ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ

Posted On January - 29 - 2020

ਰਣਵੀਰ ਰੰਧਾਵਾ

ਨਿਹੰਗ ਖਾਂ ਦੇ ਨਾਂ ’ਤੇ ਵਸੇ ਪਿੰਡ ਕੋਟਲਾ ਨਿਹੰਗ ਖਾਂ ਵਿੱਚ ਢਹਿ-ਢੇਰੀ ਹੋਇਆ ਸਿੱਖਾਂ ਦੇ ਪੰਜ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਪੁਰਾਤਨ ਕਿਲ੍ਹਾ। -ਫੋਟੋ: ਬਹਾਦਰਜੀਤ ਸਿੰਘ (ਰੂਪਨਗਰ)

ਸਮਾਜ ਦੋ ਆਪਸੀ ਵਿਰੋਧੀ ਜਮਾਤਾਂ ਵਿੱਚ ਵੰਡਿਆ ਹੋਇਆ ਹੈ। ਜੋ ਜਮਾਤ ਪੈਦਾਵਾਰ ਦੇ ਸਾਧਨਾਂ ’ਤੇ ਕਾਬਜ਼ ਹੈ, ਉਹ ਰਾਜਸੱਤਾ ਦੀ ਮਾਲਕ ਹੁੰਦੀ ਹੈ। ਉਸੇ ਸਮਾਜ ਦੇ ਗਰਭ ਵਿਚ ਪੈਦਾਵਾਰੀ ਸਾਧਨਾਂ ਤੋਂ ਵਿਹੂਣੀ ਜਮਾਤ ਰਾਜਸੱਤਾ ਨੂੰ ਚੁਣੌਤੀ ਦਿੰਦੀ ਹੈ। ਸਿੱਖ ਲਹਿਰ ਵੀ ਪੈਦਾਵਾਰ ਦੇ ਸਾਧਨਾਂ ਤੋਂ ਵਿਹੂਣੀ ਜਮਾਤ ਦਾ ਜਮਾਤੀ ਸੰਘਰਸ਼ ਹੀ ਸੀ। ਜਗੀਰੂ ਸਮਾਜ ਵਿੱਚ ਜਮਾਤੀ ਘੋਲਾਂ ਵਿੱਚ ਨਾਇਕ ਉਭਰਦੇ ਹਨ। ਖਾਲਸਾ ਪੰਥ ਦੀ ਸਾਜਨਾ ਨਾਲ ਸਿੱਖ ਲਹਿਰ ਹਥਿਆਰਬੰਦ ਘੋਲ ਦੀ ਸਿਖਰ ਹਾਸਲ ਕਰਦੀ ਹੈ। ਇਸ ਲਹਿਰ ਵਿੱਚ ਆਪਣੀਆਂ ਕੁਰਬਾਨੀਆਂ, ਸਿਰੜ, ਆਪਾ-ਵਾਰੂ ਭਾਵਨਾ ਨਾਲ ਅਨੇਕਾਂ ਨਾਇਕ ਪੈਦਾ ਹੁੰਦੇ ਹਨ। ਜਿਨ੍ਹਾਂ ਵਿਚੋਂ ਇੱਕ ਸੀ ਰੋਪੜ ਜ਼ਿਲ੍ਹੇ ਦਾ ਨਿਹੰਗ ਖਾਂ। ਜਿਸ ਦੇ ਨਾਂ ’ਤੇ ਅੱਜ ਵੀ ਕੋਟਲਾ ਨਿਹੰਗ ਪਿੰਡ ਵਸਿਆ ਹੋਇਆ ਹੈ। ਨਿਹੰਗ ਖਾਂ ਦੀ ਸਿੱਖ ਲਹਿਰ ਵਿੱਚ ਬੇਮਿਸਾਲ ਕੁਰਬਾਨੀ ਹੈ। ਪਰ ਉਨ੍ਹਾਂ ਦੀ ਕੁਰਬਾਨੀ ਨੂੰ ਇਤਿਹਾਸ ਵਿੱਚ ਅਣਗੌਲਿਆ ਕੀਤਾ ਗਿਆ ਹੈ। ਅੱਜ ਵੀ ਰੋਪੜ ਜ਼ਿਲ੍ਹੇ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਤੇ ਨਿਹੰਗ ਖਾਂ ਨਾਲ ਜੁੜੀਆਂ ਯਾਦਗਾਰਾਂ ਖੰਡਰ ਬਣਦੀਆਂ ਜਾ ਰਹੀਆਂ ਹਨ ਅਤੇ ਭੂ-ਮਾਫੀਆ ਦੀਆਂ ਸ਼ਿਕਾਰ ਬਣ ਰਹੀਆਂ ਹਨ।
ਨਿਹੰਗ ਖਾਂ ਦਾ ਸਿੱਖ ਲਹਿਰ ਨਾਲ ਸਬੰਧ: ਨਿਹੰਗ ਪਠਾਣ ਸ਼ਾਹ ਸੁਲੇਮਾਨ ਗਜ਼ਨਵੀ ਦੀ ਕੁੱਲ ਵਿਚੋਂ ਨਾਰੰਗ ਖਾਂ ਦਾ ਪੁੱਤਰ ਸੀ। ਜਦੋਂ ਨਾਰੰਗ ਖਾਂ ਦੇ ਘਰ ਪੁੱਤਰ ਹੋਇਆ ਤਾਂ ਉਸ ਦਾ ਨਾਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਨਿਹੰਗ ਖਾਂ ਰੱਖਿਆ, ਨਿਹੰਗ ਖਾਂ ਦੇ ਪੂਰਵਜ਼ ਵੀ ਸਿੱਖ ਲਹਿਰ ਦੇ ਹਮਦਰਦ ਸਨ। ਪੁਰਾਤਨ ਕਿਲ੍ਹਾ ਪੰਜ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਸਿੱਖਾਂ ਦੇ ਛੇਵੇਂ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਤੱਕ ਸਾਰੇ ਇਸ ਕਿਲ੍ਹੇ ਵਿੱਚ ਆਏ ਹਨ। ਛੇਵੇਂ ਗੁਰੂ 19-20 ਜੁਲਾਈ 1655 ਨੂੰ ਦੋ ਦਿਨ ਕਿਲ੍ਹੇ ਵਿਚ ਰੁਕੇ। ਗੁਰੂ ਤੇਗ ਬਹਾਦਰ ਸਾਹਿਬ ਮਾਰਚ 1657 ਨੂੰ ਹਰਿਦੁਆਰ ਦਾ ਦੌਰਾ ਕਰਨ ਸਮੇਂ ਇਸ ਕਿਲ੍ਹੇ ਅੰਦਰ ਆਏ ਤੇ ਇੱਕ ਰਾਤ ਰਹਿ ਕੇ ਗਏ। ਗੁਰੂ ਗੋਬਿੰਦ ਸਿੰਘ ਤਿੰਨ ਵਾਰ ਇਸ ਕਿਲ੍ਹੇ ਵਿੱਚ ਆਏ। ਪਹਿਲੀ ਵਾਰ ਸਤੰਬਰ 1688 ਵਿੱਚ ਭੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ, ਦੂਸਰੀ ਵਾਰ ਮਈ 1694 ਨੂੰ ਨਿਹੰਗ ਦੇ ਪੁੱਤਰ ਆਲਮ ਖਾਂ

ਰਣਵੀਰ ਰੰਧਾਵਾ

ਤੇ ਰਾਏ-ਕੁੱਲਾ ਦੀ ਬੇਟੀ ਦੀ ਕੁੜਮਈ ਵੇਲੇ ਇਸੇ ਸਥਾਨ ’ਤੇ ਪਹੁੰਚੇ। ਤੀਜੀ ਵਾਰ ਗੁਰੂ ਸਾਹਿਬ ਕੁਰੂਕਸ਼ੇਤਰ ਦੀ ਲੜਾਈ ਵੇਲੇ ਇਸ ਕਿਲ੍ਹੇ ’ਚ ਰੁਕੇ।
ਨਿਹੰਗ ਖਾਂ ਦੀ ਕੁਰਬਾਨੀ: 6 ਦਸੰਬਰ 1704 ਨੂੰ ਗੁਰੂ ਗੋਬਿੰਦ ਸਿੰਘ 40 ਸਿੰਘਾਂ ਸਮੇਤ ਸਰਸਾ ਨਦੀ ਕੰਢੇ ਪਰਿਵਾਰ ਨਾਲ ਵਿਛੜਨ ਤੋਂ ਬਾਅਦ ਰੋਪੜ ਨਜ਼ਦੀਕ ਕੋਟਲਾ ਨਿਹੰਗ ਪਿੰਡ ਪਹੁੰਚਦੇ ਹਨ। ਗੁਰੂ ਸਾਹਿਬ ਨਾਲ ਬਚਿੱਤਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਸਨ। ਡਾ. ਸੁਖਦਿਆਲ ਸਿੰਘ ਅਨੁਸਾਰ ‘‘ਕੋਟਲਾ ਨਿਹੰਗ ਖਾਂ ਪਠਾਣ ਦੇ ਘਰ ਵੀ ਗੁਰੂ ਜੀ ਦੇ ਜਾਣ ਦੀ ਜਾਣਕਾਰੀ ਮਿਲਦੀ ਹੈ। ਸੰਭਵ ਹੈ ਕਿ ਸੂਹੀਆਂ ਦੀਆਂ ਨਜ਼ਰਾਂ ਤੋਂ ਬਚਣ ਲਈ ਸਿੰਘ ਆਪਣੇ ਘੋੜਿਆਂ ਸਮੇਤ ਭੱਠੇ ਦੀ ਚਾਰ ਦੀਵਾਰੀ ਅੰਦਰ ਖੜ੍ਹੇ ਹੋਣ ਅਤੇ ਨਿਹੰਗ ਖਾਂ ਪਠਾਣ ਆਪਣੇ ਘਰੋਂ ਗੁਰੂ ਜੀ ਲਈ ਅਤੇ ਉਨ੍ਹਾਂ ਦੇ ਸਿੰਘਾਂ ਲਈ ਖਾਣਾ ਵਗੈਰਾ ਤਿਆਰ ਕਰਵਾ ਕੇ ਲਿਆਇਆ ਹੋਵੇ।’’
ਬਚਿੱਤਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਸਨ, ਜਿਸ ਕਰਕੇ ਗੁਰੂ ਸਾਹਿਬ ਨੇ ਬਚਿੱਤਰ ਸਿੰਘ ਨੂੰ ਨਿਹੰਗ ਖਾਂ ਦੇ ਹਵਾਲੇ ਕੀਤਾ ਤੇ ਆਪ ਉਥੋਂ ਚਲੇ ਗਏ। ਕਿਉਂਕਿ ਇੱਥੇ ਜ਼ਿਆਦਾ ਦੇਰ ਤੱਕ ਠਹਿਰਨਾ ਮੁਸ਼ਕਿਲ ਸੀ। ਗੁਰੂ ਸਾਹਿਬ ਰੋਪੜ ਤੋਂ ਮਾਲਵੇ ਵੱਲ ਨੂੰ ਜਾਣ ਲਈ ਸਰਹਿੰਦ ਵੱਲ ਦੇ ਮੁੱਖ ਰਸਤੇ ਰਾਹੀਂ ਜਾਣ ਦੀ ਜਗ੍ਹਾ ਬੂਰ-ਮਾਜਰੇ ਅਤੇ ਕੋਟਲੀ ਪਿੰਡਾਂ ਵਿੱਚ ਦੀ ਹੁੰਦੇ ਹੋਏ ਚਮਕੌਰ ਸਾਹਿਬ ਵੱਲ ਨੂੰ ਰਵਾਨਾ ਹੋ ਗਏ ਸਨ। ਨਿਹੰਗ ਖਾਂ ਨੇ ਮੁਗ਼ਲ ਫੌਜ ਦਾ ਖ਼ਤਰਾ ਮੁੱਲ ਸਹੇੜਦੇ ਹੋਏ ਆਪਣੇ ਪੁੱਤਰ ਆਲਮ ਖਾਂ ਨੂੰ ਰਸਤਾ ਦਿਖਾਉਣ ਲਈ ਗੁਰੂ ਸਾਹਿਬ ਨਾਲ ਭੇਜਿਆ।
ਬਾਬਾ ਬਚਿੱਤਰ ਸਿੰਘ ਜ਼ਖ਼ਮੀ ਹਾਲਤ ਵਿੱਚ ਕਿਲ੍ਹੇ ਅੰਦਰ ਸਨ। ਨਿਹੰਗ ਖਾਂ ਦੀ ਬੇਟੀ ਇੱਕ ਕਮਰੇ ਵਿੱਚ ਉਨ੍ਹਾਂ ਦਾ ਇਲਾਜ ਕਰ ਰਹੀ ਸੀ। ਜਦ ਮੁਗਲ ਫੌਜ ਨਿਹੰਗ ਖਾਂ ਦੀ ਹਵੇਲੀ ਵਿੱਚ ਪਹੁੰਚੀ ਤਾਂ ਉਨ੍ਹਾਂ ਨੇ ਉਸ ਪੂਰੀ ਹਵੇਲੀ ਦੀ ਤਲਾਸ਼ੀ ਲੈਣ ਤੋਂ ਬਾਅਦ ਉਸ ਕਮਰੇ ਦੀ ਤਲਾਸ਼ੀ ਲੈਣੀ ਚਾਹੀ ਜਿਸ ਵਿੱਚ ਬਾਬਾ ਬਚਿੱਤਰ ਸਿੰਘ ਤੇ ਨਿਹੰਗ ਖਾਂ ਦੀ ਬੇਟੀ ਸਨ। ਤਾਂ ਨਿਹੰਗ ਖਾਂ ਨੇ ਕਿਹਾ ਕਿ ਮੈਂ ਇਸ ਕਮਰੇ ਦੀ ਤਲਾਸ਼ੀ ਨਹੀਂ ਦੇ ਸਕਦਾ ਕਿਉਂਕਿ ਇਸ ਕਮਰੇ ਵਿੱਚ ਮੇਰੀ ਧੀ ਤੇ ਮੇਰਾ ਜਵਾਈ ਪਏ ਹਨ। ਇਹ ਸੁਣ ਕੇ ਮੁਗ਼ਲ ਫੌਜਾਂ ਉੱਥੋਂ ਚਲੀਆਂ ਗਈਆਂ। ਇਸ ਤੱਥ ਉਪਰ ਕੁਝ ਲੋਕਾਂ ਦਾ ਇਤਰਾਜ਼ ਵੀ ਹੈ। ਕੁੱਝ ਲੋਕਾਂ ਮੁਤਾਬਿਕ ਬਾਬਾ ਬਚਿੱਤਰ ਸਿੰਘ ਦੀ ਜਗ੍ਹਾ ’ਤੇ ਗੁਰੂ ਗੋਬਿੰਦ ਸਿੰਘ ਰਾਤ ਨੂੰ ਬੀਬੀ ਮੁਮਤਾਜ ਨਾਲ ਕਮਰੇ ਵਿੱਚ ਸਨ। ਜੋ ਗੁਰਦੁਆਰਾ ਬੀਬੀ ਮੁਮਤਾਜ ਦੀ ਯਾਦ ਵਿੱਚ ਬਣਿਆ ਹੈ, ਉੱਥੇ ਵੀ ਇਹੀ ਇਤਿਹਾਸ ਲਿਖਿਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬੀਬੀ ਮੁਮਤਾਜ ਨਾਲ ਕਮਰੇ ਵਿੱਚ ਰਹੇ ਸਨ। ਇਨ੍ਹਾਂ ਤੱਥਾਂ ਉੱਪਰ ਖੋਜ ਦੀ ਜ਼ਰੂਰਤ ਹੈ।
ਪਰ ਜੇ ਅਸੀਂ ਬਾਕੀ ਇਤਿਹਾਸਕਾਰਾਂ ਵਾਂਗ ਇਹ ਵੀ ਮੰਨ ਲਈਏ ਕਿ ਉਸ ਰਾਤ ਗੁਰੂ ਗੋਬਿੰਦ ਸਿੰਘ ਨਹੀਂ ਬਲਕਿ ਬਾਬਾ ਬਚਿੱਤਰ ਸਿੰਘ, ਉਸ ਕਮਰੇ ਵਿੱਚ ਸਨ, ਤਾਂ ਇਸ ਨਾਲ ਨਿਹੰਗ ਖਾਂ ਦੀ ਕੁਰਬਾਨੀ ਖਤਮ ਨਹੀਂ ਹੋ ਜਾਂਦੀ। ਬਲਕਿ ਹੋਰ ਪ੍ਰਮਾਣਿਤ ਹੁੰਦੀ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਨਿਹੰਗ ਖਾਂ ਇਸਲਾਮ ਧਰਮ ਨਾਲ ਸਬੰਧਿਤ ਹੋਣ ਦੇ ਬਾਵਜੂਦ ਇੱਕ ਸਿੱਖ ਵਿਅਕਤੀ ਨਾਲ ਆਪਣੀ ਧੀ ਦਾ ਰਿਸ਼ਤਾ ਜੋੜਦਾ ਹੈ, ਜੋ ਉਸ ਦੀ ਮਨੁੱਖਤਾਵਾਦੀ ਸ਼ਖਸੀਅਤ ਦਾ ਸਬੂਤ ਹੈ। ਸਿੱਖ ਲਹਿਰ ਉਸ ਸਮੇਂ ਕਿਸਾਨਾਂ-ਕਾਮਿਆਂ, ਕਾਸ਼ਤਕਾਰਾਂ ਤੇ ਦੱਬੇ-ਕੁਚਲੇ ਲੋਕਾਂ ਵੱਲੋਂ ਸੱਤਾ ਦੇ ਖ਼ਿਲਾਫ਼ ਬਗ਼ਾਵਤ ਸੀ। ਮੁਗਲ ਹਕੂਮਤ ਗੁਰੂ ਗੋਬਿੰਦ ਸਿੰਘ ਨੂੰ ਹਰ ਹਾਲ ਖਤਮ ਕਰਨਾ ਚਾਹੁੰਦੀ ਸੀ। ਇਨ੍ਹਾਂ ਸਭ ਕੁੱਝ ਹੋਣ ਦੇ ਬਾਵਜੂਦ ਨਿਹੰਗ ਖਾਂ ਗੁਰੂ ਤੇ ਉਸ ਦੇ ਸਿੰਘਾਂ ਨੂੰ ਆਪਣੇ ਘਰ ਪਨਾਹ ਦਿੰਦਾ ਹੈ। ਕੁੱਝ ਦਿਨ੍ਹਾਂ ਬਾਅਦ ਜਦ ਮੁਗਲ ਹਕੂਮਤ ਨੂੰ ਇਹ ਪਤਾ ਲੱਗਦਾ ਹੈ ਕਿ ਬਾਗ਼ੀ ਗੁਰੂ ਨੂੰ ਇਸ ਨੇ ਆਪਣੀ ਹਵੇਲੀ ਵਿੱਚ ਪਨਾਹ ਦਿੱਤੀ ਸੀ ਤਾਂ ਇਸ ਕੋਲੋਂ 85 ਪਿੰਡਾਂ ਦੀ ਜਗੀਰ ਖੋਹ ਲਈ ਜਾਂਦੀ ਹੈ। ਨਿਹੰਗ ਖਾਂ ਰੋਪੜ ਦੇ 85 ਪਿੰਡਾਂ ਦਾ ਮਾਲਕ ਸੀ।
ਹਕੂਮਤ ਕਰਨ ਵਾਲੇ ਲੋਕ ਤਲਵਾਰ ਦੀ ਨੋਕ ਨਾਲੋਂ ਇਤਿਹਾਸ ਨੂੰ ਜ਼ਿਆਦਾ ਖਤਰਨਾਕ ਸਮਝਦੇ ਹਨ, ਕਿਉਂਕਿ ਇਤਿਹਾਸ ਵਿਰਾਸਤ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਵਿਰਾਸਤ ਦੋ ਤਰ੍ਹਾਂ ਦੀ ਹੁੰਦੀ ਹੈ। ਸ਼ਹੀਦਾਂ ਨਾਲ ਜੁੜੀਆਂ ਹੋਈਆਂ ਯਾਦਗਾਰਾਂ ਅਤੇ ਵਿਚਾਰਧਾਰਾ। ਵਿਚਾਰਧਾਰਾ ਤੇ ਯਾਦਗਾਰਾਂ ਮਿਲ ਕੇ ਵਿਰਾਸਤ ਦਾ ਨਿਰਮਾਣ ਕਰਦੀਆਂ ਹਨ। ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪੁਰਖਿਆਂ ਦੀ ਵਿਰਾਸਤ ਤੋਂ ਲੜਨ ਲਈ ਪ੍ਰੇਰਣਾ ਲੈਂਦੀਆਂ ਹਨ। ਤੁਸੀਂ ਜਦੋਂ ਕਦੇ ਜੱਲ੍ਹਿਆਂਵਾਲੇ ਬਾਗ਼ ਵਿੱਚ ਜਾਂਦੇ ਹੋ ਤਾਂ ਤੁਸੀਂ ਉਥੇ ਗੋਲੀਆਂ ਦੇ ਨਿਸ਼ਾਨ ਦੇਖ ਕੇ 100 ਸਾਲ ਪੁਰਾਣੇ ਇਤਿਹਾਸ ਨੂੰ ਚੇਤੇ ਕਰਦੇ ਹੋ ਕਿ ਕਿਸ ਤਰ੍ਹਾਂ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਉਪਰ ਗੋਲੀਆਂ ਚਲਾਈਆਂ। ਤੁਸੀਂ ਸਰਹਿੰਦ ਦੀ ਦੀਵਾਰ ਨੂੰ ਦੇਖ ਕੇ ਮੁਗ਼ਲ ਹਕੂਮਤ ਦੇ ਘਿਣਾਉਣੇ ਰੂਪ ਨੂੰ ਯਾਦ ਕਰਦੇ ਹੋ ਕਿ ਕਿਸ ਤਰ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ। ਜੇਕਰ ਇਹ ਦੋਨੋ ਇਤਿਹਾਸਿਕ ਯਾਦਗਾਰਾਂ ਖਤਮ ਕਰ ਦਿੱਤੀਆਂ ਜਾਣ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਕਿਸ ਨੂੰ ਦੇਖ ਕੇ ਇਤਿਹਾਸ ਨਾਲ ਜੁੜੇਗੀ। ਇਲਾਹਾਬਾਦ ਵਿੱਚ ਇੱਕ ਅਲਫਰੈੱਡ ਪਾਰਕ ਹੈ ਜਿੱਥੇ ਚੰਦਰਸ਼ੇਖਰ ਆਜ਼ਾਦ ਅੰਗਰੇਜ਼ਾਂ ਨਾਲ ਲੜਦਿਆਂ ਸ਼ਹੀਦ ਹੋਏ। ਇਲਾਹਾਬਾਦ ਵਿੱਚ ਹੀ ਨਹਿਰੂ ਖਾਨਦਾਨ ਨਾਲ ਜੁੜਿਆ ਆਨੰਦ ਭਵਨ ਹੈ। ਇਸ ਵਿੱਚ ਨਹਿਰੂ ਖਾਨਦਾਨ ਦੀ ਹਰ ਚੀਜ਼ ਸਾਂਭੀ ਪਈ ਹੈ ਪਰ ਦੂਜੇ ਪਾਸੇ ਚੰਦਰ ਸ਼ੇਖਰ ਆਜ਼ਾਦ ਨਾਲ ਜੁੜੇ ਪਾਰਕ ਦੀ ਹਾਲਤ ਖਸਤਾ ਹੈ। ਗੁਰੂ ਗੋਬਿੰਦ ਸਿੰਘ ਤੇ ਨਿਹੰਗ ਖਾਂ ਨਾਲ ਜੁੜਿਆ ਪੁਰਾਤਨ ਕਿਲ੍ਹਾ ਭੂ-ਮਾਫੀਆ ਦੇ ਕਬਜ਼ੇ ਹੇਠ ਹੈ ਤੇ ਨਿਹੰਗ ਖਾਂ ਦੀਆਂ ਕਬਰਾਂ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗੱਲ ਸ਼ੁਰੂ ਕਰਨ ਵੇਲੇ ਲਿਖਿਆ ਗਿਆ ਸੀ ਕਿ ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ। ਜੋ ਜਮਾਤ ਲੋਕਾਂ ਉੱਪਰ ਰਾਜ ਕਰਦੀ ਹੈ, ਉਸ ਖ਼ਿਲਾਫ਼ ਲੜਨ ਵਾਲੇ ਲੋਕ ਕਦੇ ਵੀ ਉਸ ਜਮਾਤ ਲਈ ਵਾਰਿਸ ਨਹੀਂ ਹੋ ਸਕਦੇ। ਨਾਨਕ ਦੀ ਵਿਰਾਸਤ ਦਾ ਵਾਰਿਸ ਔਰੰਗਜ਼ੇਬ ਨਹੀਂ ਹੋ ਸਕਦਾ। ਇਸ ਲਈ ਨਿਹੰਗ ਖਾਂ ਦੀ ਵਿਰਾਸਤ ਦੇ ਵਾਰਿਸ ਪੰਜਾਬ ਦੇ ਉਹ ਲੋਕ ਹਨ ਜੋ ਅੱਜ ਵੀ ਹਕੂਮਤ ਨੂੰ ਜ਼ਫਰਨਾਮੇ ਲਿਖਣ ਦਾ ਜਿਗਰਾ ਰੱਖਦੇ ਹਨ। ਸੋ ਆਓ ਨਿਹੰਗ ਖਾਂ ਦੀ ਵਿਰਾਸਤ ਬਚਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਯੋਗਦਾਨ ਪਾਈਏ।
ਸੰਪਰਕ: 76967-38860


Comments Off on ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.