁੰਦਾ ਹੈ।’

-ਪੀਟੀਆਈ

‘ਬੇਲੂਰ ਮੱਠ ਦੀ ਫੇਰੀ ਤੀਰਥ ਯਾਤਰਾ ਤੋਂ ਘੱਟ ਨਹੀਂ’

ਬੇਲੂਰ (ਪੱੱਛਮੀ ਬੰਗਾਲ): ਬੇਲੂਰ ਮੱਠ ’ਚ ਰਾਤ ਕੱਟਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਚੰਗੇ ਭਾਗਾਂ ਕਰਕੇ ਇਹ ਮੌਕਾ ਮਿਲਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਹਾਵੜਾ ਜ਼ਿਲ੍ਹੇ ਦੇ ਰਾਮਕ੍ਰਿਸ਼ਨ ਮਿਸ਼ਨ ਦੇ ਆਲਮੀ ਹੈੱਡਕੁਆਰਟਰ ਦੀ ਫੇਰੀ ਕਿਸੇ ‘ਤੀਰਥ ਯਾਤਰਾ’ ਅਤੇ ‘ਘਰ ਵਾਪਸੀ’ ਤੋਂ ਘੱਟ ਨਹੀਂ ਸੀ।

-ਪੀਟੀਆਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲਕਾਤਾ ਦੌਰੇ ਦਾ ਵਿਰੋਧ ਕਰਦਿਆਂ ਆਵਾਜਾਈ ਠੱਪ ਕਰਦੇ ਹੋਏ ਵਿਦਿਆਰਥੀ। -ਫੋਟੋ: ਪੀਟੀਆਈ

ਸੀਏਏ ਖਿਲਾਫ਼ ਪ੍ਰਦਰਸ਼ਨ ਜਾਰੀ ਰਹੇ

ਕੋਲਕਾਤਾ: ਕਾਂਗਰਸ ਤੇ ਖੱਬੇਪੱਖੀ ਪਾਰਟੀਆਂ ਨਾਲ ਸਬੰਧਤ ਵਿਦਿਆਰਥੀਆਂ ਵੱਲੋਂ ਸੀਏਏ ਖ਼ਿਲਾਫ਼ ਵਿੱਢੇ ਪ੍ਰਦਰਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਰੋਜ਼ਾ ਫੇਰੀ ਦੇ ਅੱਜ ਆਖਰੀ ਦਿਨ ਵੀ ਜਾਰੀ ਰਹੇ। ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਨੂੰ ‘ਵਾਪਸ ਜਾਣ’ ਤੇ ‘ਮੁਰਦਾਬਾਦ’ ਦੇ ਨਾਅਰੇ ਵਾਲੀਆਂ ਤਖ਼ਤੀਆਂ ਨਾਲ ਕਾਲੇ ਝੰਡੇ ਵਿਖਾਉਣ ਵਾਲੇ ਕਾਰਕੁਨਾਂ ਨੇ ਸੂਬਾਈ ਰਾਜਧਾਨੀ ਦੇ ਐਸਪਲਾਨੇਡ ਖੇਤਰ ਵਿੱਚ ਅੱਜ ਮੁੜ ਪ੍ਰਧਾਨ ਮੰਤਰੀ ਤੇ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਵਿਦਿਆਰਥੀ ਸ਼ਨਿੱਚਰਵਾਰ ਰਾਤ ਤੋਂ ਇਥੇ ਬੈਠੇ ਸਨ।

-ਪੀਟੀਆਈ

ਮੱਠ ਨੇ ਮੋਦੀ ਦੇ ਬਿਆਨ ਤੋਂ ਦੂਰੀ ਬਣਾਈ

ਪ੍ਰਧਾਨ ਮੰਤਰੀ ਦੇ ਮੱਠ ਛੱਡਣ ਤੋਂ ਫੌਰੀ ਮਗਰੋਂ ਮੱਠ ਪ੍ਰਸ਼ਾਸਨ ਨੇ ਖੁ਼ਦ ਨੂੰ ਪ੍ਰਧਾਨ ਮੰਤਰੀ ਦੀ ਤਕਰੀਰ ਤੋਂ ਵੱਖ ਕਰ ਲਿਆ। ਰਾਮਕ੍ਰਿਸ਼ਨ ਮੱਠ ਤੇ ਮਿਸ਼ਨ ਦੇ ਜਨਰਲ ਸਕੱਤਰ ਸਵਾਮੀ ਸੁਵਿਰਾਨੰਦ ਨੇ ਕਿਹਾ ਕਿ ਉਹ ਇਕ ਗੈਰਸਿਆਸੀ ਜਥੇਬੰਦੀ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਹਨ। ਉਨ੍ਹਾਂ ਕਿਹਾ, ‘ਅਸੀਂ ਸਿਆਸਤ ਤੋਂ ਉਪਰ ਹਾਂ। ਸਾਡੇ ਲਈ ਨਰਿੰਦਰ ਮੋਦੀ ਭਾਰਤ ਦੇ ਜਦੋਂਕਿ ਮਮਤਾ ਬੈਨਰਜੀ ਪੱਛਮੀ ਬੰਗਾਲ ਦੀ ਆਗੂ ਹੈ।

-ਪੀਟੀਆਈ


Comments Off on ਸੀਏਏ ਨੇ ਪਾਕਿ ਦਾ ਅਸਲ ਚਿਹਰਾ ਸਾਹਮਣੇ ਲਿਆਂਦਾ: ਮੋਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.